ਉਤਪਤ 6

6
ਲੋਕ ਬੁਰੇ ਬਣੇ
1ਧਰਤੀ ਉੱਤੇ ਲੋਕਾਂ ਦੀ ਗਿਣਤੀ ਵੱਧਦੀ ਗਈ। ਇਨ੍ਹਾਂ ਲੋਕਾਂ ਦੇ ਘਰੀਂ ਕੁੜੀਆਂ ਜੰਮੀਆਂ। 2-4ਪਰਮੇਸ਼ੁਰ ਦੇ ਪੁੱਤਰਾਂ ਨੇ ਦੇਖਿਆ ਕਿ ਇਹ ਕੁੜੀਆਂ ਸੁੰਦਰ ਸਨ। ਇਸ ਲਈ ਪਰਮੇਸ਼ੁਰ ਦੇ ਪੁੱਤਰਾਂ ਨੇ ਆਪਣੀ ਚੁਣੀ ਹੋਈ ਕਿਸੇ ਵੀ ਕੁੜੀ ਨਾਲ ਸ਼ਾਦੀ ਕੀਤੀ।
ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਅਤੇ ਬਾਅਦ ਵਿੱਚ, ਧਰਤੀ ਉੱਤੇ ਨੇਫ਼ਿਲੀਮ ਲੋਕ ਰਹਿੰਦੇ ਸਨ। ਉਹ ਮਸ਼ਹੂਰ ਲੋਕ ਸਨ। ਉਹ ਪੁਰਾਣੇ ਵੇਲਿਆਂ ਤੋਂ ਹੀ ਨਾਇੱਕ ਸਨ।#6:2-4 ਇਨ੍ਹਾਂ ਔਰਤਾਂ ਨੇ … ਨਾਇੱਕ ਸਨ ਜਾਂ, “ਨਫ਼ੀਲਿਮ ਉਨ੍ਹਾਂ ਦਿਨਾਂ ਜਾਂ ਬਾਦ ਵਿੱਚ ਉਸ ਧਰਤੀ ਉ ਰਹਿੰਦਾ ਸੀ, ਜਦੋਂ ਪਰਮੇਸ਼ੁਰ ਦੇ ਪੁੱਤਰਾਂ ਨੇ ਆਦਮੀਆਂਂ ਦੀਆਂ ਧੀਆਂ ਨਾਲ ਵਿਆਹ ਕਰਵਾਇਆ, ਅਤੇ ਇਨ੍ਹਾਂ ਔਰਤਾਂ ਨੇ ਉਨ੍ਹਾਂ ਬਚਿਆਂ ਨੂੰ ਜਨਮ ਦਿੱਤਾ ਜਿਹੜੇ ਪ੍ਰਾਚੀਨ ਸਮੇਂ ਤੋਂ ਪ੍ਰਸਿੱਧ ਨਾਇਕ ਸਨ।”
ਫ਼ੇਰ ਯਹੋਵਾਹ ਨੇ ਆਖਿਆ, “ਲੋਕ ਤਾਂ ਸਿਰਫ਼ ਇਨਸਾਨ ਹਨ; ਮੈਂ ਆਪਣੇ ਆਤਮੇ ਨੂੰ ਉਨ੍ਹਾਂ ਖਾਤਿਰ ਸਦਾ ਲਈ ਪਰੇਸ਼ਾਨ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ 120 ਵਰ੍ਹਿਆਂ ਦਾ ਜੀਵਨ ਦੇਵਾਂਗਾ।”
5ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ। 6ਯਹੋਵਾਹ ਨੂੰ ਬਹੁਤ ਅਫ਼ਸੋਸ ਹੋਇਆ ਕਿ ਉਸ ਨੇ ਧਰਤੀ ਉੱਤੇ ਲੋਕਾਂ ਦੀ ਸਾਜਨਾ ਕੀਤੀ ਸੀ। ਇਸ ਨਾਲ ਯਹੋਵਾਹ ਦੇ ਦਿਲ ਅੰਦਰ ਬਹੁਤ ਉਦਾਸੀ ਭਰ ਗਈ। 7ਇਸ ਲਈ ਯਹੋਵਾਹ ਨੇ ਆਖਿਆ, “ਮੈਂ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਆਂਗਾ ਜਿਨ੍ਹਾਂ ਨੂੰ ਮੈਂ ਧਰਤੀ ਉੱਤੇ ਸਾਜਿਆ ਹੈ। ਮੈਂ ਹਰੇਕ ਵਿਅਕਤੀ, ਹਰੇਕ ਜਾਨਵਰ ਅਤੇ ਹਰ ਓਸ ਸ਼ੈਅ ਨੂੰ ਤਬਾਹ ਕਰ ਦਿਆਂਗਾ ਜਿਹੜੀ ਧਰਤੀ ਉੱਤੇ ਰੀਂਗਦੀ ਹੈ ਅਤੇ ਮੈਂ ਅਕਾਸ਼ ਦੇ ਵਿੱਚਲੇ ਸਾਰੇ ਪੰਛੀਆਂ ਨੂੰ ਤਬਾਹ ਕਰ ਦਿਆਂਗਾ ਕਿਉਂਕਿ ਮੈਂਨੂੰ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਦੀ ਸਾਜਨਾ ਕੀਤੀ।”
8ਪਰ ਧਰਤੀ ਦਾ ਇੱਕ ਅਜਿਹਾ ਆਦਮੀ ਸੀ ਜਿਸ ਉੱਤੇ ਯਹੋਵਾਹ ਪ੍ਰਸੰਨ ਸੀ-ਉਹ ਸੀ ਨੂਹ।
ਨੂਹ ਅਤੇ ਵੱਡਾ ਹੜ੍ਹ
9ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ। 10ਨੂਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ।
11-12ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ।
13ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ। 14ਗੋਫਰ ਦੀ ਲੱਕੜ ਲੈ ਅਤੇ ਆਪਣੇ ਲਈ ਇੱਕ ਕਿਸ਼ਤੀ ਬਣਾ। ਕਿਸ਼ਤੀ ਵਿੱਚ ਕਮਰੇ ਬਣਾ ਅਤੇ ਇਸ ਨੂੰ ਅੰਦਰੋਂ ਅਤੇ ਬਾਹਰੋਂ ਲੁੱਕ ਨਾਲ ਢੱਕ ਦੇ।
15“ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨਾਪ ਦੀ ਕਿਸ਼ਤੀ ਬਣਾਵੇਂ: 300 ਹੱਥ ਲੰਬੀ, 50 ਹੱਥ ਚੌੜੀ ਅਤੇ 30 ਹੱਥ ਉੱਚੀ। 16ਕਿਸ਼ਤੀ ਲਈ ਇਸ ਦੀ ਛੱਤ ਤੋਂ 18 ਇੰਚ ਹੇਠਾਂ ਇੱਕ ਖਿੜਕੀ ਬਣਾ। ਕਿਸ਼ਤੀ ਦੇ ਇੱਕ ਪਾਸੇ ਵੱਲ ਦਰਵਾਜ਼ਾ ਰੱਖੀਂ। ਕਿਸ਼ਤੀ ਦਿਆਂ ਤਿੰਨ ਮੰਜ਼ਲਾਂ ਹੋਣ; ਉੱਪਰਲੀ ਮੰਜ਼ਿਲ, ਵਿੱਚਕਾਰਲੀ ਮੰਜ਼ਿਲ ਅਤੇ ਹੇਠਲੀ ਮੰਜ਼ਿਲ।
17“ਜੋ ਮੈਂ ਆਖ ਰਿਹਾ ਹਾਂ ਉਸ ਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ੍ਹ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ। 18ਮੈਂ ਤੇਰੇ ਨਾਲ ਇੱਕ ਖਾਸ ਇਕਰਾਰਨਾਮਾ ਕਰਾਂਗਾ। ਅਤੇ ਤੂੰ, ਤੇਰੇ ਪੁੱਤਰ, ਤੇਰੀ ਪਤਨੀ, ਅਤੇ ਤੇਰੀਆਂ ਨੂਹਾਂ ਸਾਰੇ ਹੀ ਕਿਸ਼ਤੀ ਵਿੱਚ ਚੱਲੇ ਜਾਵੋਂਗੇ। 19ਅਤੇ ਤੈਨੂੰ ਚਾਹੀਦਾ ਹੈ ਕਿ ਧਰਤੀ ਉੱਤੇ ਜਿਉਣ ਵਾਲੀ ਹਰ ਸ਼ੈਅ ਦਾ ਇੱਕ ਜੋੜਾ ਪ੍ਰਾਪਤ ਕਰ ਲਵੇਂ। ਉਹ ਨਰ ਤੇ ਮਾਦਾ ਹੋਣ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਲੈ ਆਵੀਂ। ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰੱਖੀਂ। 20ਧਰਤੀ ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਪੰਛੀਆਂ ਦਾ ਇੱਕ ਜੋੜਾ ਅਤੇ ਧਰਤੀ ਉੱਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਜੋੜਾ ਜਿਉਂਦਾ ਰਹਿਣ ਲਈ ਤੇਰੇ ਕੋਲ ਆਵੇਗਾ। 21ਅਤੇ ਧਰਤੀ ਉਤਲੇ ਹਰ ਤਰ੍ਹਾਂ ਦੇ ਭੋਜਨ ਨੂੰ ਵੀ ਕਿਸ਼ਤੀ ਵਿੱਚ ਰੱਖ ਲੈ। ਇਹ ਭੋਜਨ ਤੇਰੇ ਲਈ ਅਤੇ ਜਾਨਵਰਾਂ ਲਈ ਹੋਵੇਗਾ।”
22ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।

S'ha seleccionat:

ਉਤਪਤ 6: PERV

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió