Logo YouVersion
Ikona vyhledávání

ਯੂਹੰਨਾ 3

3
ਯਿਸੂ ਅਤੇ ਨਿਕੁਦੇਮੁਸ
1ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਮਕ ਇੱਕ ਮਨੁੱਖ ਯਹੂਦੀਆਂ ਦਾ ਪ੍ਰਧਾਨ#3:1 ਅਰਥਾਤ ਯਹੂਦੀ ਮਹਾਂਸਭਾ ਦਾ ਮੈਂਬਰ ਸੀ। 2ਉਹ ਰਾਤ ਨੂੰ ਯਿਸੂ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਰੱਬੀ#3:2 ਅਰਥਾਤ ਗੁਰੂ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਦੀ ਵੱਲੋਂ ਆਏ ਹੋਏ ਗੁਰੂ ਹੋ, ਕਿਉਂਕਿ ਇਹ ਚਿੰਨ੍ਹ ਜਿਹੜੇ ਤੁਸੀਂ ਵਿਖਾਉਂਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਸ ਦੇ ਨਾਲ ਨਾ ਹੋਵੇ।” 3ਯਿਸੂ ਨੇ ਉਸ ਨੂੰ ਕਿਹਾ,“ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਨਵੇਂ ਸਿਰਿਓਂ ਨਾ ਜੰਮੇ ਤਾਂ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ।” 4ਨਿਕੁਦੇਮੁਸ ਨੇ ਉਸ ਨੂੰ ਪੁੱਛਿਆ, “ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਜਨਮ ਲੈ ਸਕਦਾ ਹੈ? ਕੀ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਪਵੇ ਅਤੇ ਜਨਮ ਲਵੇ?” 5ਯਿਸੂ ਨੇ ਉੱਤਰ ਦਿੱਤਾ,“ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਜਲ ਅਤੇ ਆਤਮਾ ਤੋਂ ਨਾ ਜਨਮੇ ਤਾਂ ਉਹ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ। 6ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ। 7ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ, ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਜ਼ਰੂਰੀ ਹੈ’। 8ਹਵਾ ਜਿੱਧਰ ਚਾਹੁੰਦੀ ਉੱਧਰ ਵਗਦੀ ਹੈ ਅਤੇ ਤੂੰ ਇਸ ਦੀ ਅਵਾਜ਼ ਸੁਣਦਾ ਹੈਂ, ਪਰ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਹਰੇਕ ਜਿਹੜਾ ਆਤਮਾ ਤੋਂ ਜੰਮਿਆ ਹੈ ਉਹ ਅਜਿਹਾ ਹੀ ਹੈ।” 9ਨਿਕੁਦੇਮੁਸ ਨੇ ਉਸ ਨੂੰ ਕਿਹਾ, “ਇਹ ਕਿਵੇਂ ਹੋ ਸਕਦਾ ਹੈ?” 10ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਕੀ ਤੂੰ ਇਸਰਾਏਲ ਦਾ ਗੁਰੂ ਹੋ ਕੇ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦਾ? 11ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਅਸੀਂ ਜਾਣਦੇ ਹਾਂ ਉਹੀ ਕਹਿੰਦੇ ਹਾਂ ਅਤੇ ਜੋ ਅਸੀਂ ਵੇਖਿਆ ਹੈ ਉਸੇ ਦੀ ਗਵਾਹੀ ਦਿੰਦੇ ਹਾਂ, ਪਰ ਤੁਸੀਂ ਸਾਡੀ ਗਵਾਹੀ ਨਹੀਂ ਮੰਨਦੇ। 12ਜਦੋਂ ਮੈਂ ਤੁਹਾਨੂੰ ਸੰਸਾਰਕ ਗੱਲਾਂ ਦੱਸੀਆਂ ਤਾਂ ਤੁਸੀਂ ਵਿਸ਼ਵਾਸ ਨਹੀਂ ਕੀਤਾ। ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ? 13ਕੋਈ ਸਵਰਗ ਨੂੰ ਨਹੀਂ ਚੜ੍ਹਿਆ ਸਿਵਾਏ ਉਸ ਦੇ ਜਿਹੜਾ ਸਵਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤਰ#3:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਹੜਾ ਸਵਰਗ ਵਿੱਚ ਹੈ” ਲਿਖਿਆ ਹੈ। 14ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਵੀ ਜ਼ਰੂਰੀ ਹੈ, 15ਤਾਂਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ।
16 “ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂਕਿ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ, ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। 17ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਵੇ ਪਰ ਇਸ ਲਈ ਕਿ ਸੰਸਾਰ ਉਸ ਦੇ ਰਾਹੀਂ ਬਚਾਇਆ ਜਾਵੇ। 18ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕੀਤਾ। 19ਦੋਸ਼ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਅਤੇ ਮਨੁੱਖਾਂ ਨੇ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ। 20ਹਰੇਕ ਜੋ ਬੁਰੇ ਕੰਮ ਕਰਦਾ ਹੈ ਉਹ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕੰਮ ਪਰਗਟ ਹੋ ਜਾਣ। 21ਪਰ ਜਿਹੜਾ ਸਚਾਈ 'ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ, ਤਾਂਕਿ ਉਸ ਦੇ ਕੰਮ ਪਰਗਟ ਹੋਣ ਕਿ ਉਹ ਪਰਮੇਸ਼ਰ ਵਿੱਚ ਕੀਤੇ ਗਏ ਹਨ।”
ਯਿਸੂ ਮਸੀਹ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
22ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹ ਉਨ੍ਹਾਂ ਦੇ ਨਾਲ ਰਹਿ ਕੇ ਬਪਤਿਸਮਾ ਦਿੰਦਾ ਰਿਹਾ। 23ਯੂਹੰਨਾ ਵੀ ਸਲੀਮ ਦੇ ਨੇੜੇ ਐਨੋਨ ਵਿੱਚ ਬਪਤਿਸਮਾ ਦਿੰਦਾ ਸੀ, ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈਂਦੇ ਸਨ। 24ਯੂਹੰਨਾ ਨੂੰ ਅਜੇ ਤੱਕ ਕੈਦ ਵਿੱਚ ਨਹੀਂ ਪਾਇਆ ਗਿਆ ਸੀ। 25ਉੱਥੇ ਯੂਹੰਨਾ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਨ ਦੇ ਵਿਸ਼ੇ 'ਤੇ ਬਹਿਸ ਹੋ ਗਈ। 26ਉਨ੍ਹਾਂ ਨੇ ਯੂਹੰਨਾ ਕੋਲ ਆ ਕੇ ਉਸ ਨੂੰ ਕਿਹਾ, “ਹੇ ਰੱਬੀ, ਉਹ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਅਤੇ ਜਿਸ ਦੀ ਤੂੰ ਗਵਾਹੀ ਦਿੱਤੀ ਸੀ; ਵੇਖ, ਉਹ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਲੋਕ ਉਸ ਕੋਲ ਜਾ ਰਹੇ ਹਨ।” 27ਯੂਹੰਨਾ ਨੇ ਕਿਹਾ, “ਜਦੋਂ ਤੱਕ ਮਨੁੱਖ ਨੂੰ ਸਵਰਗੋਂ ਨਾ ਦਿੱਤਾ ਜਾਵੇ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। 28ਤੁਸੀਂ ਆਪ ਹੀ ਮੇਰੀ ਗਵਾਹੀ ਦਿੰਦੇ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ, ਪਰ ਉਸ ਦੇ ਅੱਗੇ ਭੇਜਿਆ ਹੋਇਆ ਹਾਂ’। 29ਜਿਸ ਦੀ ਲਾੜੀ ਹੈ ਉਹੀ ਲਾੜਾ ਹੈ, ਪਰ ਲਾੜੇ ਦਾ ਮਿੱਤਰ ਜੋ ਖੜ੍ਹਾ ਹੋ ਕੇ ਉਸ ਦੀ ਸੁਣਦਾ ਹੈ ਉਹ ਲਾੜੇ ਦੀ ਅਵਾਜ਼ ਦੇ ਕਾਰਨ ਅਤਿ ਪ੍ਰਸੰਨ ਹੁੰਦਾ ਹੈ। ਇਸ ਲਈ ਮੇਰਾ ਇਹ ਅਨੰਦ ਪੂਰਾ ਹੋਇਆ ਹੈ। 30ਜ਼ਰੂਰ ਹੈ ਕਿ ਉਹ ਵਧੇ ਅਤੇ ਮੈਂ ਘਟਾਂ।”
ਜਿਹੜਾ ਸਵਰਗ ਤੋਂ ਆਉਂਦਾ ਹੈ
31ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜੋ ਧਰਤੀ ਤੋਂ ਹੈ ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਹੀ ਬੋਲਦਾ ਹੈ। ਜੋ ਸਵਰਗ ਤੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। 32ਉਹ ਉਸੇ ਦੀ ਗਵਾਹੀ ਦਿੰਦਾ ਹੈ ਜੋ ਉਸ ਨੇ ਵੇਖਿਆ ਅਤੇ ਸੁਣਿਆ ਹੈ, ਪਰ ਉਸ ਦੀ ਗਵਾਹੀ ਕੋਈ ਨਹੀਂ ਮੰਨਦਾ। 33ਜਿਸ ਨੇ ਉਸ ਦੀ ਗਵਾਹੀ ਮੰਨ ਲਈ, ਉਸ ਨੇ ਮੋਹਰ ਲਾ ਦਿੱਤੀ ਕਿ ਪਰਮੇਸ਼ਰ ਸੱਚਾ ਹੈ। 34ਕਿਉਂਕਿ ਜਿਸ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ, ਕਿਉਂਕਿ ਪਰਮੇਸ਼ਰ ਮਿਣ ਕੇ ਆਤਮਾ ਨਹੀਂ ਦਿੰਦਾ। 35ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਭ ਕੁਝ ਉਸ ਦੇ ਹੱਥ ਵਿੱਚ ਦੇ ਦਿੱਤਾ ਹੈ। 36ਜਿਹੜਾ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਪਰ ਜਿਹੜਾ ਪੁੱਤਰ ਦੀ ਨਹੀਂ ਮੰਨਦਾ ਉਹ ਜੀਵਨ ਨੂੰ ਨਹੀਂ ਵੇਖੇਗਾ, ਸਗੋਂ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas