ਉਤ 29
29
ਯਾਕੂਬ ਦਾ ਲਾਬਾਨ ਨੂੰ ਮਿਲਣਾ
1ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ਼ ਵਿੱਚ ਆਇਆ 2ਅਤੇ ਉਸ ਨੇ ਵੇਖਿਆ ਤਾਂ ਵੇਖੋ, ਮੈਦਾਨ ਵਿੱਚ ਇੱਕ ਖੂਹ ਸੀ ਅਤੇ ਉੱਥੇ ਭੇਡਾਂ ਦੇ ਤਿੰਨ ਇੱਜੜ ਉਸ ਖੂਹ ਦੇ ਕੋਲ ਬੈਠੇ ਹੋਏ ਸਨ, ਕਿਉਂ ਜੋ ਓਹ ਉਸ ਖੂਹ ਤੋਂ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ। 3ਜਦ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਤੇ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੇ ਸਥਾਨ ਤੇ ਰੱਖ ਦਿੰਦੇ ਸਨ। 4ਤਦ ਯਾਕੂਬ ਨੇ ਆਜੜੀਆਂ ਨੂੰ ਪੁੱਛਿਆ, ਮੇਰੇ ਭਰਾਵੋ, ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ। 5ਤਦ ਉਸ ਨੇ ਉਹਨਾਂ ਨੂੰ ਪੁੱਛਿਆ, ਕੀ ਤੁਸੀਂ ਨਾਹੋਰ ਦੇ ਪੁੱਤਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਨੇ ਆਖਿਆ, ਹਾਂ, ਅਸੀਂ ਜਾਣਦੇ ਹਾਂ। 6ਉਸ ਨੇ ਪੁੱਛਿਆ, ਕੀ ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਹਾਂ, ਉਹ ਚੰਗਾ ਭਲਾ ਹੈ ਅਤੇ ਵੇਖ ਉਹ ਦੀ ਧੀ ਰਾਖ਼ੇਲ ਭੇਡਾਂ ਲੈ ਕੇ ਆਉਂਦੀ ਹੈ। 7ਉਸ ਨੇ ਆਖਿਆ, ਵੇਖੋ, ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਇਸ ਲਈ ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ। 8ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ, ਜਦ ਤੱਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੱਕ ਅਸੀਂ ਭੇਡਾਂ ਨੂੰ ਪਾਣੀ ਨਹੀਂ ਪਿਲਾ ਸਕਦੇ। 9ਉਹ ਉਨ੍ਹਾਂ ਨਾਲ ਗੱਲਾਂ ਕਰਦਾ ਹੀ ਸੀ ਕਿ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ, ਕਿਉਂ ਜੋ ਉਹ ਭੇਡ-ਬੱਕਰੀਆਂ ਚਾਰਦੀ ਸੀ। 10ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖ਼ੇਲ ਨੂੰ ਅਤੇ ਉਸ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾ ਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਤੇ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ। 11ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ। 12ਤਦ ਯਾਕੂਬ ਨੇ ਰਾਖ਼ੇਲ ਨੂੰ ਦੱਸਿਆ, ਮੈਂ ਤੇਰੇ ਪਿਤਾ ਦਾ ਰਿਸ਼ਤੇਦਾਰ ਅਤੇ ਮੈਂ ਰਿਬਕਾਹ ਦਾ ਪੁੱਤਰ ਹਾਂ। ਤਦ ਉਸ ਨੇ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ। 13ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖ਼ਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਤੇ ਜੱਫ਼ੀ ਪਾ ਕੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਯਾਕੂਬ ਨੇ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ। 14ਤਦ ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ-ਮੁੱਚ ਮੇਰੀ ਹੱਡੀ ਅਤੇ ਮੇਰਾ ਮਾਸ ਹੈਂ, ਤਾਂ ਉਹ ਮਹੀਨਾ ਉਸ ਦੇ ਘਰ ਰਿਹਾ।
ਰਾਖ਼ੇਲ ਅਤੇ ਲੇਆਹ ਦੇ ਲਈ ਸੇਵਾ
15ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਇਸ ਕਾਰਨ ਕਿ ਤੂੰ ਮੇਰਾ ਰਿਸ਼ਤੇਦਾਰ ਹੈਂ, ਕੀ ਮੇਰੀ ਸੇਵਾ ਮੁਫ਼ਤ ਹੀ ਕਰੇਂਗਾ? ਮੈਨੂੰ ਦੱਸ, ਤੂੰ ਕੀ ਮਜ਼ਦੂਰੀ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ, 16ਵੱਡੀ ਦਾ ਨਾਮ ਲੇਆਹ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ। 17ਲੇਆਹ ਦੀਆਂ ਅੱਖਾਂ ਕੋਮਲ ਸਨ ਪਰ ਰਾਖ਼ੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ। 18ਯਾਕੂਬ ਰਾਖ਼ੇਲ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਨੇ ਆਖਿਆ, ਮੈਂ ਤੇਰੀ ਛੋਟੀ ਧੀ ਰਾਖ਼ੇਲ ਲਈ ਸੱਤ ਸਾਲ ਤੱਕ ਤੇਰੀ ਸੇਵਾ ਕਰਾਂਗਾ। 19ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ, 20ਤੂੰ ਮੇਰੇ ਨਾਲ ਰਹਿ। ਯਾਕੂਬ ਨੇ ਰਾਖ਼ੇਲ ਲਈ ਸੱਤ ਸਾਲ ਸੇਵਾ ਕੀਤੀ ਅਤੇ ਪ੍ਰੇਮ ਦੇ ਕਾਰਨ ਉਹ ਉਸ ਲਈ ਥੋੜ੍ਹੇ ਦਿਨ ਦੇ ਬਰਾਬਰ ਸਨ। 21ਤਦ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇ ਜੋ ਮੈਂ ਉਸ ਕੋਲ ਜਾਂਵਾਂ ਜੋ ਮੇਰਾ ਸਮਾਂ ਪੂਰਾ ਹੋ ਗਿਆ ਹੈ। 22ਤਦ ਲਾਬਾਨ ਨੇ ਉਸ ਸਥਾਨ ਦੇ ਸਭ ਮਨੁੱਖਾਂ ਨੂੰ ਇਕੱਠੇ ਕਰ ਕੇ ਵੱਡੀ ਦਾਵਤ ਕੀਤੀ 23ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ। 24ਲਾਬਾਨ ਨੇ ਉਹ ਨੂੰ ਆਪਣੀ ਦਾਸੀ ਜਿਲਫਾਹ ਦਿੱਤੀ ਤਾਂ ਜੋ ਉਸ ਦੀ ਧੀ ਲੇਆਹ ਲਈ ਦਾਸੀ ਹੋਵੇ। 25ਜਦ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਕੀ ਰਾਖ਼ੇਲ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ? 26ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਕਿ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ। 27ਇਹ ਦਾ ਹਫ਼ਤਾ ਪੂਰਾ ਕਰ, ਤਾਂ ਮੈਂ ਤੈਨੂੰ ਦੂਜੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਤੱਕ ਕਰੇਂਗਾ ਦੇ ਦਿਆਂਗਾ। 28ਯਾਕੂਬ ਨੇ ਅਜਿਹਾ ਹੀ ਕੀਤਾ ਅਤੇ ਲੇਆਹ ਦਾ ਹਫ਼ਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖ਼ੇਲ ਵਿਆਹ ਦਿੱਤੀ। 29ਤਦ ਲਾਬਾਨ ਨੇ ਆਪਣੀ ਦਾਸੀ ਬਿਲਹਾਹ, ਆਪਣੀ ਧੀ ਰਾਖ਼ੇਲ ਲਈ ਦਿੱਤੀ ਜੋ ਉਹ ਉਸ ਦੀ ਦਾਸੀ ਹੋਵੇ। 30ਤਦ ਯਾਕੂਬ ਉਹ ਰਾਖ਼ੇਲ ਕੋਲ ਵੀ ਗਿਆ ਕਿਉਂ ਜੋ ਉਹ ਰਾਖ਼ੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਸ ਨੇ ਹੋਰ ਸੱਤ ਸਾਲ ਤੱਕ ਉਸ ਦੀ ਸੇਵਾ ਕੀਤੀ।
ਯਾਕੂਬ ਦੀ ਸੰਤਾਨ
31ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ। 32ਤਦ ਲੇਆਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਰਊਬੇਨ ਰੱਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਹੈ, ਹੁਣ ਮੇਰਾ ਪਤੀ ਮੇਰੇ ਨਾਲ ਪ੍ਰੇਮ ਕਰੇਗਾ। 33ਉਹ ਫੇਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਤੁੱਛ ਜਾਣੀ ਗਈ, ਇਸ ਕਾਰਨ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਸ਼ਿਮਓਨ ਰੱਖਿਆ। 34ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੇਰਾ ਪਤੀ ਮੇਰੇ ਨਾਲ ਮਿਲੇਗਾ ਕਿਉਂ ਜੋ ਮੈਂ ਉਸ ਦੇ ਲਈ ਤਿੰਨ ਪੁੱਤਰ ਜਣੇ ਹਨ, ਇਸ ਕਾਰਨ ਉਸ ਨੇ ਉਹ ਦਾ ਨਾਮ ਲੇਵੀ ਰੱਖਿਆ। 35ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ।
Valgt i Øjeblikket:
ਉਤ 29: IRVPun
Markering
Kopiér
Sammenlign
Del
Vil du have dine markeringer gemt på tværs af alle dine enheder? Tilmeld dig eller log ind
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.