ਉਤਪਤ 17
17
ਸੁੰਨਤ ਦਾ ਨੇਮ
1ਜਦ ਅਬਰਾਮ ਨੜਿੰਨਵੇਂ ਵਰਿਹਾਂ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ 2ਮੈਂ ਆਪਣਾ ਨੇਮ ਆਪਣੇ ਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਂਨੂੰ ਹੱਦੋਂ ਬਾਹਲਾ ਵਧਾਵਾਂਗਾ 3ਤਾਂ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਰ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ 4ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ 5ਉਪਰੰਤ ਤੇਰਾ ਨਾਉਂ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ ਪਰ ਤੇਰਾ ਨਾਉਂ ਅਬਰਾਹਾਮ#17:5 ਦਲਾਂ ਦਾ ਪਿਤਾ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ 6ਅਤੇ ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ ਅਰ ਮੈਂ ਤੈਥੋਂ ਕੌਮਾਂ ਬਣਾਵਾਂਗਾ ਅਰ ਤੈਥੋਂ ਰਾਜੇ ਨਿੱਕਲਣਗੇ 7ਅਤੇ ਮੈਂ ਆਪਣਾ ਨੇਮ ਆਪਣੇ ਅਰ ਤੇਰੀ ਅੰਸ ਦੇ ਵਿੱਚ ਜੋ ਤੇਰੇ ਪਿੱਛੋਂ ਆਵੇਗੀ ਉਨ੍ਹਾਂ ਦੀਆਂ ਪੀੜ੍ਹੀਆਂ ਤੀਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ ਕਿ ਮੈਂ ਤੇਰੇ ਅਰ ਤੇਰੇ ਪਿੱਛੋਂ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ 8ਨਾਲੇ ਮੈਂ ਤੈਨੂੰ ਅਰ ਤੇਰੇ ਪਿੱਛੋਂ ਤੇਰੀ ਅੰਸ ਨੂੰ ਤੇਰੇ ਵੱਸਣ ਦੀ ਏਹ ਧਰਤੀ ਅਰਥਾਤ ਕਨਾਨ ਦੀ ਸਾਰੀ ਧਰਤੀ ਸਦਾ ਦੀ ਮਿਲਖ ਲਈ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ 9ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਰ ਤੇਰੇ ਪਿੱਛੋਂ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤਾਈਂ 10ਇਹ ਮੇਰਾ ਨੇਮ ਮੇਰੇ ਅਰ ਤੁਹਾਡੇ ਅਰ ਤੇਰੇ ਪਿੱਛੋਂ ਤੇਰੀ ਅੰਸ ਵਿੱਚ ਹੈ ਜਿਸ ਦੀ ਤੁਸੀਂ ਪਾਲਣਾ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ 11ਤੁਸੀਂ ਆਪਣੇ ਬਦਨ ਦੀ ਖਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ 12ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ ਭਾਵੇਂ ਉਹ ਤੇਰਾ ਘਰਜੰਮ ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਲਿਆ ਹੋਵੇ 13ਤੇਰੇ ਘਰਜੰਮ ਦੀ ਚਾਂਦੀ ਨਾਲ ਲਏ ਹੋਏ ਦੀ ਸੁੰਨਤ ਜ਼ਰੂਰ ਕੀਤੀ ਜਾਵੇ ਸੋ ਮੇਰਾ ਨੇਮ ਤੁਹਾਡੇ ਮਾਸ ਵਿੱਚ ਇੱਕ ਅਨੰਤ ਨੇਮ ਹੋਵੇਗਾ 14ਪਰ ਜੋ ਨਰ ਬੇਸੁੰਨਤਾ ਰਹੇ ਅਰ ਜਿਸ ਦੀ ਸੁੰਨਤ ਉਸ ਦੇ ਬਦਨ ਦੀ ਖੱਲੜੀ ਵਿੱਚ ਨਾ ਕੀਤੀ ਗਈ ਹੋਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ। ਉਸ ਮੇਰੇ ਨੇਮ ਨੂੰ ਭੰਨਿਆ ਹੈ।।
15ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ ਤੂੰ ਉਹ ਦਾ ਨਾਉਂ ਸਾਰਈ ਨਾ ਆਖੀਂ ਸਗੋਂ ਉਹ ਦਾ ਨਾਉਂ ਸਾਰਾਹ#17:15 ਕਾਜ ਪੁੱਤ੍ਰੀ । ਹੋਵੇਗਾ 16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤ੍ਰ ਵੀ ਦਿਆਂਗਾ। ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ 17ਤਾਂ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਵਰਿਹਾਂ ਦੇ ਜਨ ਤੋਂ ਪੁੱਤ੍ਰ ਹੋਊਗਾ? ਅਰ ਸਾਰਾਹ ਜੋ ਨੱਵੇਂ ਵਰਿਹਾਂ ਦੀ ਹੈ ਪੁੱਤ੍ਰ ਜਣੇਗੀ? 18ਤਾਂ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਹਜ਼ੂਰ ਜੀਉਂਦਾ ਰਹੇ 19ਪਰ ਪਰਮੇਸ਼ੁਰ ਨੇ ਆਖਿਆ, ਸਾਰਾਹ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਇਸਹਾਕ#17:19 ਇਬਰ. - ਉਹ ਹੱਸਦਾ । ਰੱਖੀ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਰ ਉਹ ਦੇ ਪਿੱਛੋਂ ਉਹ ਦੀ ਅੰਸ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ 20ਨਾਲੇ ਇਸਮਾਏਲ ਲਈ ਵੀ ਮੈਂ ਤੇਰੀ ਸੁਣੀ। ਵੇਖ ਮੈਂ ਉਹ ਨੂੰ ਅਸੀਸ ਦਿੱਤੀ ਹੈ ਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਰ ਹੱਦੋਂ ਬਾਹਲਾ ਵਧਾਵਾਂਗਾ। ਉਸ ਤੋਂ ਬਾਰਾਂ ਸ਼ਜ਼ਾਦੇ ਜੰਮਣਗੇ ਅਰ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ 21ਪਰ ਆਪਣਾ ਨੇਮ ਮੈਂ ਇਸਹਾਕ ਨਾਲ ਹੀ ਕਾਇਮ ਕਰਾਂਗਾ ਜਿਹ ਨੂੰ ਸਾਰਾਹ ਏਸੇ ਰੁੱਤੇ ਆਉਂਦੇ ਵਰਹੇ ਤੇਰੇ ਲਈ ਜਣੇਗੀ 22ਜਾਂ ਉਹ ਉਸ ਦੇ ਨਾਲ ਗੱਲ ਕਰਨੋਂ ਹਟਿਆ ਤਾਂ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ।।
23ਤਾਂ ਅਬਰਾਹਾਮ ਨੇ ਆਪਣੇ ਪੁੱਤ੍ਰ ਇਸ਼ਮਾਏਲ ਨੂੰ ਅਰ ਆਪਣੇ ਸਭ ਘਰਜੰਮਿਆਂ ਨੂੰ ਅਰ ਸਭ ਆਪਣੀ ਚਾਂਦੀ ਨਾਲ ਖ਼ਰੀਦੇ ਹੋਇਆਂ ਨੂੰ ਅਰਥਾਤ ਅਬਰਾਹਾਮ ਦੇ ਘਰ ਦੇ ਮਨੁੱਖਾਂ ਵਿੱਚੋਂ ਹਰ ਇੱਕ ਨਰ ਨੂੰ ਲੈਕੇ ਉਨ੍ਹਾਂ ਨੂੰ ਉਨ੍ਹਾਂ ਦੇ ਬਦਨ ਦੀ ਖੱਲੜੀ ਵਿੱਚ ਉਸੇ ਦਿਹਾੜੇ ਸੁੰਨਤ ਕਰਾਈ ਜਿਵੇਂ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ 24ਅਤੇ ਅਬਰਾਹਾਮ ਨੜ੍ਹਿੰਨਵੇਂ ਵਰਿਹਾਂ ਦਾ ਸੀ ਜਦ ਉਹ ਦੇ ਬਦਨ ਦੀ ਖੱਲੜੀ ਵਿੱਚ ਸੁੰਨਤ ਕੀਤੀ ਗਈ 25ਅਤੇ ਇਸਮਾਏਲ ਤੇਰਾਂ ਵਰਿਹਾਂ ਦਾ ਸੀ ਜਦ ਉਹ ਦੇ ਬਦਨ ਦੀ ਖੱਲੜੀ ਵਿੱਚ ਉਹ ਦੀ ਸੁੰਨਤ ਕੀਤੀ ਗਈ 26ਅਬਰਾਹਾਮ ਤੇ ਉਹ ਦੇ ਪੁੱਤ੍ਰ ਇਸਮਾਏਲ ਦੀਆਂ ਸੁੰਨਤਾਂ ਇੱਕੇ ਦਿਨ ਹੋਈਆਂ 27ਅਤੇ ਉਹ ਦੇ ਘਰ ਦੇ ਸਭ ਮਨੁੱਖਾਂ ਦੀ ਭਾਵੇਂ ਘਰਜੰਮੇ ਸੀ ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇਕੇ ਲਏ ਹੋਏ ਸੀ ਉਹ ਦੇ ਨਾਲ ਸਭਨਾਂ ਦੀ ਸੁੰਨਤ ਕੀਤੀ ਗਈ
Επιλέχθηκαν προς το παρόν:
ਉਤਪਤ 17: PUNOVBSI
Επισημάνσεις
Κοινοποίηση
Αντιγραφή
Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.