ਯੂਹੰਨਾ 13
13
ਪ੍ਰਭੁ ਚੇਲਿਆਂ ਦੇ ਪੈਰ ਧੋਂਦਾ ਹੈ
1ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ ਆਪਣੇ ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ 2ਅਰ ਖਾਣ ਦੇ ਵੇਲੇ ਜਦ ਸ਼ਤਾਨ ਸ਼ਮਊਨ ਦੇ ਪੁੱਤ੍ਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੋ ਉਹ ਉਸਨੂੰ ਫੜਵਾ ਦੇਵੇ 3ਤਦ ਯਿਸੂ ਇਹ ਜਾਣ ਕੇ ਭਈ ਪਿਤਾ ਨੇ ਸੱਭੋ ਕੁਝ ਮੇਰੇ ਹੱਥ ਵਿੱਚ ਸੌਂਪਿਆ ਹੈ ਅਤੇ ਮੈਂ ਪਰਮੇਸ਼ੁਰ ਦੇ ਕੋਲੋਂ ਆਇਆ ਹਾਂ ਅਤੇ ਪਰਮੇਸ਼ੁਰ ਦੇ ਕੋਲ ਜਾਂਦਾ ਹਾਂ 4ਖਾਣੇ ਤੋਂ ਉੱਠਿਆ ਅਰ ਆਪਣੇ ਬਸਤ੍ਰ ਲਾਹ ਛੱਡੇ ਅਰ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ 5ਫੇਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ 6ਸੋ ਉਹ ਸ਼ਮਊਨ ਪਤਰਸ ਕੋਲ ਆਇਆ। ਓਨ ਉਸ ਨੂੰ ਆਖਆ, ਪ੍ਰਭੁ ਜੀ ਤੂੰ ਮੇਰੇ ਪੈਰ ਧੌਂਦਾ ਹੈਂ? 7ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ ਪਰ ਇਹ ਦੇ ਪਿੱਛੋਂ ਸਮਝੇਂਗਾ 8ਪਤਰਸ ਨੇ ਉਸ ਨੂੰ ਕਿਹਾ, ਤੈਂ ਮੇਰੇ ਪੈਰ ਕਦੇ ਨਾ ਧੋਣੇ! ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ 9ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, ਪ੍ਰਭੁ ਜੀ ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ! 10ਯਿਸੂ ਨੇ ਉਹ ਨੂੰ ਆਖਿਆ, ਜਿਹੜਾ ਨਲ੍ਹਾਇਆ ਗਿਆ ਹੈ ਉਹ ਨੂੰ ਬਿਨਾ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸੱਭੋ ਨਹੀਂ 11ਉਹ ਤਾਂ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ ਇਸੇ ਕਰਕੇ ਉਸ ਨੇ ਆਖਿਆ ਭਈ ਤੁਸੀਂ ਸੱਭੋ ਸ਼ੁੱਧ ਨਹੀਂ ਹੋ।।
12ਉਪਰੰਤ ਜਾਂ ਉਹ ਉਨ੍ਹਾਂ ਦੇ ਪੈਰ ਧੋ ਹਟਿਆ ਅਤੇ ਆਪਣੇ ਬਸਤ੍ਰ ਲੈ ਲਏ ਤਾਂ ਫੇਰ ਬੈਠ ਕੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ 14ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ 15ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ 16ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ 17ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ 18ਮੈਂ ਤੁਸਾਂ ਸਭਨਾਂ ਦੇ ਵਿਖੇ ਨਹੀਂ ਆਖਦਾ ਹਾਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣ ਲਿਆ ਹੈ, ਪਰ ਇਹ ਇਸ ਲਈ ਹੈ ਜੋ ਲਿਖਤ#13:18 ਜ਼. 41:9 । ਪੂਰੀ ਹੋਵੇ ਭਈ ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ 19ਏਦੋਂ ਅੱਗੇ ਇਸ ਗੱਲ ਦੇ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਜਿਸ ਵੇਲੇ ਇਹ ਪੂਰੀ ਹੋ ਲਵੇ ਤਾਂ ਤੁਸੀਂ ਪਰਤੀਤ ਕਰੋ ਜੋ ਮੈਂ ਉਹੋ ਹਾਂ 20ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਘੱਲੇ ਹੋਏ ਨੂੰ ਕਬੂਲਦਾ ਹੈ ਸੋ ਮੈਨੂੰ ਕਬੂਲਦਾ ਹੈ ਅਤੇ ਜੋ ਮੈਨੂੰ ਕਬੂਲਦਾ ਹੈ ਸੋ ਮੇਰੇ ਘੱਲਣ ਵਾਲੇ ਨੂੰ ਕਬੂਲਦਾ ਹੈ।।
21ਏਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਘਬਰਾਉਣ ਲੱਗਾ ਅਤੇ ਸਾਖੀ ਦੇ ਕੇ ਬੋਲਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ 22ਚੇਲੇ ਇਸ ਭਰਮ ਵਿੱਚ ਪੈ ਕੇ ਜੋ ਉਸ ਨੇ ਇਹ ਗੱਲ ਕਿਹ ਦੇ ਵਿਖੇ ਆਖੀ ਇੱਕ ਦੂਏ ਦੀ ਵੱਲ ਵੇਖਣ ਲੱਗੇ 23ਉਸ ਦੇ ਚੇਲਿਆਂ ਵਿੱਚੋਂ ਇੱਕ ਜਿਹ ਨੂੰ ਯਿਸੂ ਪਿਆਰ ਕਰਦਾ ਸੀ ਯਿਸੂ ਦੀ ਛਾਤੀ ਤੇ ਢਾਸਣਾ ਲਾਏ ਹੋਏ ਸੀ 24ਇਸ ਲਈ ਸ਼ਮਊਨ ਪਤਰਸ ਨੇ ਉਹ ਨੂੰ ਸੈਨਤ ਕੀਤੀ ਅਤੇ ਉਹ ਨੂੰ ਆਖਿਆ, ਦੱਸ ਤਾਂ ਇਹ ਕਿਹ ਦੀ ਗੱਲ ਕਰਦਾ ਹੈ? 25ਉਪਰੰਤ ਉਹ ਨੇ ਯਿਸੂ ਦੀ ਛਾਤੀ ਤੇ ਉਸੇ ਤਰਾਂ ਢਾਸਣਾ ਲਾਇਆ ਹੋਇਆ ਉਸ ਤੋਂ ਪੁੱਛਿਆ, ਪ੍ਰਭੁ ਜੀ ਉਹ ਕਿਹੜਾ ਹੈ? 26ਤਾਂ ਯਿਸੂ ਨੇ ਉੱਤਰ ਦਿੱਤਾ, ਜਿਹ ਦੇ ਲਈ ਮੈਂ ਬੁਰਕੀ ਤਰ ਕਰਾਂ ਅਤੇ ਉਹ ਨੂੰ ਦਿਆਂ ਉਹੋ ਹੈ। ਫੇਰ ਜਾਂ ਉਸ ਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤ੍ਰ ਯਹੂਦਾ ਨੂੰ ਦੇ ਦਿੱਤੀ 27ਅਤੇ ਬੁਰਕੀ ਦੇ ਪਿੱਛੋ ਉਸੇ ਵੇਲੇ ਸ਼ਤਾਨ ਉਹ ਦੇ ਵਿੱਚ ਸਮਾਇਆ। ਤਾਂ ਯਿਸੂ ਨੇ ਉਹ ਨੂੰ ਕਿਹਾ ਜੋ ਤੂੰ ਕਰਨਾ ਹੈਂ ਸੋ ਛੇਤੀ ਕਰ! 28ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਜਾਤਾ ਭਈ ਓਨ ਉਹ ਨੂੰ ਇਹ ਕਾਹ ਦੇ ਲਈ ਆਖਿਆ 29ਯਹੂਦਾ ਦੇ ਕੋਲ ਗੁਥਲੀ ਰਹਿੰਦੀ ਸੀ ਸੋ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਹ ਨੂੰ ਆਖਿਆ ਹੈ ਭਈ ਤਿਉਹਾਰ ਦੇ ਲਈ ਜੋ ਕੁਝ ਸਾਨੂੰ ਲੋੜੀਦਾ ਹੈ ਸੋ ਮੁੱਲ ਲਿਆ ਅਥਵਾ ਇਹ ਕਿ ਕੰਗਾਲਾਂ ਨੂੰ ਕੁਝ ਦਿਹ 30ਤਾਂ ਉਹ ਬੁਰਕੀ ਲੈ ਕੇ ਝੱਟ ਬਾਹਰ ਨਿੱਕਲ ਗਿਆ ਅਤੇ ਉਹ ਰਾਤ ਦਾ ਵੇਲਾ ਸੀ।।
31ਫੇਰ ਜਾਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਆਖਿਆ ਕਿ ਹੁਣ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਅਰ ਉਹ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਂਦੀ 32ਜੇ ਪਰਮੇਸ਼ੁਰ ਦੀ ਵਡਿਆਈ ਉਹ ਦੇ ਵਿੱਚ ਕੀਤੀ ਗਈ ਤਾਂ ਪਰਮੇਸ਼ੁਰ ਆਪਣੇ ਵਿੱਚ ਉਹ ਦੀ ਵਡਿਆਈ ਕਰੇਗਾ ਸਗੋਂ ਹੁਣੇ ਉਹ ਦੀ ਵਡਿਆਈ ਕਰੇਗਾ 33ਹੇ ਬਾਲਕੋਂ, ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ । ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਓਸੇ ਤਰਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ 34ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ 35ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ ।। 36ਸ਼ਮਊਨ ਪਤਰਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂ? ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ 37ਪਤਰਸ ਨੇ ਉਹ ਨੂੰ ਕਿਹਾ, ਪ੍ਰਭੁ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ! 38ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗੇ? ਮੈਂ ਤੈਨੂੰ ਸੱਚ ਆਖਦਾ ਹਾਂ, ਜਿੰਨਾ ਚਿਰ ਤੂੰ ਮੇਰਾ ਤਿੰਨ ਵਾਰੀ ਇਨਕਾਰ ਨਾ ਕਰੇਂ ਕੁੱਕੜ ਬਾਂਗ ਨਾ ਦੇਵੇਗਾ।।
Επιλέχθηκαν προς το παρόν:
ਯੂਹੰਨਾ 13: PUNOVBSI
Επισημάνσεις
Κοινοποίηση
Αντιγραφή
Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.