ਲੂਕਾ 12
12
ਪ੍ਰਭੁ ਦੀ ਉਡੀਕ ਵਿੱਚ ਰਹਿਣਾ
1ਐੱਨੇ ਨੂੰ ਜਾਂ ਹਜਾਰਾਂ ਲੋਕ ਇੱਕਠੇ ਹੋਏ ਐਥੋਂ ਤੋੜੀ ਜੋ ਇੱਕ ਦੂਜੇ ਡਿੱਗਿਆ ਪੈਂਦਾ ਸੀ ਤਾਂ ਉਹ ਪਹਿਲਾਂ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਕਿ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਪਟ ਹੈ ਹੁਸ਼ਿਆਰ ਰਹੋ 2ਪਰ ਕੋਈ ਚੀਜ਼ ਛਿਪੀ ਨਹੀਂ ਹੈ ਜਿਹੜੀ ਪਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਮਲੂਮ ਨਾ ਹੋਵੇਗੀ 3ਇਸ ਲਈ ਜੋ ਕੁਝ ਤੁਸਾਂ ਅੰਨ੍ਹੇਰੇ ਵਿੱਚ ਕਿਹਾ ਹੈ ਸੋ ਚਾਨਣ ਵਿੱਚ ਸੁਣਾਇਆ ਜਾਵੇਗਾ ਅਤੇ ਜੋ ਕੁਝ ਤੁਸਾਂ ਕੋਠੜਿਆਂ ਵਿੱਚ ਕੰਨੀਂ ਆਖਿਆ ਹੈ ਸੋ ਕੋਠਿਆ ਉੱਤੇ ਉਹ ਦੀ ਮਨਾਦੀ ਕੀਤੀ ਜਾਵੇਗੀ 4ਮੈਂ ਤੁਹਾਨੂੰ ਜੋ ਮੇਰੇ ਮਿੱਤ੍ਰ ਹੋ ਇਹ ਆਖਦਾ ਹਾਂ ਭਈ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸੱਕਦੇ 5ਪਰ ਮੈਂ ਤੁਹਨੂੰ ਦੱਸਦਾ ਹਾਂ ਜੋ ਤੁਸੀਂ ਕਿਹ ਦੇ ਕੋਲੋਂ ਡਰੋ। ਉਸ ਕੋਲੋਂ ਡਰੋਂ ਜੋ ਮਾਰਨ ਦੇ ਪਿੱਛੋਂ ਨਰਕ ਵਿੱਚ ਸੁੱਟਣ ਦਾ ਇਖ਼ਤਿਆਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਆਖਦਾ ਹਾਂ ਜੋ ਉਸੇ ਤੋਂ ਡਰੋ 6ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ 7ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ 8ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤ੍ਰ ਵੀ ਪਰਮੇਸ਼ੁਰ ਦੇ ਦੂਤਾਂ ਅੱਗੇ ਉਹ ਦਾ ਇਕਰਾਰ ਕਰੇਗਾ 9ਪਰ ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਹ ਦਾ ਇਨਕਾਰ ਕੀਤਾ ਜਾਵੇਗਾ 10ਅਤੇ ਜੋ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਪਵਿੱਤ੍ਰ ਆਤਮਾ ਦੇ ਵਿਰੁੱਧ ਕੁਫ਼ਰ ਬਕੇ ਉਹ ਨੂੰ ਮਾਫ਼ ਨਾ ਕੀਤਾ ਜਾਵੇਗਾ 11ਜਾਂ ਤੁਹਾਨੂੰ ਸਮਾਜਾਂ ਅਰ ਸਰਦਾਰਾਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿਕੁਰ ਯਾ ਕੀ ਉੱਤਰ ਦੇਈਏ ਯਾਂ ਕੀ ਆਖੀਏ? 12ਕਿਉਂਕਿ ਪਵਿੱਤ੍ਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਕਹਿਣਾ ਚਾਹੀਦਾ ਹੈ।।
13ਭੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ, ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ 14ਪਰ ਉਸ ਨੇ ਉਹ ਨੂੰ ਕਿਹਾ, ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾਂ ਵੰਡਣ ਵਾਲਾ ਠਹਿਰਾਇਆ ਹੈ? 15ਉਸ ਨੇ ਉਨ੍ਹਾਂ ਨੂੰ ਆਖਿਆ, ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ 16ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ 17ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ? 18ਤਾਂ ਓਸ ਆਖਿਆ, ਮੈਂ ਇਹ ਕਰਾਂਗਾਂ, ਮੈ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾਂ 19ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ ਸੁਖੀ ਰਹੋ, ਖਾਹ ਪੀ ਅਤੇ ਮੌਜ ਮਾਨ 20ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ? 21ਇਹੋ ਜਿਹਾ ਉਹੋ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈਂ।।
22ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ , ਨਾ ਆਪਣੇ ਸਰੀਰ ਦੇ ਲਈ ਭਈ ਕੀ ਪਹਿਨਾਂਗੇ 23ਕਿਉਂਕਿ ਪ੍ਰਾਣ ਨਾਲ ਭੋਜਣ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਹੈ 24ਕਾਵਾਂ ਦੀ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ। ਓਹਨਾਂ ਦੇ ਕੋਲ ਨਾ ਭੰਡਾਰ ਨਾ ਭੜੋਲਾ ਹੈ ਅਤੇ ਪਰਮੇਸ਼ੁਰ ਓਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿੰਨੇਂ ਹੀ ਉੱਤਮ ਹੋ! 25ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਇੱਕ ਪੱਲ ਵਧਾ ਸੱਕਦਾ ਹੈ? 26ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸੱਕਦੇ ਤਾਂ ਹੋਰਨਾਂ ਗੱਲਾਂ ਲਈ ਕਾਹ ਨੂੰ ਚਿੰਤਾ ਕਰਦੇ ਹੋ? 27ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਓਹ ਕਿੱਕੁਰ ਵਧਦੇ ਹਨ । ਓਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ 28ਸੋ ਜਦ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਏਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ, ਉਹ ਕਿੰਨਾਂ ਵਧੀਕ ਤੁਹਾਨੂੰ ਪਹਿਨਾਵੇਗਾ! 29ਤੁਸੀਂ ਇਹ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਭਰਮ ਨਾ ਕਰੋ 30ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਭਈ ਤੁਹਾਨੂੰ ਇਨ੍ਹਾਂ ਵਸਤਾਂ ਦੀ ਲੋੜ ਹੈ 31ਪਰੰਤੂ ਤੁਸੀਂ ਉਹ ਦੇ ਰਾਜ ਨੂੰ ਭਾਲੋ ਤਾਂ ਤੁਹਾਨੂੰ ਏਹ ਵਸਤਾਂ ਵੀ ਦਿੱਤੀਆਂ ਜਾਣਗੀਆਂ 32ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ 33ਆਪਣਾ ਮਾਲ ਵੇਚ ਕੇ ਦਾਨ ਕਰੋ। ਆਪਣੇ ਲਈ ਬਟੂਏ ਜੋ ਪੁਰਾਣੇ ਨਹੀਂ ਹੁੰਦੇ ਅਤੇ ਧਨ ਜੋ ਘੱਟਦਾ ਨਹੀਂ ਸੁਰਗ ਵਿੱਚ ਤਿਆਰ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ 34ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਵੀ ਹੋਵੇਗਾ।।
35ਤੁਹਾਡੇ ਲੱਕ ਬੰਨ੍ਹੇ ਅਰ ਦੀਵੇ ਬਲਦੇ ਰਹਿਣ 36ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜ ਆਵੇਗਾ ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਓਹ ਝੱਟ ਉਸ ਦੇ ਲਈ ਖੋਲ੍ਹਣ 37ਧੰਨ ਓਹ ਨੌਕਰ ਜਿਨ੍ਹਾਂ ਨੂੰ ਮਾਲਕ ਜਦ ਆਵੇ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆਣ ਕੇ ਉਨ੍ਹਾਂ ਦੀ ਟਹਿਲ ਕਰੇਗਾ 38ਜੇ ਉਹ ਦੁਪਹਿਰ ਨੂੰ ਯਾ ਤੀਏਂ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਓਹ ਨੌਕਰ ਧੰਨ ਹਨ 39ਪਰ ਇਹ ਜਾਣੋਂ ਕੇ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਜੋ ਚੋਰ ਕਿਸ ਘੜੀ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਲੱਗਣ ਨਾ ਦਿੰਦਾ 40ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।।
41ਤਦ ਪਤਰਸ ਨੇ ਕਿਹਾ, ਪ੍ਰਭੁ ਜੀ ਤੂੰ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦਾ ਹੈਂ ਯਾ ਸਾਰਿਆਂ ਨੂੰ ਭੀ? 42ਪ੍ਰਭੁ ਨੇ ਅੱਗੋਂ ਆਖਿਆ, ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? 43ਧੰਨ ਉਹ ਨੌਕਰ ਜਿਹ ਨੂੰ ਉਹ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ 44ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ 45ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਭਈ ਮੇਰਾ ਮਾਲਕ ਆਉਣ ਵਿੱਚ ਚਿਰ ਲਾਉਂਦਾ ਹੈ ਅਤੇ ਗੋੱਲੇ ਗੋੱਲੀਆਂ ਨੂੰ ਮਾਰਨ ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ 46ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੋਟੇ ਟੋਟੇ ਕਰ ਕੇ ਬੇਈਮਾਨਾਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ 47ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ, ਨਾ ਉਹ ਦੀ ਮਰਜੀ ਮੂਜਬ ਕੰਮ ਕੀਤਾ ਬਹੁਤ ਮਾਰ ਖਾਵੇਗਾ 48ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਜੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ ਅਤੇ ਜਿਹ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਵਧੀਕ ਮੰਗਣਗੇ।।
49ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ! 50ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤਿਕੁਰ ਉਹ ਸੰਪੂਰਣ ਨਾ ਹੋਵੇ ਤਦ ਤੀਕੁਰ ਮੈਂ ਕੇਡਾਂ ਔਖਾਂ ਰਹਾਂਗਾਂ! 51ਕੀ ਤੁਸੀਂ ਸਮਝਦੇ ਹੋ ਭਈਂ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਸਗੋਂ ਜੁਦਾਈ 52ਕਿਉਂਕਿ ਏਦੋਂ ਅੱਗੇ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ, ਤਿੰਨ ਦੋਹੁੰ ਦੇ ਅਰ ਦੋ ਤਿੰਨਾਂ ਦੇ ਵਿਰੁੱਧ 53ਓਹ ਅੱਡੋ ਅੱਡ ਹੋਣਗੇ ਅਰਥਾਤ ਪਿਉ ਪੁੱਤ੍ਰ ਦੇ ਵਿਰੁੱਧ ਅਰ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ ਅਰ ਨੂੰਹ ਸੱਸ ਦੇ ਵਿਰੁੱਧ ।।
54ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ ਤੁਸੀਂ ਝੱਟ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰਾਂ ਹੁੰਦਾ ਹੈ 55ਅਰ ਜਦ ਦੱਖਣ ਦੀ ਵਾਉ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ 56ਹੇ ਕਪਟੀਓ! ਧਰਤੀ ਅਤੇ ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? 57ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉ ਨਹੀਂ ਵਿਚਾਰ ਕਰਦੇ ਹੋ? 58ਜਦ ਤੂੰ ਆਪਣੇ ਮੁਦੱਈ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈਂ ਤਾਂ ਰਸਤੇ ਵਿੱਚ ਉਸ ਤੋਂ ਛੁੱਟਣ ਦਾ ਜਤਨ ਕਰ ਮਤੇ ਉਹ ਤੈਨੂੰ ਹਾਕਮ ਦੇ ਕੋਲ ਖਿਚ ਖੜੇ ਅਤੇ ਹਾਕਮ ਤੈਨੂੰ ਦਰੋਗੇ ਦੇ ਹਵਾਲੇ ਕਰੇ ਅਤੇ ਦਰੋਗਾ ਤੈਨੂੰ ਕੈਦ ਵਿੱਚ ਪਾਵੇ 59ਮੈਂ ਤੈਨੂੰ ਆਖਦਾ ਹਾਂ ਭਈ ਤੂੰ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ ਜਿੰਨਾਂ ਚਿਰ ਕੌਡੀ ਕੌਡੀ ਨਾ ਭਰ ਦੇਵੇਂ।।
Επιλέχθηκαν προς το παρόν:
ਲੂਕਾ 12: PUNOVBSI
Επισημάνσεις
Κοινοποίηση
Αντιγραφή
Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.