ਮਾਰਕਸ 4
4
ਬੀਜ ਬੀਜਣ ਵਾਲੇ ਦੀ ਕਹਾਣੀ
1ਇੱਕ ਵਾਰ ਫਿਰ ਯਿਸ਼ੂ ਗਲੀਲ ਝੀਲ ਦੇ ਕੰਢੇ ਤੇ ਉਪਦੇਸ਼ ਦੇਣ ਲੱਗੇ। ਅਤੇ ਬਹੁਤ ਵੱਡੀ ਭੀੜ ਉਸਦੇ ਦੁਆਲੇ ਇਕੱਠੀ ਹੋ ਗਈ ਅਤੇ ਉਹ ਕਿਸ਼ਤੀ ਉੱਤੇ ਚੜ੍ਹ ਕੇ ਬੈਠ ਗਏ ਅਤੇ ਲੋਕ ਕੰਢੇ ਉੱਤੇ ਹੀ ਖੜ੍ਹੇ ਰਹੇ। 2ਉਹਨਾਂ ਨੇ ਦ੍ਰਿਸ਼ਟਾਂਤਾਂ ਰਾਹੀਂ ਬਹੁਤ ਸਾਰੇ ਵਿਸ਼ਿਆਂ ਤੇ ਸਿੱਖਿਆ ਦਿੰਦੇ ਹੋਏ ਕਿਹਾ: 3ਸੂਣੋਂ! ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। 4ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆ। 5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਜਿੱਥੇ ਉਸ ਨੂੰ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਾਰਨ ਉਹ ਛੇਤੀ ਹੀ ਉੱਗ ਪਿਆ। 6ਪਰ ਜਦੋਂ ਸੂਰਜ ਚੜਿਆ ਤਾਂ ਉਹ ਪੌਦਾ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ। 7ਅਤੇ ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। ਜਿਸ ਕਾਰਨ ਉਹ ਕੁਝ ਫਲ ਨਾ ਲਿਆ ਸਕਿਆ। 8ਅਤੇ ਕੁਝ ਬੀਜ ਚੰਗੀ ਜ਼ਮੀਨ ਤੇ ਡਿੱਗਿਆ, ਉਹਨਾਂ ਚੌਂ ਸਿਟੇ ਨਿੱਕਲੇ ਤੇ ਉੱਗਣ ਮਗਰੋਂ ਬਹੁਤ ਸਾਰਾ ਫਲ ਲਿਆਏ ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਤੇ ਕੋਈ ਸੌ ਗੁਣਾ।
9ਫਿਰ ਯਿਸ਼ੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
10ਜਦੋਂ ਉਹ ਇਕੱਲਾ ਸੀ, ਤਾਂ ਬਾਰ੍ਹਾਂ ਚੇਲਿਆਂ ਅਤੇ ਉਸਦੇ ਆਲੇ-ਦੁਆਲੇ ਦੇ ਹੋਰਾਂ ਨੇ ਉਸਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਿਆ। 11ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਦਾ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ। 12ਤਾਂ ਜੋ,
“ਉਹ ਦੇਖਦਿਆਂ ਹੋਇਆ ਵੀ ਨਾ ਦੇਖਣ;
ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।
ਇਸ ਤਰ੍ਹਾ ਨਾ ਹੋਵੇ ਕਿਤੇ ਉਹ ਮੇਰੇ ਕੋਲ ਵਾਪਸ ਮੁੜ ਆਉਣ ਅਤੇ ਮਾਫ਼ੀ ਪਾ ਲੈਣ!#4:12 ਯਸ਼ਾ 6:9-10”
13ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕਿ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝੇ? ਫਿਰ ਤੁਸੀਂ ਹੋਰ ਦ੍ਰਿਸ਼ਟਾਂਤਾਂ ਦੇ ਅਰਥ ਕਿਵੇਂ ਸਮਝੋਗੇ? 14ਬੀਜ ਬੀਜਣ ਵਾਲਾ ਪਰਮੇਸ਼ਵਰ ਦਾ ਬਚਨ ਬੀਜਦਾ ਹੈ। 15ਬੀਜ ਜੋ ਸੜਕ ਦੇ ਕੰਢੇ ਤੇ ਜਾ ਡਿੱਗਿਆ, ਉਹ ਅਜਿਹੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਬਚਨ ਸੁਣਦੇ ਹੀ ਸ਼ੈਤਾਨ ਆ ਕੇ ਉਹ ਬਚਨਾਂ ਨੂੰ ਚੁਰਾ ਕੇ ਲੈ ਗਿਆ। 16ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦੇ ਹਨ। 17ਪਰ ਜੜ੍ਹਾਂ ਡੂੰਘੀਆਂ ਨਾ ਹੋਣ ਕਾਰਨ, ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਜਦੋਂ ਕਲੇਸ਼ ਤੇ ਸਤਾਵ ਆਉਂਦੇ ਹਨ ਤਾਂ ਉਹ ਝੱਟ ਠੋਕਰ ਖਾਉਂਦੇ ਹਨ। 18ਜੋ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਇਹ ਉਹ ਸਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਬਚਨਾ ਨੂੰ ਸੁਣਿਆ, 19ਪਰ ਸੰਸਾਰ ਦੀਆਂ ਚਿੰਤਾਵਾਂ, ਧਨ ਦੇ ਛਲਾਵੇ ਅਤੇ ਕਈ ਹੋਰ ਚੀਜ਼ਾਂ ਦੇ ਲਾਲਚ ਨੇ ਆ ਕੇ ਉਸ ਬਚਨ ਨੂੰ ਦਬਾ ਦਿੱਤਾ, ਜਿਸ ਕਾਰਨ ਉਹ ਕੁੱਝ ਫਲ ਨਾ ਲਿਆ ਸੱਕੇ। 20ਕੁਝ ਹੋਰ ਲੋਕ ਉਸ ਬੀਜ ਦੇ ਸਮਾਨ ਹਨ, ਜੋ ਚੰਗੀ ਮਿੱਟੀ ਵਿੱਚ ਬੀਜਿਆ ਗਿਆ, ਬਚਨਾਂ ਨੂੰ ਸੁਣਿਆ, ਸਵੀਕਾਰ ਕੀਤਾ ਅਤੇ ਫਲ ਲਿਆਏ। ਬੀਜੇ ਗਏ ਬੀਜ ਦਾ ਕੋਈ ਤੀਹ ਗੁਣਾ, ਕੋਈ ਸੱਠ ਗੁਣਾ, ਕੋਈ ਸੌ ਗੁਣਾ।”
ਇੱਕ ਦੀਵਾ ਦੀਵਟ ਤੇ
21ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਦੀਵਾ ਬਾਲ ਕੇ ਉਸ ਨੂੰ ਇੱਕ ਕਟੋਰੇ ਜਾਂ ਬਿਸਤਰੇ ਦੇ ਹੇਠਾਂ ਰੱਖਦੇ ਹੋ? ਯਾਂ ਤੁਸੀਂ ਉਸ ਨੂੰ ਕਿਸੇ ਉੱਚੇ ਥਾਂ ਤੇ ਰੱਖਦੇ ਹੋ? 22ਕਿਉਂਕਿ ਜੋ ਕੁਝ ਲੁਕਿਆ ਹੋਇਆ ਹੈ ਉਸ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਜੋ ਕੁਝ ਲੁਕਿਆ ਹੋਇਆ ਹੈ ਉਹ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ। 23ਜੇ ਕਿਸੇ ਦੇ ਸੁਣਨ ਦੇ ਕੰਨ ਹਨ, ਤਾਂ ਉਹ ਸੁਣ ਲਵੇ।”
24“ਤੁਸੀਂ ਜੋ ਸੁਣਦੇ ਹੋ ਉਸ ਉੱਤੇ ਧਿਆਨ ਨਾਲ ਵਿਚਾਰ ਕਰੋ,” ਯਿਸ਼ੂ ਨੇ ਅੱਗੇ ਕਿਹਾ। “ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਮਾਪ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ ਅਤੇ ਹੋਰ ਵੀ। 25ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ; ਜਿਸ ਕੋਲ ਨਹੀਂ ਹੈ, ਉਸ ਕੋਲ ਜੋ ਕੁਝ ਹੈ ਉਹ ਵੀ ਲੈ ਲਿਆ ਜਾਵੇਗਾ।”
ਵਧ ਰਹੇ ਬੀਜ ਦੀ ਕਹਾਣੀ
26ਯਿਸ਼ੂ ਨੇ ਇਹ ਵੀ ਕਿਹਾ, “ਪਰਮੇਸ਼ਵਰ ਦਾ ਰਾਜ ਇਸ ਤਰ੍ਹਾਂ ਦਾ ਹੈ। ਇੱਕ ਆਦਮੀ ਬੀਜ ਜ਼ਮੀਨ ਤੇ ਖਿਲਾਰਦਾ ਹੈ। 27ਰਾਤ ਅਤੇ ਦਿਨ, ਚਾਹੇ ਉਹ ਸੌਂਦਾ ਹੈ ਜਾਂ ਉੱਠਦਾ ਹੈ, ਬੀਜ ਪੁੰਗਰਦਾ ਹੈ ਅਤੇ ਉੱਗਦਾ ਹੈ, ਪਰ ਉਹ ਨਹੀਂ ਜਾਣਦਾ ਕਿ ਕਿਵੇਂ। 28ਆਪਣੇ ਆਪ ਹੀ ਮਿੱਟੀ ਫ਼ਸਲ ਪੈਦਾ ਕਰਦੀ ਹੈ ਪਹਿਲਾਂ ਡੰਡ, ਫਿਰ ਸਿੱਟੇ, ਫਿਰ ਸਿੱਟੇ ਵਿੱਚ ਪੂਰੇ ਦਾਣੇ। 29ਜਿਵੇਂ ਹੀ ਅਨਾਜ ਪੱਕ ਜਾਂਦਾ ਹੈ, ਉਹ ਛੇਤੀ ਨਾਲ ਹੀ ਉਸ ਨੂੰ ਦਾਤਰੀ ਪਾ ਦਿੰਦਾ ਹੈ, ਕਿਉਂਕਿ ਫਸਲ ਹੁਣ ਪੂਰੀ ਤਰ੍ਹਾ ਤਿਆਰ ਹੈ।”
ਸਰ੍ਹੋਂ ਦੇ ਬੀਜ ਦੀ ਕਹਾਣੀ
30ਫਿਰ ਯਿਸ਼ੂ ਨੇ ਕਿਹਾ, “ਅਸੀਂ ਕੀ ਕਹਾਂਗੇ ਕਿ ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ, ਜਾਂ ਇਸ ਦੀ ਵਿਆਖਿਆ ਕਰਨ ਲਈ ਅਸੀਂ ਕਿਹੜਾ ਦ੍ਰਿਸ਼ਟਾਂਤ ਵਰਤਾਂਗੇ? 31ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜੋ ਧਰਤੀ ਦੇ ਸਾਰੇ ਬੀਜਾਂ ਵਿੱਚੋਂ ਸਭ ਤੋਂ ਛੋਟਾ ਹੈ। 32ਫਿਰ ਵੀ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਉੱਗਦਾ ਹੈ ਅਤੇ ਫਿਰ ਬਾਗ ਦੇ ਸਾਰੇ ਪੌਦਿਆਂ ਨਾਲੋਂ ਸਭ ਤੋਂ ਵੱਡਾ ਬਣ ਜਾਂਦਾ ਹੈ, ਇਸ ਦੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਕਿ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਵੱਸ ਸਕਦੇ ਹਨ।”
33ਬਹੁਤ ਸਾਰੇ ਸਮਾਨ ਦ੍ਰਿਸ਼ਟਾਂਤਾਂ ਨਾਲ ਯਿਸ਼ੂ ਨੇ ਉਹਨਾਂ ਨਾਲ ਗੱਲਾਂ ਕੀਤੀਆਂ, ਜਿੰਨਾ ਉਹ ਸਮਝ ਸਕਦੇ ਸਨ। 34ਯਿਸ਼ੂ ਨੇ ਦ੍ਰਿਸ਼ਟਾਂਤ ਦੀ ਵਰਤੋਂ ਕੀਤੇ ਬਗੈਰ ਉਹਨਾਂ ਨੂੰ ਕੁਝ ਨਹੀਂ ਕਿਹਾ। ਪਰ ਜਦੋਂ ਉਹ ਆਪਣੇ ਚੇਲਿਆਂ ਨਾਲ ਇਕੱਲੇ ਸੀ, ਉਹਨਾਂ ਨੂੰ ਸਭ ਕੁਝ ਸਮਝਾਇਆ।
ਯਿਸ਼ੂ ਨੇ ਤੂਫਾਨ ਨੂੰ ਸ਼ਾਂਤ ਕੀਤਾ
35ਉਸ ਦਿਨ ਜਦੋਂ ਸ਼ਾਮ ਹੋਈ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਆਪਾਂ ਝੀਲ ਦੇ ਦੂਸਰੇ ਪਾਸੇ ਚੱਲੀਏ।” 36ਭੀੜ ਨੂੰ ਪਿੱਛੇ ਛੱਡ ਕੇ ਉਹ ਯਿਸ਼ੂ ਨੂੰ ਜਿਵੇਂ ਉਹ ਸੀ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਉਹਨਾਂ ਮਗਰ ਹੋਰ ਕਿਸ਼ਤੀਆਂ ਵੀ ਸਨ। 37ਤੇ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਲਿਹਰਾਂ ਕਿਸ਼ਤੀ ਉੱਪਰ ਆਣ ਵੱਜਿਆਂ ਇੱਥੋ ਤੱਕ ਕਿ ਕਿਸ਼ਤੀ ਲਗਭਗ ਪਾਣੀ ਨਾਲ ਭਰਨ ਲੱਗ ਗਈ। 38ਯਿਸ਼ੂ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰਹਾਣਾ ਲੈ ਕੇ ਸੌ ਰਹੇ ਸਨ। ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਜੇ ਅਸੀਂ ਡੁੱਬ ਜਾਵਾਂਗੇ!”
39ਯਿਸ਼ੂ ਨੇ ਉੱਠ ਕੇ, ਤੂਫਾਨ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਆਗਿਆ ਦਿੱਤੀ, “ਚੁੱਪ ਹੋ ਜਾਓ! ਸ਼ਾਂਤ ਰਹੋ!” ਤਦ ਤੂਫਾਨ ਰੁਕ ਗਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
40ਯਿਸ਼ੂ ਨੇ ਆਪਣੇ ਚੇਲਿਆਂ ਨੂੰ ਪੁਛਿਆ, “ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”
41ਉਹ ਬਹੁਤ ਡਰ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕੌਣ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.