ਯੂਹੰਨਾ 8

8
"ਜਗਤ ਦਾ ਚਾਨਣ ਮੈਂ ਹਾਂ"
1[ਫੇਰ ਹਰੇਕ ਆਪੋ ਆਪਣੇ ਘਰ ਗਿਆ ਪਰ ਯਿਸੂ ਜ਼ੈਤੂਨ ਦੇ ਪਹਾੜ ਨੂੰ ਸਿਧਾਰਿਆ 2ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫੇਰ ਆਇਆ ਅਤੇ ਸਭ ਲੋਕ ਉਹ ਦੇ ਕੋਲ ਆਏ ਅਰ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ 3ਤਾਂ ਗ੍ਰੰਥੀ ਅਤੇ ਫ਼ਰੀਸੀ ਇੱਕ ਤੀਵੀਂ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰ ਕੇ 4ਉਹ ਨੂੰ ਕਿਹਾ, ਗੁਰੂ ਜੀ ਇਹ ਤੀਵੀਂ ਠੀਕ ਜ਼ਨਾਹ ਦੇ ਵੇਲੇ ਫੜੀ ਗਈ ਹੈ 5ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਕਿ ਜੋ ਏਹੋ ਜਹੀਆਂ ਨੂੰ ਪੱਥਰਾਂ ਨਾਲ ਮਾਰ ਸੁੱਟੋ। ਫੇਰ ਤੂੰ ਇਹ ਦੇ ਹੱਕ ਵਿੱਚ ਕੀ ਆਖਦਾ ਹੈਂ? 6ਪਰ ਉਨ੍ਹਾਂ ਨੇ ਉਹ ਦੇ ਪਰਤਾਉਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਊਜ ਲਾਉਣ ਦਾ ਮੌਕਾ ਮਿਲੇ। ਤਾਂ ਯਿਸੂ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ 7ਜਾਂ ਓਹ ਉਸ ਤੋਂ ਪੁੱਛੀ ਗਏ ਤਾਂ ਉਹ ਨੇ ਸਿੱਧੇ ਹੋ ਕੇ ਉਨ੍ਹਾਂ ਨੂੰ ਆਖਿਆ ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ 8ਫੇਰ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ 9ਇਹ ਸੁਣ ਕੇ ਓਹ ਵੱਡਿਆਂ ਤੋਂ ਲੈਕੇ ਛੋਟਿਆਂ ਤੀਕੁਰ ਇੱਕ ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀਂ ਵਿਚਕਾਰ ਖੜੀ ਰਹੀ 10ਤਾਂ ਯਿਸੂ ਨੇ ਸਿੱਧੇ ਹੋ ਕੇ ਉਹ ਨੂੰ ਆਖਿਆ, ਹੇ ਤ੍ਰੀਮਤ ਓਹ ਕਿੱਥੇ ਹਨ? ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾ? 11ਉਹ ਬੋਲੀ, ਪ੍ਰਭੁ ਜੀ, ਕਿਸੇ ਨੇ ਵੀ ਨਹੀਂ। ਤਾਂ ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ। ਜਾਹ, ਏਦੋਂ ਅੱਗੇ ਫੇਰ ਪਾਪ ਨਾ ਕਰੀਂ।। ]
12ਉਪਰੰਤ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ 13ਇਸ ਲਈ ਫ਼ਰੀਸੀਆਂ ਨੇ ਉਹ ਨੂੰ ਕਿਹਾ, ਤੂੰ ਆਪਣੇ ਉੱਤੇ ਆਪੇ ਸਾਖੀ ਦਿੰਦਾ ਹੈਂ। ਤੇਰੀ ਸਾਖੀ ਸੱਚੀ ਨਹੀਂ 14ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਅਤੇ ਕਿੱਧਰ ਨੂੰ ਜਾਂਦਾ ਹਾਂ 15ਤੁਸੀਂ ਸਰੀਰ ਦੇ ਅਨੁਸਾਰ ਨਿਆਉਂ ਕਰਦੇ ਹੋ ਮੈਂ ਕਿਸੇ ਦਾ ਨਿਆਉਂ ਨਹੀਂ ਕਰਦਾ 16ਪਰ ਜੇ ਮੈਂ ਨਿਆਉਂ ਕਰਾਂ ਤਾਂ ਵੀ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਪਰ ਮੈਂ ਅਤੇ ਮੇਰਾ ਘੱਲਣ ਵਾਲਾ 17ਤੁਹਾਡੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ 18ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਨ੍ਹ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ 19ਤਾਂ ਉਨ੍ਹਾਂ ਉਸ ਨੂੰ ਆਖਿਆ, ਕਿੱਥੇ ਹੈ ਤੇਰਾ ਪਿਤਾ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ, ਨਾ ਮੇਰੇ ਪਿਤਾ ਨੂੰ । ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ 20ਉਹ ਨੇ ਹੈਕਲ ਦੇ ਵਿੱਚ ਉਪਦੇਸ਼ ਕਰਦੇ ਹੋਏ ਏਹ ਗੱਲਾਂ ਖ਼ਜਾਨੇ ਦੇ ਅੰਦਰ ਆਖੀਆਂ ਅਰ ਕਿਸੇ ਨੇ ਉਹ ਨੂੰ ਨਾ ਫੜਿਆ ਕਿਉਂ ਜੋ ਉਹ ਦਾ ਵੇਲਾ ਅਜੇ ਨਹੀਂ ਸੀ ਆਇਆ।।
21ਉਸ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਅਰ ਤੁਸੀਂ ਮੈਨੂੰ ਭਾਲੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ 22ਉਪਰੰਤ ਯਹੂਦੀਆਂ ਨੇ ਕਿਹਾ, ਭਲਾ, ਉਹ ਆਪਣਾ ਘਾਤ ਕਰੂ? ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਹੋ? 23ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ 24ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਕਿਉਂਕਿ ਜੇ ਤੁਸੀਂ ਪਰਤੀਤ ਨਾ ਕਰੋ ਕਿ ਮੈਂ ਉਹੋ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ 25ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਤੂੰ ਹੈ ਕੌਣ? ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਉਹੋ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ 26ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਅਤੇ ਨਿਆਉਂ ਕਰਨਾ ਹੈ ਪਰ ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ 27ਓਹ ਨਾ ਸਮਝੇ ਜੋ ਉਹ ਸਾਨੂੰ ਪਿਤਾ ਦੇ ਵਿਖੇ ਆਖਦਾ ਹੈ 28ਤਾਂ ਯਿਸੂ ਨੇ ਆਖਿਆ ਕਿ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹੋ ਹਾਂ ਅਤੇ ਇਹ ਜੋ ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ 29ਅਰ ਜਿਨ੍ਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ 30ਉਹ ਦੇ ਏਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹ ਦੇ ਉੱਤੇ ਨਿਹਚਾ ਕੀਤੀ।।
31ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਉਹ ਦੀ ਪਰਤੀਤ ਕੀਤੀ ਸੀ ਆਖਿਆ, ਜੋ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ 32ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ 33ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਾਮ ਦੀ ਅੰਸ ਹਾਂਗੇ ਅਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿੱਕੁਰ ਆਖਦਾ ਹੈਂ ਜੋ ਤੁਸੀਂ ਅਜ਼ਾਦ ਕੀਤੇ ਜਾਓਗੇ? 34ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ 35ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ । ਪੁੱਤ੍ਰ ਸਦਾ ਰਹਿੰਦਾ ਹੈ 36ਇਸ ਲਈ ਜੇ ਪੁੱਤ੍ਰ ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ 37ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਇਸ ਲਈ ਜੋ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ 38ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ ਹਾਂ। ਫੇਰ ਤੁਸਾਂ ਵੀ ਜੋ ਕੁਝ ਆਪਣੇ ਪਿਉ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ 39ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਪਿਤਾ ਅਬਰਾਹਾਮ ਹੈ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ 40ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹਾ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ 41ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ । ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਪਿਤਾ ਇੱਕ ਉਹ ਪਰਮੇਸ਼ੁਰ ਹੈ 42ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੋ ਮੈਂ ਪਰਮੇਸ਼ੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ 43ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? ਇਸੇ ਲਈ ਜੋ ਮੇਰਾ ਬਚਨ ਸੁਣ ਨਹੀਂ ਸੱਕਦੇ 44ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ । ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠ ਹੈ ਅਤੇ ਝੂਠਾ ਦਾ ਪਤੰਦਰ ਹੈ 45ਪਰ ਇਸ ਕਾਰਨ ਜੋ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ 46ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ? ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋ? 47ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ । ਤੁਸੀਂ ਇਸੇ ਕਾਰਨ ਨਹੀਂ ਸੁਣਦੇ ਹੋ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ 48ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ, ਕੀ ਅਸੀਂ ਠੀਕ ਨਹੀਂ ਕਹਿੰਦੇ ਜੋ ਤੂੰ ਸਾਮਰੀ ਹੈਂ ਅਤੇ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈਗਾ? 49ਯਿਸੂ ਨੇ ਉੱਤਰ ਦਿੱਤਾ, ਮੈਨੂੰ ਭੂਤ ਨਹੀਂ ਚਿੰਬੜਿਆ ਹੋਇਆ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ 50ਪਰ ਮੈਂ ਆਪਣੀ ਵਡਿਆਈ ਨਹੀਂ ਭਾਲਦਾ। ਇੱਕ ਹੈ ਜੋ ਭਾਲਦਾ ਅਤੇ ਨਿਆਉਂ ਕਰਦਾ ਹੈ 51ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੂਲੋਂ ਕਦੇ ਮੌਤ ਨਾ ਵੇਖੇਗਾ 52ਯਹੂਦੀਆਂ ਨੇ ਉਹ ਨੂੰ ਆਖਿਆ, ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੂ 53ਭਲਾ, ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਜੋ ਮਰ ਗਿਆ ਵੱਡਾ ਹੈਂ? ਨਾਲੇ ਨਬੀ ਵੀ ਮਰ ਗਏ। ਤੂੰ ਆਪ ਨੂੰ ਕੀ ਬਣਾਉਂਦਾ ਹੈਂ? 54ਯਿਸੂ ਨੇ ਉੱਤਰ ਦਿੱਤਾ, ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ। ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹ ਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਪਰਮੇਸ਼ੁਰ ਹੈ 55ਅਤੇ ਤੁਸਾਂ ਉਹ ਨੂੰ ਨਹੀਂ ਜਾਤਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਜੇ ਮੈਂ ਆਂਖਾ ਭਈ ਮੈਂ ਉਹ ਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਙੁ ਝੂਠਾ ਹੋਵਾਂਗਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਉਹ ਦੇ ਬਚਨ ਦੀ ਪਾਲਨਾ ਕਰਦਾ ਹਾਂ 56ਤੁਹਾਡਾ ਪਿਤਾ ਅਬਰਾਹਾਮ ਮੇਰੇ ਦਿਨ ਦੇਖਣ ਨੂੰ ਅਨੰਦ ਸੀ ਅਰ ਉਸ ਨੇ ਵੇਖਿਆ ਅਤੇ ਪਰਸਿੰਨ ਹੋਇਆ 57ਤਾਂ ਯਹੂਦੀਆਂ ਨੇ ਉਹ ਨੂੰ ਆਖਿਆ, ਤੇਰੀ ਉਮਰ ਤਾਂ ਅਜੇ ਪੰਜਾਹਾਂ ਵਰਿਹਾਂ ਦੀ ਨਹੀਂ ਅਤੇ ਤੈਂ ਅਬਰਾਹਾਮ ਨੂੰ ਵੇਖਿਆ ਹੈ? 58ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ 59ਉਪਰੰਤ ਉਨ੍ਹਾਂ ਉਸ ਦੇ ਮਾਰਨ ਨੂੰ ਪੱਥਰ ਚੁੱਕੇ ਪਰ ਯਿਸੂ ਨੇ ਆਪਣੇ ਤਾਈਂ ਲੁਕੋਇਆ ਅਤੇ ਹੈਕਲੋਂ ਬਾਹਰ ਚੱਲਿਆ ਗਿਆ।।

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte