ਉਤ 4

4
ਕਾਇਨ ਅਤੇ ਹਾਬਲ
1ਆਦਮ ਨੇ ਆਪਣੀ ਪਤਨੀ ਹੱਵਾਹ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਨਮ ਦਿੱਤਾ ਤਦ ਉਹ ਨੇ ਆਖਿਆ, ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ। 2ਫੇਰ ਉਸ ਨੇ ਉਸ ਦੇ ਭਰਾ ਹਾਬਲ ਨੂੰ ਜਨਮ ਦਿੱਤਾ, ਹਾਬਲ ਇੱਜੜਾਂ ਦਾ ਆਜੜੀ ਸੀ ਅਤੇ ਕਾਇਨ ਖੇਤੀਬਾੜੀ ਕਰਦਾ ਸੀ। 3ਕੁਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਆਇਆ। 4ਹਾਬਲ ਵੀ ਇੱਜੜ ਦੇ ਪਹਿਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ। 5ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ। 6ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ? 7ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ। 8ਫੇਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ#4:8 ਆਓ ਖੇਤ ਨੂੰ ਚਲੀਏ ਅਤੇ ਜਦ ਉਹ ਖੇਤ ਵਿੱਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ। 9ਤਦ ਯਹੋਵਾਹ ਨੇ ਕਾਇਨ ਨੂੰ ਪੁੱਛਿਆ, ਤੇਰਾ ਭਰਾ ਹਾਬਲ ਕਿੱਥੇ ਹੈ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖ਼ਾ ਹਾਂ? 10ਫੇਰ ਉਸ ਨੇ ਆਖਿਆ, ਤੂੰ ਇਹ ਕੀ ਕੀਤਾ ਹੈ? ਤੇਰੇ ਭਰਾ ਦਾ ਲਹੂ ਜ਼ਮੀਨ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ। 11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈਂ। 12ਜਦ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵੇਂਗਾ। 13ਕਾਇਨ ਨੇ ਯਹੋਵਾਹ ਨੂੰ ਆਖਿਆ, ਮੇਰੀ ਸਜ਼ਾ ਸਹਿਣ ਤੋਂ ਬਾਹਰ ਹੈ। 14ਵੇਖ ਤੂੰ ਅੱਜ ਦੇ ਦਿਨ ਮੈਨੂੰ ਇਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਅਤੇ ਮੈਂ ਤੇਰੇ ਅੱਗੋਂ ਲੁੱਕ ਜਾਂਵਾਂਗਾ, ਮੈਂ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵਾਂਗਾ ਅਤੇ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਮਾਰ ਸੁੱਟੇਗਾ। 15ਤਦ ਯਹੋਵਾਹ ਨੇ ਉਹ ਨੂੰ ਆਖਿਆ ਜੋ ਕੋਈ ਕਾਇਨ ਨੂੰ ਮਾਰੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਅਜਿਹਾ ਨਾ ਹੋਵੇ ਕਿ ਕੋਈ ਉਹ ਨੂੰ ਲੱਭ ਕੇ ਮਾਰ ਸੁੱਟੇ।
ਕਾਇਨ ਦੇ ਵੰਸ਼ਜ
16ਸੋ ਕਾਇਨ ਯਹੋਵਾਹ ਦੇ ਹਜ਼ੂਰੋਂ ਚੱਲਿਆ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ#4:16 ਇੱਧਰ-ਉੱਧਰ ਫਿਰਨ ਦੀ ਥਾਂ ਦੇਸ਼ ਵਿੱਚ ਜਾ ਕੇ ਵੱਸ ਗਿਆ। 17ਕਾਇਨ ਨੇ ਆਪਣੀ ਪਤਨੀ ਨਾਲ ਸੰਗ ਕੀਤਾ, ਅਤੇ ਉਹ ਗਰਭਵਤੀ ਹੋਈ, ਉਸ ਨੇ ਹਨੋਕ ਨੂੰ ਜਨਮ ਦਿੱਤਾ ਅਤੇ ਉਸ ਨੇ ਇੱਕ ਨਗਰ ਬਣਾਇਆ, ਉਸ ਨੇ ਉਸ ਨਗਰ ਦਾ ਨਾਮ ਆਪਣੇ ਪੁੱਤਰ ਦੇ ਨਾਮ ਉੱਤੇ ਹਨੋਕ ਰੱਖਿਆ। 18ਹਨੋਕ ਤੋਂ ਈਰਾਦ ਜੰਮਿਆ, ਈਰਾਦ ਤੋਂ ਮਹੂਯਾਏਲ ਜੰਮਿਆ, ਮਹੂਯਾਏਲ ਤੋਂ ਮਥੂਸ਼ਾਏਲ ਜੰਮਿਆ ਅਤੇ ਮਥੂਸ਼ਾਏਲ ਤੋਂ ਲਾਮਕ ਜੰਮਿਆ। 19ਲਾਮਕ ਨੇ ਆਪਣੇ ਲਈ ਦੋ ਪਤਨੀਆਂ ਰੱਖੀਆਂ, ਇੱਕ ਦਾ ਨਾਮ ਆਦਾਹ ਸੀ ਅਤੇ ਦੂਸਰੀ ਦਾ ਨਾਮ ਜ਼ਿੱਲਾਹ ਸੀ। 20ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਤੇ ਪਸ਼ੂ ਪਾਲਦੇ ਸਨ। 21ਅਤੇ ਉਸ ਦੇ ਭਰਾ ਦਾ ਨਾਮ ਜ਼ੂਬਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਤੇ ਬੀਨ ਵਜਾਉਂਦੇ ਸਨ। 22ਜ਼ਿੱਲਾਹ ਨੇ ਵੀ ਤੂਬਲ ਕਾਇਨ ਨੂੰ ਜਨਮ ਦਿੱਤਾ। ਉਹ ਲੋਹੇ, ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਨੂੰ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ ਕਾਇਨ ਦੀ ਭੈਣ ਨਾਮਾਹ ਸੀ। 23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ -
ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਨੂੰ ਸੁਣੋ,
ਹੇ ਲਾਮਕ ਦੀ ਪਤਨੀਓ ਮੇਰੇ ਬਚਨ ਤੇ ਕੰਨ ਲਾਓ।
ਮੈਂ ਤਾਂ ਇੱਕ ਮਨੁੱਖ ਨੂੰ, ਜਿਸ ਨੇ ਮੈਨੂੰ ਫੱਟੜ ਕੀਤਾ
ਅਤੇ ਇੱਕ ਗੱਭਰੂ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।
24ਜੇ ਕਾਇਨ ਦਾ ਬਦਲਾ ਸੱਤ ਗੁਣਾ ਹੈ
ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।
ਸੇਥ ਅਤੇ ਅਨੋਸ਼
25ਆਦਮ ਨੇ ਫੇਰ ਆਪਣੀ ਪਤਨੀ ਨਾਲ ਸੰਗ ਕੀਤਾ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਪੁੱਤਰ ਦਿੱਤਾ ਜਿਸ ਨੂੰ ਕਾਇਨ ਨੇ ਮਾਰ ਸੁੱਟਿਆ ਸੀ। 26ਅਤੇ ਸੇਥ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸ ਨੇ ਉਹ ਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।

Արդեն Ընտրված.

ਉਤ 4: IRVPun

Ընդգծել

Կիսվել

Պատճենել

None

Ցանկանու՞մ եք պահպանել ձեր նշումները ձեր բոլոր սարքերում: Գրանցվեք կամ մուտք գործեք