ਉਤਪਤ 2

2
1ਸੋ ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ#2:1 ਇਬਰਾਨੀ =ਸੈਨਾਂ ਸੰਪੂਰਨ ਕੀਤੀ ਗਈ 2ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ 3ਤਾਂ ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ੁਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਹਲਾ ਹੋ ਗਿਆ।।
ਆਦਮੀ ਅਤੇ ਇਸਤ੍ਰੀ ਦਾ ਰਚਿਆ ਜਾਣਾ
4ਇਹ ਅਕਾਸ਼ ਅਤੇ ਧਰਤੀ ਦੀ ਪਦਾਇਸ਼ ਦਾ ਅਰੰਭ ਹੈ ਜਦ ਓਹ ਉਤਪੰਨ ਹੋਏ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ 5ਖੇਤ ਦਾ ਕੋਈ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ ਨਾ ਖੇਤ ਦਾ ਕੋਈ ਸਾਗ ਪੱਤ ਅਜੇ ਉੱਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰਹਾਇਆ ਸੀ ਨਾ ਜਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ 6ਪਰ ਧੁੰਦ ਧਰਤੀਓਂ ਉੱਠਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ 7ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰੱਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ 8ਤਾਂ ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ 9ਅਤੇ ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ, ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਣ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਫ ਵੀ ਉਗਾਇਆ 10ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿੱਕਲਿਆ ਅਤੇ ਉੱਥੋਂ ਵੰਡਿਆ ਗਿਆ ਅਰ ਚਾਰ ਹਿੱਸੇ ਹੋ ਗਿਆ 11ਇੱਕ ਦਾ ਨਾਉਂ ਪੀਸੋਨ ਹੈ ਜਿਹੜਾ ਸਾਰੇ ਹਵੀਲਾਹ ਦੇਸ ਨੂੰ ਘੇਰਦਾ ਹੈ ਜਿੱਥੇ ਸੋਨਾ ਹੈ 12ਅਰ ਉਸ ਦੇਸ ਦਾ ਸੋਨਾ ਚੰਗਾ ਹੈ ਅਰ ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਹਨ 13ਦੂਜੀ ਨਦੀ ਦਾ ਨਾਉਂ ਗੀਹੋਨ ਹੈ ਜਿਹੜੀ ਸਾਰੇ ਕੂਸ਼ ਦੇਸ਼ ਨੂੰ ਘੇਰਦੀ ਹੈ 14ਤੀਜੀ ਨਦੀ ਦਾ ਨਾਉਂ ਹਿੱਦਕਲ#2:14 ਅਥਵਾ ਦਜਲਾ ਹੈ ਜਿਹੜੀ ਅੱਸ਼ੂਰ ਦੇ ਚੜ੍ਹਦੇ ਪਾਸੇ ਜਾਂਦੀ ਹੈ ਅਤੇ ਚੌਥੀ ਫਰਾਤ ਹੈ।।
15ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ 16ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ 17ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।।
18ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ 19ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ 20ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।।
21ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਗੂਹੜੀ ਨੀਂਦ ਭੇਜੀ ਸੋ ਉਹ ਸੌਂ ਗਿਆ ਅਤੇ ਉਸ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ 22ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲੈ ਆਇਆ 23ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਆਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ 24ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ 25ਅਤੇ ਮਰਦ ਅਰ ਉਹ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ ।

Pilihan Saat Ini:

ਉਤਪਤ 2: PUNOVBSI

Sorotan

Berbagi

Salin

None

Ingin menyimpan sorotan di semua perangkat Anda? Daftar atau masuk