ਯੂਹੰਨਾ 1

1
ਸ਼ਬਦ ਦੇਹ ਧਾਰੀ ਹੋਇਆ । ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਾਖੀ
1ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ 2ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ 3ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ 4ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ 5ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ ਪਰ ਅਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ 6ਪਰਮੇਸ਼ੁਰ ਦੀ ਵੱਲੋਂ ਯੂਹੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ 7ਇਹ ਸਾਖੀ ਦੇ ਲਈ ਆਇਆ ਭਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹ ਦੇ ਰਾਹੀਂ ਨਿਹਚਾ ਕਰਨ 8ਉਹ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ 9ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ 10ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ 11ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ 12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ 13ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ 14ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ 15ਯੂਹੰਨਾ ਨੇ ਉਸ ਉਤੇ ਸਾਖੀ ਦਿੱਤੀ ਅਤੇ ਪੁਕਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ 16ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ 17ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ 18ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਇਕਲੌਤਾ ਪੁੱਤ੍ਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਪਰਗਟ ਕੀਤਾ।।
19ਯੂਹੰਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਰੂਸ਼ਲਮ ਤੋਂ ਜਾਜਕਾਂ ਅਤੇ ਲੇਵੀਆਂ ਨੂੰ ਉਹ ਦੇ ਕੋਲ ਘੱਲਿਆ ਭਈ ਉਸ ਤੋਂ ਪੁੱਛਣ, ਤੂੰ ਕੌਣ ਹੈਂ? 20ਤਦ ਉਸ ਨੇ ਮੰਨ ਲਿਆ ਅਤੇ ਮੁੱਕਰਿਆ ਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ 21ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ, ਫੇਰ ਕੀ ਤੂੰ ਏਲੀਯਾਹ ਹੈਂ? ਉਸ ਨੇ ਆਖਿਆ, ਮੈਂ ਨਹੀਂ ਹਾਂ। ਭਲਾ, ਤੂੰ ਉਹ ਨਬੀ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਨਹੀਂ 22ਉਪਰੰਤ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਤੂੰ ਕੌਣ ਹੈਂ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ? 23ਉਸ ਨੇ ਕਿਹਾ ਕਿ ਜਿਸ ਪਰਕਾਰ ਯਸਾਯਾਹ ਨਬੀ ਨੇ#ਯਸ. 40:3 ਆਖਿਆ, ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਹਾਂ ਕਿ ਪ੍ਰਭੁ ਦਾ ਰਸਤਾ ਸਿੱਧਾ ਕਰੋ 24ਅਤੇ ਓਹ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ 25ਫੇਰ ਉਨ੍ਹਾਂ ਨੇ ਉਸ ਤੋਂ ਪੁੱਛ ਕੇ ਉਸ ਨੂੰ ਕਿਹਾ, ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਬੀ, ਤਾਂ ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ? 26ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਪਛਾਣਦੇ 27ਉਹੀ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਜਿਹ ਦੀ ਜੁੱਤੀ ਦਾ ਤਮਸਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ 28ਏਹ ਗੱਲਾਂ ਯਰਦਨ ਦੇ ਪਾਰ ਬੈਤਅਨੀਯਾ ਵਿੱਚ ਹੋਈਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।।
29ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ! 30ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ 31ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ 32ਯੂਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ 33ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ 34ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।।
35ਦੂਜੇ ਦਿਨ ਯੂਹੰਨਾ ਅਤੇ ਉਹ ਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ 36ਅਰ ਉਸ ਨੇ ਯਿਸੂ ਨੂੰ ਤੁਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ! 37ਤਾਂ ਓਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਪਏ 38ਤਾਂ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਨ੍ਹਾਂ ਨੂੰ ਮਗਰ ਆਉਂਦੇ ਵੇਖ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਭਾਲਦੋ ਹੋ! ਉਨ੍ਹਾਂ ਉਸ ਨੂੰ ਆਖਿਆ, ਹੇ ਰੱਬੀ! (ਅਰਥਾਤ ਹੇ ਗੁਰੂ!), ਤੁਸੀਂ ਕਿੱਥੇ ਟਿਕਦੇ ਹੋ? 39ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਸੋ ਓਹ ਗਏ ਅਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਅਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ 40ਉਨ੍ਹਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋ ਤੁਰੇ ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ 41ਉਸ ਨੇ ਆਪਣੇ ਸਕੇ ਭਰਾ ਸ਼ਮਊਨ ਨੂੰ ਪਹਿਲਾਂ ਲੱਭ ਕੇ ਉਹ ਨੂੰ ਕਿਹਾ ਕਿ ਅਸਾਂ ਮਸੀਹ ਨੂੰ ਅਰਥਾਤ ਖ੍ਰਿਸਟੁਸ ਨੂੰ ਲੱਭ ਲਿਆ ਹੈ! 42ਉਹ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਯਿਸੂ ਨੇ ਉਸ ਉੱਤੇ ਦ੍ਰਿਸ਼ਟ ਕਰ ਕੇ ਕਿਹਾ ਜੋ ਤੂੰ ਯੂਹੰਨਾ ਦਾ ਪੁੱਤ੍ਰ ਸ਼ਮਊਨ ਹੈਂ, ਤੂੰ ਕੇਫ਼ਾਸ ਅਰਥਾਤ ਪਤਰਸ ਸਦਾਵੇਂਗਾ।।
43ਅਗਲੇ ਭਲਕ ਯਿਸੂ ਨੇ ਚਾਹਿਆ ਜੋ ਉੱਥੋਂ ਨਿੱਕਲ ਕੇ ਗਲੀਲ ਵਿੱਚ ਜਾਵੇ। ਤਾਂ ਫ਼ਿਲਿੱਪੁਸ ਨੂੰ ਲੱਭ ਕੇ ਉਹ ਨੂੰ ਆਖਿਆ ਭਈ ਮੇਰੇ ਪਿੱਛੇ ਹੋ ਤੁਰ 44ਅਤੇ ਫ਼ਿਲਿੱਪੁਸ ਬੈਤਸੈਦੇ ਦਾ ਸੀ ਜੋ ਅੰਦ੍ਰਿਯਾਸ ਅਰ ਪਤਰਸ ਦਾ ਨਗਰ ਹੈ 45ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭ ਕੇ ਉਹ ਨੂੰ ਆਖਿਆ ਕਿ ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਪਿਆ ਹੈ, ਉਹ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ 46ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ? ਫ਼ਿਲਿੱਪੁਸ ਨੇ ਉਹ ਨੂੰ ਆਖਿਆ, ਆ ਤੇ ਵੇਖ 47ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ 48ਨਥਾਨਿਏਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ? ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੋ ਫ਼ਿਲਿਪੁੱਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ 49ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ! 50ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛ ਹੇਠ ਮੈਂ ਤੈਨੂੰ ਵੇਖਿਆ? ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੇਂਗਾ! 51ਫੇਰ ਉਸ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਸੀਂ ਅਕਾਸ਼ ਨੂੰ ਖੁਲ੍ਹਾਂ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤ੍ਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਗੇ।।

Sorotan

Berbagi

Salin

None

Ingin menyimpan sorotan di semua perangkat Anda? Daftar atau masuk