ਯੋਹਨ 13

13
ਯਿਸ਼ੂ ਦੁਆਰਾ ਚੇਲਿਆਂ ਦੇ ਪੈਰ ਧੋਣਾ
1ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸ਼ੂ ਜਾਣਦੇ ਸੀ ਕਿ ਉਹਨਾਂ ਦਾ ਸਮਾਂ ਆ ਗਿਆ ਹੈ ਕਿ ਉਹ ਇਸ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਣ। ਉਹਨਾਂ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਆਪਣੇ ਚੇਲਿਆਂ ਨੂੰ ਸਦਾ ਪਿਆਰ ਕੀਤਾ ਸੀ, ਅਤੇ ਉਹਨਾਂ ਨੇ ਚੇਲਿਆਂ ਨੂੰ ਅੰਤ ਤੱਕ ਪਿਆਰ ਕੀਤਾ।
2ਰਾਤ ਦੇ ਭੋਜਨ ਦਾ ਸਮਾਂ ਆ ਗਿਆ ਸੀ, ਅਤੇ ਦੁਸ਼ਟ ਨੇ ਪਹਿਲਾਂ ਹੀ ਸ਼ਿਮਓਨ ਦੇ ਪੁੱਤਰ ਕਾਰਿਯੋਤ ਵਾਸੀ ਯਹੂਦਾਹ ਦੇ ਮਨ ਵਿੱਚ ਪਾ ਦਿੱਤਾ ਸੀ ਕਿ ਉਹ ਯਿਸ਼ੂ ਨੂੰ ਧੋਖਾ ਦੇਵੇ। 3ਯਿਸ਼ੂ ਜਾਣਦੇ ਸੀ ਕਿ ਪਿਤਾ ਨੇ ਉਹਨਾਂ ਨੂੰ ਹਰ ਚੀਜ਼ ਉੱਤੇ ਅਧਿਕਾਰ ਦਿੱਤਾ ਹੋਇਆ ਹੈ ਅਤੇ ਉਹ ਪਰਮੇਸ਼ਵਰ ਵੱਲੋਂ ਆਏ ਸੀ ਅਤੇ ਪਰਮੇਸ਼ਵਰ ਕੋਲ ਵਾਪਸ ਜਾਣਗੇ। 4ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ। 5ਅਤੇ ਇੱਕ ਭਾਂਡੇ ਵਿੱਚ ਪਾਣੀ ਪਾਇਆ। ਤਦ ਉਹਨਾਂ ਨੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਤੌਲੀਏ ਨਾਲ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ।
6ਜਦੋਂ ਯਿਸ਼ੂ ਸ਼ਿਮਓਨ ਪਤਰਸ ਕੋਲ ਆਏ, ਪਤਰਸ ਨੇ ਉਹਨਾਂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?”
7ਯਿਸ਼ੂ ਨੇ ਉੱਤਰ ਦਿੱਤਾ, “ਮੈਂ ਜੋ ਕੁਝ ਕਰ ਰਿਹਾ ਹਾਂ ਤੈਨੂੰ ਹੁਣ ਸਮਝ ਨਹੀਂ ਆ ਰਿਹਾ, ਪਰ ਬਾਅਦ ਵਿੱਚ ਤੂੰ ਸਮਝੇਗਾ।”
8ਪਤਰਸ ਨੇ ਕਿਹਾ, “ਨਹੀਂ ਤੁਸੀਂ ਕਦੇ ਮੇਰੇ ਪੈਰ ਨਹੀਂ ਧੋਵੋਂਗੇ!”
ਯਿਸ਼ੂ ਨੇ ਜਵਾਬ ਦਿੱਤਾ, “ਜਦ ਤੱਕ ਮੈਂ ਤੁਹਾਨੂੰ ਧੋ ਨਾ ਲਵਾਂ, ਤੁਸੀਂ ਮੇਰੇ ਨਹੀਂ ਹੋਵੋਂਗੇ।”
9ਸ਼ਿਮਓਨ ਪਤਰਸ ਨੇ ਕਿਹਾ, “ਹੇ ਮੇਰੇ ਪ੍ਰਭੂ! ਸਿਰਫ ਮੇਰੇ ਪੈਰ ਹੀ ਨਹੀਂ, ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ ਦੇਵੋ।”
10ਯਿਸ਼ੂ ਨੇ ਉੱਤਰ ਦਿੱਤਾ, “ਉਹ ਮਨੁੱਖ ਜਿਸਨੇ ਨਹਾ ਲਿਆ ਹੈ ਉਸ ਨੂੰ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ। ਤੁਸੀਂ ਚੇਲੇ ਸਾਫ਼ ਹੋ, ਪਰ ਸਾਰੇ ਨਹੀਂ।” 11ਕਿਉਂਕਿ ਯਿਸ਼ੂ ਜਾਣਦੇ ਸੀ ਕਿ ਉਹਨਾਂ ਨਾਲ ਕੌਣ ਵਿਸ਼ਵਾਸਘਾਤ ਕਰੇਗਾ। ਇਸ ਲਈ ਜਦੋਂ ਉਹਨਾਂ ਨੇ ਕਿਹਾ, “ਕਿ ਤੁਸੀਂ ਸਾਰੇ ਸਾਫ਼ ਨਹੀਂ ਹੋ।”
12ਯਿਸ਼ੂ ਨੇ ਉਹਨਾਂ ਦੇ ਪੈਰ ਧੋਣ ਤੋਂ ਬਾਅਦ ਆਪਣੇ ਕੱਪੜੇ ਦੁਬਾਰਾ ਪਾ ਲਏ ਅਤੇ ਬੈਠ ਗਏ ਅਤੇ ਪੁੱਛਿਆ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਰਿਹਾ ਸੀ? 13ਤੁਸੀਂ ਮੈਨੂੰ ‘ਗੁਰੂ,’ ਅਤੇ ‘ਪ੍ਰਭੂ,’ ਕਹਿੰਦੇ ਹੋ, ਅਤੇ ਤੁਸੀਂ ਸਹੀ ਹੋ, ਕਿਉਂਕਿ ਮੈਂ ਉਹੀ ਹਾਂ। 14ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹਾਂ ਅਤੇ ਮੈਂ ਤੁਹਾਡੇ ਪੈਰ ਧੋਤੇ ਹਨ। ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਵੀ ਇਸ ਤਰ੍ਹਾਂ ਕਰੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਨਾ ਹੀ ਭੇਜਿਆ ਹੋਇਆ ਆਪਣੇ ਭੇਜਨ ਵਾਲੇ ਤੋਂ ਵੱਡਾ ਹੁੰਦਾ। 17ਹੁਣ ਤੁਸੀਂ ਇਹ ਗੱਲਾਂ ਜਾਣਦੇ ਹੋ, ਅਤੇ ਜੇ ਤੁਸੀਂ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ।
ਯਿਸ਼ੂ ਦਾ ਆਪਣੇ ਵਿਸ਼ਵਾਸਘਾਤੀ ਬਾਰੇ ਦੱਸਣਾ
18“ਮੈਂ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਨਹੀਂ ਕਹਿ ਰਿਹਾ; ਮੈਂ ਉਹਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਇਹ ਉਸ ਬਚਨ ਨੂੰ ਪੂਰਾ ਕਰਦਾ ਹੈ ਜਿਸ ਵਿੱਚ ਲਿਖਿਆ ਗਿਆ ਹੈ, ‘ਜਿਹੜਾ ਮੇਰਾ ਭੋਜਨ ਖਾਂਦਾ ਹੈ ਉਹ ਮੇਰੇ ਵਿਰੁੱਧ ਹੋ ਗਿਆ ਹੈ।’#13:18 ਜ਼ਬੂ 41:9
19“ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ ਇਸ ਲਈ ਜਦੋਂ ਇਹ ਹੋਵੇਗਾ ਤੁਸੀਂ ਵਿਸ਼ਵਾਸ ਕਰੋਗੇ ਕਿ ਜੋ ਮੈਂ ਹਾਂ ਉਹੋ ਹਾਂ। 20ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕੋਈ ਵੀ ਜਿਹੜਾ ਮੇਰੇ ਘੱਲੇ ਹੋਏ ਦਾ ਸਵਾਗਤ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਪਿਤਾ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਮੈਨੂੰ ਭੇਜਿਆ ਹੈ।”
21ਇਸ ਤੋਂ ਬਾਅਦ ਯਿਸ਼ੂ ਆਤਮਾ ਵਿੱਚ ਬਹੁਤ ਪਰੇਸ਼ਾਨ ਹੋਏ, ਅਤੇ ਉਹਨਾਂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ!”
22ਉਹਨਾਂ ਦੇ ਚੇਲੇ ਇੱਕ ਦੂਸਰੇ ਵੱਲ ਵੇਖ ਰਹੇ ਸਨ ਅਤੇ ਇਹ ਵੇਖ ਕੇ ਉਹ ਹੈਰਾਨ ਸਨ ਕਿ ਯਿਸ਼ੂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ। 23ਚੇਲਿਆਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸ਼ੂ ਬਹੁਤ ਪਿਆਰ ਕਰਦੇ ਸੀ ਉਹ ਮੇਜ਼ ਤੇ ਯਿਸ਼ੂ ਦੇ ਕੋਲ ਬੈਠਾ ਹੋਇਆ ਸੀ। 24ਸ਼ਿਮਓਨ ਪਤਰਸ ਨੇ ਇਸ਼ਾਰਾ ਕੀਤਾ ਅਤੇ ਪੁੱਛਿਆ, “ਉਹ ਕਿਸ ਬਾਰੇ ਗੱਲ ਕਰ ਰਹੇ ਹਨ?”
25ਤਾਂ ਉਹ ਚੇਲਾ ਯਿਸ਼ੂ ਦੇ ਹੋਰ ਨੇੜੇ ਆਇਆ ਅਤੇ ਪੁੱਛਿਆ, “ਪ੍ਰਭੂ, ਉਹ ਕੌਣ ਹੈ?”
26ਯਿਸ਼ੂ ਨੇ ਉੱਤਰ ਦਿੱਤਾ, “ਇਹ ਉਹੀ ਮਨੁੱਖ ਹੈ ਜਿਸ ਨੂੰ ਮੈਂ ਕਟੋਰੇ ਵਿੱਚ ਰੋਟੀ ਡੋਬ ਕੇ ਦੇਵਾਂਗਾ। ਫਿਰ ਉਹਨਾਂ ਨੇ ਰੋਟੀ ਲਈ ਤੇ ਕਟੋਰੇ ਵਿੱਚ ਡੋਬ ਕੇ ਸ਼ਿਮਓਨ ਦੇ ਪੁੱਤਰ ਕਾਰਿਯੋਤ ਵਾਸੀ ਯਹੂਦਾਹ ਨੂੰ ਦਿੱਤੀ। 27ਜਦੋਂ ਯਹੂਦਾਹ ਨੇ ਰੋਟੀ ਖਾਧੀ ਤਾਂ ਸ਼ੈਤਾਨ ਉਸ ਦੇ ਅੰਦਰ ਆਇਆ। ਤਦ ਯਿਸ਼ੂ ਨੇ ਉਸਨੂੰ ਕਿਹਾ।
“ਜੋ ਤੂੰ ਕਰਨਾ ਹੈ ਉਹ ਛੇਤੀ ਕਰ।” 28ਮੇਜ਼ ਤੇ ਬੈਠੇ ਕਿਸੇ ਵੀ ਮਨੁੱਖ ਨੂੰ ਸਮਝ ਨਹੀਂ ਆਇਆ ਕਿ ਯਿਸ਼ੂ ਨੇ ਇਹ ਉਸਨੂੰ ਕਿਉਂ ਕਿਹਾ ਸੀ। 29ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾਹ ਕੋਲ ਪੈਸੇ ਵਾਲੀ ਥੈਲੀ ਰਹਿੰਦੀ ਹੈ ਅਤੇ ਯਿਸ਼ੂ ਨੇ ਉਸਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਉਹ ਖਰੀਦੇ ਜਾਂ ਗਰੀਬਾਂ ਨੂੰ ਕੁਝ ਪੈਸੇ ਦੇਣ ਨੂੰ ਕਿਹਾ ਸੀ। 30ਯਹੂਦਾਹ ਰੋਟੀ ਲੈਣ ਤੋਂ ਬਾਅਦ ਬਾਹਰ ਚੱਲਿਆ ਗਿਆ। ਉਹ ਰਾਤ ਦਾ ਸਮਾਂ ਸੀ।
ਯਿਸ਼ੂ ਨੇ ਪਤਰਸ ਦੇ ਇਨਕਾਰ ਕਰਨ ਦੀ ਭਵਿੱਖਬਾਣੀ ਕੀਤੀ
31ਜਦੋਂ ਯਹੂਦਾਹ ਚਲਾ ਗਿਆ ਤਾਂ ਯਿਸ਼ੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਵਿੱਚ ਪਰਮੇਸ਼ਵਰ ਦੀ ਵੀ ਵਡਿਆਈ ਹੋਈ ਹੈ। 32ਜੇ ਪਰਮੇਸ਼ਵਰ ਦੀ ਉਸ ਵਿੱਚ ਵਡਿਆਈ ਹੁੰਦੀ ਹੈ, ਤਾਂ ਪਰਮੇਸ਼ਵਰ ਆਪਣੇ ਪੁੱਤਰ ਦੀ ਵਡਿਆਈ ਕਰੇਗਾ ਅਤੇ ਉਹ ਜਲਦੀ ਹੀ ਉਸ ਦੀ ਵਡਿਆਈ ਕਰੇਗਾ।”
33ਯਿਸ਼ੂ ਨੇ ਕਿਹਾ, “ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹਾ ਹੋਰ ਸਮੇਂ ਲਈ ਰਹਾਂਗਾ। ਤੁਸੀਂ ਮੈਨੂੰ ਲੱਭੋਗੇ ਪਰ ਜਿਵੇਂ ਮੈਂ ਯਹੂਦੀਆਂ ਆਗੂਵਾਂ ਨੂੰ ਕਿਹਾ ਸੀ, ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ: ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ।
34“ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। 35ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
36ਸ਼ਿਮਓਨ ਪਤਰਸ ਨੇ ਉਹਨਾਂ ਪੁੱਛਿਆ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?”
ਯਿਸ਼ੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਹੁਣ ਤੁਸੀਂ ਉੱਥੇ ਨਹੀਂ ਜਾ ਸਕਦੇ, ਪਰ ਬਾਅਦ ਵਿੱਚ ਤੁਸੀਂ ਜਾਵੋਂਗੇ।”
37ਪਤਰਸ ਨੇ ਪੁੱਛਿਆ, “ਪ੍ਰਭੂ, ਮੈਂ ਹੁਣ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਦੇਵਾਂਗਾ।”
38ਤਦ ਯਿਸ਼ੂ ਨੇ ਉੱਤਰ ਦਿੱਤਾ, “ਕੀ ਤੂੰ ਸੱਚ-ਮੁੱਚ ਮੇਰੇ ਲਈ ਆਪਣੀ ਜਾਨ ਦੇ ਦੇਵੇਗਾ? ਮੈਂ ਤੈਨੂੰ ਸੱਚ ਦੱਸਦਾ ਹਾਂ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ!”

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。