ਯੋਹਨ 7
7
ਯਿਸ਼ੂ ਦਾ ਤੰਬੂ ਦੇ ਤਿਉਹਾਰ ਤੇ ਜਾਣਾ
1ਇਸ ਤੋਂ ਬਾਅਦ, ਯਿਸ਼ੂ ਨੇ ਗਲੀਲ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਉਸ ਇਲਾਕੇ ਦੇ ਯਹੂਦੀ ਆਗੂਵੇ ਉਹਨਾਂ ਨੂੰ ਮਾਰਨਾ ਚਾਹੁੰਦੇ ਸਨ। 2ਪਰ ਯਹੂਦੀਆਂ ਦਾ ਤੰਬੂ ਦਾ ਤਿਉਹਾਰ ਨੇੜੇ ਸੀ, 3ਅਤੇ ਯਿਸ਼ੂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਹੁਣ ਤੁਸੀਂ ਇੱਥੋ ਚੱਲੋ ਅਤੇ ਯਹੂਦਿਯਾ ਨੂੰ ਜਾਓ, ਜਿੱਥੇ ਤੁਹਾਡੇ ਚੇਲੇ ਤੁਹਾਡੇ ਕੰਮ ਵੇਖਣ। 4ਜੋ ਕੋਈ ਵੀ ਮਸ਼ਹੂਰ ਹੋਣ ਚਾਹੁੰਦਾ ਹੈ ਉਹ ਕਦੀ ਵੀ ਇਸ ਤਰ੍ਹਾਂ ਲੁਕ ਕੇ ਕੰਮ ਨਹੀਂ ਕਰਦਾ! ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਦੁਨੀਆਂ ਨੂੰ ਦਿਖਾਓ!” 5ਕਿਉਂਕਿ ਯਿਸ਼ੂ ਦੇ ਭਰਾਵਾਂ ਨੇ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ।
6ਯਿਸ਼ੂ ਨੇ ਉੱਤਰ ਦਿੱਤਾ, “ਮੇਰਾ ਸਹੀ ਸਮਾਂ ਅਜੇ ਨਹੀਂ ਆਇਆ ਹੈ, ਪਰ ਤੁਹਾਡੇ ਲਈ ਸਮਾਂ ਸਹੀ ਹੈ। 7ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ, ਪਰ ਇਹ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਇਸ ਦੇ ਬੁਰੇ ਕੰਮ ਦੀ ਗਵਾਹੀ ਦਿੰਦਾ ਹੈ। 8ਤੁਸੀਂ ਇਸ ਤਿਉਹਾਰ ਤੇ ਜਾਓ ਮੈਂ ਇਸ ਤਿਉਹਾਰ ਲਈ ਨਹੀਂ ਜਾ ਰਿਹਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ।” 9ਇਹ ਕਹਿਣ ਤੋਂ ਬਾਅਦ, ਯਿਸ਼ੂ ਗਲੀਲ ਵਿੱਚ ਹੀ ਰਹੇ।
10ਜਦੋਂ ਯਿਸ਼ੂ ਦੇ ਭਰਾ ਤਿਉਹਾਰ ਲਈ ਚਲੇ ਗਏ ਉਹ ਵੀ ਗੁਪਤ ਰੂਪ ਵਿੱਚ ਤਿਉਹਾਰ ਲਈ ਗਏ ਪਰ ਉਹ ਖੁੱਲ੍ਹੇਆਮ ਤਿਉਹਾਰ ਵਿੱਚ ਨਹੀਂ ਗਏ। 11ਤਿਉਹਾਰ ਦੇ ਸਮੇਂ, ਯਹੂਦੀ ਆਗੂਵੇ ਯਿਸ਼ੂ ਨੂੰ ਲੱਭ ਰਹੇ ਸਨ ਅਤੇ ਪੁੱਛ ਰਹੇ ਸਨ, “ਉਹ ਕਿੱਥੇ ਹੈ?”
12ਭੀੜ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਬਾਰੇ ਗੱਲਾਂ ਕਰ ਰਹੇ ਸਨ। ਕਈ ਲੋਕਾਂ ਨੇ ਕਿਹਾ, “ਉਹ ਇੱਕ ਚੰਗੇ ਆਦਮੀ ਹਨ।”
ਦੂਸਰੇ ਲੋਕਾਂ ਨੇ ਉੱਤਰ ਦਿੱਤਾ, “ਨਹੀਂ, ਉਹ ਲੋਕਾਂ ਨੂੰ ਧੋਖਾ ਦਿੰਦੇ ਹਨ।” 13ਪਰ ਯਹੂਦੀ ਆਗੂਆਂ ਦੇ ਡਰ ਕਾਰਨ ਕੋਈ ਵੀ ਖੁੱਲ੍ਹੇਆਮ ਯਿਸ਼ੂ ਦੇ ਬਾਰੇ ਗੱਲਾਂ ਨਹੀਂ ਕਰ ਰਿਹਾ ਸੀ।
ਤਿਉਹਾਰ ਤੇ ਯਿਸ਼ੂ ਦਾ ਉਪਦੇਸ਼
14ਜਦੋਂ ਤਿਉਹਾਰ ਦਾ ਅੱਧ ਦਿਨ ਹੋਇਆ, ਤਾਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਪਦੇਸ਼ ਦੇਣਾ ਸ਼ੁਰੂ ਕੀਤਾ। 15ਉੱਥੇ ਦੇ ਯਹੂਦੀ ਆਗੂਵਾਂ ਹੈਰਾਨ ਸਨ ਅਤੇ ਉਹਨਾਂ ਨੇ ਪੁੱਛਿਆ, “ਇਸ ਮਨੁੱਖ ਨੂੰ ਬਿਨਾਂ ਪੜ੍ਹੇ ਇਸ ਤਰ੍ਹਾਂ ਦੀ ਸਿੱਖਿਆ ਕਿਵੇਂ ਮਿਲੀ?”
16ਯਿਸ਼ੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਆਪਣੀ ਸਿੱਖਿਆ ਨਹੀਂ ਹੈ। ਸਗੋਂ ਮੇਰੇ ਘੱਲਣ ਵਾਲੇ ਦੀ ਹੈ। 17ਜਿਹੜਾ ਵੀ ਵਿਅਕਤੀ ਪਰਮੇਸ਼ਵਰ ਦੀ ਇੱਛਾ ਪੂਰੀ ਕਰਦਾ ਹੈ ਉਹ ਜਾਣਦਾ ਹੈ ਕਿ ਮੇਰੀ ਸਿੱਖਿਆ ਪਰਮੇਸ਼ਵਰ ਵੱਲੋਂ ਹੈ ਜਾਂ ਸਿਰਫ ਮੇਰੇ ਆਪਣੇ ਵੱਲੋਂ ਹੈ। 18ਜੋ ਕੋਈ ਵੀ ਆਪਣੇ ਵੱਲੋਂ ਬੋਲਦਾ ਹੈ ਉਹ ਸਿਰਫ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਵਿਅਕਤੀ ਆਪਣੇ ਘੱਲਣ ਵਾਲੇ ਦੀ ਵਡਿਆਈ ਕਰਨਾ ਚਾਹੁੰਦਾ ਹੈ ਉਹ ਝੂਠ ਨਹੀਂ, ਸੱਚ ਬੋਲਦਾ ਹੈ। 19ਕੀ ਮੋਸ਼ੇਹ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ, ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਦੀ ਪਾਲਣਾ ਨਹੀਂ ਕਰਦਾ! ਅਸਲ ਵਿੱਚ, ਤੁਸੀਂ ਮੈਨੂੰ ਕਿਉਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ?”
20ਲੋਕਾਂ ਨੇ ਉੱਤਰ ਦਿੱਤਾ, “ਤੁਹਾਡੇ ਅੰਦਰ ਭੂਤ ਹੈ, ਕੌਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”
21ਯਿਸ਼ੂ ਨੇ ਉੱਤਰ ਦਿੱਤਾ, “ਮੈਂ ਇੱਕ ਚਮਤਕਾਰ ਕੀਤਾ ਤੇ ਤੁਸੀਂ ਹੈਰਾਨ ਹੋ ਗਏ। 22ਮੋਸ਼ੇਹ ਨੇ ਤੁਹਾਨੂੰ ਸੁਨੰਤ ਬਾਰੇ ਬਿਵਸਥਾ ਦਿੱਤੀ। ਭਾਵੇਂ ਸੁੰਨਤ ਮੋਸ਼ੇਹ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜਿਹੜੇ ਮੋਸ਼ੇਹ ਤੋਂ ਪਹਿਲਾਂ ਸਨ। ਇਸ ਲਈ ਤੁਸੀਂ ਵੀ ਸਬਤ ਦੇ ਦਿਨ ਸੁੰਨਤ ਕਰਦੇ ਹੋ। 23ਜੇ ਸਬਤ ਦੇ ਦਿਨ ਕਿਸੇ ਦੀ ਸੁੰਨਤ ਕੀਤੀ ਜਾਂਦੀ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮੋਸ਼ੇਹ ਦੀ ਬਿਵਸਥਾ ਨੂੰ ਤੋੜਿਆਂ ਨਾ ਜਾਵੇ, ਤੇ ਫਿਰ ਤੁਸੀਂ ਸਬਤ ਦੇ ਦਿਨ ਇੱਕ ਆਦਮੀ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਮੇਰੇ ਨਾਲ ਨਾਰਾਜ਼ ਕਿਉਂ ਹੋ? 24ਕਿਸੇ ਦੇ ਬਾਹਰੀ ਰੂਪ ਤੇ ਨਿਆਂ ਨਾ ਕਰੋ, ਪਰ ਜੋ ਸਹੀ ਹੈ ਉਹ ਦੇ ਅਧਾਰ ਤੇ ਨਿਆਂ ਕਰੋ।”
ਲੋਕਾਂ ਦੇ ਯਿਸ਼ੂ ਦੇ ਮਸੀਹ ਹੋਣ ਤੇ ਅਲੱਗ-ਅਲੱਗ ਵਿਚਾਰ
25ਫਿਰ ਉਸ ਸਮੇਂ ਯੇਰੂਸ਼ਲੇਮ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ, “ਇਹ ਉਹ ਮਨੁੱਖ ਹੈ ਜਿਨ੍ਹਾਂ ਨੂੰ ਉਹ ਯਹੂਦੀ ਆਗੂਵਾਂ ਮਾਰਨਾ ਚਾਹੁੰਦੇ ਹਨ। 26ਪਰ ਉਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ। ਕੀ ਕਿਤੇ ਯਹੂਦੀ ਆਗੂਆਂ ਨੇ ਉਹਨਾਂ ਨੂੰ ਸੱਚ-ਮੁੱਚ ਮਸੀਹ ਤੇ ਨਹੀਂ ਮੰਨ ਲਿਆ? 27ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ; ਜਦੋਂ ਮਸੀਹਾ ਆਵੇਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਇਆ ਹੈ।”
28ਤਦ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਦੇ ਰਹੇ ਸੀ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਹਾਂ, ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਹਾਂ, ਪਰ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਸੱਚੇ ਹਨ। ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, 29ਪਰ ਮੈਂ ਉਹਨਾਂ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਹਨਾਂ ਵੱਲੋਂ ਹਾਂ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ।”
30ਇਸ ਲਈ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਉਹਨਾਂ ਨੂੰ ਹੱਥ ਨਹੀਂ ਪਾਇਆ ਕਿਉਂ ਜੋ ਅਜੇ ਤੱਕ ਉਹਨਾਂ ਦਾ ਸਮਾਂ ਨਹੀਂ ਆਇਆ ਸੀ। 31ਪਰ ਭੀੜ ਵਿੱਚੋਂ ਕਈਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ। ਉਹਨਾਂ ਨੇ ਕਿਹਾ, “ਜਦੋਂ ਮਸੀਹਾ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵਧੇਰੇ ਕਰਾਮਾਤਾਂ ਕਰੇਗਾ?”
32ਫ਼ਰੀਸੀਆਂ ਨੇ ਭੀੜ ਨੂੰ ਉਹਨਾਂ ਦੇ ਬਾਰੇ ਅਜਿਹੀਆਂ ਗੱਲਾਂ ਆਖਦਿਆਂ ਸੁਣਿਆ। ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੈਕਲ ਦੇ ਪਹਿਰੇਦਾਰਾਂ ਨੂੰ ਭੇਜਿਆ।
33ਯਿਸ਼ੂ ਨੇ ਦੱਸਿਆ, “ਮੈਂ ਤੁਹਾਡੇ ਨਾਲ ਥੋੜ੍ਹੇ ਸਮੇਂ ਲਈ ਹੀ ਹਾਂ, ਅਤੇ ਫਿਰ ਮੈਂ ਉਹਨਾਂ ਕੋਲ ਜਾ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ। 34ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ। ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
35ਯਹੂਦੀ ਆਗੂਵਾਂ ਨੇ ਇੱਕ-ਦੂਜੇ ਨੂੰ ਕਿਹਾ, “ਇਹ ਆਦਮੀ ਕਿੱਥੇ ਜਾਣਾ ਚਾਹੁੰਦਾ ਹੈ ਅਤੇ ਅਸੀਂ ਉਸ ਨੂੰ ਨਹੀਂ ਲੱਭ ਸਕਦੇ? ਕੀ ਇਹ ਉਹਨਾਂ ਸ਼ਹਿਰਾਂ ਵਿੱਚ ਜਾਏਗਾ ਜਿੱਥੇ ਸਾਡੇ ਵੀ ਲੋਕ ਰਹਿੰਦੇ ਹਨ ਅਤੇ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਵੇਗਾ? 36ਉਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ,’ ਅਤੇ ‘ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ?’ ”
37ਤਿਉਹਾਰ ਦੇ ਆਖਰੀ ਅਤੇ ਸਭ ਤੋਂ ਖਾਸ ਦਿਨ, ਯਿਸ਼ੂ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿੱਚ ਬੋਲੇ, “ਜਿਹੜਾ ਪਿਆਸਾ ਹੈ ਉਹ ਮੇਰੇ ਕੋਲ ਆ ਕੇ ਪੀਵੇ। 38ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ, ਜਿਵੇਂ ਕਿ ਪੋਥੀ ਵਿੱਚ ਕਿਹਾ ਗਿਆ ਹੈ, ਉਹਨਾਂ ਦੇ ਅੰਦਰ ਜੀਵਨ ਦੇ ਪਾਣੀ ਦੀਆਂ ਨਦੀਆਂ ਵਗਣਗੀਆਂ।” 39ਇਹ ਯਿਸ਼ੂ ਪਵਿੱਤਰ ਆਤਮਾ ਦੇ ਬਾਰੇ ਬੋਲ ਰਹੇ ਸੀ, ਕਿ ਜੋ ਕੋਈ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਉਹ ਪਵਿੱਤਰ ਆਤਮਾ ਪ੍ਰਾਪਤ ਕਰੇਗਾ। ਉਸ ਸਮੇਂ ਤੱਕ ਅਜੇ ਪਵਿੱਤਰ ਆਤਮਾ ਨਹੀਂ ਮਿਲਿਆ ਸੀ, ਕਿਉਂਕਿ ਅਜੇ ਯਿਸ਼ੂ ਦੀ ਮਹਿਮਾ ਨਹੀਂ ਹੋਈ ਸੀ।
40ਉਹਨਾਂ ਦੇ ਸ਼ਬਦਾਂ ਨੂੰ ਸੁਣਦਿਆਂ, ਕੁਝ ਲੋਕਾਂ ਨੇ ਕਿਹਾ, “ਸੱਚ-ਮੁੱਚ ਇਹ ਆਦਮੀ ਨਬੀ ਹੈ।”
41ਹੋਰਾਂ ਨੇ ਕਿਹਾ, “ਉਹ ਮਸੀਹਾ ਹੈ।”
ਦੂਜੇ ਲੋਕਾਂ ਨੇ ਪੁੱਛਿਆ, “ਮਸੀਹਾ ਗਲੀਲ ਤੋਂ ਕਿਵੇਂ ਆ ਸਕਦਾ ਹੈ? 42ਕੀ ਪੋਥੀ ਇਹ ਨਹੀਂ ਕਹਿੰਦੀ ਕਿ ਮਸੀਹਾ ਦਾਵੀਦ ਦੇ ਪਰਿਵਾਰ ਅਤੇ ਬੇਥਲੇਹੇਮ ਤੋਂ ਆਵੇਗਾ, ਜਿੱਥੇ ਦਾਵੀਦ ਰਹਿੰਦਾ ਸੀ?#7:42 ਮੀਕਾ 5:2” 43ਯਿਸ਼ੂ ਦੇ ਕਾਰਨ ਲੋਕ ਆਪਸ ਵਿੱਚ ਵੰਡੇ ਗਏ ਸਨ। 44ਕੁਝ ਲੋਕ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਹਨਾਂ ਨੂੰ ਹੱਥ ਨਹੀਂ ਪਾਇਆ।
ਯਹੂਦੀ ਆਗੂਆਂ ਦਾ ਅਵਿਸ਼ਵਾਸ
45ਆਖਰਕਾਰ ਹੈਕਲ ਦੇ ਪਹਿਰੇਦਾਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲ ਵਾਪਸ ਚੱਲੇ ਗਏ, ਉਹਨਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਉਸ ਨੂੰ ਅੰਦਰ ਕਿਉਂ ਨਹੀਂ ਲੈ ਕੇ ਆਏ?”
46ਪਹਿਰੇਦਾਰਾਂ ਨੇ ਉੱਤਰ ਦਿੱਤਾ, “ਕੋਈ ਵੀ ਇਸ ਤਰ੍ਹਾਂ ਨਹੀਂ ਬੋਲਦਾ ਜਿਸ ਤਰ੍ਹਾਂ ਇਹ ਮਨੁੱਖ ਬੋਲਦਾ ਹੈ।”
47ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੁਹਾਡਾ ਮਤਲਬ ਹੈ ਕਿ ਉਸ ਨੇ ਵੀ ਤੁਹਾਨੂੰ ਧੋਖਾ ਦਿੱਤਾ ਹੈ? 48ਕੀ ਕਿਸੇ ਵੀ ਅਧਿਕਾਰੀ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ? 49ਨਹੀਂ! ਪਰ ਇਹ ਭੀੜ ਜੋ ਬਿਵਸਥਾ ਬਾਰੇ ਕੁਝ ਵੀ ਨਹੀਂ ਜਾਣਦੀ ਉਹਨਾਂ ਲਈ ਇੱਕ ਸਰਾਪ ਹੈ।”
50ਪਰ ਨਿਕੋਦੇਮਾਸ, ਜੋ ਪਹਿਲਾਂ ਯਿਸ਼ੂ ਕੋਲ ਗਿਆ ਸੀ ਅਤੇ ਉਹ ਉਹਨਾਂ ਵਿੱਚੋਂ ਇੱਕ ਸੀ ਉਹ ਉਹਨਾਂ ਨੂੰ ਬੋਲਿਆ, 51“ਕੀ ਸਾਡੀ ਬਿਵਸਥਾ ਕਿਸੇ ਵਿਅਕਤੀ ਤੇ ਦੋਸ਼ ਲਗਾਉਂਦੀ ਹੈ ਉਸ ਨੂੰ ਬਿਨਾਂ ਸੁਣੇ ਜਾਂ ਬਿਨਾਂ ਜਾਣੇ ਕਿ ਉਹ ਕੀ ਕਰ ਰਿਹਾ ਹੈ?”
52ਯਹੂਦੀ ਆਗੂਆਂ ਨੇ ਉੱਤਰ ਦਿੱਤਾ, “ਕੀ ਤੁਸੀਂ ਵੀ ਗਲੀਲ ਤੋਂ ਹੋ? ਇਸ ਵੱਲ ਧਿਆਨ ਕਰੋ ਤਾਂ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਇਆ ਹੈ।”
53 ਉਹ ਸਾਰੇ ਆਪਣੇ-ਆਪਣੇ ਘਰ ਚੱਲੇ ਗਏ।
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.