ਲੂਕਸ 22

22
ਯਹੂਦਾਹ ਦਾ ਯਿਸ਼ੂ ਨੂੰ ਧੋਖਾ ਦੇਣ ਲਈ ਸਹਿਮਤ ਹੋਣਾ
1ਹੁਣ ਪਤੀਰੀ ਰੋਟੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਜਿਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਹੈ। 2ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾ ਯਿਸ਼ੂ ਨੂੰ ਮਾਰਨ ਲਈ ਕਿਸੇ ਤਰੀਕੇ ਦੀ ਭਾਲ ਕਰ ਰਹੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ। 3ਫਿਰ ਸ਼ੈਤਾਨ ਕਾਰਿਯੋਤ ਵਾਸੀ ਯਹੂਦਾਹ ਵਿੱਚ ਦਾਖਲ ਹੋਇਆ ਜੋ ਕਿ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। 4ਅਤੇ ਯਹੂਦਾਹ ਮੁੱਖ ਜਾਜਕਾਂ ਅਤੇ ਹੈਕਲ ਦੇ ਅਧਿਕਾਰੀਆਂ ਕੋਲ ਗਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹ ਯਿਸ਼ੂ ਨੂੰ ਕਿਵੇਂ ਧੋਖਾ ਦੇ ਸਕਦਾ ਹੈ। 5ਉਹ ਖੁਸ਼ ਹੋਏ ਅਤੇ ਉਸਨੂੰ ਪੈਸੇ ਦੇਣ ਲਈ ਸਹਿਮਤ ਹੋ ਗਏ। 6ਯਹੂਦਾਹ ਉਹਨਾਂ ਨਾਲ ਸਹਿਮਤ ਹੋਇਆ ਅਤੇ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।
ਆਖਰੀ ਰਾਤ ਦਾ ਖਾਣਾ
7ਫਿਰ ਪਤੀਰੀ ਰੋਟੀ ਦੇ ਤਿਉਹਾਰ ਦਾ ਦਿਨ ਆਇਆ, ਜਦੋਂ ਫਸਾਹ ਦੇ ਮੇਮਣੇ ਦੀ ਬਲੀ ਦਿੱਤੀ ਜਾਂਦੀ ਹੈ। 8ਯਿਸ਼ੂ ਨੇ ਪਤਰਸ ਅਤੇ ਯੋਹਨ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਸਾਡੇ ਲਈ ਪਸਾਹ ਦੇ ਭੋਜਨ ਦੀ ਤਿਆਰੀਆਂ ਕਰੋ।”
9ਉਹਨਾਂ ਨੇ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਇਸ ਦੀ ਤਿਆਰੀ ਕਰੀਏ?”
10ਯਿਸ਼ੂ ਨੇ ਜਵਾਬ ਦਿੱਤਾ, “ਜਿਵੇਂ ਹੀ ਤੁਸੀਂ ਸ਼ਹਿਰ ਵਿੱਚ ਦਾਖਲ ਹੋਵੋਗੇ, ਤਾਂ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਮਿਲੇਗਾ। ਉਸਦਾ ਪਿੱਛਾ ਕਰਦੇ ਤੁਸੀਂ ਉਸ ਘਰ ਨੂੰ ਜਾਣਾ ਜਿਸ ਵਿੱਚ ਉਹ ਦਾਖਲ ਹੁੰਦਾ ਹੈ, 11ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਪੁੱਛਦੇ ਹਨ, ਉਹ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’ 12ਉਹ ਤੁਹਾਨੂੰ ਉੱਪਰ ਇੱਕ ਵੱਡਾ ਕਮਰਾ ਵਿਖਾਏਗਾ, ਅਤੇ ਤਿਆਰ ਹੈ। ਉੱਥੇ ਸਾਰੀ ਤਿਆਰੀ ਕਰੋ।”
13ਉਹ ਚਲੇ ਗਏ ਅਤੇ ਉਹਨਾਂ ਨੂੰ ਸਭ ਕੁਝ ਉਸੇ ਤਰ੍ਹਾਂ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
14ਜਦੋਂ ਸਮਾਂ ਆਇਆ, ਯਿਸ਼ੂ ਅਤੇ ਉਹਨਾਂ ਦੇ ਰਸੂਲ ਮੇਜ਼ ਤੇ ਬੈਠ ਗਏ। 15ਅਤੇ ਯਿਸ਼ੂ ਨੇ ਰਸੂਲਾਂ ਨੂੰ ਕਿਹਾ, “ਮੇਰੀ ਬੜੀ ਇੱਛਾ ਸੀ ਕਿ ਮੈਂ ਦੁੱਖ ਭੋਗਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਪਸਾਹ ਦਾ ਭੋਜਨ ਖਾਵਾਂ। 16ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਤੱਕ ਇਹ ਪਰਮੇਸ਼ਵਰ ਦੇ ਰਾਜ ਵਿੱਚ ਸੰਪੂਰਣ ਨਹੀਂ ਹੁੰਦਾ ਤਦ ਤੱਕ ਮੈਂ ਇਸ ਨੂੰ ਦੁਬਾਰਾ ਨਹੀਂ ਖਾਵਾਂਗਾ।”
17ਪਿਆਲਾ ਲੈਣ ਤੋਂ ਬਾਅਦ, ਉਹਨਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਇਸ ਨੂੰ ਲਓ ਅਤੇ ਆਪਸ ਵਿੱਚ ਵੰਡ ਲਵੋ। 18ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦ ਤੱਕ ਪਰਮੇਸ਼ਵਰ ਦਾ ਰਾਜ ਨਹੀਂ ਆਉਂਦਾ ਤੱਦ ਤੀਕ ਮੈਂ ਅੰਗੂਰੀ ਵੇਲ ਦੇ ਫਲਾਂ ਵਿੱਚੋਂ ਫਿਰ ਨਾ ਪੀਵਾਂਗਾ।”
19ਅਤੇ ਯਿਸ਼ੂ ਨੇ ਰੋਟੀ ਲਈ, ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਤੋੜੀ ਅਤੇ ਉਹਨਾਂ ਨੂੰ ਦੇ ਕੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਦਿੱਤਾ ਗਿਆ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।”
20ਇਸੇ ਤਰ੍ਹਾਂ, ਰਾਤ ਦੇ ਖਾਣੇ ਤੋਂ ਬਾਅਦ, ਯਿਸ਼ੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ, ਜਿਹੜਾ ਕਿ ਤੁਹਾਡੇ ਲਈ ਵਹਾਇਆ ਜਾਂਦਾ ਹੈ। 21ਪਰ ਉਸਦਾ ਹੱਥ ਜਿਹੜਾ ਮੈਨੂੰ ਧੋਖਾ ਦੇਵੇਗਾ, ਮੇਰੇ ਨਾਲ ਹੀ ਮੇਜ਼ ਤੇ ਹੈ। 22ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਇਸਦਾ ਹੁਕਮ ਦਿੱਤਾ ਗਿਆ ਹੈ। ਪਰ ਲਾਹਨਤ ਹੈ ਉਸ ਮਨੁੱਖ ਤੇ ਜਿਹੜਾ ਉਸਨੂੰ ਧੋਖਾ ਦੇਵੇਗਾ!” 23ਉਹਨਾਂ ਨੇ ਆਪਸ ਵਿੱਚ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਵਿੱਚੋਂ ਕੌਣ ਹੈ ਜੋ ਇਸ ਤਰ੍ਹਾਂ ਕਰੇਗਾ।
24ਉਹਨਾਂ ਵਿੱਚਕਾਰ ਇਹ ਵਿਵਾਦ ਵੀ ਪੈਦਾ ਹੋਇਆ ਕਿ ਉਹਨਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ। 25ਯਿਸ਼ੂ ਨੇ ਉਹਨਾਂ ਨੂੰ ਆਖਿਆ, “ਗ਼ੈਰ-ਯਹੂਦੀਆਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ। ਅਤੇ ਜੋ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਉਹ ਆਪਣੇ ਆਪ ਨੂੰ ਲਾਭਦਾਇਕ ਕਹਿੰਦੇ ਹਨ। 26ਪਰ ਤੁਸੀਂ ਉਸ ਵਰਗੇ ਨਾ ਹੋਵੋ। ਇਸ ਦੀ ਬਜਾਏ, ਤੁਹਾਡੇ ਵਿੱਚੋਂ ਜੋ ਸਭ ਤੋਂ ਵੱਡਾ ਹੈ ਉਹ ਛੋਟੇ ਵਾਂਗ ਬਣ ਜਾਵੇ, ਅਤੇ ਜਿਹੜਾ ਰਾਜ ਕਰਦਾ ਹੈ ਉਹੋ ਇੱਕ ਸੇਵਕ ਜਿਹਾ ਬਣੇ। 27ਕੌਣ ਵੱਡਾ ਹੈ, ਉਹ ਜਿਹੜਾ ਮੇਜ਼ ਤੇ ਬੈਠਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜੋ ਮੇਜ਼ ਤੇ ਬੈਠਾ ਹੈ? ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਦੀ ਤਰ੍ਹਾਂ ਹਾਂ। 28ਤੁਸੀਂ ਉਹ ਲੋਕ ਹੋ ਜੋ ਮੇਰੇ ਔਖੇ ਵੇਲੇ ਵਿੱਚ ਮੇਰੇ ਨਾਲ ਖੜ੍ਹੇ ਹੋ। 29ਅਤੇ ਮੈਂ ਤੁਹਾਨੂੰ ਇੱਕ ਰਾਜ ਦਿੰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, 30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ਼ ਤੇ ਬੈਠ ਕੇ ਖਾ ਸਕੋ ਅਤੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋ।
31“ਸ਼ਿਮਓਨ, ਸ਼ਿਮਓਨ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਕਣਕ ਦੀ ਤਰ੍ਹਾਂ ਅਲੱਗ ਕਰਨ ਦੀ ਆਗਿਆ ਲੈ ਲਈ ਹੈ। 32ਸ਼ਿਮਓਨ, ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਬਣਿਆ ਰਹੇ। ਅਤੇ ਜਦੋਂ ਤੂੰ ਵਾਪਸ ਮੁੜੇ ਤਾਂ ਆਪਣੇ ਭਰਾਵਾਂ ਨੂੰ ਵਿਸ਼ਵਾਸ ਵਿੱਚ ਤਕੜਾ ਕਰੀ।”
33ਪਰ ਪਤਰਸ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ, ਮੈਂ ਤੁਹਾਡੇ ਨਾਲ ਕੈਦ ਅਤੇ ਮੌਤ ਤੱਕ ਵੀ ਜਾਣ ਲਈ ਤਿਆਰ ਹਾਂ।”
34ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ, ਪਤਰਸ, ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ ਕਿ ਤੂੰ ਮੈਨੂੰ ਨਹੀਂ ਜਾਣਦਾ।”
35ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜਦੋਂ ਮੈਂ ਤੁਹਾਨੂੰ ਬਿਨ੍ਹਾਂ ਪੈਸੇ, ਬਿਨ੍ਹਾਂ ਝੋਲੇ ਅਤੇ ਬਿਨ੍ਹਾਂ ਜੁੱਤੀਆਂ ਦੇ ਭੇਜਿਆਂ ਸੀ, ਕੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਸੀ?”
ਉਹਨਾਂ ਨੇ ਉੱਤਰ ਦਿੱਤਾ, “ਕਿਸੇ ਚੀਜ਼ ਦੀ ਨਹੀਂ।”
36ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰ ਹੁਣ ਜੇ ਤੁਹਾਡੇ ਕੋਲ ਬਟੂਆ ਹੈ ਤਾਂ ਇਸ ਨੂੰ ਲੈ ਲਵੋ ਅਤੇ ਝੋਲਾ ਵੀ ਲਵੋ ਅਤੇ ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਤਾਂ ਆਪਣੇ ਕੱਪੜੇ ਵੇਚ ਕੇ ਇੱਕ ਤਲਵਾਰ ਖਰੀਦੋ। 37ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ: ‘ਅਤੇ ਉਹ ਅਪਰਾਧੀਆਂ#22:37 ਯਸ਼ਾ 53:12 ਨਾਲ ਗਿਣਿਆ ਗਿਆ,’ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਮੇਰੇ ਵਿੱਚ ਪੂਰਾ ਹੋਣਾ ਜ਼ਰੂਰੀ ਹੈ। ਹਾਂ, ਮੇਰੇ ਬਾਰੇ ਜੋ ਲਿਖਿਆ ਗਿਆ ਹੈ ਉਹ ਇਸ ਦੀ ਪੂਰਤੀ ਉੱਤੇ ਪਹੁੰਚ ਰਿਹਾ ਹੈ।”
38ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ ਜੀ ਇੱਥੇ ਦੋ ਤਲਵਾਰਾਂ ਹਨ।”
“ਇਹ ਕਾਫ਼ੀ ਹੈ!” ਉਹਨਾਂ ਨੇ ਜਵਾਬ ਦਿੱਤਾ।
ਜ਼ੈਤੂਨ ਦੇ ਪਹਾੜ ਉੱਤੇ ਯਿਸ਼ੂ ਪ੍ਰਾਰਥਨਾ ਕਰਦੇ ਹਨ
39ਯਿਸ਼ੂ ਹਮੇਸ਼ਾ ਦੀ ਤਰ੍ਹਾਂ ਜ਼ੈਤੂਨ ਦੇ ਪਹਾੜ ਨੂੰ ਗਏ ਅਤੇ ਉਸ ਦੇ ਚੇਲੇ ਉਹਨਾਂ ਦੇ ਮਗਰ ਹੋ ਤੁਰੇ। 40ਉਸ ਜਗ੍ਹਾ ਤੇ ਪਹੁੰਚ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ।” 41ਤਦ ਯਿਸ਼ੂ ਚੇਲਿਆਂ ਤੋਂ ਥੋੜ੍ਹੀ ਦੂਰੀ ਲਗਭਗ ਤੀਹ ਫੁੱਟ ਤੇ ਗਏ ਅਤੇ ਉਹਨਾਂ ਨੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕੀਤੀ: 42“ਹੇ ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਪਰ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਕੀਤੀ ਜਾਵੇ।” 43ਸਵਰਗ ਤੋਂ ਇੱਕ ਦੂਤ ਨੇ ਆ ਕੇ ਉਹਨਾਂ ਨੂੰ ਸ਼ਕਤੀ ਦਿੱਤੀ। 44ਅਤੇ ਉਹ ਦੁੱਖ ਵਿੱਚ ਸਨ, ਉਹਨਾਂ ਨੇ ਹੋਰ ਦਿਲੋਂ ਪ੍ਰਾਰਥਨਾ ਕੀਤੀ ਅਤੇ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਧਰਤੀ ਤੇ ਡਿੱਗ ਰਿਹਾ ਸੀ।
45ਜਦੋਂ ਉਹ ਪ੍ਰਾਰਥਨਾ ਕਰਕੇ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ ਤਾਂ ਉਹਨਾਂ ਨੇ ਚੇਲਿਆਂ ਨੂੰ ਉਦਾਸ, ਥੱਕਿਆ ਅਤੇ ਸੁੱਤਿਆ ਪਾਇਆ। 46“ਤੁਸੀਂ ਕਿਉਂ ਸੌ ਰਹੇ ਹੋ?” ਯਿਸ਼ੂ ਨੇ ਉਹਨਾਂ ਨੂੰ ਪੁੱਛਿਆ। “ਉੱਠੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।”
ਯਿਸ਼ੂ ਨੂੰ ਗਿਰਫ਼ਤਾਰ ਕੀਤਾ ਜਾਣਾ
47ਜਦੋਂ ਯਿਸ਼ੂ ਅਜੇ ਬੋਲ ਰਹੇ ਸੀ, ਤਾਂ ਇੱਕ ਵੱਡੀ ਭੀੜ ਉੱਥੇ ਆ ਗਈ ਅਤੇ ਉਹ ਆਦਮੀ ਜਿਸਨੂੰ ਯਹੂਦਾਹ ਕਿਹਾ ਜਾਂਦਾ ਸੀ, ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਉਹ ਯਿਸ਼ੂ ਨੂੰ ਚੁੰਮਣ ਲਈ ਅੱਗੇ ਵਧੀਆ, 48ਪਰ ਯਿਸ਼ੂ ਨੇ ਉਸਨੂੰ ਪੁੱਛਿਆ, “ਯਹੂਦਾਹ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮਕੇ ਧੋਖਾ ਦੇ ਰਿਹਾ ਹੈ?”
49ਜਦੋਂ ਯਿਸ਼ੂ ਦੇ ਚੇਲਿਆਂ ਨੇ ਵੇਖਿਆ ਕਿ ਕੀ ਹੋਣ ਵਾਲਾ ਹੈ, ਤਾਂ ਉਹਨਾਂ ਨੇ ਕਿਹਾ, “ਪ੍ਰਭੂ, ਕੀ ਅਸੀਂ ਆਪਣੀਆਂ ਤਲਵਾਰਾਂ ਨਾਲ ਹਮਲਾ ਕਰੀਏ?” 50ਉਹਨਾਂ ਵਿੱਚੋਂ ਇੱਕ ਨੇ ਮਹਾਂ ਜਾਜਕ ਦੇ ਨੌਕਰ ਤੇ ਹਮਲਾ ਕੀਤਾ ਅਤੇ ਉਸਦਾ ਸੱਜਾ ਕੰਨ ਵੱਢ ਸੁੱਟਿਆ।
51ਪਰ ਯਿਸ਼ੂ ਨੇ ਉੱਤਰ ਦਿੱਤਾ, “ਇਸ ਤੋਂ ਵੱਧ ਹੋਰ ਨਹੀਂ!” ਅਤੇ ਉਹਨਾਂ ਨੇ ਉਸ ਮਨੁੱਖ ਦੇ ਕੰਨ ਨੂੰ ਛੋਹਿਆ ਅਤੇ ਉਸਨੂੰ ਚੰਗਾ ਕਰ ਦਿੱਤਾ।
52ਤਦ ਯਿਸ਼ੂ ਨੇ ਮੁੱਖ ਜਾਜਕਾਂ, ਹੈਕਲ ਦੇ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਕਿਹਾ, ਜਿਹੜੇ ਉਹਨਾਂ ਨੂੰ ਫੜ੍ਹਨ ਲਈ ਆਏ ਸਨ, “ਕੀ ਮੈਂ ਇੱਕ ਰਾਜ ਦਰੋਹੀ ਹਾਂ ਜੋ ਤੁਸੀਂ ਤਲਵਾਰਾਂ ਅਤੇ ਡਾਂਗਾ ਲੈ ਕੇ ਮੈਨੂੰ ਫੜ੍ਹਨ ਆਏ ਹੋ? 53ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਤੁਹਾਡੇ ਨਾਲ ਹੁੰਦਾ ਸੀ, ਅਤੇ ਤੁਸੀਂ ਮੇਰੇ ਉੱਤੇ ਹੱਥ ਨਹੀਂ ਪਾਇਆ। ਪਰ ਇਹ ਤੁਹਾਡਾ ਸਮਾਂ ਹੈ, ਜਦੋਂ ਹਨੇਰਾ ਰਾਜ ਕਰਦਾ ਹੈ।”
ਪਤਰਸ ਨੇ ਯਿਸ਼ੂ ਦਾ ਇਨਕਾਰ ਕੀਤਾ
54ਤਾਂ ਉਹਨਾਂ ਨੇ ਯਿਸ਼ੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਹਨਾਂ ਨੂੰ ਫੜ੍ਹ ਕੇ ਮਹਾਂ ਜਾਜਕ ਦੇ ਘਰ ਲੈ ਗਏ। ਪਤਰਸ ਥੋੜ੍ਹੀ ਦੂਰੀ ਤੇ ਉਹਨਾਂ ਦੇ ਮਗਰ ਤੁਰਿਆ। 55ਕੁਝ ਪਹਿਰੇਦਾਰ ਵਿਹੜੇ ਦੇ ਵਿੱਚਕਾਰ ਅੱਗ ਮਚਾਈ ਬੈਠੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਬੈਠ ਗਿਆ। 56ਇੱਕ ਨੌਕਰਾਣੀ ਨੇ ਪਤਰਸ ਨੂੰ ਅੱਗ ਦੀ ਰੌਸ਼ਨੀ ਵਿੱਚ ਉੱਥੇ ਬੈਠਾ ਵੇਖਿਆ। ਉਸਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਕਿਹਾ, “ਇਹ ਆਦਮੀ ਉਸ ਦੇ ਨਾਲ ਸੀ।”
57ਪਰ ਪਤਰਸ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ, “ਹੇ ਔਰਤ, ਮੈਂ ਉਸਨੂੰ ਨਹੀਂ ਜਾਣਦਾ।”
58ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਉਸਨੂੰ ਵੇਖਿਆ ਅਤੇ ਕਿਹਾ, “ਤੂੰ ਵੀ ਉਹਨਾਂ ਵਿੱਚੋਂ ਇੱਕ ਹੈ।”
“ਹੇ ਆਦਮੀ, ਮੈਂ ਨਹੀਂ!” ਪਤਰਸ ਨੇ ਜਵਾਬ ਦਿੱਤਾ।
59ਤਕਰੀਬਨ ਇੱਕ ਘੰਟੇ ਬਾਅਦ ਇੱਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ, “ਯਕੀਨਨ ਇਹ ਆਦਮੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਵੀ ਗਲੀਲੀ ਵਾਸੀ ਹੈ।”
60ਪਤਰਸ ਨੇ ਉੱਤਰ ਦਿੱਤਾ, “ਆਦਮੀ, ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਗੱਲ ਕਰ ਰਿਹਾ ਹੈ!” ਜਿਵੇਂ ਉਹ ਬੋਲ ਰਿਹਾ ਸੀ, ਕੁੱਕੜ ਨੇ ਬਾਂਗ ਦਿੱਤੀ। 61ਉਸੇ ਵੇਲੇ ਪ੍ਰਭੂ ਮੁੜੇ ਅਤੇ ਸਿੱਧਾ ਪਤਰਸ ਵੱਲ ਵੇਖਿਆ। ਤਦ ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਉਸਨੂੰ ਕੀ ਕਿਹਾ ਸੀ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ।” 62ਅਤੇ ਪਤਰਸ ਬਾਹਰ ਜਾ ਕੇ ਬੁਰੀ ਤਰ੍ਹਾ ਰੋਇਆ।
ਪਹਿਰੇਦਾਰਾ ਦੁਬਾਰਾ ਯਿਸ਼ੂ ਦਾ ਮਖੌਲ ਉਡਾਇਆ ਜਾਣਾ
63ਉਹ ਆਦਮੀ ਜੋ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਉਣਾ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 64ਉਹਨਾਂ ਨੇ ਯਿਸ਼ੂ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ, “ਭਵਿੱਖਬਾਣੀ ਕਰੋ ਕਿ, ਤੁਹਾਨੂੰ ਕਿਸ ਨੇ ਮਾਰਿਆ?” 65ਅਤੇ ਉਹਨਾਂ ਨੇ ਯਿਸ਼ੂ ਦੀ ਨਿੰਦਿਆ ਕੀਤੀ ਅਤੇ ਉਹਨਾਂ ਨੂੰ ਅਨੇਕਾਂ ਹੋਰ ਵੀ ਅਪਮਾਨਜਨਕ ਗੱਲਾਂ ਆਖੀਆਂ।
ਯਿਸ਼ੂ ਪਿਲਾਤੁਸ ਅਤੇ ਹੇਰੋਦੇਸ ਅੱਗੇ
66ਸਵੇਰ ਵੇਲੇ ਬਜ਼ੁਰਗ, ਮੁੱਖ ਜਾਜਕਾਂ ਅਤੇ ਸ਼ਾਸਤਰੀ ਨੇ ਇਕੱਠੇ ਹੋਏ ਇੱਕ ਸਭਾ ਬੁਲਾਈ ਅਤੇ ਯਿਸ਼ੂ ਨੂੰ ਮਹਾਂਸਭਾ ਵਿੱਚ ਲੈ ਗਏ। 67“ਜੇ ਤੂੰ ਮਸੀਹ ਹੈ,” ਉਹਨਾਂ ਨੇ ਕਿਹਾ, “ਸਾਨੂੰ ਦੱਸ।”
ਯਿਸ਼ੂ ਨੇ ਉੱਤਰ ਦਿੱਤਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ, 68ਅਤੇ ਜੇ ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਵਾਬ ਨਹੀਂ ਦਿੰਦੇ। 69ਪਰ ਹੁਣ ਇਸ ਤੋਂ ਬਾਅਦ, ਮਨੁੱਖ ਦਾ ਪੁੱਤਰ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਬੈਠੇਗਾ।”
70ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਫਿਰ ਪਰਮੇਸ਼ਵਰ ਦਾ ਪੁੱਤਰ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਹਾਂ।”
71ਤਦ ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹ ਦੀ ਕੀ ਲੋੜ ਹੈ? ਅਸੀਂ ਇਹ ਉਸਦੇ ਆਪਣੇ ਮੂੰਹ ਵਿੱਚੋਂ ਸੁਣ ਲਿਆ ਹੈ।”

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。