ਮੱਤੀਯਾਹ 12

12
ਪ੍ਰਭੂ ਯਿਸ਼ੂ ਦਾ ਸਬਤ ਦੇ ਬਾਰੇ ਵਿਚਾਰ ਹੈ
1ਇੱਕ ਵਾਰ ਯਿਸ਼ੂ ਸਬਤ#12:1 ਸਬਤ ਯਹੂਦੀਆ ਦੇ ਪਵਿੱਤਰ ਅਤੇ ਆਰਾਮ ਕਰਨ ਦਾ ਦਿਨ ਦੇ ਦਿਨ ਖੇਤਾਂ ਵਿੱਚ ਦੀ ਲੰਘ ਰਹੇ ਸਨ, ਅਤੇ ਜਦੋਂ ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ, ਤਾਂ ਉਹਨਾਂ ਨੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2ਅਤੇ ਜਦੋਂ ਫ਼ਰੀਸੀਆਂ ਨੇ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਵੇਖ! ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਤੇ ਕਰਨਾ ਬਿਵਸਥਾ ਅਨੁਸਾਰ ਮਨ੍ਹਾ ਹੈ।”
3ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਇਹ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ?#12:3 1 ਸ਼ਮੁ 21:1,6 4ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ, ਅਤੇ ਉਸਨੇ ਆਪਣੇ ਸਾਥੀਆ ਨਾਲ ਚੜਾਵੇ ਦੀਆਂ ਰੋਟੀਆ ਖਾਧੀਆਂ, ਜਿਹੜੀਆਂ ਉਸਨੂੰ ਅਤੇ ਉਸਦੇ ਸਾਥੀਆ ਲਈ ਖਾਣਾ ਬਿਵਸਥਾ ਦੇ ਅਨੁਸਾਰ ਯੋਗ ਨਹੀਂ ਸੀ, ਪਰ ਉਹ ਸਿਰਫ ਜਾਜਕਾਂ ਲਈ ਸਨ।#12:4 21:1,6 5ਅਤੇ ਕੀ ਤੁਸੀਂ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰਕੇ ਵੀ ਨਿਰਦੋਸ਼ ਹਨ? 6ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਇੱਕ ਅਜਿਹਾ ਵੀ ਹੈ, ਜਿਹੜਾ ਹੈਕਲ ਨਾਲੋਂ ਵੱਡਾ ਹੈ। 7ਪਰ ਜੇ ਤੁਸੀਂ ਇਸਦਾ ਅਰਥ ਜਾਣਦੇ, ‘ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,’#12:7 ਹੋਸ਼ੇ 6:6 ਤਾਂ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ। 8ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।”
9ਫਿਰ ਯਿਸ਼ੂ ਉੱਥੋਂ ਤੁਰ ਕੇ ਪ੍ਰਾਰਥਨਾ ਸਥਾਨ ਵਿੱਚ ਗਏ। 10ਅਤੇ ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਅਤੇ ਕੁਝ ਫ਼ਰੀਸੀਆ ਨੇ ਯਿਸ਼ੂ ਉੱਤੇ ਦੋਸ਼ ਲਗਾਉਣ ਲਈ ਉਸਨੂੰ ਪੁੱਛਿਆ, “ਕੀ ਬਿਵਸਥਾ ਦੇ ਅਨੁਸਾਰ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?”
11ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਹਾਡੇ ਵਿੱਚੋਂ ਅਜਿਹਾ ਕਿਹੜਾ ਮਨੁੱਖ ਹੈ ਜਿਸਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਜਾਵੇ ਤਾਂ ਕੀ ਉਹ ਉਸਨੂੰ ਨਾ ਕੱਢੇਗਾ? 12ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾ ਉੱਤਮ ਹੈ! ਇਸ ਲਈ ਬਿਵਸਥਾ ਅਨੁਸਾਰ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।”
13ਤਦ ਯਿਸ਼ੂ ਨੇ ਉਸ ਮਨੁੱਖ ਨੂੰ ਆਖਿਆ, “ਆਪਣਾ ਹੱਥ ਵਧਾ।” ਅਤੇ ਉਸਨੇ ਆਪਣਾ ਹੱਥ ਯਿਸ਼ੂ ਅੱਗੇ ਕੀਤਾ ਤਾਂ ਉਸਦਾ ਹੱਥ ਦੂਸਰੇ ਹੱਥ ਵਰਗਾ ਚੰਗਾ ਹੋ ਗਿਆ। 14ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆ ਯੋਜਨਾ ਬਣਾਉਣ ਲੱਗੇ।
ਪ੍ਰਭੂ ਯਿਸ਼ੂ, ਪਰਮੇਸ਼ਵਰ ਦਾ ਚੁਣਿਆ ਹੋਇਆ ਸੇਵਕ
15ਉਹ ਕੀ ਯੋਜਨਾ ਬਣਾ ਰਹੇ ਹਨ, ਯਿਸ਼ੂ ਇਹ ਜਾਣਦੇ ਸਨ ਅਤੇ ਉਹ ਉੱਥੋਂ ਤੁਰ ਪਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਮਗਰ ਤੁਰ ਪਈ ਅਤੇ ਉਹਨਾਂ ਨੇ ਸਬ ਬੀਮਾਰਾ ਨੂੰ ਚੰਗਾ ਕੀਤਾ। 16ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦੇ ਬਾਰੇ ਦੂਸਰਿਆ ਨੂੰ ਨਾ ਦੱਸਣ। 17ਤਾਂ ਜੋ ਉਹ ਵਚਨ ਪੂਰਾ ਹੋਵੇ ਜਿਹੜਾ ਯਸ਼ਾਯਾਹ ਨਬੀ ਨੇ ਬੋਲਿਆ ਸੀ:
18“ਵੇਖੋ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ,
ਮੇਰਾ ਪਿਆਰਾ, ਜਿਸ ਤੋਂ ਮੈਂ ਪ੍ਰਸੰਨ ਹਾਂ;
ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ,
ਅਤੇ ਉਹ ਰਾਸ਼ਟਰਾਂ ਨੂੰ ਨਿਆਂ ਦਾ ਪ੍ਰਚਾਰ ਕਰੇਗਾ।
19ਉਹ ਨਾ ਝਗੜਾ ਕਰੇਗਾ ਨਾ ਉੱਚੀ ਬੋਲੇਗਾ,
ਨਾ ਚੌਕਾ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ,
ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ,
ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾ ਦੇਵੇ।
21ਅਤੇ ਉਸ ਦੇ ਨਾਮ ਉੱਤੇ ਰਾਸ਼ਟਰ ਆਸ ਰੱਖਣਗੇ।”#12:21 ਯਸ਼ਾ 42:1-4
ਯਿਸ਼ੂ ਅਤੇ ਸ਼ੈਤਾਨ
22ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸ਼ੂ ਨੇ ਉਸ ਨੂੰ ਚੰਗਾ ਕੀਤਾ, ਅਤੇ ਉਹ ਆਦਮੀ ਵੇਖਣ ਅਤੇ ਬੋਲਣ ਲੱਗ ਪਿਆ। 23ਅਤੇ ਸਾਰੇ ਲੋਕ ਜਿਹੜੇ ਉਸ ਜਗ੍ਹਾ ਤੇ ਇਕੱਠੇ ਹੋਏ ਸਨ ਹੈਰਾਨ ਰਹਿ ਗਏ ਤੇ ਬੋਲੇ, “ਕੀ ਇਹ ਦਾਵੀਦ ਦਾ ਪੁੱਤਰ ਤੇ ਨਹੀਂ ਹੈ?”
24ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, “ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ#12:24 ਬੇਲਜ਼ਬੂਲ ਮਤਲਬ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
25ਯਿਸ਼ੂ ਨੇ ਉਹਨਾਂ ਦੇ ਸੋਚ ਵਿਚਾਰਾ ਨੂੰ ਜਾਣ ਕੇ ਉਹਨਾਂ ਨੂੰ ਕਿਹਾ, “ਹਰ ਇੱਕ ਰਾਜ ਜਿਸ ਵਿੱਚ ਫੁੱਟ ਪੈ ਜਾਂਦੀ ਹੈ ਉਹ ਨਾਸ਼ ਹੋ ਜਾਂਦਾ ਹੈ, ਅਤੇ ਜਿਸ ਕਿਸੇ ਨਗਰ ਜਾਂ ਪਰਿਵਾਰ ਵਿੱਚ ਫੁੱਟ ਪੈਂਦੀ ਹੈ ਉਹ ਕਦੇ ਵੀ ਬਣਿਆ ਨਹੀਂ ਰਹੇਗਾ। 26ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਸਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਜਾਂਦੀ ਹੈ ਤੇ ਫਿਰ ਉਹਨਾਂ ਦਾ ਰਾਜ ਕਿਵੇਂ ਸਥਿਰ ਰਹਿ ਸਕਦਾ ਹੈ? 27ਅਤੇ ਜੇ ਮੈਂ ਬੇਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਫਿਰ ਤੁਹਾਡੇ ਆਪਣੇ ਚੇਲੇ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਉਹ ਹੀ ਤੁਹਾਡਾ ਨਿਆਂ ਕਰਨ ਵਾਲੇ ਹੋਣਗੇ। 28ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।
29“ਅਤੇ ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ ਤਾਂ ਉਸਦੀ ਸੰਪਤੀ ਕਿਵੇਂ ਲੁੱਟ ਸਕਦਾ ਹੈ? ਉਹ ਪਹਿਲਾਂ ਉਸਨੂੰ ਬੰਨ੍ਹੇਗਾ ਅਤੇ ਫਿਰ ਉਸ ਦਾ ਘਰ ਲੁੱਟੇਗਾ।
30“ਜਿਹੜਾ ਕੋਈ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ। 31ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ ਉਹ ਮਾਫ਼ ਨਹੀਂ ਕੀਤਾ ਜਾਵੇਗਾ। 32ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਬੋਲੇ ਉਹ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ, ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤਾ ਜਾਵੇਗਾ।
33“ਜੇ ਰੁੱਖ ਚੰਗਾ ਹੈ ਤਾਂ ਉਸਦਾ ਫਲ ਵੀ ਚੰਗਾ ਹੋਵੇਗਾ, ਜੇ ਰੁੱਖ ਮਾੜਾ ਹੈ ਤਾਂ ਉਹ ਫਲ ਵੀ ਮਾੜਾ ਦੇਵੇਗਾ। ਕਿਉਂਕਿ ਰੁੱਖ ਆਪਣੇ ਫਲ ਦੁਆਰਾ ਪਛਾਣਿਆ ਜਾਂਦਾ ਹੈ। 34ਅਤੇ ਤੁਸੀਂ ਜੋ ਸੱਪਾਂ ਦੀ ਸੰਤਾਂਨ ਹੋ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ। 35ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆ ਗੱਲਾਂ ਕੱਢਦਾ ਹੈ ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ। 36ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ। 37ਇਸ ਲਈ ਤੂੰ ਆਪਣੀਆਂ ਗੱਲਾਂ ਦੇ ਕਾਰਨ ਹੀ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”
ਸਵਰਗ ਤੋਂ ਨਿਸ਼ਾਨ ਦੀ ਮੰਗ
38ਇੱਕ ਦਿਨ ਕੁਝ ਫ਼ਰੀਸੀਆਂ ਅਤੇ ਕਾਨੂੰਨ ਦੇ ਸਿਖਾਉਣ ਵਾਲਿਆ ਨੇ ਉਸਨੂੰ ਕਿਹਾ, “ਗੁਰੂ ਜੀ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।”
39ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕਿ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ! ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ, ਉਹਨਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ। 40ਜਿਸ ਤਰ੍ਹਾਂ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਇੱਕ ਵੱਡੀ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ। 41ਨੀਨਵਾਹ ਸ਼ਹਿਰ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਯੋਨਾਹ ਨਾਲੋਂ ਵੀ ਵੱਡਾ ਹੈ। 42ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ#12:42 1 ਰਾਜਾ 10:1-13; 2 ਇਤਿ 9:1-12 ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ।
43“ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫ਼ਿਰਦਾ ਹੈ ਪਰ ਉਸ ਨੂੰ ਨਹੀਂ ਲੱਭਦਾ। 44ਅਤੇ ਫਿਰ ਉਹ ਆਖਦਾ ਹੈ, ‘ਕਿ ਮੈਂ ਆਪਣੇ ਘਰ ਜਿੱਥੋ ਨਿੱਕਲਿਆ ਸੀ ਵਾਪਸ ਚਲਾ ਜਾਂਵਾਂਗਾ।’ ਅਤੇ ਜਦੋਂ ਆ ਕੇ ਉਸਨੂੰ ਖਾਲੀ ਅਤੇ ਸਾਫ-ਸੁਥਰਾ ਹੋਇਆ ਵੇਖਦਾ ਹੈ। 45ਤਦ ਉਹ ਜਾ ਕੇ ਆਪਣੇ ਨਾਲੋਂ ਵੱਧ ਭੈੜੀਆਂ ਸੱਤ ਹੋਰ ਆਤਮਾ ਨੂੰ ਆਪਣੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਵਿਅਕਤੀ ਵਿੱਚ ਰਹਿਣਾ ਸ਼ੁਰੂ ਕਰ ਦੇਂਦੇ ਹਨ। ਅਤੇ ਉਸ ਵਿਅਕਤੀ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।”
ਯਿਸ਼ੂ ਦੀ ਮਾਤਾ ਅਤੇ ਭਰਾ
46ਜਦੋਂ ਯਿਸ਼ੂ ਇਕੱਠੀ ਹੋਈ ਭੀੜ ਨਾਲ ਗੱਲਾਂ ਕਰ ਰਹੇ ਸਨ, ਉਸ ਸਮੇਂ ਉਹਨਾਂ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਯਿਸ਼ੂ ਨਾਲ ਗੱਲ ਕਰਨੀ ਚਾਹੁੰਦੇ ਸਨ। 47ਕਿਸੇ ਨੇ ਯਿਸ਼ੂ ਨੂੰ ਆਖਿਆ, “ਤੁਹਾਡੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48ਯਿਸ਼ੂ ਨੇ ਉਸਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾਂ?” 49ਆਪਣੇ ਚੇਲਿਆਂ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ, “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 50ਕਿਉਂਕਿ ਜਿਹੜਾ ਵੀ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।”

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。