ਮੱਤੀਯਾਹ 2

2
ਪੂਰਬ ਦੇਸ਼ਾਂ ਵਲੋਂ ਜੋਤਸ਼ੀਆਂ ਦਾ ਆਗਮਨ
1ਯਿਸ਼ੂ ਦਾ ਜਨਮ, ਰਾਜਾ ਹੇਰੋਦੇਸ ਦੇ ਰਾਜ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਨਗਰ ਵਿੱਚ ਹੋਇਆ, ਤਾਂ ਦੇਖੋ ਪੂਰਬ ਦੇਸ਼ਾ ਵਲੋਂ ਜੋਤਸ਼ੀ ਯੇਰੂਸ਼ਲੇਮ ਨਗਰ ਵਿੱਚ ਆਏ। 2ਅਤੇ ਪੁੱਛ-ਗਿੱਛ ਕਰਨ ਲੱਗੇ, “ਉਹ ਯਹੂਦਿਯਾ ਦਾ ਰਾਜਾ ਕਿੱਥੇ ਹੈ, ਜਿਸਦਾ ਜਨਮ ਹੋਇਆ ਹੈ? ਕਿਉਂਕਿ ਪੂਰਬ ਦੇਸ਼ਾਂ ਵਿੱਚ ਅਸੀਂ ਉਸ ਦਾ ਤਾਰਾ ਵੇਖਿਆ ਹੈ ਅਤੇ ਅਸੀਂ ਉਸ ਦੀ ਅਰਾਧਨਾ ਕਰਨ ਲਈ ਇੱਥੇ ਆਏ ਹਾਂ।”
3ਇਹ ਸੁਣ ਕੇ ਰਾਜਾ ਹੇਰੋਦੇਸ ਘਬਰਾਇਆ ਅਤੇ ਉਸਦੇ ਨਾਲ ਸਾਰੇ ਯੇਰੂਸ਼ਲੇਮ ਨਿਵਾਸੀ ਵੀ। 4ਰਾਜਾ ਹੇਰੋਦੇਸ ਨੇ ਮੁੱਖ ਜਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਕਿ ਉਹ ਕਿਹੜਾ ਸਥਾਨ ਹੈ ਜਿੱਥੇ ਮਸੀਹ ਦੇ ਜਨਮ ਲੈਣ ਦਾ ਸੰਕੇਤ ਹੈ? 5ਉਹਨਾਂ ਨੇ ਜਵਾਬ ਦਿੱਤਾ, “ਯਹੂਦਿਯਾ ਦੇ ਪ੍ਰਦੇਸ਼ ਬੇਥਲੇਹੇਮ ਨਗਰ ਵਿੱਚ, ਕਿਉਂਕਿ ਇਹ ਨਬੀਆਂ ਦੁਆਰਾ ਲਿਖਿਆ ਹੋਇਆ ਹੈ:
6“ ‘ਪਰ ਤੂੰ, ਯਹੂਦਾਹ ਦੇ ਦੇਸ਼ ਬੇਥਲੇਹੇਮ ਨਗਰ,
ਯਹੂਦਿਯਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਵੀ ਛੋਟਾ ਨਹੀਂ ਹੈ
ਕਿਉਂਕਿ ਤੇਰੇ ਵਿੱਚੋਂ ਹੀ ਇੱਕ ਹਾਕਮ ਨਿੱਕਲੇਗਾ,
ਜੋ ਮੇਰੇ ਲੋਕ ਇਸਰਾਏਲ ਦਾ ਚਰਵਾਹਾ ਹੋਵੇਗਾ।’#2:6 ਮੀਕਾ 5:2,4
7ਇਸ ਲਈ ਰਾਜਾ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਹਨਾਂ ਕੋਲੋਂ ਤਾਰੇ ਦੇ ਵਿਖਾਈ ਦੇਣ ਦੇ ਸਹੀ ਸਮੇਂ ਦੀ ਜਾਣਕਾਰੀ ਲਈ। 8ਰਾਜੇ ਨੇ ਉਹਨਾਂ ਨੂੰ ਬੇਥਲੇਹੇਮ ਭੇਜਦੇ ਹੋਏ ਆਖਿਆ, “ਜਾਓ ਅਤੇ ਧਿਆਨ ਨਾਲ ਉਸ ਬੱਚੇ ਦੀ ਖ਼ੋਜ ਕਰੋ ਅਤੇ ਜਿਵੇਂ ਹੀ ਉਹ ਤੁਹਾਨੂੰ ਮਿਲੇ ਮੈਨੂੰ ਉਸ ਦੀ ਖ਼ਬਰ ਦਿਓ, ਤਾਂ ਜੋ ਮੈਂ ਵੀ ਜਾ ਕੇ ਉਸਦੀ ਮਹਿਮਾ ਕਰਾ।”
9ਰਾਜੇ ਦੀ ਗੱਲ ਸੁਣਦੇ ਹੀ ਉਹਨਾਂ ਨੇ ਆਪਣੀ ਯਾਤਰਾ ਫਿਰ ਅਰੰਭ ਕੀਤੀ। ਅਤੇ ਉਹਨਾਂ ਨੂੰ ਫਿਰ ਉਹ ਹੀ ਤਾਰਾ ਵਿਖਾਈ ਦਿੱਤਾ, ਜੋ ਉਹਨਾਂ ਨੇ ਪੂਰਬ ਦੇਸ਼ਾਂ ਵਿੱਚ ਵੇਖਿਆ ਸੀ। 10ਉਸ ਤਾਰੇ ਨੂੰ ਵੇਖਦੇ ਹੀ ਉਹ ਬੜੇ ਆਨੰਦ ਨਾਲ ਭਰ ਗਏ। 11ਘਰ ਵਿੱਚ ਪਰਵੇਸ਼ ਕਰਦੇ ਉਨ੍ਹਾਂ ਨੇ ਉਸ ਬਾਲਕ ਨੂੰ ਉਸਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਝੁਕ ਕੇ ਉਸ ਬਾਲਕ ਦੀ ਅਰਾਧਨਾ ਕੀਤੀ। ਅਤੇ ਫਿਰ ਉਹਨਾਂ ਨੇ ਆਪਣੇ ਕੀਮਤੀ ਉਪਹਾਰ ਸੋਨਾ, ਲੋਬਾਣ ਅਤੇ ਗੰਧਰਸ ਉਸ ਨੂੰ ਭੇਂਟ ਕੀਤੇ। 12ਤਦ ਉਹਨਾਂ ਨੂੰ ਸੁਪਨੇ ਵਿੱਚ ਪਰਮੇਸ਼ਵਰ ਦੁਆਰਾ ਇਹ ਖ਼ਬਰ ਮਿਲੀ ਕਿ ਉਹ ਰਾਜਾ ਹੇਰੋਦੇਸ ਦੇ ਕੋਲ ਵਾਪਸ ਨਾ ਜਾਣ। ਇਸ ਲਈ ਉਹ ਹੋਰ ਰਸਤੇ ਵਲੋਂ ਆਪਣੇ ਦੇਸ਼ ਨੂੰ ਮੁੜ ਜਾਣ।
ਮਿਸਰ ਦੇਸ਼ ਨੂੰ ਜਾਣਾ
13ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾਓ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਮਾਰਨ ਲਈ ਇਸ ਬਾਲਕ ਨੂੰ ਖੋਜੇਗਾ।”
14ਇਸ ਲਈ ਯੋਸੇਫ ਉੱਠਿਆ, ਜਦੋਂ ਕਿ ਰਾਤ ਹੀ ਸੀ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਚਲਾ ਗਿਆ। 15ਉਹ ਉੱਥੇ ਹੀ ਹੇਰੋਦੇਸ ਦੀ ਮੌਤ ਤੱਕ ਠਹਿਰੇ ਰਹੇ ਕਿ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ, ਜਿਹੜਾ ਉਸ ਨੇ ਨਬੀਆਂ ਦੇ ਦੁਆਰਾ ਕਿਹਾ ਸੀ: “ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।”#2:15 ਹੋਸ਼ੇ 11:1
16ਇਹ ਪਤਾ ਹੋਣ ਤੇ ਕਿ ਜੋਤਸ਼ੀ ਉਸ ਨੂੰ ਮੂਰਖ ਬਣਾ ਗਏ, ਹੇਰੋਦੇਸ ਬਹੁਤ ਹੀ ਗੁੱਸੇ ਵਿੱਚ ਆ ਗਿਆ। ਜੋਤਸ਼ੀਆਂ ਵਲੋਂ ਮਿਲੀ ਸੂਚਨਾ ਦੇ ਅਧਾਰ ਤੇ ਉਸ ਨੇ ਬੇਥਲੇਹੇਮ ਨਗਰ ਅਤੇ ਉਸਦੇ ਨਜ਼ਦੀਕੀ ਖੇਤਰ ਵਿੱਚੋਂ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਕਰਵਾਉਣ ਲਈ ਹੁਕਮ ਦੇ ਦਿੱਤਾ। 17ਤਦ ਉਹ ਬਚਨ ਜਿਹੜਾ ਯੇਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ:
18“ਰਮਾਹ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ,
ਰੋਣਾ ਅਤੇ ਵੱਡਾ ਵਿਰਲਾਪ!
ਰਾਖੇਲ ਆਪਣੇ ਬੱਚਿਆਂ ਲਈ ਰੋਂਦੀ ਹੈ।
ਸਬਰ ਉਸ ਨੂੰ ਸਵੀਕਾਰ ਨਹੀਂ
ਕਿਉਂਕਿ ਹੁਣ ਉਹ ਨਹੀਂ ਹਨ।”#2:18 ਯਿਰ 31:15
ਮਿਸਰ ਦੇਸ਼ ਤੋਂ ਨਸ਼ਰਤ ਨੂੰ ਪਰਤਣਾ
19ਜਦੋਂ ਹੇਰੋਦੇਸ ਦੀ ਮੌਤ ਹੋਈ, ਤਾਂ ਮਿਸਰ ਵਿੱਚ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਯੋਸੇਫ਼ ਨੂੰ ਕਿਹਾ, 20“ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਨੂੰ ਚਲਾ ਜਾ ਕਿਉਂਕਿ ਜੋ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ।”
21ਇਸ ਲਈ ਯੋਸੇਫ ਉੱਠਿਆ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ਼ ਵਿੱਚ ਆ ਗਿਆ। 22ਪਰ ਜਦ ਇਹ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ, ਤਾਂ ਯੋਸੇਫ਼ ਉੱਥੇ ਜਾਣ ਤੋਂ ਡਰਿਆ, ਤਦ ਸੁਪਨੇ ਵਿੱਚ ਦਰਸ਼ਨ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ, 23ਅਤੇ ਨਾਜ਼ਰੇਥ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਸ਼ਬਦ ਨਬੀਆਂ ਦੇ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਅਖਵਾਵੇਗਾ।

하이라이트

공유

복사

None

모든 기기에 하이라이트를 저장하고 싶으신가요? 회원가입 혹은 로그인하세요