Logoja YouVersion
Ikona e kërkimit

ਲੂਕਾ 19

19
ਯਿਸੂ ਅਤੇ ਜ਼ੱਕੀ
1ਯਿਸੂ ਯਰੀਹੋ ਦੇ ਵਿੱਚੋਂ ਦੀ ਲੰਘ ਰਿਹਾ ਸੀ 2ਅਤੇ ਵੇਖੋ, ਜ਼ੱਕੀ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਿਸੂਲੀਆਂ ਦਾ ਪ੍ਰਧਾਨ ਅਤੇ ਧਨਵਾਨ ਵਿਅਕਤੀ ਸੀ। 3ਉਹ ਵੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਹੀਂ ਪਾ ਰਿਹਾ ਸੀ, ਕਿਉਂਕਿ ਉਹ ਕੱਦ ਦਾ ਮਧਰਾ ਸੀ। 4ਸੋ ਉਸ ਨੂੰ ਵੇਖਣ ਲਈ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਦਰਖ਼ਤ ਉੱਤੇ ਚੜ੍ਹ ਗਿਆ, ਕਿਉਂਕਿ ਉਸ ਨੇ ਉਸੇ ਰਸਤਿਓਂ ਲੰਘਣਾ ਸੀ। 5ਜਦੋਂ ਯਿਸੂ ਉਸ ਥਾਂ 'ਤੇ ਪਹੁੰਚਿਆ ਤਾਂ ਉਸ ਨੇ ਉਤਾਂਹ ਵੇਖ ਕੇ ਉਸ ਨੂੰ ਕਿਹਾ,“ਜ਼ੱਕੀ, ਛੇਤੀ ਹੇਠਾਂ ਉੱਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।” 6ਤਦ ਉਹ ਛੇਤੀ ਹੇਠਾਂ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ। 7ਇਹ ਵੇਖ ਕੇ ਸਾਰੇ ਬੁੜਬੁੜਾਉਂਦੇ ਹੋਏ ਕਹਿਣ ਲੱਗੇ, “ਉਹ ਇੱਕ ਪਾਪੀ ਮਨੁੱਖ ਦੇ ਘਰ ਠਹਿਰਿਆ ਹੈ।”
8ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਵੇਖ, ਮੈਂ ਆਪਣਾ ਅੱਧਾ ਮਾਲ-ਧਨ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਧੋਖੇ ਨਾਲ ਕਿਸੇ ਤੋਂ ਕੁਝ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।” 9ਤਦ ਯਿਸੂ ਨੇ ਉਸ ਨੂੰ ਕਿਹਾ,“ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਵੀ ਅਬਰਾਹਾਮ ਦਾ ਪੁੱਤਰ ਹੈ। 10ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।”
ਦਸ ਮੀਨਾ ਦਾ ਦ੍ਰਿਸ਼ਟਾਂਤ
11ਜਦੋਂ ਲੋਕ ਇਹ ਗੱਲਾਂ ਸੁਣ ਰਹੇ ਸਨ ਤਾਂ ਯਿਸੂ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸੋਚਦੇ ਸਨ ਕਿ ਪਰਮੇਸ਼ਰ ਦਾ ਰਾਜ ਤੁਰੰਤ ਪਰਗਟ ਹੋਣ ਵਾਲਾ ਹੈ। 12ਉਸ ਨੇ ਕਿਹਾ,“ਇੱਕ ਅਮੀਰ ਵਿਅਕਤੀ ਪਰਦੇਸ ਨੂੰ ਗਿਆ ਕਿ ਆਪਣੇ ਲਈ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਵੇ। 13ਉਸ ਨੇ ਆਪਣੇ ਦਸ ਦਾਸਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਮੀਨਾ#19:13 ਮੀਨਾ: ਇੱਕ ਯੂਨਾਨੀ ਮੁਦਰਾ ਜਿਸ ਦਾ ਮੁੱਲ 100 ਦਿਨ ਦੀ ਮਜ਼ਦੂਰੀ ਦੇ ਬਰਾਬਰ ਸੀ।ਦਿੱਤੇ ਅਤੇ ਉਨ੍ਹਾਂ ਨੂੰ ਕਿਹਾ, ‘ਮੇਰੇ ਵਾਪਸ ਆਉਣ ਤੱਕ ਵਪਾਰ ਕਰੋ’। 14ਪਰ ਉਸ ਦੇ ਨਗਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਨ੍ਹਾਂ ਇੱਕ ਦੂਤ ਨੂੰ ਉਸ ਦੇ ਪਿੱਛੇ ਇਹ ਸੁਨੇਹਾ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਸਾਡੇ ਉੱਤੇ ਰਾਜ ਕਰੇ’। 15ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਦਾਸਾਂ ਨੂੰ ਆਪਣੇ ਕੋਲ ਬੁਲਾਉਣ ਲਈ ਕਿਹਾ ਜਿਨ੍ਹਾਂ ਨੂੰ ਉਸ ਨੇ ਪੈਸਾ ਦਿੱਤਾ ਸੀ ਤਾਂਕਿ ਉਹ ਜਾਣ ਸਕੇ ਜੋ ਉਨ੍ਹਾਂ ਨੇ ਵਪਾਰ ਕਰਕੇ ਕੀ ਕਮਾਇਆ। 16ਤਦ ਪਹਿਲੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਦਸ ਮੀਨਾ ਹੋਰ ਕਮਾਏ’। 17ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਚੰਗੇ ਦਾਸ, ਕਿਉਂਕਿ ਤੂੰ ਥੋੜ੍ਹੇ ਵਿੱਚ ਇਮਾਨਦਾਰ ਰਿਹਾ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰੀ ਹੋ’। 18ਫਿਰ ਦੂਜੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਪੰਜ ਮੀਨਾ ਹੋਰ ਕਮਾਏ’। 19ਮਾਲਕ ਨੇ ਉਸ ਨੂੰ ਵੀ ਕਿਹਾ, ‘ਤੂੰ ਪੰਜਾਂ ਨਗਰਾਂ ਉੱਤੇ ਅਧਿਕਾਰੀ ਹੋ’। 20ਫਿਰ ਇੱਕ ਹੋਰ ਨੇ ਆ ਕੇ ਕਿਹਾ, ‘ਹੇ ਮਾਲਕ, ਇਹ ਵੇਖੋ ਤੁਹਾਡਾ ਮੀਨਾ ਜਿਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ ਰੱਖਿਆ, 21ਕਿਉਂਕਿ ਮੈਂ ਤੁਹਾਡੇ ਕੋਲੋਂ ਡਰਿਆ, ਇਸ ਲਈ ਕਿ ਤੁਸੀਂ ਸਖ਼ਤ ਆਦਮੀ ਹੋ; ਜੋ ਤੁਸੀਂ ਰੱਖਿਆ ਨਹੀਂ ਉਹ ਲੈਂਦੇ ਹੋ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ’। 22ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਦਾਸ, ਮੈਂ ਤੇਰੇ ਮੂੰਹ ਦੇ ਸ਼ਬਦਾਂ ਤੋਂ ਤੈਨੂੰ ਦੋਸ਼ੀ ਠਹਿਰਾਵਾਂਗਾ। ਤੂੰ ਜਾਣਦਾ ਸੀ ਕਿ ਮੈਂ ਸਖ਼ਤ ਆਦਮੀ ਹਾਂ; ਜੋ ਰੱਖਿਆ ਨਹੀਂ ਉਹ ਲੈਂਦਾ ਹਾਂ ਅਤੇ ਜੋ ਬੀਜਿਆ ਨਹੀਂ ਉਹ ਵੱਢਦਾ ਹਾਂ। 23ਫਿਰ ਤੂੰ ਮੇਰਾ ਪੈਸਾ ਕਿਸੇ ਸ਼ਾਹੂਕਾਰ ਕੋਲ ਕਿਉਂ ਨਹੀਂ ਰੱਖਿਆ ਕਿ ਮੈਂ ਆ ਕੇ ਵਿਆਜ ਸਮੇਤ ਵਾਪਸ ਲੈਂਦਾ’? 24ਫਿਰ ਉਸ ਨੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, ‘ਇਸ ਕੋਲੋਂ ਮੀਨਾ ਲੈ ਲਵੋ ਅਤੇ ਜਿਸ ਕੋਲ ਦਸ ਮੀਨਾ ਹਨ ਉਸ ਨੂੰ ਦੇ ਦਿਓ’। 25ਉਨ੍ਹਾਂ ਉਸ ਨੂੰ ਕਿਹਾ, ‘ਹੇ ਮਾਲਕ, ਉਸ ਕੋਲ ਤਾਂ ਦਸ ਮੀਨਾ ਹਨ’। 26ਉਸ ਨੇ ਕਿਹਾ,‘ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰੇਕ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ। 27ਹੁਣ ਮੇਰੇ ਉਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ, ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ’।”
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਪ੍ਰਵੇਸ਼
28ਇਹ ਗੱਲਾਂ ਕਹਿ ਕੇ ਯਿਸੂ ਯਰੂਸ਼ਲਮ ਨੂੰ ਜਾਣ ਲਈ ਅੱਗੇ ਤੁਰ ਪਿਆ। 29ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਜ਼ੈਤੂਨ ਨਾਮਕ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30“ਸਾਹਮਣੇ ਪਿੰਡ ਵਿੱਚ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਕਦੇ ਕੋਈ ਮਨੁੱਖ ਸਵਾਰ ਨਹੀਂ ਹੋਇਆ; ਉਸ ਨੂੰ ਖੋਲ੍ਹ ਕੇ ਲੈ ਆਓ। 31ਜੇ ਕੋਈ ਤੁਹਾਡੇ ਤੋਂ ਪੁੱਛੇ ਕਿ ਇਸ ਨੂੰ ਕਿਉਂ ਖੋਲ੍ਹ ਰਹੇ ਹੋ, ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।” 32ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ। 33ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?” 34ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।” 35ਫਿਰ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਕੇ ਯਿਸੂ ਨੂੰ ਉਸ ਉੱਤੇ ਬਿਠਾਇਆ। 36ਜਦੋਂ ਉਹ ਜਾ ਰਿਹਾ ਸੀ ਤਾਂ ਲੋਕ ਰਾਹ ਵਿੱਚ ਆਪਣੇ ਕੱਪੜੇ ਵਿਛਾਉਣ ਲੱਗੇ। 37ਜਿਵੇਂ ਹੀ ਉਹ ਜ਼ੈਤੂਨ ਪਹਾੜ ਦੀ ਢਲਾਣ ਦੇ ਨੇੜੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਭੀੜ ਉਨ੍ਹਾਂ ਸਭ ਚਮਤਕਾਰਾਂ ਦੇ ਕਾਰਨ ਜੋ ਉਨ੍ਹਾਂ ਨੇ ਵੇਖੇ ਸਨ, ਅਨੰਦ ਮਨਾਉਂਦੀ ਹੋਈ ਉੱਚੀ ਅਵਾਜ਼ ਵਿੱਚ ਪਰਮੇਸ਼ਰ ਦੀ ਉਸਤਤ ਕਰਨ ਲੱਗੀ:
38ਧੰਨ ਹੈ ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ
ਆਉਂਦਾ ਹੈ;#ਜ਼ਬੂਰ 118:26
ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ
ਮਹਿਮਾ!
39ਤਦ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ।” 40ਯਿਸੂ ਨੇ ਉੱਤਰ ਦਿੱਤਾ,“ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਇਹ ਚੁੱਪ ਹੋ ਗਏ ਤਾਂ ਪੱਥਰ ਪੁਕਾਰ ਉੱਠਣਗੇ।”
ਯਰੂਸ਼ਲਮ ਲਈ ਵਿਰਲਾਪ
41ਜਦੋਂ ਉਹ ਨੇੜੇ ਪਹੁੰਚਿਆ#19:41 ਅਰਥਾਤ ਯਰੂਸ਼ਲਮ ਦੇ ਨੇੜੇ ਪਹੁੰਚਿਆ ਤਾਂ ਨਗਰ ਨੂੰ ਵੇਖ ਕੇ ਉਸ ਉੱਤੇ ਰੋਇਆ 42ਅਤੇ ਕਿਹਾ,“ਕਾਸ਼ ਕਿ ਤੂੰ ਅੱਜ ਦੇ ਦਿਨ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਇਹ ਤੇਰੀਆਂ ਅੱਖਾਂ ਤੋਂ ਓਹਲੇ ਹਨ। 43ਕਿਉਂਕਿ ਤੇਰੇ ਉੱਤੇ ਅਜਿਹੇ ਦਿਨ ਆਉਣਗੇ ਕਿ ਤੇਰੇ ਵੈਰੀ ਤੇਰੇ ਸਾਹਮਣੇ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਚਾਰੇ ਪਾਸਿਓਂ ਤੈਨੂੰ ਘੇਰ ਕੇ ਦਬਾਉਣਗੇ। 44ਤਦ ਉਹ ਤੈਨੂੰ ਅਤੇ ਤੇਰੇ ਨਾਲ ਤੇਰੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ ਅਤੇ ਤੇਰੇ ਵਿੱਚ ਪੱਥਰ 'ਤੇ ਪੱਥਰ ਵੀ ਨਾ ਛੱਡਣਗੇ, ਕਿਉਂਕਿ ਤੂੰ ਆਪਣੇ ਕਿਰਪਾ ਦੇ ਸਮੇਂ ਨੂੰ ਨਾ ਪਛਾਣਿਆ।”
ਹੈਕਲ ਨੂੰ ਪਾਕ ਸਾਫ ਕਰਨਾ
45ਤਦ ਉਹ ਹੈਕਲ ਵਿੱਚ ਗਿਆ ਅਤੇ#19:45 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਖਰੀਦਣ ਵਾਲਿਆਂ ਅਤੇ” ਲਿਖਿਆ ਹੈ। ਵੇਚਣ ਵਾਲਿਆਂ ਨੂੰ ਉੱਥੋਂ ਬਾਹਰ ਕੱਢਦਾ ਹੋਇਆ 46ਕਹਿਣ ਲੱਗਾ,“ਲਿਖਿਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ’,#ਯਸਾਯਾਹ 56:7ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”#ਯਿਰਮਿਯਾਹ 7:11
47ਉਹ ਹਰ ਰੋਜ਼ ਹੈਕਲ ਵਿੱਚ ਉਪਦੇਸ਼ ਦਿੰਦਾ ਸੀ। ਪ੍ਰਧਾਨ ਯਾਜਕ ਅਤੇ ਸ਼ਾਸਤਰੀ ਅਤੇ ਲੋਕਾਂ ਦੇ ਆਗੂ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ, 48ਪਰ ਉਨ੍ਹਾਂ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰਨ, ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਉਸ ਦੀ ਸੁਣਦੇ ਸਨ।

Aktualisht i përzgjedhur:

ਲੂਕਾ 19: PSB

Thekso

Ndaje

Kopjo

None

A doni që theksimet tuaja të jenë të ruajtura në të gjitha pajisjet që keni? Regjistrohu ose hyr

Devocione dhe Plane Leximi falas për ਲੂਕਾ 19

YouVersion përdor cookie për të personalizuar përvojën tuaj. Duke përdorur faqen tonë të internetit, ju pranoni përdorimin tonë të cookies siç përshkruhet në Politikën tonë të Privatësisë