ਲੂਕਾ 23
23
ਪਿਲਾਤੁਸ ਦੇ ਸਾਹਮਣੇ ਯਿਸੂ ਦੀ ਪੇਸ਼ੀ
1ਤਦ ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ 2ਅਤੇ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ, “ਅਸੀਂ ਇਸ ਨੂੰ ਸਾਡੇ ਲੋਕਾਂ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਟੈਕਸ ਦੇਣ ਤੋਂ ਮਨ੍ਹਾ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਅਰਥਾਤ ਰਾਜਾ ਕਹਿੰਦਿਆਂ ਸੁਣਿਆ ਹੈ।” 3ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਤੂੰ ਆਪੇ ਕਹਿ ਦਿੱਤਾ।” 4ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।” 5ਪਰ ਉਨ੍ਹਾਂ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਹ ਗਲੀਲ ਤੋਂ ਲੈ ਕੇ ਇੱਥੋਂ ਤੱਕ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਆਪਣੀ ਸਿੱਖਿਆ ਨਾਲ ਭੜਕਾਉਂਦਾ ਹੈ।”
ਹੇਰੋਦੇਸ ਦੇ ਸਾਹਮਣੇ ਯਿਸੂ ਦੀ ਪੇਸ਼ੀ
6ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ?” 7ਤਦ ਇਹ ਜਾਣ ਕੇ ਜੋ ਉਹ ਹੇਰੋਦੇਸ ਦੇ ਇਲਾਕੇ ਦਾ ਹੈ, ਪਿਲਾਤੁਸ ਨੇ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ; ਉਨ੍ਹਾਂ ਦਿਨਾਂ ਵਿੱਚ ਉਹ ਵੀ ਯਰੂਸ਼ਲਮ ਵਿੱਚ ਹੀ ਸੀ। 8ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਹ ਬਹੁਤ ਸਮੇਂ ਤੋਂ ਯਿਸੂ ਨੂੰ ਮਿਲਣਾ ਚਾਹੁੰਦਾ ਸੀ, ਕਿਉਂ ਜੋ ਉਹ ਉਸ ਦੇ ਵਿਖੇ ਸੁਣਦਾ ਹੁੰਦਾ ਸੀ ਅਤੇ ਆਸ ਰੱਖਦਾ ਸੀ ਕਿ ਉਸ ਤੋਂ ਕੋਈ ਚਿੰਨ੍ਹ ਵੇਖੇ। 9ਉਸ ਨੇ ਯਿਸੂ ਤੋਂ ਬਹੁਤ ਸਾਰੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਕੋਈ ਉੱਤਰ ਨਾ ਦਿੱਤਾ। 10ਪ੍ਰਧਾਨ ਯਾਜਕ ਅਤੇ ਸ਼ਾਸਤਰੀ ਖੜ੍ਹੇ ਹੋ ਕੇ ਬੜੇ ਜ਼ੋਰ ਨਾਲ ਯਿਸੂ ਉੱਤੇ ਦੋਸ਼ ਲਾ ਰਹੇ ਸਨ। 11ਹੇਰੋਦੇਸ ਨੇ ਵੀ ਆਪਣੇ ਸਿਪਾਹੀਆਂ ਦੇ ਨਾਲ ਯਿਸੂ ਦਾ ਅਪਮਾਨ ਕੀਤਾ ਅਤੇ ਉਸ ਦਾ ਮਖੌਲ ਉਡਾਇਆ ਅਤੇ ਚਮਕੀਲਾ ਵਸਤਰ ਪਹਿਨਾ ਕੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12ਉਸੇ ਦਿਨ ਤੋਂ ਹੇਰੋਦੇਸ ਅਤੇ ਪਿਲਾਤੁਸ ਦੋਵੇਂ ਆਪਸ ਵਿੱਚ ਮਿੱਤਰ ਬਣ ਗਏ, ਕਿਉਂਕਿ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।
ਯਿਸੂ ਨੂੰ ਸਲੀਬ ਦੀ ਸਜ਼ਾ
13ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, 14“ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭੜਕਾਉਣ ਵਾਲਾ ਕਹਿ ਕੇ ਮੇਰੇ ਕੋਲ ਲਿਆਏ ਹੋ ਅਤੇ ਵੇਖੋ, ਮੈਂ ਤੁਹਾਡੇ ਸਾਹਮਣੇ ਇਸ ਦੀ ਜਾਂਚ-ਪੜਤਾਲ ਕੀਤੀ ਅਤੇ ਇਸ ਮਨੁੱਖ ਵਿੱਚ ਅਜਿਹਾ ਕੋਈ ਅਪਰਾਧ ਨਹੀਂ ਪਾਇਆ ਜਿਸ ਦਾ ਦੋਸ਼ ਤੁਸੀਂ ਇਸ ਦੇ ਵਿਰੁੱਧ ਲਾਉਂਦੇ ਹੋ 15ਅਤੇ ਨਾ ਹੀ ਹੇਰੋਦੇਸ ਨੇ; ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਹੈ। ਵੇਖੋ, ਇਸ ਨੇ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ। 16ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।” 17[ਤਿਉਹਾਰ ਦੇ ਸਮੇਂ ਪਿਲਾਤੁਸ ਉਨ੍ਹਾਂ ਦੇ ਲਈ ਇੱਕ ਕੈਦੀ ਨੂੰ ਰਿਹਾਅ ਕਰਦਾ ਹੁੰਦਾ ਸੀ।]#23:17 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ। 18ਉਨ੍ਹਾਂ ਸਾਰਿਆਂ ਨੇ ਚੀਕ ਕੇ ਕਿਹਾ, “ਇਸ ਨੂੰ ਪਰੇ ਕਰ ਅਤੇ ਸਾਡੇ ਲਈ ਬਰੱਬਾਸ ਨੂੰ ਰਿਹਾ ਕਰ ਦੇ।” 19ਇਹ ਉਹੋ ਸੀ ਜਿਸ ਨੂੰ ਨਗਰ ਵਿੱਚ ਹੋਏ ਕਿਸੇ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਗਿਆ ਸੀ। 20ਪਰ ਪਿਲਾਤੁਸ ਨੇ ਯਿਸੂ ਨੂੰ ਛੱਡਣ ਦੀ ਇੱਛਾ ਨਾਲ ਇੱਕ ਵਾਰ ਫੇਰ ਉਨ੍ਹਾਂ ਨਾਲ ਗੱਲ ਕੀਤੀ। 21ਪਰ ਉਹ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ!” 22ਪਿਲਾਤੁਸ ਨੇ ਤੀਜੀ ਵਾਰ ਉਨ੍ਹਾਂ ਨੂੰ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ? ਮੈਂ ਇਸ ਵਿੱਚ ਮੌਤ ਦੇ ਯੋਗ ਕੋਈ ਦੋਸ਼ ਨਹੀਂ ਵੇਖਿਆ, ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।” 23ਪਰ ਉਹ ਚੀਕ-ਚੀਕ ਕੇ ਇਸ ਮੰਗ 'ਤੇ ਅੜੇ ਰਹੇ ਕਿ ਉਸ ਨੂੰ ਸਲੀਬ 'ਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦਾ ਚੀਕਣਾ ਪਰਬਲ ਹੋਇਆ। 24ਸੋ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫੈਸਲਾ ਕੀਤਾ 25ਅਤੇ ਉਸ ਨੂੰ ਜੋ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਹੋਇਆ ਸੀ ਅਤੇ ਜਿਸ ਦੀ ਮੰਗ ਲੋਕਾਂ ਨੇ ਕੀਤੀ ਸੀ, ਰਿਹਾਅ ਕਰ ਦਿੱਤਾ। ਪਰ ਯਿਸੂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਹਵਾਲੇ ਕਰ ਦਿੱਤਾ।
ਯਿਸੂ ਦਾ ਸਲੀਬ 'ਤੇ ਚੜ੍ਹਾਇਆ ਜਾਣਾ
26ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ ਤਾਂ ਉਨ੍ਹਾਂ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆ ਰਿਹਾ ਸੀ, ਫੜ ਕੇ ਉਸ ਨੂੰ ਸਲੀਬ ਚੁਕਾਈ ਕਿ ਉਹ ਯਿਸੂ ਦੇ ਪਿੱਛੇ-ਪਿੱਛੇ ਲੈ ਚੱਲੇ।
27ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਰਹੀ ਸੀ, ਜਿਨ੍ਹਾਂ ਵਿੱਚ ਉਹ ਔਰਤਾਂ ਵੀ ਸਨ ਜਿਹੜੀਆਂ ਉਸ ਦੇ ਲਈ ਰੋਂਦੀਆਂ ਅਤੇ ਪਿੱਟਦੀਆਂ ਸਨ। 28ਤਦ ਯਿਸੂ ਨੇ ਉਨ੍ਹਾਂ ਵੱਲ ਮੁੜ ਕੇ ਕਿਹਾ,“ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ। 29ਕਿਉਂਕਿ ਵੇਖੋ, ਉਹ ਦਿਨ ਆ ਰਹੇ ਹਨ ਜਦੋਂ ਉਹ ਕਹਿਣਗੇ, ‘ਧੰਨ ਹਨ ਉਹ ਜਿਹੜੀਆਂ ਬਾਂਝ ਹਨ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਉਹ ਛਾਤੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।’ 30ਤਦ ਉਹ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿੱਗ ਪਵੋ’ ਅਤੇ ਪਹਾੜੀਆਂ ਨੂੰ, ‘ਸਾਨੂੰ ਢੱਕ ਲਵੋ’; 31ਕਿਉਂਕਿ ਜੇ ਉਹ ਹਰੇ ਦਰਖ਼ਤ ਨਾਲ ਇਸ ਤਰ੍ਹਾਂ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?”
32ਉਹ ਦੋ ਹੋਰ ਅਪਰਾਧੀਆਂ ਨੂੰ ਵੀ ਉਸ ਦੇ ਨਾਲ ਮੌਤ ਦੀ ਸਜ਼ਾ ਦੇਣ ਲਈ ਲਿਜਾ ਰਹੇ ਸਨ 33ਅਤੇ ਜਦੋਂ ਉਹ ਖੋਪੜੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਉੱਥੇ ਯਿਸੂ ਨੂੰ ਅਤੇ ਅਪਰਾਧੀਆਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ। 34ਤਦ ਯਿਸੂ ਨੇ ਕਿਹਾ,“ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।”
ਉਨ੍ਹਾਂ ਨੇ ਪਰਚੀਆਂ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ#ਜ਼ਬੂਰ 22:18 35ਅਤੇ ਲੋਕ ਖੜ੍ਹੇ ਵੇਖ ਰਹੇ ਸਨ। ਅਧਿਕਾਰੀ ਵੀ ਇਹ ਕਹਿੰਦੇ ਹੋਏ ਉਸ ਦਾ ਮਜ਼ਾਕ ਉਡਾ ਰਹੇ ਸਨ, “ਇਸ ਨੇ ਹੋਰਾਂ ਨੂੰ ਬਚਾਇਆ, ਜੇ ਇਹ ਪਰਮੇਸ਼ਰ ਦਾ ਚੁਣਿਆ ਹੋਇਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!” 36ਸਿਪਾਹੀਆਂ ਨੇ ਵੀ ਕੋਲ ਆ ਕੇ ਉਸ ਦਾ ਮਖੌਲ ਉਡਾਇਆ ਅਤੇ ਉਸ ਨੂੰ ਸਿਰਕਾ ਦੇ ਕੇ ਕਹਿਣ ਲੱਗੇ, 37“ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ!” 38ਉਸ ਦੇ ਉਤਾਂਹ ਇੱਕ ਲਿਖਤ ਵੀ ਲੱਗੀ ਸੀ, “ਇਹ ਯਹੂਦੀਆਂ ਦਾ ਰਾਜਾ ਹੈ”।
ਸਲੀਬ ਉੱਤੇ ਅਪਰਾਧੀ ਦਾ ਪਛਤਾਵਾ
39ਤਦ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਅਪਰਾਧੀਆਂ ਵਿੱਚੋਂ ਇੱਕ ਨੇ ਉਸ ਦੀ ਨਿੰਦਾ ਕਰਕੇ ਕਿਹਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਵੀ ਅਤੇ ਸਾਨੂੰ ਵੀ ਬਚਾ।” 40ਪਰ ਦੂਜੇ ਨੇ ਉਸ ਨੂੰ ਝਿੜਕ ਕੇ ਕਿਹਾ, “ਕੀ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ? ਕਿਉਂਕਿ ਤੂੰ ਵੀ ਤਾਂ ਉਹੋ ਸਜ਼ਾ ਪਾ ਰਿਹਾ ਹੈਂ। 41ਅਸੀਂ ਤਾਂ ਜੋ ਕੀਤਾ ਉਸੇ ਦਾ ਫਲ ਭੁਗਤ ਰਹੇ ਹਾਂ, ਪਰ ਇਸ ਨੇ ਕੁਝ ਗਲਤ ਨਹੀਂ ਕੀਤਾ।” 42ਫਿਰ ਉਸ ਨੇ ਕਿਹਾ, “ਹੇ ਯਿਸੂ, ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਯਾਦ ਕਰੀਂ।” 43ਯਿਸੂ ਨੇ ਉਸ ਨੂੰ ਕਿਹਾ,“ਮੈਂ ਤੈਨੂੰ ਸੱਚ ਕਹਿੰਦਾ ਹਾਂ, ਤੂੰ ਅੱਜ ਹੀ ਮੇਰੇ ਨਾਲ ਫ਼ਿਰਦੌਸ ਵਿੱਚ ਹੋਵੇਂਗਾ।”
ਯਿਸੂ ਦੀ ਮੌਤ
44ਇਹ ਲਗਭਗ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ 45ਅਤੇ ਸੂਰਜ ਦਾ ਪਰਕਾਸ਼ ਜਾਂਦਾ ਰਿਹਾ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ। 46ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ,“ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ!”#ਜ਼ਬੂਰ 31:5 ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ। 47ਜਦੋਂ ਸੂਬੇਦਾਰ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ, “ਸੱਚਮੁੱਚ, ਇਹ ਮਨੁੱਖ ਧਰਮੀ ਸੀ।” 48ਤਦ ਸਾਰੇ ਲੋਕ ਜੋ ਇਹ ਵੇਖਣ ਲਈ ਇਕੱਠੇ ਹੋਏ ਸਨ, ਇਹ ਘਟਨਾ ਨੂੰ ਵੇਖ ਕੇ ਆਪਣੀਆਂ ਛਾਤੀਆਂ ਪਿੱਟਦੇ ਹੋਏ ਵਾਪਸ ਮੁੜ ਗਏ। 49ਪਰ ਯਿਸੂ ਦੇ ਸਭ ਜਾਣ-ਪਛਾਣ ਵਾਲੇ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ-ਪਿੱਛੇ ਆਈਆਂ ਸਨ, ਦੂਰ ਖੜ੍ਹੀਆਂ ਇਹ ਸਭ ਵੇਖ ਰਹੀਆਂ ਸਨ।
ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
50ਵੇਖੋ, ਯੂਸੁਫ਼ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਾਂਸਭਾ ਦਾ ਮੈਂਬਰ ਸੀ ਅਤੇ ਉਹ ਇੱਕ ਭਲਾ ਅਤੇ ਧਰਮੀ ਵਿਅਕਤੀ ਸੀ। 51ਉਹ ਉਨ੍ਹਾਂ ਦੀ ਇਸ ਯੋਜਨਾ ਅਤੇ ਕੰਮ ਨਾਲ ਸਹਿਮਤ ਨਹੀਂ ਸੀ। ਉਹ ਯਹੂਦੀਆਂ ਦੇ ਨਗਰ ਅਰਿਮਥੇਆ ਤੋਂ ਸੀ ਅਤੇ ਪਰਮੇਸ਼ਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। 52ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ 53ਅਤੇ ਇਸ ਨੂੰ ਉਤਾਰ ਕੇ ਮਲਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਚਟਾਨ ਵਿੱਚ ਖੋਦੀ ਹੋਈ ਇੱਕ ਕਬਰ ਵਿੱਚ ਰੱਖ ਦਿੱਤਾ, ਜਿੱਥੇ ਅਜੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ। 54ਇਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਅਰੰਭ ਹੋਣ ਵਾਲਾ ਸੀ। 55ਉਨ੍ਹਾਂ ਔਰਤਾਂ ਨੇ ਜਿਹੜੀਆਂ ਉਸ ਦੇ ਨਾਲ ਗਲੀਲ ਤੋਂ ਆਈਆਂ ਸਨ, ਪਿੱਛੇ-ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਇਹ ਵੀ ਕਿ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਗਿਆ ਸੀ। 56ਤਦ ਉਨ੍ਹਾਂ ਨੇ ਵਾਪਸ ਆ ਕੇ ਖੁਸ਼ਬੂਦਾਰ ਮਸਾਲੇ ਅਤੇ ਅਤਰ ਤਿਆਰ ਕੀਤਾ ਅਤੇ ਹੁਕਮ ਅਨੁਸਾਰ ਸਬਤ ਦੇ ਦਿਨ ਅਰਾਮ ਕੀਤਾ।
Aktualisht i përzgjedhur:
ਲੂਕਾ 23: PSB
Thekso
Ndaje
Copy
A doni që theksimet tuaja të jenë të ruajtura në të gjitha pajisjet që keni? Regjistrohu ose hyr
PUNJABI STANDARD BIBLE©
Copyright © 2023 by Global Bible Initiative