ਯੂਹੰਨਾ 9
9
ਜਮਾਂਦਰੁ ਅੰਨਾ
1ਜਾਂ ਉਹ ਚੱਲਿਆ ਜਾਂਦਾ ਸੀ ਤਾਂ ਉਸ ਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ 2ਅਰ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਸੁਆਮੀ ਜੀ, ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ ਜੋ ਇਹ ਅੰਨ੍ਹਾ ਜੰਮਿਆ ਹੈ? 3ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹ ਦੇ ਮਾਪਿਆਂ ਨੇ ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ 4ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹ ਦੇ ਕੰਮ ਕਰੀਏ ਜਿਨ੍ਹ ਮੈਨੂੰ ਘੱਲਿਆ । ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਨਹੀਂ ਕੰਮ ਕਰ ਸੱਕਦਾ 5ਜਦ ਤੀਕੁ ਮੈਂ ਜਗਤ ਵਿੱਚ ਹਾਂ ਮੈਂ ਜਗਤ ਦਾ ਚਾਨਣ ਹਾਂ 6ਉਸ ਨੇ ਏਹ ਗੱਲਾਂ ਕਹਿ ਕੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਈ ਅਰ ਉਹ ਮਿੱਟੀ ਉਹ ਦੀਆਂ ਅੱਖੀਆਂ ਉੱਤੇ ਮਲੀ 7ਅਤੇ ਉਸ ਨੂੰ ਆਖਿਆ, ਜਾਹ ਸਿਲੋਆਮ ਦੇ ਕੁੰਡ ਵਿੱਚ ਜਿਹ ਦਾ ਅਰਥ ਹੈ "ਭੇਜਿਆ ਹੋਇਆ" ਧੋ ਸੁੱਟ। ਸੋ ਉਹ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚੱਲਾ ਆਇਆ 8ਇਸ ਲਈ ਗੁਆਂਢੀਆਂ ਨੇ ਅਤੇ ਜਿਨ੍ਹਾਂ ਅੱਗੇ ਉਹ ਨੂੰ ਵੇਖਿਆ ਸੀ ਜੋ ਉਹ ਮੰਗਤਾ ਹੈ ਕਿਹਾ, ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ? 9ਇੱਕਨਾਂ ਆਖਿਆ, ਇਹ ਉਹੋ ਹੈ। ਇੱਕਨਾਂ ਆਖਿਆ, ਨਹੀਂ ਪਰ ਉਸ ਵਰਗਾ ਹੈ। ਓਸ ਆਖਿਆ, ਮੈਂ ਉਹੋ ਹਾਂ 10ਇਸ ਲਈ ਉਨ੍ਹਾਂ ਨੇ ਉਹ ਨੂੰ ਕਿਹਾ, ਫੇਰ ਤੇਰੀਆਂ ਅੱਖਾਂ ਕਿਸ ਤਰਾਂ ਖੁਲ੍ਹ ਗਈਆਂ? 11ਉਹ ਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ! 12ਤਾਂ ਉਨ੍ਹਾਂ ਉਹ ਨੂੰ ਆਖਿਆ ਕਿ ਉਹ ਕਿੱਥੇ ਹੈ? ਉਹ ਬੋਲਿਆ, ਮੈਂ ਨਹੀਂ ਜਾਣਦਾ।।
13ਓਹ ਉਸ ਨੂੰ ਜਿਹੜਾ ਅੱਗੇ ਅੰਨ੍ਹਾ ਸੀ ਫ਼ਰੀਸੀਆਂ ਕੋਲ ਲਿਆਏ 14ਅਰ ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਹ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਉਹ ਦਿਨ ਸਬਤ ਦਾ ਸੀ 15ਤਾਂ ਫ਼ਰੀਸੀਆਂ ਨੇ ਫੇਰ ਉਸ ਤੋਂ ਪੁੱਛਿਆ, ਤੂੰ ਕਿੱਕੁਰ ਸੁਜਾਖਾ ਹੋ ਗਿਆ? ਉਹ ਨੇ ਉਨ੍ਹਾਂ ਨੂੰ ਕਿਹਾ ਕਿ ਓਨ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਰ ਹੁਣ ਵੇਖਦਾ ਹਾਂ 16ਉਪਰੰਤ ਫ਼ਰੀਸੀਆਂ ਵਿੱਚੋਂ ਕਿੰਨਿਆਂ ਨੇ ਕਿਹਾ, ਇਹ ਮਨੁੱਖ ਪਰਮੇਸ਼ੁਰ ਦੀ ਵੱਲੋਂ ਨਹੀਂ ਜੋ ਸਬਤ ਦੇ ਦਿਨ ਨੂੰ ਨਹੀਂ ਮੰਨਦਾ । ਪਰ ਹੋਰਨਾਂ ਆਖਿਆ, ਪਾਪੀ ਮਨੁੱਖ ਇਹੋ ਜੇਹੇ ਨਿਸ਼ਾਨ ਕਿੱਕੁਰ ਵਿਖਾਲ ਸੱਕਦਾ ਹੈ? ਸੋ ਉਨ੍ਹਾਂ ਵਿੱਚ ਫੁੱਟ ਪੈ ਗਈ 17ਉਨ੍ਹਾਂ ਉਸ ਅੰਨ੍ਹੇ ਨੂੰ ਫੇਰ ਆਖਿਆ ਕਿ ਉਹ ਨੇ ਜੋ ਤੇਰੀਆਂ ਅੱਖਾਂ ਖੋਲ੍ਹੀਆਂ ਤੂੰ ਉਹ ਦੇ ਵਿਖੇ ਕੀ ਕਹਿੰਦਾ ਹੈਂ? ਉਹ ਬੋਲਿਆ, ਉਹ ਨਬੀ ਹੈ 18ਪਰ ਯਹੂਦੀਆਂ ਨੇ ਇਹ ਗੱਲ ਸਤ ਨਾ ਮੰਨੀ ਜੋ ਉਹ ਅੰਨ੍ਹਾ ਸੀ ਅਤੇ ਸੁਜਾਖਾ ਹੋ ਗਿਆ ਜਿੰਨਾ ਚਿਰ ਉਸ ਸੁਜਾਖੇ ਹੋਏ ਹੋਏ ਦੇ ਮਾਪਿਆਂ ਨੂੰ ਨਾ ਸੱਦਿਆ 19ਅਤੇ ਇਹ ਕਹਿ ਕੇ ਉਨ੍ਹਾਂ ਤੋਂ ਨਾ ਪੁੱਛਿਆ, ਕੀ ਇਹ ਤੁਹਾਡਾ ਪੁੱਤ੍ਰ ਹੈ ਜਿਹ ਨੂੰ ਤੁਸੀਂ ਆਖਦੇ ਹੋ ਭਈ ਉਹ ਅੰਨ੍ਹਾ ਜੰਮਿਆ ਸੀ? ਫੇਰ ਹੁਣ ਉਹ ਕਿੱਕੁਰ ਵੇਖਦਾ ਹੈ? 20ਉਹ ਦੇ ਮਾਪਿਆਂ ਨੇ ਉੱਤਰ ਦਿੱਤਾ, ਅਸੀਂ ਜਾਣਦੇ ਹਾਂ ਜੋ ਇਹ ਸਾਡਾ ਪੁੱਤ੍ਰ ਹੈ ਅਤੇ ਇਹ ਭੀ ਕਿ ਉਹ ਅੰਨ੍ਹਾ ਜੰਮਿਆ ਸੀ 21ਪਰ ਸਾਨੂੰ ਪਤਾ ਨਹੀਂ ਜੋ ਉਹ ਹੁਣ ਕਿੱਕੂੰ ਵੇਖਦਾ ਹੈ ਅਤੇ ਇਹ ਭੀ ਨਹੀਂ ਸਾਨੂੰ ਪਤਾ ਹੈ ਭਈ ਕਿਹ ਨੇ ਉਹ ਦੀਆਂ ਅੱਖਾਂ ਖੋਲ੍ਹੀਆਂ । ਉਸੇ ਕੋਲੋਂ ਪੁੱਛ ਲਓ, ਉਹ ਸਿਆਣਾ ਹੈ, ਉਹ ਆਪਣੀ ਗੱਲ ਆਪੇ ਦੱਸੂ 22ਉਹ ਦੇ ਮਾਪਿਆਂ ਨੇ ਯਹੂਦੀਆਂ ਤੋਂ ਡਰ ਦੇ ਮਾਰੇ ਏਹ ਗੱਲਾਂ ਕਹੀਆਂ ਕਿਉਂ ਜੋ ਯਹੂਦੀਆਂ ਨੇ ਏਕਾ ਕਰ ਲਿਆ ਸੀ ਭਈ ਜੇ ਕੋਈ ਉਹ ਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਵੇ 23ਇਸ ਕਾਰਨ ਉਹ ਦੇ ਮਾਪਿਆਂ ਨੇ ਕਿਹਾ ਕਿ ਉਹ ਸਿਆਣਾ ਹੈ, ਉਸੇ ਨੂੰ ਪੁੱਛ ਲਓ 24ਉਪਰੰਤ ਉਨ੍ਹਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨ੍ਹਾ ਸੀ ਦੂਈ ਵਾਰ ਸੱਦਿਆ ਅਤੇ ਉਹ ਨੂੰ ਆਖਿਆ ਕਿ ਪਰਮੇਸ਼ੁਰ ਦੀ ਵਡਿਆਈ ਕਰ । ਅਸੀਂ ਜਾਣਦੇ ਹਾਂ ਜੋ ਇਹ ਮਨੁੱਖ ਪਾਪੀ ਹੈ 25ਤਾਂ ਉਸ ਉੱਤਰ ਦਿੱਤਾ ਭਈ ਉਹ ਪਾਪੀ ਹੈ ਕਿ ਨਹੀਂ ਸੋ ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੋ ਅੰਨ੍ਹਾ ਸੀ ਹੁਣ ਵੇਖਦਾ ਹਾਂ 26ਇਸ ਲਈ ਉਨ੍ਹਾਂ ਉਸ ਨੂੰ ਕਿਹਾ ਜੋ ਉਨ ਤੇਰੇ ਨਾਲ ਕੀ ਕੀਤਾ? ਕਿਸ ਤਰਾਂ ਤੇਰੀਆਂ ਅੱਖਾਂ ਖੋਲ੍ਹੀਆਂ? 27ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਹੁਣੇ ਤੁਹਾਨੂੰ ਦੱਸਿਆ ਸੀ ਅਤੇ ਤੁਸਾਂ ਸੁਣਿਆ ਹੀ ਨਾ। ਕਿਉਂ ਫੇਰ ਸੁਣਨਾ ਚਾਹੁੰਦੇ ਹੋ? ਭਲਾ, ਤੁਸੀਂ ਭੀ ਉਹ ਦੇ ਚੇਲੇ ਹੋਣਾ ਚਾਹੁੰਦੇ ਹੋ? 28ਤਾਂ ਉਨ੍ਹਾਂ ਨੇ ਉਸ ਨੂੰ ਗਾਲਾਂ ਕੱਢ ਕੇ ਆਖਿਆ, ਉਹ ਦਾ ਚੇਲਾ ਤੂੰਏਂ ਹੈਂ ਪਰ ਅਸੀਂ ਮੂਸਾ ਤੇ ਚੇਲੇ ਹਾਂਗੇ 29ਅਸੀਂ ਜਾਣਦੇ ਹਾਂ ਜੋ ਪਰਮੇਸ਼ੁਰ ਨੇ ਮੂਸਾ ਦੇ ਨਾਲ ਗੱਲਾਂ ਕੀਤੀਆਂ ਹਨ ਪਰ ਇਹ ਨੂੰ ਨਹੀਂ ਜਾਣਦੇ ਭਈ ਕਿੱਥੋਂ ਹੈ 30ਉਸ ਮਨੁੱਖ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਹੋ ਤਾਂ ਅਚਰਜ ਦੀ ਗੱਲ ਹੈ ਜੋ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ ਅਤੇ ਉਸ ਨੇ ਮੇਰੀਆਂ ਅੱਖੀਆਂ ਖੋਲ੍ਹ ਦਿੱਤੀਆਂ! 31ਅਸੀਂ ਤਾਂ ਜਾਣਦੇ ਹਾਂਗੇ ਜੋ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ ਪਰ ਜੇ ਕੋਈ ਪਰਮੇਸ਼ੁਰ ਦਾ ਭਗਤ ਹੋਵੇ ਅਤੇ ਉਹ ਦੀ ਮਰਜ਼ੀ ਉੱਤੇ ਚੱਲੇ ਤਾਂ ਉਹ ਦੀ ਸੁਣਦਾ ਹੈ 32ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ! 33ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ 34ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਤਾਂ ਨਿਰਾ ਪੁਰਾ ਪਾਪਾਂ ਵਿੱਚ ਜੰਮਿਆ ਹੈਂ, ਫੇਰ ਸਾਨੂੰ ਸਿਖਲਾਉਂਦਾ ਹੈਂ? ਅਤੇ ਉਨ੍ਹਾਂ ਉਸ ਨੂੰ ਛੇਕ ਦਿੱਤਾ।।
35ਯਿਸੂ ਨੇ ਸੁਣਿਆ ਜੋ ਉਨ੍ਹਾਂ ਉਹ ਨੂੰ ਛੇਕ ਦਿੱਤਾ ਅਤੇ ਉਹ ਨੂੰ ਲੱਭ ਕੇ ਆਖਿਆ, ਕੀ ਤੂੰ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਕਰਦਾ ਹੈਂ? 36ਉਹ ਨੇ ਉੱਤਰ ਦਿੱਤਾ, ਪ੍ਰਭੁ ਜੀ, ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਹਚਾ ਕਰਾਂ? 37ਯਿਸੂ ਨੇ ਉਹ ਨੂੰ ਆਖਿਆ, ਤੈਂ ਉਸ ਨੂੰ ਵੇਖਿਆ ਭੀ ਹੈ ਅਤੇ ਨਾਲੇ ਉਹ ਜੋ ਤੇਰੇ ਸੰਗ ਗੱਲਾਂ ਕਰਦਾ ਹੈ ਸੋਈ ਹੈ 38ਤਾਂ ਉਹ ਬੋਲਿਆ, ਪ੍ਰਭੁ ਜੀ ਮੈਂ ਨਿਹਚਾ ਕਰਦਾ ਹਾਂ! ਅਤੇ ਉਸ ਨੂੰ ਮੱਥਾ ਟੇਕਿਆ 39ਯਿਸੂ ਨੇ ਆਖਿਆ, ਮੈਂ ਨਿਆਉਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਓਹ ਵੇਖਣ ਅਤੇ ਜਿਹੜੇ ਵੇਖਦੇ ਹਨ ਓਹ ਅੰਨ੍ਹੇ ਹੋ ਜਾਣ 40ਫ਼ਰੀਸੀਆਂ ਵਿੱਚੋਂ ਉਨ੍ਹਾਂ ਨੇ ਜੋ ਉਹ ਦੇ ਨਾਲ ਸਨ ਏਹ ਗੱਲਾਂ ਸੁਣੀਆਂ ਅਤੇ ਉਸ ਨੂੰ ਆਖਿਆ, ਭਲਾ, ਅਸੀਂ ਭੀ ਅੰਨ੍ਹੇਂ ਹਾਂ? 41ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਹਾਡਾ ਪਾਪ ਨਾ ਹੁੰਦਾ ਪਰ ਹੁਣ ਜੋ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।।
Trenutno izabrano:
ਯੂਹੰਨਾ 9: PUNOVBSI
Istaknuto
Podijeli
Kopiraj
Želiš li da tvoje istaknuto bude sačuvano na svim tvojim uređajima? Kreiraj nalog ili se prijavi
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.