ਉਤਪਤ 17

17
ਇਕਰਾਰਨਾਮੇ ਦਾ ਸਬੂਤ ਸੁੰਨਤ
1ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ#17:1 ਸਰਬ-ਸ਼ਕਤੀਮਾਨ ਪਰਮੇਸ਼ੁਰ ਮੂਲਅਰਥ, “ਅਲ-ਸ਼ੱਦਾਈ।” ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ। 2ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿੱਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ।”
3ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, 4“ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ। 5ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ-ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ। 6ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ। 7ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿੱਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ। 8ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ-ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”
9ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ। 10ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿੱਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸ ਦੀ ਸੁੰਨਤ ਕਰਨੀ ਜ਼ਰੂਰੀ ਹੈ। 11ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ। 12ਜਦੋਂ ਪੁੱਤਰ ਅੱਠਾਂ ਦਿਨਾਂ ਦਾ ਹੋਵੇ, ਤੁਸੀਂ ਉਸ ਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸ ਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸ ਦੀ ਸੁੰਨਤ ਹੋਣੀ ਚਾਹੀਦੀ ਹੈ। 13ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸ ਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ। 14ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।”
ਇਸਹਾਕ-ਇਕਰਾਰ ਕੀਤਾ ਹੋਇਆ ਪੁੱਤਰ
15ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸ ਦਾ ਨਾਮ ਸਾਰਾਹ ਹੋਵੇਗਾ। 16ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸ ਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸ ਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।”
17ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸੱਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸੱਕਦੀ।”
18ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸੱਕਦਾ।”
19ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਇਸਹਾਕ ਰੱਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸ ਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ।
20“ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸ ਨੂੰ ਅਸੀਸ ਦੇਵਾਂਗਾ। ਉਸ ਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸ ਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ। 21ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸ ਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।”
22ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚੱਲਿਆ ਗਿਆ। 23ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕੱਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕੱਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕੱਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ।
24ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਕੀਤੀ ਗਈ। 25ਅਤੇ ਉਸ ਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸ ਦੀ ਸੁੰਨਤ ਕੀਤੀ ਗਈ। 26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ। 27ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸ ਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।

Märk

Dela

Kopiera

None

Vill du ha dina höjdpunkter sparade på alla dina enheter? Registrera dig eller logga in