ਯੋਹਨ 11

11
ਲਾਜ਼ਰਾਸ ਦਾ ਜੀ ਉੱਠਣਾ
1ਲਾਜ਼ਰਾਸ ਨਾਮ ਦਾ ਇੱਕ ਆਦਮੀ ਬਿਮਾਰ ਸੀ। ਉਹ ਬੈਥਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਰਹਿੰਦੀਆਂ ਸਨ। 2ਇਹ ਉਹ ਮਰਿਯਮ ਹੈ ਜਿਸਨੇ ਬਾਅਦ ਵਿੱਚ ਪ੍ਰਭੂ ਦੇ ਪੈਰਾਂ ਉੱਤੇ ਮਹਿੰਗਾ ਅਤਰ ਮਲਿਆ ਸੀ ਅਤੇ ਆਪਣੇ ਵਾਲਾਂ ਨਾਲ ਉਸਨੂੰ ਪੂੰਝਿਆ, ਉਸ ਦਾ ਭਰਾ ਲਾਜ਼ਰਾਸ ਬਿਮਾਰ ਸੀ। 3ਤਦ ਉਹਨਾਂ ਦੋਹਾਂ ਭੈਣਾਂ ਨੇ ਯਿਸ਼ੂ ਨੂੰ ਇੱਕ ਸੁਨੇਹਾ ਭੇਜਿਆ, “ਹੇ ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਬਹੁਤ ਬਿਮਾਰ ਹੈ।”
4ਪਰ ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ। ਪਰ ਇਹ ਪਰਮੇਸ਼ਵਰ ਦੀ ਵਡਿਆਈ ਲਈ ਹੈ ਤਾਂ ਜੋ ਪਰਮੇਸ਼ਵਰ ਦੇ ਪੁੱਤਰ ਦੀ ਇਸ ਤੋਂ ਵਡਿਆਈ ਹੋ ਸਕੇ।” 5ਭਾਵੇਂ ਯਿਸ਼ੂ ਮਾਰਥਾ ਅਤੇ ਉਸਦੀ ਭੈਣ ਮਰਿਯਮ ਅਤੇ ਲਾਜ਼ਰਾਸ ਨੂੰ ਪਿਆਰ ਕਰਦੇ ਸਨ। 6ਪਰ ਜਦੋਂ ਯਿਸ਼ੂ ਨੇ ਸੁਣਿਆ ਕਿ ਲਾਜ਼ਰਾਸ ਬਿਮਾਰ ਹੈ ਉਹ ਉਸ ਥਾਂ ਤੇ ਜਿੱਥੇ ਉਹ ਸੀ ਅਗਲੇ ਹੋਰ ਦੋ ਦਿਨਾਂ ਲਈ ਉੱਥੇ ਹੀ ਠਹਿਰੇ। 7ਅਖੀਰ ਵਿੱਚ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਯਹੂਦਿਯਾ ਨੂੰ ਵਾਪਸ ਚੱਲੇ ਜਾਈਏ।”
8ਪਰ ਉਹਨਾਂ ਦੇ ਚੇਲਿਆਂ ਨੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ, “ਰੱਬੀ, ਕੁਝ ਦਿਨ ਪਹਿਲਾਂ ਯਹੂਦਿਯਾ ਵਿੱਚ ਲੋਕ ਤੁਹਾਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ?”
9ਯਿਸ਼ੂ ਨੇ ਜਵਾਬ ਦਿੱਤਾ, “ਕੀ ਇੱਕ ਦਿਨ ਵਿੱਚ ਬਾਰਾਂ ਘੰਟੇ ਹੁੰਦੇ ਹਨ? ਜਿਹੜਾਂ ਦਿਨ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਸਦੇ ਕੋਲ ਇਸ ਸੰਸਾਰ ਦੀ ਰੋਸ਼ਨੀ ਹੁੰਦੀ ਹੈ। 10ਪਰ ਜਿਹੜਾ ਰਾਤ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਕੋਲ ਰੋਸ਼ਨੀ ਨਹੀਂ ਹੁੰਦੀ।”
11ਇਸ ਤੋਂ ਬਾਅਦ ਯਿਸ਼ੂ ਨੇ ਕਿਹਾ, “ਸਾਡਾ ਮਿੱਤਰ ਲਾਜ਼ਰਾਸ ਸੌ ਗਿਆ ਹੈ, ਪਰ ਹੁਣ ਮੈਂ ਜਾਵਾਂਗਾ ਅਤੇ ਉਸਨੂੰ ਜਗਾਵਾਂਗਾ।”
12ਚੇਲਿਆਂ ਨੇ ਕਿਹਾ, “ਪ੍ਰਭੂ, ਜੇ ਉਹ ਸੌ ਰਿਹਾ ਹੈ, ਤਾਂ ਉਹ ਜਲਦੀ ਠੀਕ ਹੋ ਜਾਵੇਗਾ।” 13ਉਹਨਾਂ ਨੇ ਸੋਚਿਆ ਕਿ ਯਿਸ਼ੂ ਦਾ ਮਤਲਬ ਸੀ ਕਿ ਲਾਜ਼ਰਾਸ ਸੌ ਰਿਹਾ ਸੀ, ਪਰ ਯਿਸ਼ੂ ਦਾ ਮਤਲਬ ਸੀ ਲਾਜ਼ਰਾਸ ਮਰ ਗਿਆ ਹੈ।
14ਤਾਂ ਯਿਸ਼ੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰਾਸ ਮਰ ਗਿਆ ਹੈ। 15ਅਤੇ ਤੁਹਾਡੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਨਹੀਂ ਸੀ, ਕਿਉਂਕਿ ਹੁਣ ਤੁਸੀਂ ਸੱਚ-ਮੁੱਚ ਵਿਸ਼ਵਾਸ ਕਰੋਗੇ। ਆਓ ਅਸੀਂ ਉਸ ਕੋਲ ਚੱਲੀਏ।”
16ਥੋਮਸ, (ਜਿਸ ਦਾ ਨਾਮ ਦਿਦੂਮੁਸ ਸੀ) ਨੇ ਆਪਣੇ ਨਾਲ ਦੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਇਨ੍ਹਾਂ ਦੇ ਨਾਲ ਮਰੀਏ।”
ਮਰਿਯਮ ਅਤੇ ਮਾਰਥਾ ਨੂੰ ਯਿਸ਼ੂ ਵੱਲੋਂ ਦਿਲਾਸਾ
17ਜਦੋਂ ਯਿਸ਼ੂ ਬੈਥਨੀਆ ਪਹੁੰਚੇ, ਉਹਨਾਂ ਨੂੰ ਦੱਸਿਆ ਗਿਆ ਕਿ ਲਾਜ਼ਰਾਸ ਨੂੰ ਕਬਰ ਵਿੱਚ ਪਏ ਨੂੰ ਪਹਿਲਾਂ ਹੀ ਚਾਰ ਦਿਨ ਹੋ ਗਏ ਹਨ। 18ਬੈਥਨੀਆ ਯੇਰੂਸ਼ਲੇਮ ਤੋਂ ਕੁਝ ਮੀਲ ਦੀ ਦੂਰੀ ਤੇ ਸੀ, 19ਅਤੇ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਨੂੰ ਉਹਨਾਂ ਦੇ ਭਰਾ ਮਰੇ ਤੇ ਦਿਲਾਸਾ ਦੇਣ ਲਈ ਆਏ ਸਨ। 20ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸ਼ੂ ਆ ਰਹੇ ਹਨ, ਤਾਂ ਉਹ ਉਹਨਾਂ ਨੂੰ ਮਿਲਣ ਗਈ। ਪਰ ਮਰਿਯਮ ਘਰ ਵਿੱਚ ਹੀ ਰਹੀ।
21ਮਾਰਥਾ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਜੇ ਸੱਚ-ਮੁੱਚ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। 22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ ਜੋ ਕੁਝ ਪਰਮੇਸ਼ਵਰ ਤੋਂ ਮੰਗੋ ਉਹ ਤੁਹਾਨੂੰ ਦੇਵੇਗਾ।”
23ਯਿਸ਼ੂ ਨੇ ਉਸਨੂੰ ਕਿਹਾ, “ਤੇਰਾ ਭਰਾ ਫਿਰ ਜੀ ਉੱਠੇਗਾ।”
24ਮਾਰਥਾ ਨੇ ਉੱਤਰ ਦਿੱਤਾ, “ਮੈਂ ਜਾਣਦੀ ਹਾਂ ਕਿ ਉਹ ਪੁਨਰ-ਉਥਾਨ ਦੇ ਦਿਨ ਜੀਵੇਗਾ।”
25ਯਿਸ਼ੂ ਨੇ ਉਸਨੂੰ ਕਿਹਾ, “ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ; 26ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?”
27ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਹੀ ਮਸੀਹ ਹੋ, ਪਰਮੇਸ਼ਵਰ ਦੇ ਪੁੱਤਰ ਹੋ, ਜੋ ਇਸ ਦੁਨੀਆਂ ਤੇ ਆਉਣ ਵਾਲਾ ਹੈ।”
28ਜਦੋਂ ਉਸ ਨੇ ਇਹ ਕਿਹਾ ਤਾਂ ਉਹ ਵਾਪਸ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਗੁਰੂ ਜੀ ਇੱਥੇ ਹਨ,” ਉਸ ਨੇ ਕਿਹਾ, “ਅਤੇ ਤੇਰੇ ਬਾਰੇ ਪੁੱਛ ਰਹੇ ਹਨ।” 29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਠ ਖੜ੍ਹੀ ਹੋਈ ਅਤੇ ਯਿਸ਼ੂ ਕੋਲ ਗਈ। 30ਅਜੇ ਯਿਸ਼ੂ ਪਿੰਡ ਵਿੱਚ ਵੜੇ ਨਹੀਂ ਸੀ, ਪਰ ਉਹ ਅਜੇ ਵੀ ਉਸ ਥਾਂ ਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ। 31ਕੁਝ ਯਹੂਦੀ ਮਰਿਯਮ ਦੇ ਘਰ ਉਸ ਨੂੰ ਦਿਲਾਸਾ ਦੇਣ ਆਏ ਸਨ, ਉਹਨਾਂ ਨੇ ਵੇਖਿਆ ਕਿ ਉਹ ਕਿੰਨੀ ਜਲਦੀ ਉੱਠ ਕੇ ਬਾਹਰ ਚੱਲੀ ਗਈ ਹੈ, ਉਹ ਸਾਰੇ ਉਸਦੇ ਪਿੱਛੇ ਗਏ। ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਸੋਗ ਕਰਨ ਜਾ ਰਹੀ ਹੈ।
32ਜਦੋਂ ਮਰਿਯਮ ਉੱਥੇ ਪਹੁੰਚੀ ਜਿੱਥੇ ਯਿਸ਼ੂ ਸੀ ਅਤੇ ਉਸਨੂੰ ਵੇਖਿਆ ਤਾਂ ਉਹ ਉਹਨਾਂ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਪ੍ਰਭੂ ਜੀ, ਜੇ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।”
33ਜਦੋਂ ਯਿਸ਼ੂ ਨੇ ਉਸ ਔਰਤ ਨੂੰ ਰੋਂਦਿਆ ਵੇਖਿਆ, ਅਤੇ ਜੋ ਯਹੂਦੀ ਉਸ ਦੇ ਨਾਲ ਆਏ ਸਨ, ਉਹ ਵੀ ਰੋ ਰਹੇ ਸਨ ਉਹਨਾਂ ਨੂੰ ਦੇਖ ਕਿ ਯਿਸ਼ੂ ਦਾ ਦਿਲ ਭਰ ਗਿਆ ਅਤੇ ਉਹ ਵੀ ਬਹੁਤ ਦੁੱਖੀ ਹੋਏ। 34“ਤੁਸੀਂ ਉਸਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਪੁੱਛਿਆ।
ਉਹਨਾਂ ਨੇ ਉੱਤਰ ਦਿੱਤਾ। “ਪ੍ਰਭੂ, ਆਓ ਅਤੇ ਵੇਖੋ।”
35ਯਿਸ਼ੂ ਰੋਏ।
36ਤਦ ਯਹੂਦੀਆਂ ਨੇ ਕਿਹਾ, “ਵੇਖੋ ਉਹ ਉਸ ਨੂੰ ਕਿੰਨ੍ਹਾ ਪਿਆਰ ਕਰਦਾ ਸੀ!”
37ਪਰ ਉਹਨਾਂ ਵਿੱਚੋਂ ਕਈਆਂ ਨੇ ਕਿਹਾ, “ਉਹ ਜਿਨ੍ਹਾਂ ਨੇ ਅੰਨ੍ਹੇ ਆਦਮੀ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰਾਸ ਨੂੰ ਮਰਨ ਤੋਂ ਨਹੀਂ ਬਚਾ ਸਕਦੇ ਸੀ?”
ਲਾਜ਼ਰਾਸ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ
38ਯਿਸ਼ੂ ਦਾ ਦਿਲ ਇੱਕ ਵਾਰ ਫਿਰ ਭਰ ਆਇਆ ਅਤੇ ਉਹ ਕਬਰ ਤੇ ਆਏ ਅਤੇ ਕਬਰ ਇੱਕ ਗੁਫਾ ਵਾਂਗ ਸੀ ਜਿਸ ਦੇ ਮੂੰਹ ਤੇ ਇੱਕ ਪੱਥਰ ਰੱਖਿਆ ਸੀ। 39ਯਿਸ਼ੂ ਨੇ ਹੁਕਮ ਦਿੱਤਾ, “ਪੱਥਰ ਨੂੰ ਹਟਾ ਦੇਵੋ।”
ਲਾਜ਼ਰਾਸ ਦੀ ਭੈਣ ਮਾਰਥਾ ਨੇ ਕਿਹਾ, “ਪਰ ਹੇ ਪ੍ਰਭੂ ਇਸ ਵੇਲੇ ਤਾਂ ਉਸ ਤੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਲਾਜ਼ਰਾਸ ਚਾਰ ਦਿਨ ਤੋਂ ਕਬਰ ਵਿੱਚ ਹੈ।”
40ਤਦ ਯਿਸ਼ੂ ਨੇ ਕਿਹਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਵੇਖੋਂਗੇ?”
41ਇਸ ਲਈ ਉਹਨਾਂ ਨੇ ਪੱਥਰ ਨੂੰ ਹਟਾ ਦਿੱਤਾ। ਤਦ ਯਿਸ਼ੂ ਨੇ ਉੱਪਰ ਵੇਖਿਆ ਅਤੇ ਕਿਹਾ, “ਪਿਤਾ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੁਣ ਲਈ ਹੈ। 42ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ, ਪਰ ਮੈਂ ਇਹ ਸਭ ਇੱਥੇ ਖੜ੍ਹੇ ਲੋਕਾਂ ਦੇ ਭਲੇ ਲਈ ਕਿਹਾ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਤੁਸੀਂ ਮੈਨੂੰ ਭੇਜਿਆ ਹੈ।”
43ਜਦੋਂ ਉਸ ਨੇ ਇਹ ਕਿਹਾ ਤਾਂ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਲਾਜ਼ਰਾਸ ਬਾਹਰ ਆ ਜਾ!” 44ਉਹ ਮੁਰਦਾ ਲਾਜ਼ਰਾਸ ਬਾਹਰ ਆਇਆ, ਉਸ ਦੇ ਹੱਥ ਅਤੇ ਪੈਰ ਲਿਨਨ ਦੇ ਕੱਪੜੇ ਨਾਲ ਲਪੇਟੇ ਹੋਏ ਸਨ ਅਤੇ ਉਸ ਦੇ ਚਿਹਰੇ ਤੇ ਇੱਕ ਕੱਪੜਾ ਸੀ।
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ।”
ਯਿਸ਼ੂ ਨੂੰ ਮਾਰਨ ਦੀ ਯੋਜਨਾ
45ਇਸ ਲਈ, ਬਹੁਤ ਸਾਰੇ ਯਹੂਦੀ ਜੋ ਮਰਿਯਮ ਨੂੰ ਮਿਲਣ ਲਈ ਆਏ ਹੋਏ ਸਨ, ਅਤੇ ਉਹਨਾਂ ਨੇ ਉਹ ਸਭ ਵੇਖਿਆ ਜੋ ਯਿਸ਼ੂ ਨੇ ਕੀਤਾ ਸੀ, ਉਹਨਾਂ ਨੇ ਉਸ ਤੇ ਵਿਸ਼ਵਾਸ ਕੀਤਾ। 46ਪਰ ਉਹਨਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਹਨਾਂ ਨੂੰ ਉਹ ਦੱਸਿਆ ਜੋ ਕੁਝ ਯਿਸ਼ੂ ਨੇ ਕੀਤਾ ਸੀ। 47ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾਂਸਭਾ ਦੀ ਇੱਕ ਸਭਾ ਬੁਲਾਈ। ਉਹਨਾਂ ਨੇ ਪੁੱਛਿਆ, “ਅਸੀਂ ਕੀ ਕਰ ਰਹੇ ਹਾਂ?”
ਉਹਨਾਂ ਨੇ ਕਿਹਾ, “ਅਸੀਂ ਇਸ ਵਿਅਕਤੀ ਦਾ ਕੀ ਕਰੀਏ? ਇਹ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ। 48ਜੇ ਅਸੀਂ ਇਸ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਦਿੱਤਾ ਤਾਂ ਹਰ ਕੋਈ ਉਸ ਤੇ ਵਿਸ਼ਵਾਸ ਕਰੇਗਾ ਅਤੇ ਫਿਰ ਰੋਮੀ ਅਧਿਕਾਰੀ ਆਉਣਗੇ ਅਤੇ ਸਾਡੇ ਹੈਕਲ ਅਤੇ ਸਾਡੇ ਰਾਸ਼ਟਰ ਨੂੰ ਨਾਸ਼ ਕਰ ਦੇਣਗੇ।”
49ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ! 50ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਸਾਰੇ ਲੋਕਾਂ ਦੇ ਮਰਨ ਨਾਲੋਂ ਇੱਕ ਮਨੁੱਖ ਮਰ ਜਾਵੇ।”
51ਉਸ ਨੇ ਇਹ ਆਪਣੇ ਆਪ ਨਹੀਂ ਕਿਹਾ, ਪਰ ਉਸ ਸਾਲ ਮਹਾਂ ਜਾਜਕ ਹੋਣ ਦੇ ਨਾਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸ਼ੂ ਯਹੂਦੀ ਲੋਕਾਂ ਲਈ ਮਰੇਗਾ, 52ਅਤੇ ਨਾ ਸਿਰਫ ਯਹੂਦੀ ਲੋਕਾਂ ਲਈ, ਬਲਕਿ ਪਰਮੇਸ਼ਵਰ ਦੇ ਖਿੱਲਰੇ ਹੋਏ ਬੱਚਿਆਂ ਲਈ ਵੀ, ਉਹ ਉਹਨਾਂ ਨੂੰ ਇਕੱਠੇ ਕਰੇਗਾ ਅਤੇ ਉਹਨਾਂ ਨੂੰ ਇੱਕ ਕਰੇਗਾ। 53ਉਸ ਦਿਨ ਤੋਂ ਯਹੂਦੀ ਅਧਿਕਾਰੀਆਂ ਨੇ ਯਿਸ਼ੂ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ।
54ਇਸ ਲਈ ਯਿਸ਼ੂ ਹੁਣ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਨਹੀਂ ਚੱਲਦੇ ਸੀ। ਇਸ ਦੀ ਬਜਾਏ, ਉਹ ਉਜਾੜ ਦੇ ਨੇੜਲੇ ਇੱਕ ਇਲਾਕੇ, ਇਫ਼ਰਾਈਮ ਨਾਮ ਦੇ ਇੱਕ ਪਿੰਡ ਵੱਲ ਚਲੇ ਗਏ, ਜਿੱਥੇ ਉਹ ਆਪਣੇ ਚੇਲਿਆਂ ਨਾਲ ਰਹੇ।
55ਜਦੋਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਆ ਰਿਹਾ ਸੀ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਰਸਮ ਲਈ ਪਿੰਡਾਂ ਤੋਂ ਯੇਰੂਸ਼ਲੇਮ ਗਏ। 56ਉਹ ਯਿਸ਼ੂ ਨੂੰ ਲੱਭ ਰਹੇ ਸਨ ਅਤੇ ਉਹ ਹੈਕਲ ਦੇ ਵਿਹੜੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ-ਦੂਜੇ ਨੂੰ ਪੁੱਛਿਆ, “ਤੁਸੀਂ ਕੀ ਸੋਚਦੇ ਹੋ? ਕੀ ਉਹ ਤਿਉਹਾਰ ਤੇ ਨਹੀਂ ਆਵੇਗਾ?” 57ਪਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਆਦੇਸ਼ ਦਿੱਤਾ ਸੀ ਕਿ ਜੇ ਕਿਸੇ ਨੂੰ ਵੀ ਪਤਾ ਲੱਗੇ ਕਿ ਯਿਸ਼ੂ ਕਿੱਥੇ ਹੈ, ਉਸ ਵਿਅਕਤੀ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਉਸਨੂੰ ਫੜ ਸਕਣ।

Seçili Olanlar:

ਯੋਹਨ 11: PMT

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın