ਯੋਹਨ 15

15
ਸੱਚੀ ਅੰਗੂਰਾਂ ਦੀ ਵੇਲ
1ਯਿਸ਼ੂ ਨੇ ਕਿਹਾ, “ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਅਤੇ ਮੇਰੇ ਪਿਤਾ ਬਾਗ ਦੇ ਮਾਲੀ ਹਨ। 2ਉਹ ਹਰ ਟਹਿਣੀ ਨੂੰ ਵੱਢ ਸੁੱਟਦਾ ਹੈ ਜਿਹੜੀ ਫਲ ਨਹੀਂ ਦਿੰਦੀ, ਅਤੇ ਜਿਹੜੀ ਟਹਿਣੀ ਫਲ ਦਿੰਦੀ ਹੈ ਉਸਨੂੰ ਛਾਂਗਦਾ ਹੈ ਤਾਂ ਜੋ ਉਹ ਹੋਰ ਵੀ ਫਲਦਾਰ ਬਣੇ। 3ਤੁਸੀਂ ਉਹਨਾਂ ਸ਼ਬਦਾਂ ਕਾਰਨ ਪਹਿਲਾਂ ਹੀ ਸਾਫ਼ ਹੋ ਜੋ ਮੈਂ ਤੁਹਾਨੂੰ ਕਹੇ ਹਨ। 4ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। 6ਜੇ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਤੁਸੀਂ ਉਸ ਟਹਿਣੀ ਵਰਗੇ ਹੋ ਜਿਸ ਨੂੰ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਹ ਸੁੱਕ ਜਾਂਦੀ ਹੈ। ਅਜਿਹੀਆਂ ਟਹਿਣੀਆਂ ਚੁੱਕ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਹਨ। 7ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਤੁਸੀਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਕੀਤਾ ਜਾਵੇਗਾ। 8ਇਸ ਤੋਂ ਮੇਰੇ ਪਿਤਾ ਦੀ ਵਡਿਆਈ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦੇਵੋ। ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਂਗੇ।
9“ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋ। 10ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਵੇਂ ਕਿ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਿਹਾ ਹਾਂ। 11ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਹੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ। 12ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। 13ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ। 14ਤੁਸੀਂ ਮੇਰੇ ਦੋਸਤ ਹੋ ਜੇ ਤੁਸੀਂ ਉਹ ਕਰੋ ਜੋ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ। 15ਫਿਰ ਮੈਂ ਤੁਹਾਨੂੰ ਨੌਕਰ ਨਹੀਂ ਬੁਲਾਉਂਦਾ ਕਿਉਂਕਿ ਇੱਕ ਨੌਕਰ ਆਪਣੇ ਮਾਲਕ ਦੇ ਕੰਮ ਬਾਰੇ ਨਹੀਂ ਜਾਣਦਾ। ਇਸ ਲਈ ਮੈਂ ਤੁਹਾਨੂੰ ਦੋਸਤ ਬੁਲਾਉਂਦਾ ਹਾਂ। ਜੋ ਕੁਝ ਮੈਂ ਆਪਣੇ ਪਿਤਾ ਤੋਂ ਸਿੱਖਿਆ ਹੈ ਅਤੇ ਉਹ ਸਭ ਮੈਂ ਤੁਹਾਨੂੰ ਦੱਸਦਾ ਹਾਂ। 16ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਫਲ ਦੇ ਸਕੋ ਅਤੇ ਇਹ ਫਲ ਸਦਾ ਰਹੇਗਾ। ਫਿਰ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਪਿਤਾ ਤੁਹਾਨੂੰ ਦੇਵੇਗਾ। 17ਮੇਰੀ ਇਹ ਆਗਿਆ ਹੈ: ਕਿ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ।
ਸੰਸਾਰ ਚੇਲਿਆਂ ਨਾਲ ਨਫ਼ਰਤ ਕਰਦਾ ਹੈ
18“ਜੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਯਾਦ ਰੱਖੋ ਕਿ ਉਸ ਨੇ ਪਹਿਲਾਂ ਮੈਨੂੰ ਨਫ਼ਰਤ ਕੀਤੀ ਹੈ। 19ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ। ਪਰ ਤੁਸੀਂ ਇਸ ਸੰਸਾਰ ਦੇ ਨਹੀਂ ਹੋ। ਪਰ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ। ਇਸੇ ਕਰਕੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ। 20ਯਾਦ ਰੱਖੋ ਕਿ ਮੈਂ ਤੁਹਾਨੂੰ ਕੀ ਕਿਹਾ ਸੀ, ‘ਇੱਕ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ।’ ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਹਨਾਂ ਨੇ ਮੇਰੇ ਬਚਨਾਂ ਨੂੰ ਮੰਨਿਆ ਤਾਂ ਉਹ ਤੁਹਾਡੇ ਬਚਨਾਂ ਦੀ ਵੀ ਪਾਲਣਾ ਕਰਨਗੇ।#15:20 ਯੋਹ 13:16 21ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਇਹ ਸਭ ਕਰਨਗੇ ਕਿਉਂਕਿ ਲੋਕ ਉਸਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ। 22ਜੇ ਮੈਂ ਇਸ ਸੰਸਾਰ ਵਿੱਚ ਨਾ ਆਇਆ ਹੁੰਦਾ ਅਤੇ ਉਹਨਾਂ ਨਾਲ ਗੱਲਾਂ ਨਾ ਕੀਤੀਆਂ ਹੁੰਦੀਆਂ ਤਾਂ ਉਹ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਹਨਾਂ ਕੋਲ ਆਪਣੇ ਪਾਪਾਂ ਦਾ ਕੋਈ ਬਹਾਨਾ ਨਹੀਂ ਹੈ। 23ਜਿਹੜਾ ਮੈਨੂੰ ਨਫ਼ਰਤ ਕਰਦਾ ਹੈ ਉਹ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24ਜੇ ਮੈਂ ਉਹਨਾਂ ਵਿੱਚਕਾਰ ਉਹ ਕੰਮ ਨਾ ਕੀਤੇ ਹੁੰਦੇ ਜੋ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪ ਲਈ ਦੋਸ਼ੀ ਨਹੀਂ ਹੁੰਦੇ। ਪਰ ਉਹਨਾਂ ਨੇ ਵੇਖਿਆ ਹੈ ਅਤੇ ਫਿਰ ਵੀ ਉਹਨਾਂ ਨੇ ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ। 25ਪਰ ਜੋ ਉਹਨਾਂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਉਹ ਪੂਰਾ ਹੋਇਆ ਹੈ: ‘ਉਹਨਾਂ ਨੇ ਬਿਨਾਂ ਕਾਰਨ ਮੈਨੂੰ ਨਫ਼ਰਤ ਕੀਤੀ।’ ”#15:25 ਜ਼ਬੂ 35:19; 69:4
ਪਵਿੱਤਰ ਆਤਮਾ ਦੇ ਕੰਮ
26ਯਿਸ਼ੂ ਨੇ ਕਿਹਾ, “ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੁਆਰਾ ਤੁਹਾਡੇ ਕੋਲ ਭੇਜਾਂਗਾ। ਉਹ ਸੱਚ ਦਾ ਆਤਮਾ ਜੋ ਪਿਤਾ ਤੋਂ ਆਵੇਗਾ ਉਹ ਮੇਰੇ ਬਾਰੇ ਗਵਾਹੀ ਦੇਵੇਗਾ। 27ਅਤੇ ਤੁਹਾਨੂੰ ਵੀ ਗਵਾਹੀ ਦੇਣੀ ਚਾਹੀਦੀ ਹੈ, ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।”

Seçili Olanlar:

ਯੋਹਨ 15: PMT

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın