ਯੋਹਨ 19

19
ਸਲੀਬੀ ਮੌਤ
1ਤਦ ਪਿਲਾਤੁਸ ਨੇ ਯਿਸ਼ੂ ਨੂੰ ਫੜ ਕੇ ਉਸਨੂੰ ਕੌੜੇ ਮਰਵਾਏ। 2ਸਿਪਾਹੀਆਂ ਨੇ ਕੰਡਿਆ ਦਾ ਤਾਜ ਬਣਵਾ ਕੇ ਉਸ ਦੇ ਸਿਰ ਉੱਤੇ ਪਾਇਆ ਅਤੇ ਉਸਨੂੰ ਬੈਂਗਣੀ ਚੋਲਾ ਪਹਿਨਾਇਆ। 3ਤਾਂ ਸਿਪਾਹੀ ਬਾਰ-ਬਾਰ ਯਿਸ਼ੂ ਕੋਲ ਆ ਕੇ ਉਹਨਾਂ ਦਾ ਮ਼ਜਾਕ ਉਡੋਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” ਅਤੇ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੱਪੜ ਮਾਰੇ।
4ਪਿਲਾਤੁਸ ਨੇ ਫਿਰ ਬਾਹਰ ਨਿਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣੋਂ ਮੈਂ ਉਸ ਦੇ ਵਿੱਚ ਕੋਈ ਦੋਸ਼ ਨਹੀਂ ਪਾਇਆ।” 5ਜਦੋਂ ਯਿਸ਼ੂ ਬਾਹਰ ਆਏ, ਤਾਂ ਉਹਨਾਂ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਅਤੇ ਉਹਨਾਂ ਨੂੰ ਬੈਂਗਣੀ ਚੋਲਾ ਪਹਿਨਾਇਆ ਹੋਇਆ ਸੀ, ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ!”
6ਜਿਵੇਂ ਹੀ ਮੁੱਖ ਜਾਜਕਾਂ ਅਤੇ ਉਹਨਾਂ ਦੇ ਅਧਿਕਾਰੀਆਂ ਨੇ ਉਸਨੂੰ ਵੇਖਿਆ, ਉਹ ਚੀਕਣ ਲੱਗੇ, “ਸਲੀਬ ਦਿਓ! ਸਲੀਬ ਦਿਓ!”
ਪਰ ਪਿਲਾਤੁਸ ਨੇ ਕਿਹਾ, “ਤੁਸੀਂ ਇਸ ਨੂੰ ਲੈ ਜਾਵੋਂ ਅਤੇ ਸਲੀਬ ਦਿਓ ਮੈਨੂੰ ਇਸ ਵਿੱਚ ਕੋਈ ਦੋਸ਼ ਨਹੀਂ ਮਿਲਿਆ।”
7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਕਾਨੂੰਨ ਹੈ ਅਤੇ ਉਸ ਕਾਨੂੰਨ ਅਨੁਸਾਰ ਉਸਨੂੰ ਮਰਨਾ ਪਵੇਗਾ, ਕਿਉਂਕਿ ਉਸ ਨੇ ਪਰਮੇਸ਼ਵਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ।”
8ਜਦੋਂ ਪਿਲਾਤੁਸ ਨੇ ਇਹ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ। 9ਉਹ ਵਾਪਸ ਫਿਰ ਮਹਿਲ ਦੇ ਅੰਦਰ ਚਲਾ ਗਿਆ, “ਅਤੇ ਉਸ ਨੇ ਯਿਸ਼ੂ ਨੂੰ ਪੁੱਛਿਆ, ਤੂੰ ਕਿੱਥੋਂ ਆਇਆ ਹੈ?” ਪਰ ਯਿਸ਼ੂ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ। 10ਪਿਲਾਤੁਸ ਨੇ ਉਸਨੂੰ ਕਿਹਾ, “ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਤੈਨੂੰ ਅਜ਼ਾਦ ਕਰਨ ਦੀ ਅਤੇ ਸਲੀਬ ਦੇਣ ਦੀ?”
11ਯਿਸ਼ੂ ਨੇ ਉੱਤਰ ਦਿੱਤਾ, “ਤੇਰਾ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ ਜੇ ਇਹ ਤੈਨੂੰ ਉੱਪਰੋ ਨਾ ਮਿਲਦਾ, ਇਸ ਲਈ ਜਿਸਨੇ ਮੈਨੂੰ ਤੇਰੇ ਹਵਾਲੇ ਕਰ ਦਿੱਤਾ ਹੈ, ਉਹ ਇੱਕ ਵੱਡੇ ਪਾਪ ਦਾ ਦੋਸ਼ੀ ਹੈ।”
12ਇਸ ਤੋਂ ਬਾਅਦ ਪਿਲਾਤੁਸ ਨੇ ਯਿਸ਼ੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਯਹੂਦੀ ਆਗੂਵੇ ਰੌਲਾ ਪਾ ਰਹੇ ਸਨ, “ਜੇ ਤੁਸੀਂ ਇਸ ਆਦਮੀ ਨੂੰ ਛੱਡੋਗੇ ਤਾਂ ਇਸ ਦਾ ਮਤਲਬ ਤੁਸੀਂ ਕੈਸਰ ਦੇ ਮਿੱਤਰ ਨਹੀਂ ਹੋ, ਜਿਹੜਾ ਵੀ ਵਿਅਕਤੀ ਰਾਜਾ ਹੋਣ ਦਾ ਦਾਅਵਾ ਕਰਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ।”
13ਜਦੋਂ ਪਿਲਾਤੁਸ ਨੇ ਇਹ ਸੁਣਿਆ, ਤਾਂ ਉਹ ਯਿਸ਼ੂ ਨੂੰ ਬਾਹਰ ਲੈ ਆਇਆ, ਅਤੇ ਨਿਆਉਂ ਆਸਨ ਤੇ ਬੈਠ ਗਿਆ ਜਿਸ ਨੂੰ ਪੱਥਰ ਦਾ ਰਸਤਾ ਕਿਹਾ ਜਾਂਦਾ ਹੈ (ਇਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਆਖਿਆ ਜਾਂਦਾ ਹੈ)। 14ਇਹ ਲਗਭਗ ਦੁਪਹਿਰ ਦਾ ਵੇਲਾ ਸੀ ਅਤੇ ਪਸਾਹ ਦੇ ਤਿਉਹਾਰ ਦਾ ਦਿਨ ਸੀ।
ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ।”
15ਯਹੂਦੀਆਂ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ, “ਇਸ ਨੂੰ ਲੈ ਜਾਓ! ਇਸ ਨੂੰ ਲੈ ਜਾਓ! ਇਸ ਨੂੰ ਸਲੀਬ ਦਿਓ!”
ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?”
ਮੁੱਖ ਜਾਜਕਾਂ ਨੇ ਉੱਤਰ ਦਿੱਤਾ, “ਸਾਡਾ ਸਿਰਫ ਇੱਕ ਹੀ ਰਾਜਾ ਹੈ, ਕੈਸਰ।”
16ਫਿਰ ਅੰਤ ਵਿੱਚ ਪਿਲਾਤੁਸ ਨੇ ਯਿਸ਼ੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ।
ਯਿਸ਼ੂ ਨੂੰ ਸਲੀਬ ਉੱਤੇ ਚੜਾਉਣਾ
ਫਿਰ ਸੈਨਿਕ ਯਿਸ਼ੂ ਨੂੰ ਲੈ ਗਏ। 17ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋ਼ਪਰੀ ਦਾ ਸਥਾਨ)। 18ਉੱਥੇ ਉਹਨਾਂ ਨੇ ਯਿਸ਼ੂ ਨੂੰ ਸਲੀਬ ਦਿੱਤੀ, ਉੱਥੇ ਦੋ ਮਨੁੱਖ ਹੋਰ ਵੀ ਸਨ ਜਿਨ੍ਹਾਂ ਨੂੰ ਯਿਸ਼ੂ ਦੇ ਨਾਲ ਸਲੀਬ ਦਿੱਤੀ ਗਈ, ਇੱਕ ਮਨੁੱਖ ਉਹਨਾਂ ਦੇ ਇੱਕ ਪਾਸੇ ਅਤੇ ਦੂਸਰੇ ਉਹਨਾਂ ਦੇ ਦੂਸਰੇ ਪਾਸੇ ਅਤੇ ਯਿਸ਼ੂ ਵਿੱਚਕਾਰ ਸਨ।
19ਪਿਲਾਤੁਸ ਨੇ ਇੱਕ ਪੱਤਰ ਲਿਖਵਾ ਕੇ ਸਲੀਬ ਉੱਪਰ ਲਗਾਇਆ, ਜਿਸ ਉੱਤੇ ਲਿਖਿਆ ਹੋਇਆ ਸੀ,
ਯਿਸ਼ੂ ਨਾਸਰੀ, ਯਹੂਦੀਆਂ ਦਾ ਰਾਜਾ।
20ਇਹ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖਿਆ ਗਿਆ ਸੀ, ਅਤੇ ਬਹੁਤ ਸਾਰੇ ਯਹੂਦੀਆਂ ਨੇ ਇਸ ਪੱਤਰ ਨੂੰ ਪੜ੍ਹਿਆ, ਕਿਉਂਕਿ ਉਹ ਜਗ੍ਹਾ ਜਿੱਥੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ ਸ਼ਹਿਰ ਦੇ ਨੇੜੇ ਸੀ। 21ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਆਖਿਆ ਕਿ, “ਯਹੂਦੀਆਂ ਦਾ ਰਾਜਾ ਨਾ ਲਿਖੋ, ਪਰ ਇਹ ਲਿਖੋ ਕਿ, ਉਸ ਨੇ ਆਖਿਆ, ‘ਮੈਂ ਯਹੂਦੀਆਂ ਦਾ ਰਾਜਾ ਹਾਂ।’ ”
22ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੋ ਮੈਂ ਲਿਖ ਦਿੱਤਾ, ਉਹ ਲਿਖ ਦਿੱਤਾ।”
23ਜਦੋਂ ਸਿਪਾਹੀਆਂ ਨੇ ਯਿਸ਼ੂ ਨੂੰ ਸਲੀਬ ਦਿੱਤੀ ਉਹਨਾਂ ਨੇ ਉਸ ਦੇ ਕੱਪੜੇ ਰੱਖ ਕੇ ਉਹਨਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ, ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ ਸੀ, ਉਹਨਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ, ਇਹ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਇੱਕੋ ਹੀ ਕੱਪੜੇ ਦਾ ਬਣਿਆ ਹੋਇਆ ਸੀ।
24ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਪਾੜਨਾ ਨਹੀਂ ਚਾਹੀਦਾ, ਆਓ ਅਸੀਂ ਆਪਣੇ ਵਿੱਚ ਪਰਚੀਆਂ ਪਾ ਕੇ ਇਹ ਫੈਸਲਾ ਕਰੀਏ ਕਿ ਇਸ ਨੂੰ ਕੌਣ ਪ੍ਰਾਪਤ ਕਰੇਗਾ।”
ਇਹ ਇਸ ਲਈ ਹੋਇਆ ਤਾਂ ਜੋ ਇਹ ਬਚਨ ਪੂਰਾ ਹੋਵੇ,
“ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ,
ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟ ਦੇ ਹਨ।”#19:24 ਜ਼ਬੂ 22:18
ਇਹ ਸਭ ਜੋ ਸਿਪਾਹੀਆਂ ਨੇ ਕੀਤਾ।
25ਯਿਸ਼ੂ ਦੀ ਮਾਤਾ ਉਹਨਾਂ ਦੀ ਸਲੀਬ ਦੇ ਕੋਲ ਖੜ੍ਹੀ ਸੀ, ਉਹਨਾਂ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਗਦਲਾ ਵਾਸੀ ਮਰਿਯਮ ਵੀ ਉੱਥੇ ਖੜ੍ਹੀਆਂ ਸਨ। 26ਜਦੋਂ ਯਿਸ਼ੂ ਨੇ ਆਪਣੀ ਮਾਤਾ ਨੂੰ ਵੇਖਿਆ, ਅਤੇ ਉਹ ਚੇਲਾ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ ਨੇੜੇ ਖੜ੍ਹਾ ਸੀ, ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਾਤਾ ਇਹ ਹੈ ਤੇਰਾ ਪੁੱਤਰ।” 27ਤਦ ਯਿਸ਼ੂ ਨੇ ਆਪਣੇ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ, ਉਸੇ ਸਮੇਂ ਉਹ ਚੇਲਾ ਯਿਸ਼ੂ ਦੀ ਮਾਤਾ ਨੂੰ ਘਰ ਲੈ ਗਿਆ।”
ਯਿਸ਼ੂ ਦੀ ਮੌਤ
28ਇਹ ਜਾਣਦੇ ਹੋਏ ਕਿ ਹੁਣ ਸਭ ਕੁਝ ਪੂਰਾ ਹੋ ਚੁੱਕਾ ਹੈ, ਅਤੇ ਇਸ ਲਈ ਜੋ ਬਚਨ ਪੂਰਾ ਹੋਵੇ, ਯਿਸ਼ੂ ਨੇ ਕਿਹਾ, “ਮੈਂ ਪਿਆਸਾ ਹਾਂ।”#19:28 ਜ਼ਬੂ 22:15; 69:22 29ਉੱਥੇ ਇੱਕ ਸਿਰਕੇ ਦਾ ਭਰਿਆ ਹੋਇਆ ਬਰਤਨ ਸੀ। ਉਹਨਾਂ ਨੇ ਇੱਕ ਸਪੰਜ ਨੂੰ ਉਸ ਸਿਰਕੇ ਵਿੱਚ ਭਿਉਂ ਕੇ ਇੱਕ ਜ਼ੈਫ਼ੇ ਦੇ ਨੇਜ਼ੇ ਨਾਲ ਲਾ ਕੇ ਯਿਸ਼ੂ ਦੇ ਮੂੰਹ ਨੂੰ ਲਾਇਆ। 30ਜਦੋਂ ਯਿਸ਼ੂ ਨੇ ਸਿਰਕੇ ਨੂੰ ਲਿਆ ਤਾਂ ਉਸ ਨੇ ਆਖਿਆ, “ਪੂਰਾ ਹੋਇਆ,” ਅਤੇ ਆਪਣਾ ਸਿਰ ਝੁਕਾ ਕੇ ਆਪਣੀ ਆਤਮਾ ਛੱਡ ਦਿੱਤੀ।
31ਇਹ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਇੱਕ ਖਾਸ ਸਬਤ ਦਾ ਦਿਨ ਹੋਣਾ ਸੀ, ਅਤੇ ਯਹੂਦੀ ਆਗੂਵੇ ਇਹ ਨਹੀਂ ਸਨ ਚਾਹੁੰਦੇ, ਕਿ ਲਾਸ਼ਾਂ ਸਲੀਬ ਦੇ ਉੱਪਰ ਹੀ ਰਹਿਣ, ਉਹਨਾਂ ਨੇ ਪਿਲਾਤੁਸ ਨੂੰ ਕਿਹਾ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਲਾਸ਼ਾਂ ਨੂੰ ਹੇਠਾਂ ਉੱਤਰਿਆ ਜਾਵੇ। 32ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸ਼ੂ ਨਾਲ ਸਲੀਬ ਦਿੱਤੀ ਗਈ ਸੀ ਫਿਰ ਦੂਸਰੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ। 33ਪਰ ਜਦੋਂ ਉਹ ਯਿਸ਼ੂ ਕੋਲ ਆਏ ਤਾਂ ਵੇਖਿਆ ਕਿ ਯਿਸ਼ੂ ਮਰ ਚੁੱਕੇ ਹਨ, ਇਸ ਲਈ ਉਹਨਾਂ ਨੇ ਯਿਸ਼ੂ ਦੀਆਂ ਲੱਤਾਂ ਨਾ ਤੋੜੀਆਂ। 34ਉਹਨਾਂ ਵਿੱਚੋਂ ਇੱਕ ਸਿਪਾਹੀ ਨੇ ਯਿਸ਼ੂ ਦੀ ਵੱਖੀ ਵਿੱਚ ਬਰਛਾ ਮਾਰਿਆ ਉਸੇ ਵਕਤ ਉਸ ਵਿੱਚੋਂ ਲਹੂ ਅਤੇ ਪਾਣੀ ਬਾਹਰ ਆਇਆ। 35ਜਿਸ ਵਿਅਕਤੀ ਨੇ ਇਹ ਵੇਖਿਆ ਉਸ ਨੇ ਗਵਾਹੀ ਦਿੱਤੀ, ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਬੋਲਦਾ ਹੈ, ਅਤੇ ਉਹ ਗਵਾਹੀ ਦਿੰਦਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ। 36ਇਹ ਇਸ ਲਈ ਹੋਇਆ ਤਾਂ ਜੋ ਬਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”#19:36 ਕੂਚ 12:46; ਗਿਣ 9:12; ਜ਼ਬੂ 34:20 37ਅਤੇ ਦੂਸਰਾ ਬਚਨ ਆਖਦਾ ਹੈ, “ਉਹ ਵੇਖਣਗੇ ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਸੀ।”#19:37 ਜ਼ਕ 12:10
ਯਿਸ਼ੂ ਦਾ ਦਫ਼ਨਾਇਆ ਜਾਣਾ
38ਇਸ ਤੋਂ ਬਾਅਦ ਅਰਿਮਥਿਆ ਵਾਸੀ ਦੇ ਯੋਸੇਫ਼ ਨੇ ਪਿਲਾਤੁਸ ਨੂੰ ਯਿਸ਼ੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ, ਕਿਉਂਕਿ ਯੋਸੇਫ਼ ਯਹੂਦੀਆਂ ਤੋਂ ਡਰਦਾ ਸੀ ਉਹ ਯਿਸ਼ੂ ਦਾ ਗੁਪਤ ਚੇਲਾ ਸੀ, ਪਿਲਾਤੁਸ ਨੇ ਉਸ ਨੂੰ ਯਿਸ਼ੂ ਦਾ ਸਰੀਰ ਲੈ ਜਾਣ ਦੀ ਆਗਿਆ ਦਿੱਤੀ ਤਾਂ ਯੋਸੇਫ਼ ਆਇਆ ਅਤੇ ਯਿਸ਼ੂ ਦੀ ਲਾਸ਼ ਨੂੰ ਉੱਥੋਂ ਲੈ ਗਿਆ। 39ਨਿਕੋਦੇਮਾਸ ਯੋਸੇਫ਼ ਦੇ ਨਾਲ ਗਿਆ, ਨਿਕੋਦੇਮਾਸ ਉਹੀ ਸੀ, ਜਿਹੜਾ ਇੱਕ ਵਾਰ ਰਾਤ ਨੂੰ ਯਿਸ਼ੂ ਕੋਲ ਗਿਆ ਸੀ। ਉਹ ਲਗਭਗ ਪੈਂਤੀ ਕਿੱਲੋ ਗੰਧਰਸ ਅਤੇ ਇੱਕ ਲਿਲੀ ਵਰਗੇ ਪੌਦੇ ਦਾ ਮਿਸ਼ਰਨ ਲਿਆਏ। 40ਫਿਰ ਉਹਨਾਂ ਨੇ ਯਿਸ਼ੂ ਦੇ ਸਰੀਰ ਨੂੰ ਲੈ ਕੇ ਉਸਨੂੰ ਸੁਗੰਧ ਨਾਲ ਵਧੀਆ ਕੱਪੜਿਆਂ ਵਿੱਚ ਲਪੇਟਿਆ ਜਿਵੇਂ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਸੀ। 41ਜਿਸ ਜਗ੍ਹਾ ਤੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ ਸੀ, ਅਤੇ ਬਾਗ ਵਿੱਚ ਇੱਕ ਨਵੀਂ ਕਬਰ ਸੀ, ਜਿਸ ਵਿੱਚ ਕਦੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ। 42ਕਿਉਂਕਿ ਇਹ ਯਹੂਦੀਆਂ ਦੇ ਤਿਆਰੀ ਦਾ ਦਿਨ ਸੀ ਅਤੇ ਕਬਰ ਨੇੜੇ ਸੀ, ਇਸ ਲਈ ਉਹਨਾਂ ਨੇ ਯਿਸ਼ੂ ਨੂੰ ਉੱਥੇ ਰੱਖਿਆ।

Seçili Olanlar:

ਯੋਹਨ 19: PMT

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın