ਯੋਹਨ 6
6
ਪੰਜ ਹਜ਼ਾਰ ਨੂੰ ਭੋਜਨ
1ਇਨ੍ਹਾਂ ਗੱਲਾਂ ਤੋਂ ਬਾਅਦ ਯਿਸ਼ੂ ਗਲੀਲ ਦੀ ਝੀਲ ਜੋ ਕਿ ਤਿਬੇਰਿਯਾਸ ਦੀ ਝੀਲ ਹੈ, ਉਸ ਦੇ ਪਾਰ ਗਏ। 2ਅਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਗਏ ਕਿਉਂਕਿ ਉਹਨਾਂ ਨੇ ਯਿਸ਼ੂ ਦੇ ਰੋਗੀਆਂ ਨੂੰ ਚੰਗਾ ਕਰਨ ਦੇ ਚਮਤਕਾਰਾਂ ਨੂੰ ਦੇਖਿਆ ਸੀ। 3ਫਿਰ ਯਿਸ਼ੂ ਪਹਾੜ ਉੱਤੇ ਚੜ੍ਹੇ ਅਤੇ ਆਪਣੇ ਚੇਲਿਆਂ ਨਾਲ ਬੈਠ ਗਏ। 4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ।
5ਜਦੋਂ ਯਿਸ਼ੂ ਨੇ ਇੱਕ ਵੱਡੀ ਭੀੜ ਆਪਣੇ ਵੱਲ ਆਉਂਦੀ ਵੇਖਿਆ ਤਾਂ ਉਹਨਾਂ ਨੇ ਫਿਲਿੱਪਾਸ ਨੂੰ ਪੁੱਛਿਆ, “ਅਸੀਂ ਇਨ੍ਹਾਂ ਲੋਕਾਂ ਦੇ ਖਾਣ ਲਈ ਰੋਟੀ ਕਿੱਥੋਂ ਖਰੀਦ ਸਕਦੇ ਹਾਂ?” 6ਯਿਸ਼ੂ ਨੇ ਫਿਲਿੱਪਾਸ ਨੂੰ ਸਿਰਫ ਪਰਖਣ ਲਈ ਕਿਹਾ, ਕਿਉਂਕਿ ਯਿਸ਼ੂ ਦੇ ਮਨ ਵਿੱਚ ਪਹਿਲਾਂ ਹੀ ਸੀ ਕਿ ਉਹ ਕੀ ਕਰਨ ਵਾਲਾ ਹੈ।
7ਫਿਲਿੱਪਾਸ ਨੇ ਉੱਤਰ ਦਿੱਤਾ, “ਦੋ ਸੌ ਦੀਨਾਰ#6:7 ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਸਾਰਿਆਂ ਨੂੰ ਰੋਟੀ ਦਾ ਟੁਕੜਾ ਨਹੀਂ ਦੇ ਸਕਦੇ।”
8ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਆਂਦਰੇਯਾਸ, ਜੋ ਕਿ ਸ਼ਿਮਓਨ ਪਤਰਸ ਦਾ ਭਰਾ ਸੀ, ਬੋਲਿਆ। 9“ਇੱਥੇ ਇੱਕ ਛੋਟਾ ਬੱਚਾ ਹੈ ਜਿਸ ਕੋਲ ਪੰਜ ਛੋਟੀਆਂ ਜੌਂ ਦੀਆਂ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ, ਪਰ ਕੀ ਉਹ ਇੰਨੇ ਸਾਰੇ ਲੋਕਾਂ ਦੇ ਲਈ ਪੂਰੀਆਂ ਹੋਣਗੀਆਂ?”
10ਯਿਸ਼ੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਅਤੇ ਉਹ ਬੈਠ ਗਏ (ਲਗਭਗ ਪੰਜ ਹਜ਼ਾਰ ਆਦਮੀ ਉੱਥੇ ਸਨ)। 11ਤਦ ਯਿਸ਼ੂ ਨੇ ਰੋਟੀਆਂ ਅਤੇ ਮੱਛੀਆਂ ਲਈਆਂ, ਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਬੈਠੇ ਲੋਕਾਂ ਨੂੰ ਵੰਡ ਦਿੱਤੀਆਂ। ਯਿਸ਼ੂ ਨੇ ਲੋਕਾਂ ਨੂੰ ਦਿੱਤੀਆਂ ਜਿੰਨ੍ਹੀਆਂ ਉਹ ਚਾਹੁੰਦੇ ਸਨ।
12ਜਦੋਂ ਉਹ ਸਾਰੇ ਲੋਕ ਰੱਜ ਗਏ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜੇ ਇਕੱਠੇ ਕਰੋ। ਕੁਝ ਵੀ ਬਰਬਾਦ ਨਾ ਹੋਣ ਦਿਓ।” 13ਇਸ ਲਈ ਚੇਲਿਆਂ ਨੇ ਰੋਟੀਆਂ ਨੂੰ ਇਕੱਠਾ ਕੀਤਾ। ਤਾਂ ਉਹ ਜੌਂ ਦੀਆਂ ਪੰਜ ਰੋਟੀਆਂ ਦੇ ਟੁਕੜੇ ਨਾਲ ਬਾਰਾਂ ਟੋਕਰੀਆਂ ਭਰ ਗਈਆਂ।
14ਜਦੋਂ ਲੋਕਾਂ ਨੇ ਯਿਸ਼ੂ ਦੇ ਕੀਤੇ ਚਮਤਕਾਰ ਨੂੰ ਵੇਖਿਆ, ਤਾਂ ਉਹ ਕਹਿਣ ਲੱਗੇ, “ਸੱਚ-ਮੁੱਚ ਇਹ ਉਹ ਨਬੀ ਹੈ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ।” 15ਯਿਸ਼ੂ ਨੂੰ ਇਹ ਪਤਾ ਲੱਗਾ ਕਿ ਲੋਕ ਉਹਨਾਂ ਨੂੰ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਤਾਂ ਯਿਸ਼ੂ ਉੱਥੋਂ ਇਕੱਲੇ ਹੀ ਪਹਾੜ ਤੇ ਚਲੇ ਗਏ।
ਯਿਸ਼ੂ ਦਾ ਪਾਣੀ ਤੇ ਚੱਲਣਾ
16ਜਦੋਂ ਸ਼ਾਮ ਹੋਈ ਤਾਂ ਉਹਨਾਂ ਦੇ ਚੇਲੇ ਝੀਲ ਤੇ ਗਏ, 17ਜਿੱਥੇ ਉਹ ਕਿਸ਼ਤੀ ਉੱਤੇ ਚੜ੍ਹੇ ਅਤੇ ਝੀਲ ਦੇ ਪਾਰ ਕਫ਼ਰਨਹੂਮ ਲਈ ਚੱਲੇ। ਉੱਥੇ ਅਜੇ ਹਨੇਰਾ ਸੀ, ਅਤੇ ਯਿਸ਼ੂ ਅਜੇ ਉਹਨਾਂ ਕੋਲ ਨਹੀਂ ਪਹੁੰਚੇ ਸਨ। 18ਇੱਕ ਤੇਜ਼ ਹਵਾ ਚੱਲ ਰਹੀ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ। 19ਜਦੋਂ ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਾਂ ਉਹਨਾਂ ਨੇ ਯਿਸ਼ੂ ਨੂੰ ਪਾਣੀ ਉੱਤੇ ਤੁਰਦਿਆਂ ਅਤੇ ਕਿਸ਼ਤੀ ਦੇ ਨੇੜੇ ਆਉਂਦੀਆਂ ਵੇਖਿਆ, ਅਤੇ ਉਹ ਸਾਰੇ ਡਰ ਗਏ। 20ਪਰ ਯਿਸ਼ੂ ਨੇ ਚੇਲਿਆਂ ਨੂੰ ਆਖਿਆ, “ਡਰੋ ਨਾ, ਮੈਂ ਹਾਂ।” 21ਤਦ ਚੇਲੇ ਯਿਸ਼ੂ ਨੂੰ ਕਿਸ਼ਤੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ, ਅਤੇ ਤੁਰੰਤ ਹੀ ਕਿਸ਼ਤੀ ਕਿਨਾਰੇ ਤੇ ਪਹੁੰਚ ਗਈ ਜਿੱਥੇ ਉਹ ਜਾ ਰਹੇ ਸਨ।
22ਅਗਲੇ ਦਿਨ ਜੋ ਲੋਕ ਝੀਲ ਦੇ ਦੂਜੇ ਕੰਡੇ ਤੇ ਠਹਿਰੇ ਸਨ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਇੱਕ ਹੀ ਕਿਸ਼ਤੀ ਸੀ ਅਤੇ ਯਿਸ਼ੂ ਆਪਣੇ ਚੇਲਿਆਂ ਨਾਲ ਉਸ ਵਿੱਚ ਨਹੀਂ ਚੜ੍ਹੇ ਸੀ। ਪਰ ਉਹਨਾਂ ਦੇ ਚੇਲੇ ਹੀ ਉੱਥੋਂ ਇਕੱਲੇ ਚੱਲੇ ਗਏ ਸਨ। 23ਤਦ ਤਿਬੇਰਿਯਾਸ ਦੀਆਂ ਕੁਝ ਕਿਸ਼ਤੀਆਂ ਉਸ ਜਗ੍ਹਾ ਦੇ ਕੋਲ ਪਹੁੰਚਿਆ ਜਿੱਥੇ ਲੋਕਾਂ ਨੇ ਪ੍ਰਭੂ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀ ਖਾਧੀ ਸੀ। 24ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਯਿਸ਼ੂ ਅਤੇ ਉਹਨਾਂ ਦੇ ਚੇਲੇ ਉੱਥੇ ਨਹੀਂ ਹਨ, ਉਹ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸ਼ੂ ਦੀ ਭਾਲ ਕਰਨ ਲਈ ਕਫ਼ਰਨਹੂਮ ਗਏ।
ਯਿਸ਼ੂ ਜੀਵਨ ਦੀ ਰੋਟੀ
25ਜਦੋਂ ਲੋਕਾਂ ਨੇ ਯਿਸ਼ੂ ਨੂੰ ਝੀਲ ਦੇ ਦੂਜੇ ਪਾਸੇ ਪਾਇਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਰੱਬੀ, ਤੁਸੀਂ ਇੱਥੇ ਕਦੋਂ ਆਏ ਸੀ?”
26ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ, ਕਿਉਂਕਿ ਤੁਸੀਂ ਉਹ ਚਮਤਕਾਰ ਵੇਖੇ ਜੋ ਮੈਂ ਕੀਤੇ ਹਨ। ਪਰ ਤੁਸੀਂ ਮੈਨੂੰ ਇਸ ਲਈ ਲੱਭ ਰਹੇ ਹੋ ਕਿਉਂਕਿ ਤੁਸੀਂ ਰੋਟੀਆਂ ਖਾਧੀਆਂ ਸਨ ਅਤੇ ਤੁਸੀਂ ਸਭ ਰੱਜ ਗਏ ਸੀ। 27ਨਾਸ਼ਵਾਨ ਭੋਜਨ ਲਈ ਮਿਹਨਤ ਨਾ ਕਰੋ, ਪਰ ਉਸ ਭੋਜਨ ਲਈ ਮਿਹਨਤ ਕਰੋ ਜੋ ਸਦੀਪਕ ਜੀਵਨ ਤੱਕ ਰਹਿੰਦਾ ਹੈ, ਮਨੁੱਖ ਦਾ ਪੁੱਤਰ ਤੁਹਾਨੂੰ ਉਹ ਭੋਜਨ ਦੇਵੇਗਾ। ਕਿਉਂਕਿ ਪਰਮੇਸ਼ਵਰ ਪਿਤਾ ਨੇ ਉਸ ਉੱਤੇ ਆਪਣੀ ਮੋਹਰ ਲਗਾਈ ਹੈ।”
28ਤਦ ਲੋਕਾਂ ਨੇ ਉਹਨਾਂ ਨੂੰ ਪੁੱਛਿਆ, “ਸਾਨੂੰ ਉਹ ਕੰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਚਾਹੁੰਦੇ ਹਨ?”
29ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦਾ ਕੰਮ ਇਹ ਹੈ: ਜਿਸ ਨੂੰ ਉਸ ਨੇ ਭੇਜਿਆ ਹੈ ਉਸ ਤੇ ਵਿਸ਼ਵਾਸ ਕਰੋ।”
30ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਫਿਰ ਤੁਸੀਂ ਕਿਹੜਾ ਨਿਸ਼ਾਨ ਦੇਵੋਂਗੇ ਕਿ ਅਸੀਂ ਇਸ ਨੂੰ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ? ਤੁਸੀਂ ਕੀ ਕਰੋਗੇ? 31ਸਾਡੇ ਪਿਉ-ਦਾਦਿਆਂ ਨੇ ਉਜਾੜ ਵਿੱਚ ਮੰਨਾ ਖਾਧਾ; ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: ‘ਮੋਸ਼ੇਹ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਖਾਣ ਲਈ ਦਿੱਤੀ।’ ”#6:31 ਕੂਚ 16:4; ਨੇਹੇ 9:15; ਜ਼ਬੂ 78:24,25
32ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਇਹ ਮੋਸ਼ੇਹ ਨਹੀਂ ਹੈ ਜਿਸਨੇ ਤੁਹਾਨੂੰ ਸਵਰਗ ਤੋਂ ਰੋਟੀ ਦਿੱਤੀ ਸੀ, ਪਰ ਇਹ ਮੇਰੇ ਪਿਤਾ ਹਨ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦੇ ਹਨ। 33ਪਰਮੇਸ਼ਵਰ ਦੀ ਰੋਟੀ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34“ਸ਼੍ਰੀਮਾਨ,” ਉਹਨਾਂ ਨੇ ਕਿਹਾ, “ਇਹ ਰੋਟੀ ਸਾਨੂੰ ਹਮੇਸ਼ਾ ਦਿਓ।”
35ਤਦ ਯਿਸ਼ੂ ਨੇ ਕਿਹਾ, “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਵੀ ਮੇਰੇ ਕੋਲ ਆਵੇਗਾ ਉਹ ਕਦੀ ਭੁੱਖਾ ਨਹੀਂ ਰਹੇਗਾ, ਅਤੇ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੇ ਪਿਆਸਾ ਨਹੀਂ ਰਹੇਗਾ। 36ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤੁਸੀਂ ਮੈਨੂੰ ਵੇਖਿਆ ਹੈ ਪਰ ਫਿਰ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ। 37ਕਿਉਂਕਿ ਉਹ ਸਭ ਲੋਕ ਜੋ ਪਿਤਾ ਮੈਨੂੰ ਦਿੰਦੇ ਹਨ ਮੇਰੇ ਕੋਲ ਆਉਣਗੇ, ਅਤੇ ਜੋ ਕੋਈ ਮੇਰੇ ਕੋਲ ਆਉਂਦਾ ਹੈ, ਮੈਂ ਉਸ ਨੂੰ ਕਦੇ ਵਾਪਸ ਨਹੀਂ ਘੱਲਾਂਗਾ। 38ਕਿਉਂਕਿ ਮੈਂ ਸਵਰਗ ਤੋਂ ਆਪਣੀ ਇੱਛਾ ਪੂਰੀ ਕਰਨ ਲਈ ਨਹੀਂ ਆਇਆ, ਸਗੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨ ਆਇਆ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ। 39ਅਤੇ ਉਹਨਾਂ ਦੀ ਇੱਛਾ ਇਹ ਹੈ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਉਹਨਾਂ ਸਭਨਾਂ ਵਿੱਚੋਂ ਇੱਕ ਵੀ ਨਹੀਂ ਗੁਆਵਾਂਗਾ ਜੋ ਉਹਨਾਂ ਨੇ ਮੈਨੂੰ ਦਿੱਤੇ ਹਨ, ਪਰ ਉਹਨਾਂ ਨੂੰ ਅੰਤ ਦੇ ਦਿਨ ਵਿੱਚ ਜ਼ਰੂਰ ਜਿਉਂਦਾ ਕਰਾਂਗਾ। 40ਮੇਰੇ ਪਿਤਾ ਦੀ ਇੱਛਾ ਇਹ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਹੈ ਅਤੇ ਉਹਨਾਂ ਤੇ ਵਿਸ਼ਵਾਸ ਕਰਦਾ ਹੈ, ਉਹ ਸਦੀਪਕ ਜੀਵਨ ਪਾਵੇਗਾ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।”
41ਫੇਰ ਯਹੂਦੀ ਉਹਨਾਂ ਤੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਆਖਿਆ, “ਮੈਂ ਹੀ ਉਹ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42ਯਹੂਦੀਆਂ ਨੇ ਆਖਿਆ, “ਉਹ ਯਿਸ਼ੂ ਜੋ ਯੋਸੇਫ਼ ਦਾ ਪੁੱਤਰ ਹੈ। ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ਮੈਂ ਸਵਰਗੋਂ ਉੱਤਰਿਆ ਹਾਂ।”
43ਪਰ ਯਿਸ਼ੂ ਨੇ ਆਖਿਆ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ। 44ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਸਨੂੰ ਮੇਰੇ ਕੋਲ ਨਹੀਂ ਲਿਆਉਂਦੇ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ। 45ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਪਰਮੇਸ਼ਵਰ ਉਹਨਾਂ ਸਾਰਿਆਂ ਨੂੰ ਸਿਖਾਵੇਗਾ।’#6:45 ਯਸ਼ਾ 54:13 ਹਰ ਕੋਈ ਜਿਹੜਾ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ ਮੇਰੇ ਕੋਲ ਆਉਂਦਾ ਹੈ। 46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ; ਕੇਵਲ ਉਹ ਇੱਕ, ਜਿਹੜਾ ਪਰਮੇਸ਼ਵਰ ਤੋਂ ਆਇਆ ਹੈ, ਉਸ ਨੇ ਪਿਤਾ ਨੂੰ ਵੇਖਿਆ ਹੈ। 47ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ। 48ਮੈਂ ਹੀ ਜੀਵਨ ਦੀ ਰੋਟੀ ਹਾਂ। 49ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਮਰ ਗਏ। 50ਮੈਂ ਉਹ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜੇ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜਿਹੜਾ ਵੀ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਵੇਗਾ। ਇਹ ਰੋਟੀ ਮੇਰਾ ਮਾਸ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਕਿ ਸੰਸਾਰ ਨੂੰ ਜੀਵਨ ਮਿਲੇ।”
52ਫਿਰ ਯਹੂਦੀ ਆਪਸ ਵਿੱਚ ਬਹਿਸ ਕਰਨ ਲੱਗੇ ਕਿ, “ਇਹ ਆਦਮੀ ਸਾਨੂੰ ਆਪਣਾ ਮਾਸ ਖਾਣ ਲਈ ਕਿਵੇਂ ਦੇ ਸਕਦਾ ਹੈ?”
53ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਂਦੇ ਅਤੇ ਉਸ ਦਾ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ। 54ਜਿਹੜਾ ਕੋਈ ਵੀ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ। 55ਕਿਉਂਕਿ ਮੇਰਾ ਮਾਸ ਅਸਲ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਦੀ ਵਸਤੂ ਹੈ। 56ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ। 57ਜਿਵੇਂ ਕਿ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ, ਇਸ ਲਈ ਜੋ ਕੋਈ ਮੈਨੂੰ ਖਾਂਦਾ ਹੈ ਉਹ ਮੇਰੇ ਕਾਰਨ ਜੀਵੇਗਾ। 58ਇਹ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ। ਤੁਹਾਡੇ ਪਿਉ-ਦਾਦਿਆਂ ਨੇ ਮੰਨਾ ਖਾਧਾ ਅਤੇ ਮਰ ਗਏ, ਪਰ ਜਿਹੜਾ ਕੋਈ ਵੀ ਇਸ ਰੋਟੀ ਨੂੰ ਖਾਦਾਂ ਹੈ ਉਹ ਸਦਾ ਜੀਵੇਗਾ।” 59ਯਿਸ਼ੂ ਨੇ ਇਹ ਗੱਲਾਂ ਕਫ਼ਰਨਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦਿੰਦੇ ਹੋਏ ਆਖੀਆਂ।
ਬਹੁਤੇ ਚੇਲਿਆਂ ਦਾ ਯਿਸ਼ੂ ਨੂੰ ਛੱਡਣਾ
60ਇਹ ਸੁਣ ਕੇ ਉਹਨਾਂ ਦੇ ਬਹੁਤ ਸਾਰੇ ਚੇਲਿਆਂ ਨੇ ਕਿਹਾ, “ਇਹ ਸਖ਼ਤ ਉਪਦੇਸ਼ ਹੈ। ਕੌਣ ਇਸ ਨੂੰ ਸਵੀਕਾਰ ਕਰ ਸਕਦਾ ਹੈ?”
61ਯਿਸ਼ੂ ਨੂੰ ਇਹ ਪਤਾ ਲੱਗ ਗਿਆ ਕਿ ਉਹਨਾਂ ਦੇ ਚੇਲੇ ਇਹ ਸੁਣ ਕੇ ਬੁੜ-ਬੁੜ ਕਰ ਰਹੇ ਹਨ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਹ ਉਪਦੇਸ਼ ਪਰੇਸ਼ਾਨ ਕਰ ਰਿਹਾ ਹੈ? 62ਫਿਰ ਤਾਂ ਤੁਸੀਂ ਹੋਰ ਵੀ ਪਰੇਸ਼ਾਨ ਹੋਵੋਂਗੇ ਜਦੋਂ ਮਨੁੱਖ ਦੇ ਪੁੱਤਰ ਨੂੰ ਸਵਰਗ ਜਾਂਦੀਆਂ ਵੇਖੋਂਗੇ ਜਿੱਥੇ ਉਹ ਪਹਿਲਾਂ ਸੀ! 63ਕੇਵਲ ਆਤਮਾ ਹੀ ਸਦੀਪਕ ਜੀਵਨ ਦਿੰਦਾ ਹੈ। ਮਨੁੱਖੀ ਕੋਸ਼ਿਸ਼ ਕੁਝ ਵੀ ਨਹੀਂ ਕਰ ਸਕਦੀ ਅਤੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਬੋਲੀਆਂ ਹਨ ਉਹ ਆਤਮਾ ਅਤੇ ਜੀਵਨ ਹਨ। 64ਪਰ ਤੁਹਾਡੇ ਵਿੱਚੋਂ ਕੁਝ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ।” ਕਿਉਂਕਿ ਯਿਸ਼ੂ ਸ਼ੁਰੂ ਤੋਂ ਜਾਣਦੇ ਸਨ ਕਿ ਕਿਹੜਾ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ, ਅਤੇ ਕੌਣ ਉਹਨਾਂ ਨੂੰ ਫੜ੍ਹਵਾਏਗਾ। 65ਫੇਰ ਯਿਸ਼ੂ ਨੇ ਕਿਹਾ, “ਇਸੇ ਲਈ ਮੈਂ ਕਿਹਾ ਸੀ ਕਿ ਲੋਕ ਮੇਰੇ ਕੋਲ ਉਦੋਂ ਤੱਕ ਨਹੀਂ ਆ ਸਕਦੇ ਜਦੋਂ ਤੱਕ ਪਿਤਾ ਉਹਨਾਂ ਨੂੰ ਮੇਰੇ ਕੋਲ ਨਾ ਭੇਜੇ।”
66ਇਸ ਤੋਂ ਪਿੱਛੋਂ ਯਿਸ਼ੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਫਿਰ ਕਦੇ ਉਹ ਉਹਨਾਂ ਦੇ ਨਾਲ ਨਾ ਗਏ।
67ਤਦ ਯਿਸ਼ੂ ਬਾਰਾਂ ਚੇਲਿਆਂ ਵੱਲ ਮੁੜੇ ਅਤੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਵੀ ਛੱਡ ਕੇ ਜਾਣਾ ਚਾਹੁੰਦੇ ਹੋ?”
68ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ। 69ਅਸੀਂ ਵਿਸ਼ਵਾਸ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਹੀ ਪਰਮੇਸ਼ਵਰ ਦੇ ਪਵਿੱਤਰ ਮਨੁੱਖ ਹੋ।”
70ਤਦ ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰਾਂ ਨੂੰ ਚੁਣਿਆ ਹੈ, ਪਰ ਫਿਰ ਵੀ ਤੁਹਾਡੇ ਵਿੱਚੋਂ ਇੱਕ ਦੁਸ਼ਟ ਹੈ।” 71ਯਿਸ਼ੂ ਬਾਰਾਂ ਵਿੱਚੋਂ ਇੱਕ ਸ਼ਿਮਓਨ ਕਾਰਿਯੋਤ ਵਾਸੀ ਦੇ ਪੁੱਤਰ ਯਹੂਦਾਹ ਬਾਰੇ ਗੱਲ ਕਰ ਰਹੇ ਸੀ ਜੋ ਕਿ ਬਾਅਦ ਵਿੱਚ ਉਹਨਾਂ ਨੂੰ ਫੜ੍ਹਵਾਉਣ ਵਾਲਾ ਸੀ।
Seçili Olanlar:
ਯੋਹਨ 6: PMT
Vurgu
Paylaş
Kopyala
Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.