ਯੋਹਨ 8
8
1 ਅਤੇ ਯਿਸ਼ੂ ਜ਼ੈਤੂਨ ਦੇ ਪਹਾੜ ਤੇ ਚੱਲੇ ਗਏ।
2 ਅਗਲੇ ਦਿਨ ਸਵੇਰ ਨੂੰ ਯਿਸ਼ੂ ਫਿਰ ਹੈਕਲ ਵਿੱਚ ਗਏ। ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ, ਯਿਸ਼ੂ ਉਹਨਾਂ ਨੂੰ ਉਪਦੇਸ਼ ਦੇਣ ਲੱਗੇ। 3ਜਦੋਂ ਉਹ ਬੋਲ ਰਹੇ ਸੀ, ਧਰਮ ਗ੍ਰੰਥੀ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜੋ ਕਿ ਵਿਭਚਾਰ ਕਰਦੀ ਫੜੀ ਗਈ ਸੀ। ਉਹਨਾਂ ਨੇ ਉਸ ਔਰਤ ਨੂੰ ਭੀੜ ਦੇ ਵਿੱਚਕਾਰ ਖੜ੍ਹੀ ਕਰ ਦਿੱਤਾ। 4ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ। 5ਬਿਵਸਥਾ ਵਿੱਚ ਮੋਸ਼ੇਹ ਨੇ ਸਾਨੂੰ ਇਹ ਆਗਿਆ ਦਿੱਤੀ ਸੀ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਨਾਲ ਮਾਰ ਦਿੱਤਾ ਜਾਵੇ। ਪਰ ਹੁਣ ਤੁਸੀਂ ਕੀ ਕਹਿੰਦੇ ਹੋ?” 6ਧਰਮ ਗ੍ਰੰਥੀ ਅਤੇ ਫ਼ਰੀਸੀ ਯਿਸ਼ੂ ਨੂੰ ਇਹ ਸਵਾਲ ਇਸ ਲਈ ਪੁੱਛ ਰਹੇ ਸਨ ਤਾਂ ਕਿ ਉਹ ਉਹਨਾਂ ਉੱਤੇ ਦੋਸ਼ ਲਾਉਣ।
ਪਰ ਯਿਸ਼ੂ ਝੁਕੇ ਅਤੇ ਉਹਨਾਂ ਨੇ ਆਪਣੀ ਉਂਗਲ ਨਾਲ ਜ਼ਮੀਨ ਤੇ ਲਿਖਣਾ ਸ਼ੁਰੂ ਕਰ ਦਿੱਤਾ। 7ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸਨੂੰ ਪਹਿਲਾਂ ਪੱਥਰ ਮਾਰੇ।” 8ਉਹ ਫਿਰ ਹੇਠਾਂ ਝੁਕੇ ਅਤੇ ਜ਼ਮੀਨ ਤੇ ਲਿਖਣ ਲੱਗੇ।
9 ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਇੱਕ-ਇੱਕ ਕਰਕੇ ਸਾਰੇ ਚੱਲੇ ਗਏ, ਉਹਨਾਂ ਵਿੱਚੋਂ ਬਜ਼ੁਰਗ ਪਹਿਲਾਂ ਗਏ। ਕੇਵਲ ਯਿਸ਼ੂ ਅਤੇ ਉਹ ਔਰਤ ਉੱਥੇ ਰਹਿ ਗਏ। 10ਯਿਸ਼ੂ ਨੇ ਸਿੱਧਾ ਹੋ ਕੇ ਉਸ ਔਰਤ ਨੂੰ ਪੁੱਛਿਆ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”
11 ਔਰਤ ਨੇ ਕਿਹਾ, “ਕਿਸੇ ਨੇ ਵੀ ਨਹੀਂ ਸ਼੍ਰੀਮਾਨ ਜੀ।”
ਯਿਸ਼ੂ ਨੇ ਆਖਿਆ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਵਾਂਗਾ। “ਹੁਣ ਜਾਂ ਅਤੇ ਫਿਰ ਪਾਪ ਨਾ ਕਰੀ।” # 8:11 ਕੁਝ ਪੁਰਾਣੀਆਂ ਲਿਖਤਾਂ ਵਿੱਚ ਇਹ ਲਿਖਿਆ ਨਹੀਂ ਹੋਇਆ।
ਯਿਸ਼ੂ ਦੀ ਗਵਾਹੀ ਤੇ ਵਿਵਾਦ
12ਯਿਸ਼ੂ ਨੇ ਇੱਕ ਵਾਰ ਫਿਰ ਲੋਕਾਂ ਨੂੰ ਕਿਹਾ, “ਮੈਂ ਜਗਤ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਪਿੱਛੇ ਆਉਂਦਾ ਹੈ ਉਹ ਕਦੀ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
13ਫ਼ਰੀਸੀਆਂ ਨੇ ਜਵਾਬ ਦਿੱਤਾ, “ਤੁਸੀਂ ਆਪਣੇ ਬਾਰੇ ਇਹ ਗਵਾਹੀ ਦੇ ਰਹੇ ਹੋ! ਅਜਿਹੀ ਗਵਾਹੀ ਸੱਚੀ ਨਹੀਂ ਹੈ।”
14ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਫਿਰ ਵੀ ਮੇਰੀ ਗਵਾਹੀ ਸੱਚੀ ਹੈ। ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾ ਰਿਹਾ ਹਾਂ, ਪਰ ਤੁਸੀਂ ਮੇਰੇ ਬਾਰੇ ਇਹ ਨਹੀਂ ਜਾਣਦੇ। 15ਤੁਸੀਂ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16ਅਤੇ ਜੇ ਮੈਂ ਕਿਸੇ ਦਾ ਨਿਆਂ ਕਰਾ ਤਾਂ ਮੇਰਾ ਨਿਆਂ ਸੱਚਾ ਹੋਵੇਗਾ। ਕਿਉਂਕਿ ਮੈਂ ਇਕੱਲਾ ਨਹੀਂ ਹਾਂ। ਉਹ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹਨ। 17ਤੁਹਾਡੀ ਆਪਣੀ ਬਿਵਸਥਾ ਕਹਿੰਦੀ ਹੈ ਕਿ ਜੇ ਦੋ ਲੋਕ ਕਿਸੇ ਗੱਲ ਬਾਰੇ ਸਹਿਮਤ ਹੋਣ ਤਾਂ ਉਹਨਾਂ ਦੀ ਗਵਾਹੀ ਨੂੰ ਸੱਚ ਮੰਨ ਲਿਆ ਜਾਂਦਾ ਹੈ। 18ਮੈਂ ਇੱਕ ਗਵਾਹ ਹਾਂ ਅਤੇ ਮੇਰਾ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਮੇਰੀ ਗਵਾਹੀ ਦਿੰਦੇ ਹਨ।”
19ਉਹਨਾਂ ਨੇ ਪੁੱਛਿਆ, “ਤੁਹਾਡਾ ਪਿਤਾ ਕਿੱਥੇ ਹਨ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਨਾ ਮੈਨੂੰ ਜਾਣਦੇ ਹੋ ਅਤੇ ਨਾ ਮੇਰੇ ਪਿਤਾ ਨੂੰ। ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।” 20ਯਿਸ਼ੂ ਨੇ ਇਹ ਗੱਲਾਂ ਉਸ ਸਮੇਂ ਆਖੀਆਂ ਜਦੋਂ ਉਹ ਮੰਦਰ ਵਿੱਚ ਉਪਦੇਸ਼ ਦੇ ਰਹੇ ਸੀ ਉਸ ਜਗ੍ਹਾ ਦੇ ਨੇੜੇ, ਜਿੱਥੇ ਚੜ੍ਹਾਵੇ ਚੜਾਏ ਜਾਂਦੇ ਸਨ। ਪਰ ਫਿਰ ਵੀ ਉਹਨਾਂ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਿਆ, ਕਿਉਂਕਿ ਉਹਨਾਂ ਦਾ ਸਮਾਂ ਅਜੇ ਨਹੀਂ ਆਇਆ ਸੀ।
ਅਵਿਸ਼ਵਾਸੀਆਂ ਲਈ ਚੇਤਾਵਨੀ
21ਇੱਕ ਵਾਰੀ ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ, ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪ ਵਿੱਚ ਮਰ ਜਾਵੋਂਗੇ। ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
22ਯਹੂਦੀ ਅਧਿਕਾਰੀਆਂ ਨੇ ਇਹ ਪੁੱਛਿਆ, “ਕੀ ਉਹ ਆਪਣੇ ਆਪ ਨੂੰ ਮਾਰ ਦੇਵੇਗਾ? ਕੀ ਇਹੀ ਕਾਰਨ ਹੈ ਕਿ ਉਹ ਕਹਿੰਦਾ ਹੈ, ‘ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਨਹੀਂ ਆ ਸਕਦੇ?’ ”
23ਪਰ ਯਿਸ਼ੂ ਨੇ ਕਿਹਾ, “ਤੁਸੀਂ ਹੇਠਾਂ ਦੇ ਹੋ; ਪਰ ਮੈਂ ਉੱਪਰ ਦਾ ਹਾਂ ਤੁਸੀਂ ਇਸ ਦੁਨੀਆਂ ਦੇ ਹੋ; ਮੈਂ ਇਸ ਦੁਨੀਆਂ ਦਾ ਨਹੀਂ ਹਾਂ। 24ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਉਹੀ ਹਾਂ, ਤਾਂ ਤੁਸੀਂ ਸੱਚ-ਮੁੱਚ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”
25ਫਿਰ ਉਹਨਾਂ ਨੇ ਪੁੱਛਿਆ। “ਤੁਸੀਂ ਕੌਣ ਹੋ?”
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸ਼ੁਰੂ ਤੋਂ ਕੀ ਆਖਦਾ ਆ ਰਿਹਾ ਹਾਂ? 26ਮੇਰੇ ਕੋਲ ਬਹੁਤ ਕੁਝ ਹੈ ਤੁਹਾਡੇ ਬਾਰੇ ਵਿੱਚ ਕਹਿਣ ਲਈ ਅਤੇ ਨਿਆਂ ਕਰਨ ਲਈ। ਪਰ ਉਹ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਭਰੋਸੇਯੋਗ ਹਨ, ਅਤੇ ਜੋ ਮੈਂ ਉਹਨਾਂ ਕੋਲੋਂ ਸੁਣਿਆ ਹੈ, ਉਹ ਮੈਂ ਦੁਨੀਆਂ ਨੂੰ ਦੱਸਦਾ ਹਾਂ।”
27ਚੇਲੇ ਇਹ ਨਾ ਸਮਝ ਸਕੇ ਕਿ ਉਹ ਉਹਨਾਂ ਨੂੰ ਆਪਣੇ ਪਿਤਾ ਬਾਰੇ ਦੱਸ ਰਹੇ ਸੀ। 28ਤਦ ਯਿਸ਼ੂ ਨੇ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਲੀਬ ਤੇ ਉੱਚਾ ਚੁੱਕੋਗੇ, ਤਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਹਾਂ ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ ਪਰ ਜੋ ਕੁਝ ਪਿਤਾ ਨੇ ਮੈਨੂੰ ਸਿਖਾਇਆ ਹੈ ਉਹੀ ਬੋਲਦਾ ਹਾਂ। 29ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਹ ਮੇਰੇ ਨਾਲ ਹਨ। ਉਹਨਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹਨਾਂ ਨੂੰ ਪਸੰਦ ਹੈ।” 30ਜਦੋਂ ਉਹ ਬੋਲ ਰਹੇ ਸੀ, ਬਹੁਤ ਸਾਰੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ।
ਮਸੀਹ ਯਿਸ਼ੂ ਅਤੇ ਅਬਰਾਹਾਮ, ਪਰਮੇਸ਼ਵਰ ਦੀ ਅਸਲੀ ਔਲਾਦ
31ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਸੀ ਕਿਹਾ, “ਜੇ ਤੁਸੀਂ ਮੇਰੀ ਸਿੱਖਿਆ ਨੂੰ ਮੰਨੋਂਗੇ, ਤਾਂ ਤੁਸੀਂ ਸੱਚ-ਮੁੱਚ ਮੇਰੇ ਚੇਲੇ ਹੋ। 32ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰ ਦੇਵੇਗਾ।”
33ਉਹਨਾਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਔਲਾਦ ਹਾਂ ਅਤੇ ਕਦੇ ਕਿਸੇ ਦੇ ਗੁਲਾਮ ਨਹੀਂ ਰਹੇ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਨੂੰ ਅਜ਼ਾਦ ਕਰ ਦਿੱਤਾ ਜਾਵੇਗਾ?”
34ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਵਿਅਕਤੀ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ। 35ਇੱਕ ਨੌਕਰ ਦਾ ਹਮੇਸ਼ਾ ਪਰਿਵਾਰ ਵਿੱਚ ਕੋਈ ਸਥਾਨ ਨਹੀਂ ਹੁੰਦਾ, ਪਰ ਇੱਕ ਪੁੱਤਰ ਸਦਾ ਲਈ ਰਹਿੰਦਾ ਹੈ। 36ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਅਜ਼ਾਦ ਹੋ ਜਾਵੋਂਗੇ। 37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਔਲਾਦ ਹੋ। ਫਿਰ ਵੀ ਤੁਸੀਂ ਮੈਨੂੰ ਮਾਰਨ ਦਾ ਰਾਹ ਲੱਭ ਰਹੇ ਹੋ, ਕਿਉਂਕਿ ਤੁਹਾਡੇ ਕੋਲ ਮੇਰੇ ਉਪਦੇਸ਼ ਲਈ ਕੋਈ ਜਗ੍ਹਾ ਨਹੀਂ ਹੈ। 38ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੁਝ ਮੈਂ ਆਪਣੇ ਪਿਤਾ ਦੀ ਹਾਜ਼ਰੀ ਵਿੱਚ ਵੇਖਿਆ ਹੈ, ਮੈਂ ਉਹੀ ਕਰ ਰਿਹਾ ਹਾਂ ਅਤੇ ਤੁਸੀਂ ਉਹ ਕਰ ਰਹੇ ਹੋ ਜੋ ਕੁਝ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ।”
39ਉਹਨਾਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।”
ਯਿਸ਼ੂ ਨੇ ਕਿਹਾ, “ਜੇ ਤੁਸੀਂ ਅਬਰਾਹਾਮ ਦੀ ਔਲਾਦ ਹੁੰਦੇ ਤਾਂ ਤੁਸੀਂ ਉਹੀ ਕਰਦੇ ਜੋ ਅਬਰਾਹਾਮ ਨੇ ਕੀਤਾ। 40ਤੁਸੀਂ ਤਾਂ ਮੈਨੂੰ ਮਾਰਨ ਲਈ ਲੱਭ ਰਹੇ ਹੋ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਿਆ ਹੈ, ਜੋ ਮੈਂ ਪਰਮੇਸ਼ਵਰ ਵੱਲੋਂ ਸੁਣਿਆ ਹੈ। ਅਬਰਾਹਾਮ ਨੇ ਅਜਿਹੀਆਂ ਚੀਜ਼ਾਂ ਕਦੇ ਨਹੀਂ ਕੀਤੀਆਂ। 41ਤੁਸੀਂ ਆਪਣੇ ਪਿਤਾ ਦੇ ਕੰਮ ਕਰ ਰਹੇ ਹੋ।”
ਇਸ ਲਈ ਉਹਨਾਂ ਨੇ ਵਿਰੋਧ ਕੀਤਾ, “ਅਸੀਂ ਨਾਜਾਇਜ਼ ਬੱਚੇ ਨਹੀਂ ਹਾਂ। ਸਾਡਾ ਇੱਕ ਹੀ ਪਿਤਾ ਹੈ ਉਹ ਆਪ ਪਰਮੇਸ਼ਵਰ ਹੈ।”
42ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਪਰਮੇਸ਼ਵਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ; ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ। 43ਤੁਸੀਂ ਮੇਰੀਆਂ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਹੋ? ਕਿਉਂਕਿ ਤੁਸੀਂ ਉਹ ਸੁਣਨ ਦੇ ਯੋਗ ਨਹੀਂ ਹੋ ਜੋ ਮੈਂ ਕਹਿੰਦਾ ਹਾਂ। 44ਤੁਸੀਂ ਆਪਣੇ ਪਿਤਾ ਦੁਸ਼ਟ ਦੇ ਹੋ, ਅਤੇ ਤੁਸੀਂ ਆਪਣੇ ਪਿਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਕਿਉਂਕਿ ਉਹ ਸ਼ੁਰੂ ਤੋਂ ਹੀ ਕਾਤਲ ਸੀ ਅਤੇ ਉਸ ਸੱਚਾਈ ਤੇ ਖੜ੍ਹਾ ਨਹੀਂ ਰਹਿੰਦਾ। ਕਿਉਂਕਿ ਉਸ ਵਿੱਚ ਸੱਚਾਈ ਨਹੀਂ ਹੈ। ਜਦੋਂ ਉਹ ਝੂਠ ਬੋਲਦਾ ਹੈ, ਤਾਂ ਉਹ ਆਪਣੇ ਸੁਭਾਉ ਦੇ ਕਾਰਨ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਤਾ ਹੈ। 45ਕਿਉਂਕਿ ਮੈਂ ਸੱਚ ਆਖਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ! 46ਕੀ ਤੁਹਾਡੇ ਵਿੱਚੋਂ ਕੋਈ ਮੈਨੂੰ ਪਾਪੀ ਸਾਬਤ ਕਰ ਸਕਦਾ ਹੈ? ਜੇ ਮੈਂ ਸੱਚ ਦੱਸ ਰਿਹਾ ਹਾਂ, ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? 47ਜਿਹੜਾ ਵਿਅਕਤੀ ਪਰਮੇਸ਼ਵਰ ਦਾ ਹੈ ਉਹ ਬਚਨ ਸੁਣਦਾ ਹੈ ਜੋ ਕੁਝ ਪਰਮੇਸ਼ਵਰ ਆਖਦਾ ਹੈ। ਤੁਸੀਂ ਇਸ ਲਈ ਬਚਨ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਨਹੀਂ ਹੋ।”
ਯਿਸ਼ੂ ਦਾ ਆਪਣੇ ਬਾਰੇ ਦਾਅਵਾ
48ਯਹੂਦੀਆਂ ਨੇ ਉੱਤਰ ਦਿੱਤਾ, “ਕੀ ਅਸੀਂ ਇਹ ਸਹੀ ਨਹੀਂ ਕਹਿ ਰਹੇ ਕਿ ਤੁਸੀਂ ਸਾਮਰਿਯਾ ਵਾਸੀ ਹੋ ਅਤੇ ਤੁਹਾਡੇ ਵਿੱਚ ਇੱਕ ਭੂਤ ਹੈ?”
49ਯਿਸ਼ੂ ਨੇ ਕਿਹਾ, “ਮੇਰੇ ਵਿੱਚ ਕੋਈ ਭੂਤ ਨਹੀਂ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50ਮੈਂ ਆਪਣੀ ਵਡਿਆਈ ਨਹੀਂ ਕਰਨਾ ਚਾਹੁੰਦਾ; ਪਰ ਇੱਕ ਹੈ ਜੋ ਉਸਨੂੰ ਭਾਲਦਾ ਹੈ, ਅਤੇ ਉਹ ਨਿਆਂ ਕਰਦਾ ਹੈ। 51ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਮੇਰੇ ਬਚਨਾਂ ਤੇ ਚੱਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।”
52ਯਹੂਦੀਆਂ ਨੇ ਕਿਹਾ, “ਹੁਣ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਭੂਤ ਹੈ! ਅਬਰਾਹਾਮ ਮਰ ਗਏ ਅਤੇ ਇਸੇ ਤਰ੍ਹਾਂ ਨਬੀ ਵੀ, ਪਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਮੇਰੇ ਬਚਨਾਂ ਤੇ ਚਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ। 53ਕੀ ਤੁਸੀਂ ਸਾਡੇ ਪਿਤਾ ਅਬਰਾਹਾਮ ਤੋਂ ਵੱਡੇ ਹੋ? ਉਹ ਮਰ ਗਏ, ਅਤੇ ਇਸੇ ਤਰ੍ਹਾਂ ਨਬੀ ਵੀ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?”
54ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਆਪਣੀ ਵਡਿਆਈ ਕਰਦਾ ਹਾਂ, ਤਾਂ ਮੇਰੀ ਵਡਿਆਈ ਕੁਝ ਵੀ ਨਹੀਂ। ਮੇਰੇ ਪਿਤਾ, ਜਿਨ੍ਹਾਂ ਨੂੰ ਤੁਸੀਂ ਆਪਣਾ ਪਰਮੇਸ਼ਵਰ ਆਖਦੇ ਹੋ, ਉਹ ਮੇਰੀ ਵਡਿਆਈ ਕਰਦੇ ਹਨ। 55ਪਰ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਮੈਂ ਉਹਨਾਂ ਨੂੰ ਜਾਣਦਾ ਹਾਂ। ਜੇ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ, ਤਾਂ ਮੈਂ ਤੁਹਾਡੇ ਤਰ੍ਹਾਂ ਝੂਠਾ ਠਹਿਰਾਂਗਾ, ਪਰ ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹਨਾਂ ਦੇ ਬਚਨਾਂ ਨੂੰ ਮੰਨਦਾ ਹਾਂ। 56ਤੁਹਾਡੇ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਬਾਰੇ ਸੋਚ ਕੇ ਖੁਸ਼ ਸੀ; ਉਹਨਾਂ ਨੇ ਇਹ ਵੇਖਿਆ ਅਤੇ ਖੁਸ਼ ਹੋਏ।”
57ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਤੂੰ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ, ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ!”
58ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ!” 59ਇਹ ਸੁਣ ਕੇ ਉਹਨਾਂ ਨੇ ਯਿਸ਼ੂ ਨੂੰ ਮਾਰਨ ਲਈ ਪੱਥਰ ਚੁੱਕੇ। ਪਰ ਯਿਸ਼ੂ ਆਪਣੇ ਆਪ ਨੂੰ ਬਚਾਉਂਦੇ ਹੋਏ ਹੈਕਲ ਵਿੱਚੋਂ ਬਾਹਰ ਆ ਗਏ।
Seçili Olanlar:
ਯੋਹਨ 8: PMT
Vurgu
Paylaş
Kopyala
Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.