ਮੱਤੀਯਾਹ 6

6
ਲੋੜਵੰਦਾ ਨੂੰ ਦਾਨ ਦੇਣਾ
1“ਸਾਵਧਾਨ ਤੁਸੀਂ ਆਪਣੇ ਧਰਮ ਦੇ ਕੰਮਾਂ ਨੂੰ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ। ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੋਈ ਵੀ ਫਲ ਪ੍ਰਾਪਤ ਨਹੀਂ ਕਰੋਗੇ।
2“ਇਸ ਲਈ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ, ਤਾਂ ਰਸਤਿਆ ਵਿੱਚ ਆਪਣੇ ਅੱਗੇ ਤੁਰ੍ਹੀ ਵਜ਼ਾ ਕੇ ਚਰਚਾ ਨਾ ਕਰੋ, ਜਿਸ ਤਰ੍ਹਾ ਪਖੰਡੀ ਪ੍ਰਾਰਥਨਾ ਸਥਾਨਾਂ ਅਤੇ ਰਸਤਿਆ ਵਿੱਚ ਕਰਦੇ ਹਨ ਤਾਂ ਜੋ ਲੋਕ ਉਹਨਾਂ ਦੀ ਪ੍ਰਸੰਸਾ ਕਰਨ। ਮੈਂ ਤੁਹਾਨੂੰ ਸੱਚ ਆਖਦਾ, ਉਨ੍ਹਾਂ ਨੇ ਆਪਣਾ ਫਲ ਪਾ ਲਿਆ ਹੈ। 3ਪਰ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ ਤਾਂ ਜੋ ਕੁਝ ਤੁਹਾਡੇ ਸੱਜੇ ਹੱਥ ਵਿੱਚ ਹੈ ਤੁਹਾਡੇ ਖੱਬੇ ਹੱਥ ਨੂੰ ਪਤਾ ਨਾ ਚੱਲੇ। ਕਿ ਤੁਹਾਡਾ ਸੱਜਾ ਕੀ ਹੱਥ ਕਰ ਰਿਹਾ ਹੈ। 4ਤੁਹਾਡਾ ਦਾਨ ਗੁਪਤ ਵਿੱਚ ਹੋਵੇ। ਤਾਂ ਜੋ ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਹੈ ਤੁਹਾਨੂੰ ਇਨਾਮ ਦੇਵੇ।
ਪ੍ਰਾਰਥਨਾ
5“ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਪਖੰਡੀਆਂ ਦੀ ਤਰ੍ਹਾ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਸਥਾਨਾਂ ਅਤੇ ਚੌਕਾ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਜੋ ਲੋਕ ਉਹਨਾਂ ਨੂੰ ਦੇਖਣ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ। 6ਪਰ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਅੰਦਰਲੇ ਕਮਰੇ ਵਿੱਚ ਜਾ ਕੇ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ, ਜਿਹੜਾ ਗੁਪਤ ਹੈ, ਤਾਂ ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਉਹ ਤੁਹਾਨੂੰ ਫਲ ਦੇਵੇਗਾ। 7ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਵਿਅਰਥ ਸ਼ਬਦ ਨਾ ਦੁਹਰਾਓ, ਜਿਵੇਂ ਪਰਾਈਆਂ ਕੌਮਾਂ ਦੇ ਲੋਕ ਕਰਦੇ ਹਨ ਕਿਉਂਕਿ ਉਹਨਾਂ ਦਾ ਵਿਚਾਰ ਹੈ ਕਿ ਜ਼ਿਆਦਾ ਬੋਲਣ ਨਾਲ ਸਾਡੀ ਪ੍ਰਾਰਥਨਾ ਸੁਣੀ ਜਾਵੇਗੀ। 8ਇਸ ਲਈ ਤੁਸੀਂ ਉਹਨਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹੈ।
9“ਇਸ ਲਈ ਤੁਸੀਂ ਇਸ ਪ੍ਰਕਾਰ ਪ੍ਰਾਰਥਨਾ ਕਰੋ:
“ ‘ਹੇ ਸਾਡੇ ਪਿਤਾ, ਜੋ ਸਵਰਗ ਵਿੱਚ ਹੈ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
10ਤੇਰਾ ਰਾਜ ਆਵੇ,
ਤੇਰੀ ਮਰਜ਼ੀ ਪੂਰੀ ਹੋਵੇ,
ਜਿਸ ਪ੍ਰਕਾਰ ਸਵਰਗ ਵਿੱਚ ਉਸੇ ਤਰ੍ਹਾ ਧਰਤੀ ਉੱਤੇ ਵੀ ਹੋਵੇ।
11ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦਿਓ।
12ਅਤੇ ਸਾਡੇ ਗੁਨਾਹ ਸਾਨੂੰ ਮਾਫ਼ ਕਰੋ,
ਜਿਵੇਂ ਅਸੀਂ ਵੀ ਆਪਣੇ ਗੁਨਾਹ-ਗਾਰਾਂ ਨੂੰ ਮਾਫ਼ ਕਰਦੇ ਹਾਂ।
13ਅਤੇ ਸਾਨੂੰ ਪਰੀਖਿਆ ਵਿੱਚ ਨਾ ਲਿਆ,
ਪਰ ਸਾਨੂੰ ਬੁਰਾਈ ਤੋਂ ਬਚਾਓ।’
14ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰ ਦੇਵੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪ ਮਾਫ ਕਰ ਦੇਵੇਗਾ। 15ਪਰ ਜੇ ਤੁਸੀਂ ਦੂਸਰਿਆ ਮਨੁੱਖਾਂ ਦੇ ਪਾਪ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।
ਵਰਤ
16“ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਦੀ ਤਰ੍ਹਾਂ ਉਦਾਸ ਚਿਹਰਾ ਨਾ ਬਣਾਉ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਕਿ ਲੋਕ ਜਾਣ ਸਕਣ ਜੋ ਉਹਨਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਉਹ ਆਪਣਾ ਫਲ ਪਾ ਚੁੱਕੇ ਹਨ। 17ਪਰ ਜਦ ਤੁਸੀਂ ਵਰਤ ਰੱਖੋ ਤਾਂ ਆਪਣੇ ਸਿਰ ਉੱਤੇ ਤੇਲ ਲਗਾਉ ਅਤੇ ਆਪਣਾ ਮੂੰਹ ਧੋਵੋ, 18ਤਾਂਕਿ ਮਨੁੱਖਾਂ ਨੂੰ ਇਹ ਸਪੱਸ਼ਟ ਨਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ, ਪਰ ਸਿਰਫ ਤੁਹਾਡੇ ਪਿਤਾ ਨੂੰ, ਜਿਹੜਾ ਗੁਪਤ ਵਿੱਚ ਹੈ; ਪਤਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ ਜਿਹੜਾ ਗੁਪਤ ਵਿੱਚ ਤੁਹਾਨੂੰ ਵੇਖਦਾ ਹੈ, ਤੁਹਾਨੂੰ ਫਲ ਦੇਵੇਗਾ।
ਸਵਰਗ ਵਿੱਚ ਧਨ
19“ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਨਾਸ ਕਰਦੇ ਹਨ, ਅਤੇ ਚੋਰ ਸੰਨ ਮਾਰ ਕੇ ਇਸ ਨੂੰ ਚੁਰਾਉਂਦੇ ਹਨ। 20ਪਰ ਆਪਣੇ ਲਈ ਧਨ ਸਵਰਗ ਵਿੱਚ ਇਕੱਠਾ ਕਰੋ, ਜਿੱਥੇ ਨਾ ਕੋਈ ਕੀੜਾ ਅਤੇ ਨਾ ਜੰਗਾਲ ਇਸ ਨੂੰ ਨਾਸ ਕਰਦੇ ਹਨ, ਅਤੇ ਨਾ ਹੀ ਚੋਰ ਇਸ ਨੂੰ ਚੁਰਾਉਂਦੇ ਹਨ। 21ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਦਿਲ ਵੀ ਹੋਵੇਗਾ।
22“ਸਰੀਰ ਦਾ ਦੀਵਾ ਅੱਖ ਹੈ। ਜੇ ਤੁਹਾਡੀਆਂ ਅੱਖਾਂ ਤੰਦਰੁਸਤ ਹਨ, ਤਾਂ ਤੁਹਾਡੇ ਸਰੀਰ ਵਿੱਚ ਚਾਨਣ ਹੋਵੇਗਾ। 23ਪਰ ਅਗਰ ਤੁਹਾਡੀ ਅੱਖ ਵਿੱਚ ਬੁਰਾਈ ਹੈ, ਤਾਂ ਤੁਹਾਡਾ ਸਾਰਾ ਸਰੀਰ ਹਨ੍ਹੇਰੇ ਨਾਲ ਭਰਿਆ ਹੋਵੇਗਾ। ਸੋ ਜੇ ਤੁਹਾਡੇ ਅੰਦਰ ਦਾ ਚਾਨਣ ਹੀ ਹਨੇਰਾ ਹੈ, ਤਾਂ ਉਹ ਹਨੇਰਾ ਕਿੰਨ੍ਹਾ ਵਧੇਰੇ ਹੋਵੇਗਾ।
24“ਕੋਈ ਵੀ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਅਤੇ ਦੂਸਰੇ ਨਾਲ ਪਿਆਰ ਕਰੋਗੇ, ਜਾਂ ਫਿਰ ਇੱਕ ਨਾਲ ਮਿਲੇ ਰਹੋਗੇ ਅਤੇ ਦੂਸਰੇ ਨੂੰ ਤੁੱਛ ਜਾਣੋਗੇ। ਇਸੇ ਤਰ੍ਹਾ ਤੁਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।
ਕੱਲ ਦੇ ਲਈ ਚਿੰਤਾ ਨਾ ਕਰੋ
25“ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਪੀਓਗੇ; ਜਾਂ ਕੀ ਪਹਿਨੋਗੇ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਨਹੀਂ ਹੈ? 26ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ; ਉਹ ਨਾ ਬੀਜਦੇ ਹਨ ਨਾ ਵੱਢਦੇ ਹਨ ਅਤੇ ਨਾ ਆਪਣੇ ਭੜੋਲਿਆਂ ਵਿੱਚ ਇੱਕਠੇ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਉੱਤਮ ਨਹੀਂ ਹੋ? 27ਤੁਹਾਡੇ ਵਿੱਚੋਂ ਕੋਈ ਅਜਿਹਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕੇ?
28“ਅਤੇ ਤੁਸੀਂ ਕਿਉਂ ਆਪਣੇ ਪਹਿਰਾਵੇ ਲਈ ਚਿੰਤਾ ਕਰਦੇ ਹੋ? ਜ਼ਮੀਨ ਦੇ ਫੁੱਲਾ ਵੱਲ ਦੇਖੋ ਕਿ ਉਹ ਕਿਵੇਂ ਵੱਧਦੇ ਹਨ। ਉਹ ਨਾ ਮਿਹਨਤ ਕਰਦੇ ਹਨ ਨਾ ਹੀ ਕੱਤਦੇ ਹਨ। 29ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ। 30ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? 31ਇਸ ਲਈ ਤੁਸੀਂ ਚਿੰਤਾ ਨਾ ਕਰੋ, ਅਤੇ ਇਹ ਨਾ ਬੋਲੋ, ‘ਅਸੀਂ ਕੀ ਖਾਵਾਂਗੇ?’ ਅਤੇ ‘ਕੀ ਪੀਵਾਂਗੇ?’ ਜਾਂ ‘ਕੀ ਪਹਿਨਾਂਗੇ?’ 32ਗ਼ੈਰ-ਯਹੂਦੀ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ, ਪਰ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ। 33ਪਰ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ। 34ਇਸ ਲਈ ਤੁਸੀਂ ਕੱਲ ਦੇ ਬਾਰੇ ਚਿੰਤਾਂ ਨਾ ਕਰੋ, ਕਿਉਂਕਿ ਕੱਲ ਆਪਣੇ ਲਈ ਆਪ ਹੀ ਚਿੰਤਾਂ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ।

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın