ਮੱਤੀਯਾਹ 7

7
ਦੂਸਰਿਆ ਉੱਤੇ ਦੋਸ਼ ਨਾ ਲਗਾਓ
1“ਕਿਸੇ ਤੇ ਵੀ ਦੋਸ਼ ਨਾ ਲਗਾਓ, ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। 2ਕਿਉਂਕਿ ਜਿਸ ਤਰ੍ਹਾ ਤੁਸੀਂ ਦੂਸਰਿਆ ਤੇ ਦੋਸ਼ ਲਗਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।
3“ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕਣ ਵੱਲ ਤਾਂ ਵੇਖਦਾ ਹੈ ਪਰ ਆਪਣੀ ਅੱਖ ਵਿੱਚਲੇ ਸ਼ਤੀਰ ਵੱਲ ਤਾਂ ਧਿਆਨ ਨਹੀਂ ਦਿੰਦਾ? 4ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦਕਿ ਪੂਰਾ ਸਮਾਂ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? 5ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ।
6“ਪਵਿੱਤਰ ਵਸਤੂ#7:6 ਪਵਿੱਤਰ ਵਸਤੂ ਅਰਥਾਤ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੀਆ ਹਨ ਕੁੱਤਿਆਂ ਨੂੰ ਨਾਂ ਪਾਓ; ਅਤੇ ਨਾਂ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ। ਕਿਤੇ ਅਜਿਹਾ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧਣ ਅਤੇ ਮੁੜ ਆਣ ਕੇ ਤੁਹਾਨੂੰ ਹੀ ਪਾੜ ਖਾਣ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
7“ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। 8ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
9“ਤੁਹਾਡੇ ਵਿੱਚੋਂ ਕੌਣ ਅਜਿਹਾ ਮਨੁੱਖ ਹੈ ਜਿਸਦਾ ਪੁੱਤਰ ਉਸ ਤੋਂ ਰੋਟੀ ਮੰਗੇ, ਤਾਂ ਉਹ ਉਸ ਨੂੰ ਪੱਥਰ ਦੇਵੇ? 10ਅਤੇ ਜਦ ਉਹ ਮੱਛੀ ਮੰਗੇ, ਤਾਂ ਉਹ ਉਸ ਨੂੰ ਸੱਪ ਦੇਵੇ? 11ਜਦੋਂ ਤੁਸੀਂ ਦੁਸ਼ਟ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਚੰਗੀਆਂ ਚੀਜ਼ਾਂ ਨਹੀਂ ਦੇਵੇਗਾ? 12ਇਸ ਲਈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਕਿ ਦੂਸਰੇ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾ ਹੀ ਕਰੋ, ਇਹ ਉਹਨਾਂ ਸਭਨਾਂ ਦਾ ਗੱਲਾਂ ਨਿਚੋੜ ਹੈ ਜੋ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਦੁਆਰਾ ਸਿਖਾਇਆ ਗਿਆ ਹੈ।
ਤੰਗ ਅਤੇ ਖੁੱਲ੍ਹਾ ਰਸਤਾ
13“ਤੁਸੀਂ ਤੰਗ ਦਰਵਾਜ਼ੇ ਰਾਹੀਂ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕਦੇ ਹੋ। ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਸਤਾ ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤੇ ਹਨ ਉਹ ਲੋਕ ਜਿਹੜੇ ਉਸ ਰਸਤੇ ਨੂੰ ਚੁਣਦੇ ਹਨ। 14ਪਰ ਉਹ ਰਾਹ ਤੰਗ ਹੈ ਅਤੇ ਉਹ ਰਾਸਤਾ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੌੜੇ ਹਨ ਜੋ ਉਸ ਨੂੰ ਲੱਭਦੇ ਹਨ।
ਸੱਚੇ ਅਤੇ ਝੂਠੇ ਨਬੀ
15“ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਕਿਉਂਕਿ ਉਹ ਤੁਹਾਡੇ ਕੋਲ ਭੇਡਾਂ ਦੇ ਕੱਪੜਿਆ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਦੀ ਤਰ੍ਹਾ ਹੁੰਦੇ ਹਨ। 16ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਦੁਆਰਾ ਪਛਾਣ ਲਵੋਂਗੇ, ਕੀ ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਕਰ ਸਕਦੇ ਹਨ? 17ਜਿਸ ਤਰ੍ਹਾ, ਹਰ ਇੱਕ ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਉਸੇ ਪ੍ਰਕਾਰ ਹਰ ਬੁਰੇ ਰੁੱਖ ਨੂੰ ਮਾੜਾ ਫਲ ਲੱਗਦਾ ਹੈ। 18ਚੰਗਾ ਰੁੱਖ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਬੁਰਾ ਰੁੱਖ ਚੰਗਾ ਫਲ ਦੇ ਸਕਦਾ ਹੈ। 19ਹਰ ਇੱਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20ਇਸ ਲਈ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਦੁਆਰਾ ਪਛਾਣ ਲਵੋਂਗੇ।
ਸੱਚੇ ਅਤੇ ਝੂਠੇ ਚੇਲੇ
21“ਹਰ ਕੋਈ ਮੈਨੂੰ, ‘ਪ੍ਰਭੂ, ਪ੍ਰਭੂ,’ ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ, ਪਰ ਉਹ ਮਨੁੱਖ ਹੀ ਸਵਰਗ ਰਾਜ ਵਿੱਚ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਪੂਰਿਆ ਕਰਦਾ ਹੈ। 22ਬਹੁਤ ਸਾਰੇ ਉਸ ਦਿਨ ਮੈਨੂੰ ਆਖਣਗੇ, ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਨਹੀਂ ਕੀਤੀ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ?’ 23ਉਸ ਵਕਤ ਮੈਂ ਉਹਨਾਂ ਨੂੰ ਖੁੱਲ ਕੇ ਆਖ ਦੇਵੇਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ ਮੇਰੇ ਕੋਲੋਂ ਦੂਰ ਹੋ ਜਾਓ।’ 
ਘਰ ਬਣਾਉਂਣ ਵਾਲੇ ਦੋ ਮਨੁੱਖ ਬੁੱਧਵਾਨ ਅਤੇ ਮੂਰਖ
24“ਇਸ ਲਈ ਹਰ ਕੋਈ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚਲਦਾ ਹੈ ਉਹ ਉਸ ਬੁੱਧਵਾਨ ਵਿਅਕਤੀ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਹੈ। 25ਤਾਂ ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਘਰ ਨਾ ਡਿੱਗਿਆ, ਕਿਉਂਕਿ ਉਹ ਘਰ ਦੀ ਨੀਂਹ ਪੱਥਰ ਉੱਤੇ ਰੱਖੀ ਹੋਈ ਸੀ। 26ਪਰ ਹਰ ਮਨੁੱਖ ਜਿਹੜਾ ਮੇਰੇ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚਲਦਾ ਉਹ ਉਸ ਮੂਰਖ ਵਿਅਕਤੀ ਵਰਗਾ ਹੈ ਜਿਸਨੇ ਆਪਣਾ ਘਰ ਰੇਤ ਉੱਪਰ ਬਣਾਇਆ ਹੈ। 27ਤਾਂ ਮੀਂਹ ਵਰਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆ ਅਤੇ ਨੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਘਰ ਡਿੱਗ ਗਿਆ ਅਤੇ ਬੁਰੀ ਤਰ੍ਹਾ ਨਾਸ ਹੋ ਗਿਆ।”
28ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਲੋਕ ਉਹਨਾਂ ਦੀ ਸਿੱਖਿਆ ਤੋਂ ਹੈਰਾਨ ਹੋਏ, 29ਕਿਉਂਕਿ ਯਿਸ਼ੂ ਨੇ ਉਹਨਾਂ ਨੂੰ ਉਪਦੇਸ਼ਕਾਂ ਵਾਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ।

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın