ਯੂਹੰਨਾ 2

2
ਗਲੀਲ ਦੇ ਕਾਨਾ ਵਿੱਚ ਚਿੰਨ੍ਹਾਂ ਦਾ ਅਰੰਭ
1ਤੀਜੇ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ। 2ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਉਸ ਵਿਆਹ ਵਿੱਚ ਬੁਲਾਇਆ ਗਿਆ ਸੀ। 3ਜਦੋਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ, “ਉਨ੍ਹਾਂ ਕੋਲ ਮੈ ਨਹੀਂ ਹੈ।” 4ਯਿਸੂ ਨੇ ਉਸ ਨੂੰ ਕਿਹਾ,“ਹੇ ਔਰਤ, ਮੈਨੂੰ ਅਤੇ ਤੈਨੂੰ ਕੀ। ਮੇਰਾ ਸਮਾਂ ਅਜੇ ਨਹੀਂ ਆਇਆ।” 5ਉਸ ਦੀ ਮਾਤਾ ਨੇ ਸੇਵਕਾਂ ਨੂੰ ਕਿਹਾ, “ਜੋ ਕੁਝ ਉਹ ਤੁਹਾਨੂੰ ਕਹੇ, ਉਹੀ ਕਰਨਾ।” 6ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਪਏ ਹੋਏ ਸਨ। ਹਰੇਕ ਵਿੱਚ ਅੱਸੀ ਤੋਂ ਇੱਕ ਸੌ ਵੀਹ ਲੀਟਰ ਤੱਕ ਪਾਣੀ ਪੈਂਦਾ ਸੀ। 7ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਤਦ ਉਨ੍ਹਾਂ ਨੇ ਮੱਟਾਂ ਨੂੰ ਨੱਕੋ-ਨੱਕ ਭਰ ਦਿੱਤਾ। 8ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਹੁਣ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ।” ਤਦ ਉਹ ਲੈ ਗਏ। 9ਜਦੋਂ ਭੋਜ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਜੋ ਦਾਖਰਸ ਬਣ ਗਿਆ ਸੀ ਚੱਖਿਆ ਅਤੇ ਨਾ ਜਾਣਿਆ ਕਿ ਇਹ ਕਿੱਥੋਂ ਆਇਆ ਹੈ (ਪਰ ਸੇਵਕ ਜਿਨ੍ਹਾਂ ਨੇ ਉਸ ਪਾਣੀ ਨੂੰ ਕੱਢਿਆ ਸੀ, ਜਾਣਦੇ ਸਨ) ਤਾਂ ਉਸ ਨੇ ਲਾੜੇ ਨੂੰ ਸੱਦਿਆ 10ਅਤੇ ਉਸ ਨੂੰ ਕਿਹਾ, “ਹਰੇਕ ਮਨੁੱਖ ਪਹਿਲਾਂ ਵਧੀਆ ਮੈ ਵਰਤਾਉਂਦਾ ਹੈ ਅਤੇ ਜਦੋਂ ਲੋਕ ਪੀ ਕੇ ਮਤਵਾਲੇ ਹੋ ਜਾਣ ਤਾਂ ਫਿਰ ਮਾੜੀ; ਤੂੰ ਅਜੇ ਤੱਕ ਵਧੀਆ ਮੈ ਰੱਖ ਛੱਡੀ ਹੈ।”
11ਇਹ ਚਿੰਨ੍ਹਾਂ ਦਾ ਅਰੰਭ ਸੀ ਜੋ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣੀ ਮਹਿਮਾ ਪਰਗਟ ਕੀਤੀ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
12ਇਸ ਤੋਂ ਬਾਅਦ ਉਹ ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਾਹੂਮ ਨੂੰ ਗਿਆ, ਪਰ ਉੱਥੇ ਉਹ ਬਹੁਤ ਦਿਨ ਨਾ ਰਹੇ।
ਹੈਕਲ ਨੂੰ ਪਾਕ ਸਾਫ ਕਰਨਾ
13ਜਦੋਂ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ।
14ਉਸ ਨੇ ਹੈਕਲ ਵਿੱਚ ਬਲਦਾਂ, ਭੇਡਾਂ, ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫ਼ਾਂ ਨੂੰ ਬੈਠੇ ਹੋਏ ਵੇਖਿਆ। 15ਤਦ ਉਸ ਨੇ ਰੱਸੀਆਂ ਦਾ ਇੱਕ ਕੋਰੜਾ ਬਣਾ ਕੇ ਬਲਦਾਂ ਅਤੇ ਭੇਡਾਂ ਸਮੇਤ ਸਾਰਿਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ, ਸਰਾਫ਼ਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਮੇਜ਼ ਉਲਟਾ ਦਿੱਤੇ। 16ਫਿਰ ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ,“ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦਾ ਘਰ ਨਾ ਬਣਾਓ।” 17ਤਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਲਿਖਿਆ ਹੋਇਆ ਹੈ:
“ਤੇਰੇ ਘਰ ਦੀ ਲਗਨ ਮੈਨੂੰ ਖਾ ਜਾਵੇਗੀ”। # ਜ਼ਬੂਰ 69:9
18ਉਪਰੰਤ ਯਹੂਦੀਆਂ ਨੇ ਉਸ ਨੂੰ ਕਿਹਾ, “ਇਹ ਜੋ ਤੂੰ ਕਰਦਾ ਹੈਂ, ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਵਿਖਾਉਂਦਾ ਹੈਂ?” 19ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਇਸ ਹੈਕਲ ਨੂੰ ਢਾਹ ਦਿਓ ਅਤੇ ਮੈਂ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ।” 20ਤਦ ਯਹੂਦੀਆਂ ਨੇ ਕਿਹਾ, “ਇਹ ਹੈਕਲ ਛਿਆਲੀਆਂ ਸਾਲਾਂ ਵਿੱਚ ਬਣੀ ਸੀ; ਕੀ ਤੂੰ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰੇਂਗਾ?” 21ਪਰ ਉਹ ਤਾਂ ਆਪਣੇ ਸਰੀਰ ਦੀ ਹੈਕਲ ਬਾਰੇ ਕਹਿ ਰਿਹਾ ਸੀ। 22ਇਸ ਲਈ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਉਸ ਨੇ ਇਹ ਕਿਹਾ ਸੀ ਅਤੇ ਉਨ੍ਹਾਂ ਨੇ ਲਿਖਤ ਅਤੇ ਉਸ ਵਚਨ ਉੱਤੇ ਜੋ ਯਿਸੂ ਨੇ ਕਿਹਾ ਸੀ, ਵਿਸ਼ਵਾਸ ਕੀਤਾ।
23ਪਸਾਹ ਦੇ ਤਿਉਹਾਰ ਦੇ ਸਮੇਂ ਜਦੋਂ ਉਹ ਯਰੂਸ਼ਲਮ ਵਿੱਚ ਸੀ ਤਾਂ ਬਹੁਤਿਆਂ ਨੇ ਉਸ ਦੇ ਚਿੰਨ੍ਹਾਂ ਨੂੰ ਵੇਖ ਕੇ ਜਿਹੜੇ ਉਸ ਨੇ ਵਿਖਾਏ ਸਨ, ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ। 24ਪਰ ਯਿਸੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਭਰੋਸੇ ਨਾ ਛੱਡਿਆ, ਕਿਉਂਕਿ ਉਹ ਸਾਰਿਆਂ ਨੂੰ ਜਾਣਦਾ ਸੀ 25ਅਤੇ ਉਸ ਨੂੰ ਜ਼ਰੂਰਤ ਨਹੀਂ ਸੀ ਕਿ ਮਨੁੱਖ ਦੇ ਬਾਰੇ ਕੋਈ ਗਵਾਹੀ ਦੇਵੇ, ਕਿਉਂਕਿ ਉਹ ਆਪ ਜਾਣਦਾ ਸੀ ਕਿ ਮਨੁੱਖ ਦੇ ਅੰਦਰ ਕੀ ਹੈ।

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın