ਲੂਕਾ 16

16
ਚਲਾਕ ਭੰਡਾਰੀ
1ਯਿਸੂ ਨੇ ਚੇਲਿਆਂ ਨੂੰ ਆਖਿਆ ਕਿ ਇੱਕ ਧਨਵਾਨ ਆਦਮੀ ਸੀ ਜਿਸ ਦਾ ਇੱਕ ਭੰਡਾਰੀ ਸੀ ਅਤੇ ਉਸ ਦੀ ਸ਼ਿਕਾਇਤ ਧਨਵਾਨ ਕੋਲ ਕੀਤੀ ਗਈ ਕਿ ਉਹ ਤੇਰਾ ਮਾਲ ਉਡਾਉਂਦਾ ਹੈ। 2ਤਦ ਉਸ ਧਨਵਾਨ ਨੇ ਉਸ ਨੂੰ ਬੁਲਾ ਕੇ ਆਖਿਆ, ਇਹ ਕੀ ਹੈ ਜੋ ਮੈਂ ਤੇਰੇ ਬਾਰੇ ਸੁਣਦਾ ਹਾਂ? ਆਪਣੇ ਭੰਡਾਰ ਦਾ ਹਿਸਾਬ ਦੇ ਕਿਉਂ ਜੋ ਤੂੰ ਅੱਗੇ ਨੂੰ ਭੰਡਾਰੀ ਨਹੀਂ ਰਹਿ ਸਕਦਾ। 3ਉਸ ਭੰਡਾਰੀ ਨੇ ਆਪਣੇ ਮਨ ਵਿੱਚ ਕਿਹਾ, ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਭੰਡਾਰ ਦੀ ਜ਼ਿੰਮੇਵਾਰੀ ਮੇਰੇ ਤੋਂ ਖ਼ੋਹਣ ਲੱਗਾ ਹੈ? ਕੀ ਮੈਂ ਚਲਾ ਨਹੀਂ ਸਕਦਾ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4ਮੈਂ ਸਮਝ ਗਿਆ ਜੋ ਮੈਂ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਭੰਡਾਰੀ ਦੀ ਜ਼ਿੰਮੇਵਾਰੀ ਤੋਂ ਹਟਾਇਆ ਜਾਂਵਾਂ ਤਾਂ ਲੋਕ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ। 5ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਾਈਆਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ਤੂੰ ਮੇਰੇ ਮਾਲਕ ਦਾ ਕਿੰਨ੍ਹਾਂ ਕਰਜ਼ਾਈ ਹੈ? 6ਉਸ ਨੇ ਉੱਤਰ ਦਿੱਤਾ ਸੌ ਮਣ ਤੇਲ, ਫਿਰ ਉਸ ਨੇ ਆਖਿਆ ਜੋ ਆਪਣਾ ਖਾਤਾ ਲੈ ਅਤੇ ਬੈਠ ਕੇ ਛੇਤੀ ਪੰਜਾਹ ਮਣ ਲਿਖ। 7ਫਿਰ ਦੂਜੇ ਨੂੰ ਪੁੱਛਿਆ, ਤੂੰ ਕਿੰਨ੍ਹਾਂ ਦੇਣਾ ਹੈ? ਉਸ ਨੇ ਆਖਿਆ, ਸੌ ਮਣ ਕਣਕ। ਉਸ ਨੇ ਉਸ ਨੂੰ ਆਖਿਆ ਜੋ ਆਪਣਾ ਖਾਤਾ ਲੈ ਅਤੇ ਅੱਸੀ ਮਣ ਲਿਖ। 8ਤਦ ਮਾਲਕ ਨੇ ਉਸ ਬੇਈਮਾਨ ਭੰਡਾਰੀ ਦੀ ਵਡਿਆਈ ਕੀਤੀ ਇਸ ਲਈ ਜੋ ਉਸ ਨੇ ਚਲਾਕੀ ਕੀਤੀ ਸੀ, ਕਿਉਂ ਜੋ ਇਸ ਜੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਚਲਾਕ ਹਨ। 9ਮੈਂ ਤੁਹਾਨੂੰ ਆਖਦਾ ਹਾਂ ਜੋ ਕੁਧਰਮ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦਾ ਰਹੇ ਤਾਂ ਉਹ ਤੁਹਾਨੂੰ ਸਦੀਪਕ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ। 10ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਇਮਾਨਦਾਰ ਹੈ ਸੋ ਬਹੁਤ ਵਿੱਚ ਵੀ ਇਮਾਨਦਾਰ ਹੈ, ਅਤੇ ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ। 11ਸੋ ਜੇ ਤੁਸੀਂ ਕੁਧਰਮ ਦੇ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ?। 12ਅਤੇ ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ? 13ਕੋਈ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।
ਯਿਸੂ ਦੇ ਕੁਝ ਉਪਦੇਸ਼
ਮੱਤੀ 11:12, 13; 5:31, 32; ਮਰਕੁਸ 10:11, 12
14ਫ਼ਰੀਸੀ ਜੋ ਲਾਲਚੀ ਸਨ ਇਹ ਗੱਲਾਂ ਸੁਣ ਕੇ ਉਸ ਨੂੰ ਮਖ਼ੌਲ ਕਰਨ ਲੱਗੇ। 15ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੀ ਨਜ਼ਰ ਵਿੱਚ ਉੱਤਮ ਹੈ ਸੋ ਪਰਮੇਸ਼ੁਰ ਦੀ ਨਜ਼ਰ ਵਿੱਚ ਘਿਣਾਉਣੀ ਹੈ। 16ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ। ਉਸ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। 17ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਅਸਾਨ ਹੈ। 18ਹਰੇਕ ਜੋ ਆਪਣੀ ਪਤਨੀ ਨੂੰ ਤਿਆਗ ਕੇ ਦੂਜੀ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਦੀ ਤਿਆਗੀ ਹੋਈ ਔਰਤ ਨੂੰ ਵਿਆਹੇ ਉਹ ਵੀ ਵਿਭਚਾਰ ਕਰਦਾ ਹੈ।
ਧਨੀ ਅਤੇ ਲਾਜ਼ਰ
19 ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। 20ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। 21ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ। 22ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। 23ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। 24ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ! 25ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ। 26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ। 27ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ। 28ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ। 29ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ। 30ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। 31ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

Поточний вибір:

ਲੂਕਾ 16: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть