ਲੂਕਾ 17

17
ਠੋਕਰ ਖਾਣ ਦਾ ਕਾਰਨ ਬਣਨਾ
ਮੱਤੀ 18:6-22; ਮਰਕੁਸ 9:42
1ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਅਫ਼ਸੋਸ ਉਸ ਆਦਮੀ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ! 2ਉਹ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ ਤਾਂ ਉਸ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਚੱਕੀ ਦਾ ਪੁੜ ਉਸ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ। 3ਸਾਵਧਾਨ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਸਮਝਾ ਦੇ ਅਤੇ ਜੇ ਤੋਬਾ ਕਰੇ ਤਾਂ ਉਸ ਨੂੰ ਮਾਫ਼ ਕਰ। 4ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ।
ਵਿਸ਼ਵਾਸ
5ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, ਸਾਡਾ ਵਿਸ਼ਵਾਸ ਵਧਾਓ। 6ਪਰ ਪ੍ਰਭੂ ਨੇ ਆਖਿਆ, ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੁੰਦਾ ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਦਿੰਦੇ ਜੋ ਉੱਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਤਾਂ ਉਹ ਤੁਹਾਡੀ ਮੰਨ ਲੈਂਦਾ।
ਇੱਕ ਦਾਸ ਦੀ ਜ਼ਿੰਮੇਵਾਰੀ
7 ਤੁਹਾਡੇ ਵਿੱਚੋਂ ਕੌਣ ਹੈ ਜੇ ਉਸ ਦਾ ਨੌਕਰ ਹਲ ਵਾਹੁੰਦਾ ਜਾ ਭੇਡਾਂ ਚਾਰਦਾ ਹੋਵੇ ਅਤੇ ਜਿਸ ਵੇਲੇ ਉਹ ਖੇਤੋਂ ਵਾਪਸ ਆਵੇ ਤਾਂ ਉਸ ਨੂੰ ਆਖੇਗਾ ਕਿ ਛੇਤੀ ਆ ਕੇ ਖਾਣ ਨੂੰ ਬੈਠ? 8ਸਗੋਂ ਉਸ ਨੂੰ ਇਹ ਨਾ ਆਖੇਗਾ, ਕਿ ਕੁਝ ਖਾਣ ਨੂੰ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ ਜਦ ਤੱਕ ਮੈਂ ਖਾ ਪੀ ਨਾ ਲਵਾਂ ਅਤੇ ਇਸ ਦੇ ਬਾਅਦ ਤੂੰ ਖਾਵੀਂ ਪੀਵੀਂ? 9ਭਲਾ, ਉਹ ਉਸ ਨੌਕਰ ਦਾ ਅਹਿਸਾਨ ਮੰਨਦਾ ਹੈ ਇਸ ਲਈ ਜੋ ਉਸ ਦੇ ਹੁਕਮ ਅਨੁਸਾਰ ਕੰਮ ਕੀਤੇ? 10ਇਸੇ ਤਰ੍ਹਾਂ ਤੁਸੀਂ ਵੀ ਉਨ੍ਹਾਂ ਸਾਰੇ ਕੰਮਾਂ ਦਾ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ ਪੂਰੇ ਕਰ ਚੁੱਕੋ ਤਾਂ ਕਹੋ ਕਿ ਅਸੀਂ ਨਿਕੰਮੇ ਬੰਦੇ ਹਾਂ ਜੋ ਕੁਝ ਸਾਨੂੰ ਕਰਨਾ ਉੱਚਿਤ ਸੀ ਅਸੀਂ ਉਹ ਹੀ ਕੀਤਾ।
ਦਸ ਕੋੜ੍ਹੀਆਂ ਨੂੰ ਚੰਗਾ ਕਰਨਾ
11ਜਦ ਯਿਸੂ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਤੇ ਗਲੀਲ ਦੇ ਵਿੱਚੋਂ ਦੀ ਲੰਘਿਆ। 12ਅਤੇ ਕਿਸੇ ਪਿੰਡ ਵਿੱਚ ਵੜਦਿਆਂ ਸਮੇਂ ਉਸ ਨੂੰ ਦਸ ਕੋੜ੍ਹੀ ਮਿਲੇ ਜਿਹੜੇ ਉਸ ਤੋਂ ਦੂਰ ਖੜੇ ਰਹੇ। 13ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ! 14ਤਦ ਯਿਸੂ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਆਪਣੇ ਆਪ ਨੂੰ ਜਾਜਕਾਂ ਨੂੰ ਵਿਖਾਓ, ਅਤੇ ਇਹ ਹੋਇਆ ਕਿ ਉਹ ਜਾਂਦੇ-ਜਾਂਦੇ ਹੀ ਸ਼ੁੱਧ ਹੋ ਗਏ। 15ਤਦ ਉਨ੍ਹਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਹਾਂ, ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ। 16ਅਤੇ ਮੂੰਹ ਦੇ ਭਾਰ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ। 17ਯਿਸੂ ਨੇ ਉਸ ਨੂੰ ਪੁੱਛਿਆ ਕਿ ਭਲਾ, ਦਸੇ ਸ਼ੁੱਧ ਨਹੀਂ ਹੋਏ ਸਨ? ਤਾਂ ਬਾਕੀ ਨੌ ਕਿੱਥੇ ਹਨ? 18ਇਸ ਇਕੱਲੇ ਨੂੰ ਛੱਡ ਹੋਰ ਕੋਈ ਨਾ ਮੁੜਿਆ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ? 19ਯਿਸੂ ਨੇ ਉਸ ਨੂੰ ਕਿਹਾ, ਉੱਠ ਕੇ ਚੱਲਿਆ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।
ਪਰਮੇਸ਼ੁਰ ਦੇ ਰਾਜ ਦਾ ਆਉਣਾ
20ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦ ਆਵੇਗਾ? ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪ੍ਰਗਟ ਰੂਪ ਵਿੱਚ ਨਹੀਂ ਆਉਂਦਾ। 21ਅਤੇ ਲੋਕ ਇਹ ਨਾ ਕਹਿਣਗੇ ਕਿ ਵੇਖੋ ਇੱਥੇ ਜਾ ਉੱਥੇ ਹੈ, ਕਿਉਂਕਿ ਵੇਖੋ, ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚ ਹੈ। 22ਉਸ ਨੇ ਚੇਲਿਆਂ ਨੂੰ ਆਖਿਆ, ਉਹ ਦਿਨ ਵੀ ਆਉਣਗੇ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ। 23ਅਤੇ ਲੋਕ ਤੁਹਾਨੂੰ ਕਹਿਣਗੇ, ਵੇਖੋ, ਉਹ ਉੱਥੇ ਹੈ ਜਾਂ ਇੱਥੇ ਹੈ! ਤੁਸੀਂ ਨਾ ਜਾਣਾ ਅਤੇ ਉਨ੍ਹਾਂ ਮਗਰ ਨਾ ਲੱਗਣਾ। 24ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਦੇ ਹੇਠ ਇੱਕ ਪਾਸੇ ਲਿਸ਼ਕਦੀ ਹੈ ਅਤੇ ਅਕਾਸ਼ ਦੇ ਹੇਠ ਦੂਜੇ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ। 25ਪਰ ਪਹਿਲਾਂ ਉਸ ਦੇ ਲਈ ਇਹ ਜ਼ਰੂਰੀ ਹੈ ਜੋ ਉਹ ਬਹੁਤ ਦੁੱਖ ਭੋਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਠੁਕਰਾਉਣ। 26ਅਤੇ ਜਿਸ ਤਰ੍ਹਾਂ ਨੂਹ ਨਬੀ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27ਜਿਸ ਦਿਨ ਤੱਕ ਨੂਹ ਨਬੀ ਕਿਸ਼ਤੀ ਉੱਤੇ ਨਾ ਚੜ੍ਹਿਆ, ਉਹ ਖਾਂਦੇ-ਪੀਂਦੇ ਸਨ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਅਤੇ ਜਦ ਜਲ ਪਰਲੋ ਆਈ ਅਤੇ ਸਾਰਿਆਂ ਦਾ ਨਾਸ ਕੀਤਾ। 28ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। 29ਅਤੇ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਬਰਸੀ ਅਤੇ ਸਭ ਦਾ ਨਾਸ ਕੀਤਾ। 30ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਦ ਮਨੁੱਖ ਦਾ ਪੁੱਤਰ ਪਰਗਟ ਹੋਵੇਗਾ। 31ਉਸ ਦਿਨ ਜਿਹੜਾ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ ਤਾਂ ਉਸ ਨੂੰ ਲੈਣ ਥੱਲੇ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਵਾਪਸ ਨਾ ਮੁੜੇ। 32ਲੂਤ ਦੀ ਪਤਨੀ ਨੂੰ ਯਾਦ ਰੱਖੋ। 33ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ। 34ਮੈਂ ਤੁਹਾਨੂੰ ਆਖਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੇ ਉੱਤੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 35ਦੋ ਔਰਤਾਂ ਇਕੱਠੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। 36ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 37ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, ਪ੍ਰਭੂ ਜੀ ਇਹ ਸਭ ਕਿੱਥੇ ਹੋਵੇਗਾ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।

Поточний вибір:

ਲੂਕਾ 17: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть