ਲੂਕਾ 18

18
ਕੁਧਰਮੀ ਨਿਆਈਂ ਅਤੇ ਵਿਧਵਾ ਦਾ ਦ੍ਰਿਸ਼ਟਾਂਤ
1ਫਿਰ ਯਿਸੂ ਉਨ੍ਹਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਅਤੇ ਹਿੰਮਤ ਨਾ ਹਾਰੋ। 2ਕਿਸੇ ਨਗਰ ਵਿੱਚ ਇੱਕ ਹਾਕਮ ਰਹਿੰਦਾ ਸੀ, ਜਿਸ ਨੂੰ ਨਾ ਪਰਮੇਸ਼ੁਰ ਦਾ ਡਰ ਸੀ ਅਤੇ ਨਾ ਕਿਸੇ ਮਨੁੱਖ ਦੀ ਪਰਵਾਹ। 3ਅਤੇ ਉਸੇ ਨਗਰ ਵਿੱਚ ਇੱਕ ਵਿਧਵਾ ਰਹਿੰਦੀ ਸੀ ਜੋ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ। 4ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ। 5ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ-ਵਾਰ ਆ ਕੇ ਮੈਨੂੰ ਤੰਗ ਕਰੇ। 6ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। 7ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ? 8ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?।
ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ
9ਉਸ ਨੇ ਬਹੁਤਿਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਸਰਿਆਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ, 10ਕਿ ਦੋ ਆਦਮੀ ਪ੍ਰਾਰਥਨਾ ਕਰਨ ਲਈ ਹੈਕਲ ਭਵਨ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਜਾ ਚੂੰਗੀ ਲੈਣ ਵਾਲਾ ਸੀ। 11ਫ਼ਰੀਸੀ ਨੇ ਖੜ੍ਹ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ! ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਸਰਿਆਂ ਵਰਗਾ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਵਿਭਚਾਰੀ ਹਨ ਅਤੇ ਨਾ ਇਸ ਚੂੰਗੀ ਲੈਣ ਵਾਲੇ ਵਰਗਾ ਹਾਂ! 12ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ। 13ਪਰ ਉਸ ਚੂੰਗੀ ਲੈਣ ਵਾਲੇ ਨੇ ਕੁਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ! 14ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਫ਼ਰੀਸੀ ਨਹੀਂ ਪਰ ਇਹ ਚੂੰਗੀ ਲੈਣ ਵਾਲਾ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
ਬੱਚਿਆਂ ਨੂੰ ਬਰਕਤ
ਮੱਤੀ 19:13-15; ਮਰਕੁਸ 10:13-16
15ਫਿਰ ਲੋਕ ਆਪਣੇ ਬੱਚਿਆਂ ਨੂੰ ਵੀ ਯਿਸੂ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ ਪਰ ਚੇਲਿਆਂ ਨੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਿਆ। 16ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੈ। 17ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
ਧਨੀ ਵਿਅਕਤੀ ਅਤੇ ਸਦੀਪਕ ਜੀਵਨ
ਮੱਤੀ 19:16-30; ਮਰਕੁਸ 10:17-31
18ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? 19ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ। 20ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ। 21ਉਸ ਨੇ ਯਿਸੂ ਨੂੰ ਉੱਤਰ ਦਿੱਤਾ, ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਸਭ ਗੱਲਾਂ ਨੂੰ ਮੰਨਦਾ ਆਇਆ ਹਾਂ। 22ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਕੇ ਮੇਰੇ ਪਿੱਛੇ ਹੋ ਤੁਰ। 23ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ। 24ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ! 25ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ। 26ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? 27ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ। 28ਤਦ ਪਤਰਸ ਨੇ ਕਿਹਾ, ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ। 29ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ, 30ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l
ਆਪਣੀ ਮੌਤ ਦੇ ਬਾਰੇ ਯਿਸੂ ਤੀਸਰੀ ਬਾਰ ਭਵਿੱਖਬਾਣੀ ਕਰਦਾ ਹੈ
ਮੱਤੀ 20:17-19; ਮਰਕੁਸ 10:32-34
31ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਜੋ ਕੁਝ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ, ਉਹ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ। 32ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਦਾ ਮਜ਼ਾਕ ਉਡਾਣਗੇ ਅਤੇ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ਉੱਪਰ ਥੁੱਕਿਆ ਜਾਵੇਗਾ। 33ਅਤੇ ਉਸ ਨੂੰ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਫੇਰ ਜੀ ਉੱਠੇਗਾ। 34ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਤੇ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ, ਉਹ ਉਨ੍ਹਾਂ ਨੂੰ ਸਮਝ ਨਾ ਸਕੇ।
ਅੰਨ੍ਹੇ ਭਿਖਾਰੀ ਨੂੰ ਚੰਗਾ ਕਰਨਾ
ਮੱਤੀ 20:29-34; ਮਰਕੁਸ 10:46-52
35ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ। 36ਅਤੇ ਉਸ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ? 37ਲੋਕਾਂ ਨੇ ਉਸ ਨੂੰ ਦੱਸਿਆ ਜੋ ਯਿਸੂ ਨਾਸਰੀ ਇੱਥੋਂ ਲੰਘ ਰਿਹਾ ਹੈ। 38ਤਦ ਉਸ ਨੇ ਪੁਕਾਰ ਕੇ ਕਿਹਾ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ। 39ਜਿਹੜੇ ਅੱਗੇ ਜਾਂਦੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ, ਪਰ ਉਹ ਸਗੋਂ ਹੋਰ ਵੀ ਉੱਚੀ ਅਵਾਜ਼ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ! 40ਤਦ ਯਿਸੂ ਨੇ ਰੁੱਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਹ ਉਸ ਕੋਲ ਆਇਆ ਤਾਂ ਉਸ ਨੂੰ ਪੁੱਛਿਆ, 41ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਉਸ ਨੇ ਕਿਹਾ, ਪ੍ਰਭੂ ਜੀ ਮੈਂ ਵੇਖਣ ਲੱਗ ਜਾਵਾਂ! 42ਤਦ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। 43ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।

Поточний вибір:

ਲੂਕਾ 18: IRVPun

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть