ਉਤਪਤ 3

3
ਪਾਪ ਦੀ ਸ਼ੁਰੂਆਤ
1ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿੱਚਲੇ ਕਿਸੇ ਵੀ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ?”
2ਔਰਤ ਨੇ ਸੱਪ ਨੂੰ ਜਵਾਬ ਦਿੱਤਾ, “ਅਸੀਂ ਬਾਗ ਦੇ ਰੁੱਖਾਂ ਦੇ ਫ਼ਲ ਖਾ ਸੱਕਦੇ ਹਾਂ। 3ਪਰ ਇੱਕ ਰੁੱਖ ਹੈ ਜਿਸ ਦੇ ਫ਼ਲ ਸਾਨੂੰ ਨਹੀਂ ਖ਼ਾਣੇ ਚਾਹੀਦੇ। ਪਰਮੇਸ਼ੁਰ ਨੇ ਸਾਨੂੰ ਆਖਿਆ ਸੀ, ‘ਤੁਹਾਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਬਾਗ ਦੇ ਵਿੱਚਕਾਰ ਹੈ। ਤੁਹਾਨੂੰ ਉਸ ਰੁੱਖ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਮਾਰੇ ਜਾਓਂਗੇ।’”
4ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ। 5ਪਰਮੇਸ਼ੁਰ ਜਾਣਦਾ ਹੈ ਕਿ ਜੇ ਤੁਸੀਂ ਉਸ ਰੁੱਖ ਦਾ ਫ਼ਲ ਖਾ ਲਿਆ ਤੁਸੀਂ ਪਰਮੇਸ਼ੁਰ ਵਰਗੇ ਹੋ ਜਾਵੋਂਗੇ, ਕਿਉਂਕਿ ਤੁਸੀਂ ਜਾਣ ਜਾਵੋਂਗੇ ਕਿ ਕੀ ਚੰਗਾ ਹੈ ਤੇ ਕੀ ਬੁਰਾ।”
6ਔਰਤ ਨੇ ਦੇਖਿਆ ਕਿ ਰੁੱਖ ਬੜਾ ਸੋਹਣਾ ਸੀ। ਉਸ ਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁੱਖ ਉਸ ਨੂੰ ਸਿਆਣੀ ਬਣਾ ਸੱਕਦਾ ਸੀ। ਇਸ ਲਈ ਔਰਤ ਨੇ ਰੁੱਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸ ਦਾ ਪਤੀ ਵੀ ਉਸ ਦੇ ਨਾਲ ਸੀ, ਇਸ ਲਈ ਉਸ ਨੇ ਫ਼ਲ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।
7ਫ਼ੇਰ ਦੋਵੇਂ ਆਦਮੀ ਅਤੇ ਔਰਤ ਚੀਜ਼ਾਂ ਨੂੰ ਹੋਰ ਤਰ੍ਹਾਂ ਵੇਖ ਸੱਕਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਨੰਗੇ ਸਨ। ਇਸ ਲਈ ਉਨ੍ਹਾਂ ਨੇ ਅੰਜੀਰ ਦੇ ਕੁਝ ਪੱਤੇ ਲੈ ਕੇ ਉਨ੍ਹਾਂ ਨੂੰ ਸਿਉਂ ਲਿਆ ਅਤੇ ਉਨ੍ਹਾਂ ਨੂੰ ਕੱਪੜਿਆਂ ਵਾਂਗੂ ਪਹਿਨ ਲਿਆ।
8ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸ ਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। 9ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿੱਥੇ ਹੈਂ ਤੂੰ?”
10ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।”
11ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”
12ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸ ਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸ ਲਈ ਮੈਂ ਖਾ ਲਿਆ।”
13ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”
ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।”
14ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,
“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15ਮੈਂ ਤੈਨੂੰ ਅਤੇ ਔਰਤ ਨੂੰ ਇੱਕ
ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
ਦੂਜੇ ਦੇ ਦੁਸ਼ਮਣ ਹੋਣਗੇ।
ਉਸ ਦਾ ਪੁੱਤਰ ਤੇਰਾ ਸਿਰ ਕੁਚਲੇਗਾ,
ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”
16ਫ਼ੇਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ,
“ਮੈਂ ਤੈਨੂੰ ਬਹੁਤ ਦੁੱਖ ਦੇਵਾਂਗਾ
ਜਦੋਂ ਤੂੰ ਗਰਭਵਤੀ ਹੋਵੇਂਗੀ,
ਅਤੇ ਜਦੋਂ ਤੂੰ ਬੱਚੇ ਜਣੇਂਗੀ,
ਤੈਨੂੰ ਬਹੁਤ ਦਰਦ ਹੋਵੇਗਾ।
ਤੂੰ ਆਪਣੇ ਪਤੀ ਨੂੰ ਬਹੁਤ ਚਾਹੇਂਗੀ
ਪਰ ਉਹ ਤੇਰੇ ਉੱਤੇ ਰਾਜ ਕਰੇਗਾ।”
17ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ,
“ਮੈਂ ਤੈਨੂੰ ਆਦੇਸ਼ ਦਿੱਤਾ ਸੀ, ਕਿ ਓਸ ਰੁੱਖ ਦਾ ਫ਼ਲ ਨਾ ਖਾਵੀਂ।
ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣਕੇ ਓਸ ਰੁੱਖ ਦਾ ਫ਼ਲ ਖਾ ਲਿਆ।
ਇਸ ਲਈ ਤੇਰੀ ਖਾਤਰ ਮੈਂ ਧਰਤੀ ਨੂੰ ਸਰਾਪ ਦੇਵਾਂਗਾ।
ਤੈਂਨੂੰ ਧਰਤੀ ਤੋਂ ਭੋਜਨ ਲੈਣ ਲਈ ਜੀਵਨ ਭਰ ਸਖ਼ਤ ਮਿਹਨਤ ਕਰਨੀ ਪਵੇਗੀ।
18ਧਰਤੀ ਤੇਰੇ ਲਈ ਖਰ ਪਤਵਾਰ ਤੇ ਕੰਡੇ ਉਗਾਵੇਗੀ।
ਅਤੇ ਤੈਨੂੰ ਜੰਗਲੀ ਪੌਦੇ ਖਾਣੇ ਪੈਣਗੇ ਜਿਹੜੇ ਖੇਤਾਂ ਅੰਦਰ ਉੱਗਦੇ ਹਨ।#3:18 ਦੇਖੋ ਉਤਪਤ. 1:18-29
19ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ
ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ।
ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ।
ਫ਼ੇਰ ਤੂੰ ਖਾਕ ਹੋ ਜਾਵੇਂਗਾ।
ਮੈਂ ਤੈਨੂੰ ਮਿੱਟੀ ਤੋਂ ਸਾਜਿਆ ਸੀ
ਅਤੇ ਮਰਕੇ ਫ਼ਿਰ ਤੋਂ ਤੂੰ ਮਿੱਟੀ ਹੋ ਜਾਵੇਗਾ।”
20ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸ ਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ।
21ਯਹੋਵਾਹ ਪਰਮੇਸ਼ੁਰ ਨੇ ਜਾਨਵਰਾਂ ਦੀਆਂ ਖੱਲਾਂ ਲਈਆਂ ਅਤੇ ਆਦਮੀ ਤੇ ਉਸ ਦੀ ਪਤਨੀ ਲਈ ਕੱਪੜੇ ਬਣਾਏ। ਫ਼ੇਰ ਉਹ ਕੱਪੜੇ ਉਸ ਨੇ ਉਨ੍ਹਾਂ ਉੱਪਰ ਪਾ ਦਿੱਤੇ।
22ਯਹੋਵਾਹ ਪਰਮੇਸ਼ੁਰ ਨੇ ਆਖਿਆ, “ਦੇਖੋ, ਆਦਮੀ ਸਾਡੇ ਵਾਂਗ ਬਣ ਗਿਆ ਹੈ-ਅਤੇ ਉਹ ਜਾਣਦਾ ਹੈ ਕੀ ਚੰਗਾ ਹੈ ਅਤੇ ਕੀ ਮਾੜਾ ਅਤੇ ਹੁਣ ਸੰਭਵ ਹੈ ਕਿ ਆਦਮ ਜੀਵਨ ਦੇ ਰੁੱਖ ਦਾ ਫ਼ਲ ਖਾ ਲਵੇ। ਜੇ ਆਦਮੀ ਨੇ ਉਸ ਰੁੱਖ ਦਾ ਫ਼ਲ ਖਾ ਲਿਆ ਤਾਂ ਉਹ ਸਦਾ ਲਈ ਜਿਉਂਦਾ ਰਹੇਗਾ।”
23ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਆਦਮ ਨੂੰ ਉਸ ਨੇ ਧਰਤੀ ਨੂੰ ਵਾਹੁਣ ਲਈ ਮਜ਼ਬੂਰ ਕਰ ਦਿੱਤਾ ਗਿਆ ਜਿਸ ਵਿੱਚੋਂ ਉਹ ਸਾਜਿਆ ਗਿਆ ਸੀ। 24ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਦੇ ਰੁੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।

目前选定:

ਉਤਪਤ 3: PERV

高亮显示

分享

复制

None

想要在所有设备上保存你的高亮显示吗? 注册或登录