ਉਤਪਤ 4

4
ਕਇਨ ਤੇ ਹਾਬਲ
1ਤਦ ਆਦਮ ਨੇ ਆਪਣੀ ਤੀਵੀਂ ਹੱਵਾਹ ਨਾਲ ਸੰਗ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਕਇਨ ਨੂੰ ਜਣੀ ਤਾਂ ਉਹ ਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ 2ਫੇਰ ਉਹ ਉਸ ਦੇ ਭਰਾ ਹਾਬਲ ਨੂੰ ਜਣੀ ਅਰ ਹਾਬਲ ਇੱਜੜਾਂ ਦਾ ਪਾਲੀ ਸੀ ਅਤੇ ਕਇਨ ਜ਼ਮੀਨ ਦਾ ਹਾਲੀ ਸੀ 3ਕੁਝ ਦਿਨਾਂ ਦੇ ਮਗਰੋਂ ਐਉਂ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਦੀ ਭੇਟ ਲਈ ਕੁਝ ਲੈ ਆਇਆ 4ਹਾਬਲ ਵੀ ਇੱਜੜ ਦੇ ਪਲੌਠਿਆਂ ਅਰ ਉਨ੍ਹਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ 5ਪਰ ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ ਸੋ ਕਇਨ ਬਹੁਤ ਕਰੋਧਵਾਨ ਹੋਇਆ ਅਰ ਉਹ ਦਾ ਮੂੰਹ ਉੱਤਰ ਗਿਆ 6ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? 7ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।।
8ਫੇਰ ਕਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਓਹ ਖੇਤ ਵਿੱਚ ਸਨ ਤਾਂ ਐਉਂ ਹੋਇਆ ਕਿ ਕਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ 9ਤਾਂ ਯਹੋਵਾਹ ਨੇ ਕਇਨ ਨੂੰ ਆਖਿਆ ਤੇਰਾ ਭਰਾ ਹਾਬਲ ਕਿੱਥੇ ਹੈ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ? 10ਫੇਰ ਉਸ ਨੇ ਆਖਿਆ, ਕਿ ਤੈਂ ਕੀ ਕੀਤਾ? ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ 11ਹੁਣ ਤੂੰ ਜ਼ਮੀਨ ਤੋਂ ਜਿਹ ਨੇ ਆਪਣਾ ਮੂੰਹ ਤੇਰੇ ਭਰਾ ਦੇ ਲਹੂ ਨੂੰ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ ਸਰਾਪੀ ਹੋਇਆ 12ਜਾਂ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਰ ਭੌਂਦੂ ਹੋਵੇਂਗਾ 13ਤਾਂ ਕਇਨ ਨੇ ਯਹੋਵਾਹ ਨੂੰ ਆਖਿਆ ਕਿ ਮੇਰਾ ਡੰਡ, ਸਹਿਣ ਤੋਂ ਬਾਹਰ ਹੈ 14ਵੇਖ ਤੈਂ ਅੱਜ ਮੈਨੂੰ ਏਸ ਜ਼ਮੀਨ ਦੇ ਉੱਤੋ ਦੁਰਕਾਰ ਦਿੱਤਾ ਅਰ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਅਰ ਮੈਂ ਧਰਤੀ ਉੱਤੇ ਭਗੌੜਾ ਅਰ ਭੌਂਦੂ ਹੋਵਾਂਗਾ ਅਤੇ ਐਉਂ ਹੋਵੇਗਾ ਕਿ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਵੱਢ ਸੁੱਟੇਗਾ 15ਤਦ ਯਹੋਵਾਹ ਨੇ ਉਹ ਨੂੰ ਆਖਿਆ ਕਿ ਏਸ ਲਈ ਜੋ ਕੋਈ ਕਇਨ ਨੂੰ ਵੱਢੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਕੋਈ ਉਹ ਨੂੰ ਲੱਭ ਕੇ ਨਾ ਮਾਰ ਸੁੱਟੇ।।
16ਸੋ ਕਇਨ ਯਹੋਵਾਹ ਦੇ ਹਜੂਰੋਂ ਚੱਲਿਆ ਗਿਆ ਅਰ ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ ਵਿੱਚ ਜਾ ਵੱਸਿਆ 17ਅਰ ਕਇਨ ਨੇ ਆਪਣੀ ਤੀਵੀਂ ਨਾਲ ਸੰਗ ਕੀਤਾ ਅਰ ਉਹ ਗਰਭਣੀ ਹੋਈ ਅਰ ਹਨੋਕ ਨੂੰ ਜਣੀ ਅਤੇ ਉਸ ਨੇ ਇੱਕ ਨਗਰ ਬਣਾਇਆ ਅਰ ਉਸ ਨੇ ਉਸ ਨਗਰ ਦੇ ਨਾਉਂ ਨੂੰ ਆਪਣੇ ਪ੍ਰੁੱਤ ਦੇ ਨਾਉਂ ਉੱਤੇ ਹਨੋਕ ਰੱਖਿਆ 18ਹਨੋਕ ਤੋਂ ਈਰਾਦ ਜੰਮਿਆਂ ਅਰ ਈਰਾਦ ਤੋਂ ਮਹੂਯਾਏਲ ਜੰਮਿਆਂ ਅਰ ਮਹੂਯਾਏਲ ਤੋ ਮਥੂਸ਼ਾਏਲ ਜੰਮਿਆਂ ਅਰ ਮਥੂਸ਼ਾਏਲ ਤੋਂ ਲਾਮਕ ਜੰਮਿਆਂ 19ਲਾਮਕ ਨੇ ਆਪਣੇ ਲਈ ਦੋ ਤੀਵੀਆਂ ਕੀਤੀਆਂ ਅਰ ਇੱਕ ਦਾ ਨਾਉਂ ਆਦਾਹ ਸੀ ਅਰ ਦੂਈ ਦਾ ਨਾਉਂ ਜ਼ਿੱਲਾਹ ਸੀ 20ਅਤੇ ਆਦਾਹ ਯਾਬਲ ਨੂੰ ਜਣੀ। ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਰ ਪਸੂ ਪਾਲਦੇ ਸਨ 21ਅਰ ਉਸ ਦੇ ਭਰਾ ਦਾ ਨਾਉਂ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰ ਬੀਨ ਬਜਾਉਂਦੇ ਸਨ 22ਜ਼ਿੱਲਾਹ ਦੀ ਤੂਬਲ- ਕਇਨ ਨੂੰ ਜਣੀ। ਉਹ ਲੋਹੇ ਅਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਦਾ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ- ਕਇਨ ਦੀ ਭੈਣ ਨਾਮਾਹ ਸੀ।।
23ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ-
ਆਦਾਹ ਤੇ ਜਿੱਲਾਹ, ਮੇਰੀ ਅਵਾਜ਼ ਸੁਣੋ,
ਹੇ ਲਾਮਕ ਦੀਓ ਤੀਵੀਂਓ ਮੇਰੇ ਬਚਨ ਤੇ ਕੰਨ
ਲਾਓ।
ਮੈਂ ਤਾਂ ਇੱਕ ਮਨੁੱਖ ਨੂੰ ਜਿਹ ਨੇ ਮੈਨੂੰ ਫੱਟੜ ਕੀਤਾ
ਅਤੇ ਇੱਕ ਗੱਭਰੂ ਨੂੰ ਜਿਹ ਨੇ ਮੈਨੂੰ ਸੱਟ ਮਾਰੀ
ਵੱਢ ਸੁੱਟਿਆ ਹੈ।
24ਜੇ ਕਇਨ ਦਾ ਬਦਲਾ ਸੱਤ ਗੁਣਾ ਹੈ
ਤਾਂ ਲਾਮਕ ਦਾ ਸੱਤਤਰ ਗੁਣਾ ਲਿਆ ਜਾਵੇਗਾ।।
25ਆਦਮ ਨੇ ਫੇਰ ਆਪਣੀ ਤੀਵੀਂ ਨਾਲ ਸੰਗ ਕੀਤਾ ਅਤੇ ਉਹ ਪ੍ਰੁੱਤ ਜਣੀ ਅਤੇ ਉਸ ਨੇ ਏਹ ਕਹਿਕੇ ਉਹ ਦਾ ਨਾਉਂ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਵੰਸ ਹਾਬਲ ਦੀ ਥਾਂ ਜਿਹ ਨੂੰ ਕਇਨ ਨੇ ਵੱਢ ਸੁੱਟਿਆ ਸੀ ਦੇ ਦਿੱਤੀ ਹੈ 26ਅਤੇ ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆਂ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।।

Kleurmerk

Deel

Kopieer

None

Wil jy jou kleurmerke oor al jou toestelle gestoor hê? Teken in of teken aan