YouVersion Logo
Search Icon

ਲੂਕਾ 1

1
ਭੂਮਿਕਾ
1ਹੇ ਸਤਿਕਾਰਯੋਗ ਥਿਉਫ਼ਿਲੁਸ, ਬਹੁਤਿਆਂ ਨੇ ਉਨ੍ਹਾਂ ਗੱਲਾਂ ਨੂੰ ਤਰਤੀਬਵਾਰ ਦੱਸਣ ਦਾ ਯਤਨ ਕੀਤਾ ਜਿਹੜੀਆਂ ਸਾਡੇ ਵਿਚਕਾਰ ਹੋਈਆਂ ਹਨ, 2ਜਿਵੇਂ ਕਿ ਉਨ੍ਹਾਂ ਨੇ ਸਾਡੇ ਤੱਕ ਪਹੁੰਚਾਈਆਂ ਜਿਹੜੇ ਸ਼ੁਰੂ ਤੋਂ ਅੱਖੀਂ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਨ। 3ਮੈਂ ਵੀ ਇਹ ਉਚਿਤ ਸਮਝਿਆ ਕਿ ਅਰੰਭ ਤੋਂ ਸਭਨਾਂ ਗੱਲਾਂ ਦੀ ਧਿਆਨ ਨਾਲ ਜਾਂਚ-ਪੜਤਾਲ ਕਰਕੇ ਤੇਰੇ ਲਈ ਸਿਲਸਿਲੇਵਾਰ ਲਿਖਾਂ 4ਤਾਂਕਿ ਜਿਹੜੀਆਂ ਗੱਲਾਂ ਤੈਨੂੰ ਸਿਖਾਈਆਂ ਗਈਆਂ, ਤੂੰ ਉਨ੍ਹਾਂ ਦੀ ਸਚਾਈ ਨੂੰ ਜਾਣ ਲਵੇਂ।
ਯੂਹੰਨਾ ਦੇ ਜਨਮ ਦੀ ਭਵਿੱਖਬਾਣੀ
5ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ, ਅਬੀਯਾਹ ਦੇ ਦਲ ਵਿੱਚੋਂ ਜ਼ਕਰਯਾਹ ਨਾਮਕ ਇੱਕ ਯਾਜਕ ਸੀ ਅਤੇ ਉਸ ਦੀ ਪਤਨੀ ਹਾਰੂਨ ਦੇ ਵੰਸ਼ ਵਿੱਚੋਂ ਸੀ ਜਿਸ ਦਾ ਨਾਮ ਇਲੀਸਬਤ ਸੀ। 6ਉਹ ਦੋਵੇਂ ਪਰਮੇਸ਼ਰ ਦੇ ਸਨਮੁੱਖ ਧਰਮੀ ਸਨ ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਉੱਤੇ ਨਿਰਦੋਸ਼ ਚੱਲਦੇ ਸਨ। 7ਪਰ ਉਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ, ਕਿਉਂਕਿ ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਹੋ ਚੁੱਕੇ ਸਨ। 8ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਆਪਣੇ ਦਲ ਦੀ ਵਾਰੀ ਅਨੁਸਾਰ ਪਰਮੇਸ਼ਰ ਦੇ ਸਨਮੁੱਖ ਯਾਜਕਾਈ ਦੀ ਸੇਵਾ ਦਾ ਕੰਮ ਕਰ ਰਿਹਾ ਸੀ 9ਤਾਂ ਯਾਜਕਾਈ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ ਕਿ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਫ਼ ਧੁਖਾਵੇ। 10ਧੂਫ਼ ਧੁਖਾਉਣ ਸਮੇਂ ਲੋਕਾਂ ਦੀ ਸਾਰੀ ਭੀੜ ਬਾਹਰ ਪ੍ਰਾਰਥਨਾ ਕਰ ਰਹੀ ਸੀ। 11ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਫ਼ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਵਿਖਾਈ ਦਿੱਤਾ। 12ਜ਼ਕਰਯਾਹ ਉਸ ਨੂੰ ਵੇਖ ਕੇ ਘਬਰਾ ਗਿਆ ਅਤੇ ਉਸ ਉੱਤੇ ਭੈ ਛਾ ਗਿਆ। 13ਪਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ! ਕਿਉਂਕਿ ਤੇਰੀ ਪ੍ਰਾਰਥਨਾ ਸੁਣੀ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ; ਤੂੰ ਉਸ ਦਾ ਨਾਮ ਯੂਹੰਨਾ ਰੱਖੀਂ। 14ਉਹ ਤੇਰੇ ਲਈ ਖੁਸ਼ੀ ਅਤੇ ਅਨੰਦ ਦਾ ਕਾਰਨ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਅਨੰਦ ਮਨਾਉਣਗੇ, 15ਕਿਉਂਕਿ ਉਹ ਪ੍ਰਭੂ ਦੇ ਸਨਮੁੱਖ ਮਹਾਨ ਹੋਵੇਗਾ ਅਤੇ ਨਾ ਮੈ ਅਤੇ ਨਾ ਮਦ ਪੀਵੇਗਾ ਅਤੇ ਆਪਣੀ ਮਾਂ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ। 16ਉਹ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜੇਗਾ। 17ਉਹ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਵਿੱਚ ਹੋ ਕੇ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ ਤਾਂਕਿ ਪਿਓਵਾਂ ਦੇ ਦਿਲਾਂ ਨੂੰ ਬੱਚਿਆਂ ਵੱਲ ਅਤੇ ਅਣਆਗਿਆਕਾਰਾਂ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ ਕਿ ਪ੍ਰਭੂ ਲਈ ਇੱਕ ਯੋਗ ਕੌਮ ਤਿਆਰ ਕਰੇ।” 18ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਇਹ ਕਿਵੇਂ ਮੰਨਾਂ? ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ।” 19ਦੂਤ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜਿਹੜਾ ਪਰਮੇਸ਼ਰ ਦੇ ਸਨਮੁੱਖ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਭੇਜਿਆ ਗਿਆ ਕਿ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖੁਸ਼ੀ ਦੀ ਖ਼ਬਰ ਸੁਣਾਵਾਂ। 20ਵੇਖ, ਜਿਸ ਦਿਨ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਕਿਉਂਕਿ ਤੂੰ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ 'ਤੇ ਪੂਰੀਆਂ ਹੋਣਗੀਆਂ।”
21ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਵਿੱਚ ਉਸ ਦੀ ਦੇਰੀ ਕਰਕੇ ਹੈਰਾਨ ਸਨ। 22ਜਦੋਂ ਉਹ ਬਾਹਰ ਆਇਆ ਅਤੇ ਉਨ੍ਹਾਂ ਨਾਲ ਬੋਲ ਨਾ ਸਕਿਆ ਤਾਂ ਉਹ ਜਾਣ ਗਏ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਵੇਖਿਆ ਹੈ। ਉਹ ਉਨ੍ਹਾਂ ਨੂੰ ਇਸ਼ਾਰੇ ਤਾਂ ਕਰਦਾ ਸੀ ਪਰ ਗੂੰਗਾ ਰਿਹਾ। 23ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਸ ਦੀ ਸੇਵਾ ਦੇ ਦਿਨ ਪੂਰੇ ਹੋ ਗਏ ਤਾਂ ਉਹ ਆਪਣੇ ਘਰ ਚਲਾ ਗਿਆ। 24ਇਨ੍ਹਾਂ ਦਿਨਾਂ ਤੋਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਉਸ ਨੇ ਪੰਜ ਮਹੀਨੇ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਲੁਕਾਈ ਰੱਖਿਆ, 25“ਪ੍ਰਭੂ ਨੇ ਮੇਰੇ ਨਾਲ ਇਹ ਕੀਤਾ ਹੈ; ਉਸ ਨੇ ਇਨ੍ਹਾਂ ਦਿਨਾਂ ਵਿੱਚ ਕਿਰਪਾ ਦੀ ਨਿਗਾਹ ਕੀਤੀ ਕਿ ਲੋਕਾਂ ਵਿੱਚੋਂ ਮੇਰੇ ਨਿਰਾਦਰ ਨੂੰ ਦੂਰ ਕਰੇ।”
ਯਿਸੂ ਦੇ ਜਨਮ ਦੀ ਭਵਿੱਖਬਾਣੀ
26ਛੇਵੇਂ ਮਹੀਨੇ ਪਰਮੇਸ਼ਰ ਵੱਲੋਂ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਨਾਸਰਤ ਨਾਮਕ ਇੱਕ ਨਗਰ ਵਿੱਚ 27ਇੱਕ ਕੁਆਰੀ ਕੋਲ ਭੇਜਿਆ ਗਿਆ ਜਿਸ ਦੀ ਮੰਗਣੀ ਦਾਊਦ ਦੇ ਘਰਾਣੇ ਦੇ ਯੂਸੁਫ਼ ਨਾਮਕ ਇੱਕ ਵਿਅਕਤੀ ਨਾਲ ਹੋਈ ਸੀ। ਉਸ ਕੁਆਰੀ ਦਾ ਨਾਮ ਮਰਿਯਮ ਸੀ। 28ਦੂਤ ਨੇ ਉਸ ਕੋਲ ਅੰਦਰ ਆ ਕੇ ਕਿਹਾ, “ਵਧਾਈ ਹੋਵੇ, ਤੇਰੇ ਉੱਤੇ ਕਿਰਪਾ ਹੋਈ ਹੈ! ਪ੍ਰਭੂ ਤੇਰੇ ਨਾਲ ਹੈ#1:28 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਧੰਨ ਹੈਂ ਤੂੰ ਔਰਤਾਂ ਵਿੱਚੋਂ” ਲਿਖਿਆ ਹੈ।।” 29ਪਰ ਉਹ ਇਸ ਗੱਲ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦੀ ਵਧਾਈ ਹੈ? 30ਤਦ ਦੂਤ ਨੇ ਉਸ ਨੂੰ ਕਿਹਾ, “ਹੇ ਮਰਿਯਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। 31ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ; ਉਸ ਦਾ ਨਾਮ ਯਿਸੂ ਰੱਖਣਾ। 32ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ। 33ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ।” 34ਪਰ ਮਰਿਯਮ ਨੇ ਦੂਤ ਨੂੰ ਕਿਹਾ, “ਇਹ ਕਿਵੇਂ ਹੋਵੇਗਾ, ਕਿਉਂਕਿ ਮੈਂ ਤਾਂ ਅਜੇ ਕੁਆਰੀ ਹਾਂ?” 35ਦੂਤ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਲਈ ਉਹ ਪਵਿੱਤਰ ਬਾਲਕ ਜੋ#1:35 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੇਰੇ ਤੋਂ” ਲਿਖਿਆ ਹੈ। ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਕਹਾਵੇਗਾ। 36ਵੇਖ, ਤੇਰੀ ਰਿਸ਼ਤੇਦਾਰ ਇਲੀਸਬਤ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਸ ਦਾ ਇਹ ਛੇਵਾਂ ਮਹੀਨਾ ਹੈ, 37ਕਿਉਂਕਿ ਪਰਮੇਸ਼ਰ ਲਈ ਕੋਈ ਗੱਲ ਅਸੰਭਵ ਨਹੀਂ ਹੈ।” 38ਮਰਿਯਮ ਨੇ ਕਿਹਾ, “ਵੇਖ, ਮੈਂ ਪ੍ਰਭੂ ਦੀ ਦਾਸੀ ਹਾਂ; ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ।” ਤਦ ਸਵਰਗਦੂਤ ਉਸ ਕੋਲੋਂ ਚਲਾ ਗਿਆ।
ਮਰਿਯਮ ਅਤੇ ਇਲੀਸਬਤ ਦਾ ਮਿਲਣਾ
39ਉਨ੍ਹਾਂ ਦਿਨਾਂ ਵਿੱਚ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਇਲਾਕੇ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ 40ਅਤੇ ਜ਼ਕਰਯਾਹ ਦੇ ਘਰ ਜਾ ਕੇ ਇਲੀਸਬਤ ਨੂੰ ਸਲਾਮ ਕੀਤਾ। 41ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਇਲੀਸਬਤ ਨੇ ਮਰਿਯਮ ਦਾ ਸਲਾਮ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ। 42ਤਦ ਉਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਧੰਨ ਹੈਂ ਤੂੰ ਔਰਤਾਂ ਵਿੱਚੋਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ! 43ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? 44ਵੇਖ, ਜਿਵੇਂ ਹੀ ਤੇਰੇ ਸਲਾਮ ਦੀ ਅਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖੁਸ਼ੀ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ। 45ਧੰਨ ਹੈ ਉਹ ਜਿਸ ਨੇ ਇਹ ਵਿਸ਼ਵਾਸ ਕੀਤਾ ਕਿ ਜੋ ਗੱਲਾਂ ਪ੍ਰਭੂ ਵੱਲੋਂ ਉਸ ਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ।”
ਮਰਿਯਮ ਦੁਆਰਾ ਉਸਤਤ ਦਾ ਗੀਤ
46ਤਦ ਮਰਿਯਮ ਨੇ ਕਿਹਾ:
ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ
47ਅਤੇ ਮੇਰੀ ਆਤਮਾ ਮੇਰੇ ਮੁਕਤੀ ਦੇ ਪਰਮੇਸ਼ਰ
ਵਿੱਚ ਅਨੰਦ ਹੋਈ,
48ਕਿਉਂਕਿ ਉਸ ਨੇ ਆਪਣੀ ਦਾਸੀ ਦੀ
ਨਿਮਾਣੀ ਦਸ਼ਾ 'ਤੇ ਨਿਗਾਹ ਕੀਤੀ।
ਵੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ
ਮੈਨੂੰ ਧੰਨ ਕਹਿਣਗੀਆਂ,
49ਕਿਉਂਕਿ ਸਰਬ-ਸ਼ਕਤੀਮਾਨ ਨੇ ਮੇਰੇ ਲਈ
ਵੱਡੇ ਕੰਮ ਕੀਤੇ ਹਨ
ਅਤੇ ਉਸ ਦਾ ਨਾਮ ਪਵਿੱਤਰ ਹੈ।
50ਜਿਹੜੇ ਉਸ ਤੋਂ ਡਰਦੇ ਹਨ ਉਨ੍ਹਾਂ ਉੱਤੇ
ਉਸ ਦੀ ਦਇਆ ਪੀੜ੍ਹੀਓਂ-ਪੀੜ੍ਹੀ ਬਣੀ ਰਹਿੰਦੀ ਹੈ।
51ਉਸ ਨੇ ਆਪਣਾ ਸ਼ਕਤੀਸ਼ਾਲੀ ਹੱਥ ਵਿਖਾਇਆ
ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ
ਜਿਹੜੇ ਆਪਣੇ ਮਨ ਦੇ ਵਿਚਾਰ ਵਿੱਚ ਘਮੰਡੀ ਸਨ।
52ਉਸ ਨੇ ਹਾਕਮਾਂ ਨੂੰ ਸਿੰਘਾਸਣਾਂ ਤੋਂ ਲਾਹ ਦਿੱਤਾ
ਅਤੇ ਨਿਮਾਣਿਆਂ ਨੂੰ ਉੱਚਾ ਕੀਤਾ।
53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ
ਅਤੇ ਧਨਵਾਨਾਂ ਨੂੰ ਖਾਲੀ ਹੱਥ ਮੋੜ ਦਿੱਤਾ।
54ਉਸ ਨੇ ਆਪਣੇ ਸੇਵਕ ਇਸਰਾਏਲ ਦੀ ਮਦਦ ਕੀਤੀ
ਕਿ ਆਪਣੀ ਦਇਆ ਨੂੰ ਯਾਦ ਕਰੇ,
55ਜਿਵੇਂ ਉਸ ਨੇ ਸਾਡੇ ਪੁਰਖਿਆਂ
ਅਰਥਾਤ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਸਦਾ ਲਈ ਵਾਇਦਾ ਕੀਤਾ ਸੀ।
56ਮਰਿਯਮ ਲਗਭਗ ਤਿੰਨ ਮਹੀਨੇ ਇਲੀਸਬਤ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।
ਯੂਹੰਨਾ ਦਾ ਜਨਮ
57ਹੁਣ ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 58ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਤੇ ਵੱਡੀ ਦਇਆ ਕੀਤੀ ਹੈ ਤਾਂ ਉਸ ਨਾਲ ਖੁਸ਼ੀ ਮਨਾਈ।
59ਫਿਰ ਇਸ ਤਰ੍ਹਾਂ ਹੋਇਆ ਕਿ ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸ ਦਾ ਨਾਮ ਉਸ ਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ। 60ਪਰ ਉਸ ਦੀ ਮਾਂ ਨੇ ਕਿਹਾ, “ਨਹੀਂ, ਸਗੋਂ ਇਹ ਯੂਹੰਨਾ ਕਹਾਵੇਗਾ।” 61ਉਨ੍ਹਾਂ ਉਸ ਨੂੰ ਕਿਹਾ, “ਤੇਰੀ ਰਿਸ਼ਤੇਦਾਰੀ ਵਿੱਚੋਂ ਕੋਈ ਨਹੀਂ ਜਿਹੜਾ ਇਸ ਨਾਮ ਤੋਂ ਪੁਕਾਰਿਆ ਜਾਂਦਾ ਹੋਵੇ।” 62ਉਨ੍ਹਾਂ ਨੇ ਬੱਚੇ ਦੇ ਪਿਤਾ ਵੱਲ ਇਸ਼ਾਰਾ ਕਰਕੇ ਜਾਣਨਾ ਚਾਹਿਆ ਕਿ ਉਹ ਬੱਚੇ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ। 63ਤਦ ਉਸ ਨੇ ਇੱਕ ਤਖ਼ਤੀ ਮੰਗਵਾ ਕੇ ਲਿਖਿਆ, “ਇਸ ਦਾ ਨਾਮ ਯੂਹੰਨਾ ਹੈ।” ਅਤੇ ਸਭ ਹੈਰਾਨ ਰਹਿ ਗਏ। 64ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗਾ। 65ਤਦ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਸਭਨਾਂ ਉੱਤੇ ਭੈ ਛਾ ਗਿਆ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਹੋਣ ਲੱਗੀ। 66ਸਭ ਸੁਣਨ ਵਾਲਿਆਂ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖਿਆ ਅਤੇ ਕਿਹਾ, “ਇਹ ਬੱਚਾ ਕਿਹੋ ਜਿਹਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ।
ਜ਼ਕਰਯਾਹ ਦੀ ਭਵਿੱਖਬਾਣੀ
67ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਇਹ ਭਵਿੱਖਬਾਣੀ ਕਰਨ ਲੱਗਾ:
68ਧੰਨ ਹੈ ਇਸਰਾਏਲ ਦਾ ਪ੍ਰਭੂ ਪਰਮੇਸ਼ਰ,
ਕਿਉਂਕਿ ਉਸ ਨੇ ਆਪਣੇ ਲੋਕਾਂ ਦੀ ਸੁੱਧ ਲਈ
ਅਤੇ ਛੁਟਕਾਰਾ ਦਿੱਤਾ।
69ਉਸ ਨੇ ਆਪਣੇ ਦਾਸ ਦਾਊਦ ਦੇ ਘਰਾਣੇ ਵਿੱਚ
ਸਾਡੇ ਲਈ ਮੁਕਤੀ ਦਾ ਸਿੰਗ ਖੜ੍ਹਾ ਕੀਤਾ,
70-ਜਿਵੇਂ ਉਸ ਨੇ ਅਰੰਭ ਤੋਂ ਆਪਣੇ
ਪਵਿੱਤਰ ਨਬੀਆਂ ਰਾਹੀਂ ਕਿਹਾ-
71ਅਰਥਾਤ ਸਾਨੂੰ ਸਾਡੇ ਵੈਰੀਆਂ ਅਤੇ
ਸਭ ਨਫ਼ਰਤ ਕਰਨ ਵਾਲਿਆਂ ਦੇ ਹੱਥੋਂ ਛੁਟਕਾਰਾ ਦਿੱਤਾ
72ਅਤੇ ਸਾਡੇ ਪੁਰਖਿਆਂ 'ਤੇ ਦਇਆ ਕੀਤੀ
ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਿਆ
73ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ ਪੁਰਖੇ
ਅਬਰਾਹਾਮ ਨਾਲ ਖਾਧੀ ਸੀ
74ਕਿ ਸਾਨੂੰ ਇਹ ਬਖਸ਼ੇ ਜੋ ਅਸੀਂ
ਵੈਰੀਆਂ ਦੇ ਹੱਥੋਂ ਛੁੱਟ ਕੇ
75ਆਪਣੀ ਸਾਰੀ ਜ਼ਿੰਦਗੀ ਉਸ ਦੇ ਸਨਮੁੱਖ ਨਿਡਰਤਾ ਨਾਲ ਪਵਿੱਤਰਤਾ ਅਤੇ ਧਾਰਮਿਕਤਾ ਸਹਿਤ
ਉਸ ਦੀ ਸੇਵਾ ਕਰੀਏ।
76ਤੂੰ, ਹੇ ਬਾਲਕ,
ਅੱਤ ਮਹਾਨ ਦਾ ਨਬੀ ਕਹਾਵੇਂਗਾ;
ਕਿਉਂਕਿ ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਲਈ
ਉਸ ਦੇ ਅੱਗੇ-ਅੱਗੇ ਚੱਲੇਂਗਾ
77ਕਿ ਉਸ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ
ਮਾਫ਼ੀ ਦੁਆਰਾ ਮੁਕਤੀ ਦਾ ਗਿਆਨ ਦੇਵੇਂ
78ਜੋ ਸਾਡੇ ਪਰਮੇਸ਼ਰ ਦੀ ਅਸੀਮ ਦਇਆ ਦੇ ਕਾਰਨ ਹੋਵੇਗਾ
ਜਿਸ ਦੇ ਦੁਆਰਾ ਅਕਾਸ਼ ਤੋਂ ਸਾਡੇ ਉੱਤੇ ਸਵੇਰ ਦਾ ਚਾਨਣ ਚਮਕੇਗਾ
79ਕਿ ਉਨ੍ਹਾਂ ਨੂੰ ਜਿਹੜੇ ਹਨੇਰੇ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਹਨ, ਚਾਨਣ ਦੇਵੇ
ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਵੱਲ ਲੈ ਜਾਵੇ।
80ਉਹ ਬਾਲਕ ਵਧਦਾ ਅਤੇ ਆਤਮਾ ਵਿੱਚ ਤਕੜਾ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਪਰਗਟ ਹੋਣ ਦੇ ਦਿਨ ਤੱਕ ਉਜਾੜ ਵਿੱਚ ਰਿਹਾ।

Currently Selected:

ਲੂਕਾ 1: PSB

Highlight

Share

Copy

None

Want to have your highlights saved across all your devices? Sign up or sign in