YouVersion Logo
Search Icon

ਲੂਕਾ 2

2
ਯਿਸੂ ਦਾ ਜਨਮ
1ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਰਾਜਾ ਕੈਸਰ ਔਗੂਸਤੁਸ ਵੱਲੋਂ ਇਹ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਕੀਤੀ ਜਾਵੇ। 2ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜਿਹੜੀ ਸੀਰੀਆ ਦੇ ਰਾਜਪਾਲ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ 3ਅਤੇ ਸਭ ਲੋਕ ਨਾਮ ਦਰਜ ਕਰਾਉਣ ਲਈ ਆਪੋ-ਆਪਣੇ ਨਗਰ ਨੂੰ ਜਾਣ ਲੱਗੇ। 4ਸੋ ਯੂਸੁਫ਼ ਵੀ, ਕਿਉਂਕਿ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਗਿਆ ਜਿਸ ਨੂੰ ਬੈਤਲਹਮ ਕਿਹਾ ਜਾਂਦਾ ਹੈ 5ਤਾਂਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ, ਨਾਮ ਦਰਜ ਕਰਾਵੇ। 6ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉੱਥੇ ਸਨ ਤਾਂ ਮਰਿਯਮ ਦੇ ਜਣਨ ਦੇ ਦਿਨ ਪੂਰੇ ਹੋ ਗਏ 7ਅਤੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖ ਦਿੱਤਾ ਕਿਉਂਕਿ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲੀ।
ਸਵਰਗਦੂਤਾਂ ਵੱਲੋਂ ਚਰਵਾਹਿਆਂ ਨੂੰ ਸੰਦੇਸ਼
8ਉਸੇ ਇਲਾਕੇ ਵਿੱਚ ਚਰਵਾਹੇ ਸਨ ਜੋ ਬਾਹਰ ਮੈਦਾਨ ਵਿੱਚ ਰਹਿ ਕੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। 9ਤਦ ਪ੍ਰਭੂ ਦਾ ਇੱਕ ਦੂਤ ਉਨ੍ਹਾਂ ਸਾਹਮਣੇ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੁਆਲੇ ਚਮਕਿਆ ਅਤੇ ਉਹ ਬਹੁਤ ਡਰ ਗਏ। 10ਪਰ ਦੂਤ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ! ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੇ ਅਨੰਦ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਦੇ ਲਈ ਹੋਵੇਗੀ; 11ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੂ ਹੈ। 12ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ; ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਵੇਖੋਗੇ।” 13ਤਦ ਅਚਾਨਕ ਉਸ ਦੂਤ ਦੇ ਨਾਲ ਸਵਰਗੀ ਫ਼ੌਜ ਦਾ ਇੱਕ ਦਲ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਵਿਖਾਈ ਦਿੱਤਾ:
14ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ
ਅਤੇ ਧਰਤੀ ਉੱਤੇ ਉਨ੍ਹਾਂ ਮਨੁੱਖਾਂ ਵਿੱਚ ਸ਼ਾਂਤੀ
ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।
15ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਵਰਗਦੂਤ ਉਨ੍ਹਾਂ ਕੋਲੋਂ ਸਵਰਗ ਨੂੰ ਚਲੇ ਗਏ ਤਾਂ ਚਰਵਾਹੇ ਆਪਸ ਵਿੱਚ ਕਹਿਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਖ਼ਬਰ ਪ੍ਰਭੂ ਨੇ ਸਾਨੂੰ ਦਿੱਤੀ ਹੈ।” 16ਤਦ ਉਨ੍ਹਾਂ ਛੇਤੀ ਜਾ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਖੁਰਲੀ ਵਿੱਚ ਪਏ ਹੋਏ ਬੱਚੇ ਨੂੰ ਵੇਖਿਆ। 17ਇਹ ਵੇਖ ਕੇ ਚਰਵਾਹਿਆਂ ਨੇ ਉਹ ਗੱਲ ਜੋ ਉਸ ਬੱਚੇ ਬਾਰੇ ਉਨ੍ਹਾਂ ਨੂੰ ਕਹੀ ਗਈ ਸੀ, ਦੱਸੀ। 18ਤਦ ਸਾਰੇ ਉਹ ਗੱਲਾਂ ਸੁਣ ਕੇ ਜੋ ਚਰਵਾਹਿਆਂ ਨੇ ਉਨ੍ਹਾਂ ਨੂੰ ਦੱਸੀਆਂ ਸਨ, ਹੈਰਾਨ ਹੋਏ। 19ਪਰ ਮਰਿਯਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਵਿਚਾਰ ਕਰਦੀ ਰਹੀ। 20ਤਦ ਚਰਵਾਹੇ ਪਰਮੇਸ਼ਰ ਦੀ ਉਸਤਤ ਅਤੇ ਵਡਿਆਈ ਕਰਦੇ ਹੋਏ ਮੁੜ ਗਏ ਕਿਉਂਕਿ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਉਹ ਉਸੇ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ।
ਬਾਲਕ ਯਿਸੂ ਨੂੰ ਪ੍ਰਭੂ ਦੇ ਸਨਮੁੱਖ ਹਾਜ਼ਰ ਕਰਨਾ
21ਜਦੋਂ ਅੱਠ ਦਿਨ ਪੂਰੇ ਹੋਏ ਕਿ ਉਸ ਦੀ ਸੁੰਨਤ ਕੀਤੀ ਜਾਵੇ ਤਾਂ ਉਸ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਸ ਦੇ ਕੁੱਖ ਵਿੱਚ ਪੈਣ ਤੋਂ ਪਹਿਲਾਂ ਸਵਰਗਦੂਤ ਵੱਲੋਂ ਦਿੱਤਾ ਗਿਆ ਸੀ।
22ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਹ ਉਸ ਨੂੰ ਪ੍ਰਭੂ ਦੇ ਸਨਮੁੱਖ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ, 23(ਜਿਵੇਂ ਕਿ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੈ:“ਕੁੱਖ ਨੂੰ ਖੋਲ੍ਹਣ ਵਾਲਾ ਹਰੇਕ ਨਰ ਬੱਚਾ ਪ੍ਰਭੂ ਲਈ ਪਵਿੱਤਰ ਕਹਾਵੇਗਾ”#ਕੂਚ 13:2,12,15) 24ਤਾਂਕਿ ਜੋ ਪ੍ਰਭੂ ਦੀ ਬਿਵਸਥਾ ਵਿੱਚ ਕਿਹਾ ਗਿਆ ਹੈ ਉਸ ਦੇ ਅਨੁਸਾਰਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਉਣ।#ਲੇਵੀਆਂ 12:8
ਸਿਮਓਨ ਦੁਆਰਾ ਯਿਸੂ ਦੇ ਦਰਸ਼ਨ
25ਵੇਖੋ, ਯਰੂਸ਼ਲਮ ਵਿੱਚ ਸਿਮਓਨ ਨਾਮਕ ਇੱਕ ਮਨੁੱਖ ਸੀ ਅਤੇ ਉਹ ਧਰਮੀ ਅਤੇ ਭਗਤ ਜਨ ਸੀ। ਉਹ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਉੱਤੇ ਸੀ। 26ਪਵਿੱਤਰ ਆਤਮਾ ਦੁਆਰਾ ਉਸ ਉੱਤੇ ਇਹ ਪਰਗਟ ਕੀਤਾ ਗਿਆ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਾ ਵੇਖ ਲਵੇ, ਉਹ ਮੌਤ ਨੂੰ ਨਹੀਂ ਵੇਖੇਗਾ। 27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦੋਂ ਮਾਤਾ-ਪਿਤਾ ਬਾਲਕ ਯਿਸੂ ਨੂੰ ਅੰਦਰ ਲਿਆਏ ਕਿ ਉਸ ਦੇ ਲਈ ਬਿਵਸਥਾ ਦੀ ਰੀਤ ਨੂੰ ਪੂਰਾ ਕਰਨ 28ਤਾਂ ਸਿਮਓਨ ਨੇ ਉਸ ਨੂੰ ਗੋਦ ਵਿੱਚ ਲਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ:
29ਹੇ ਸੁਆਮੀ,
ਹੁਣ ਤੂੰ ਆਪਣੇ ਦਾਸ ਨੂੰ
ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰ।
30ਕਿਉਂਕਿ ਮੇਰੀਆਂ ਅੱਖਾਂ ਨੇ
ਤੇਰੀ ਉਸ ਮੁਕਤੀ ਨੂੰ ਵੇਖ ਲਿਆ
31ਜਿਹੜੀ ਤੂੰ ਸਭਨਾਂ ਲੋਕਾਂ ਅੱਗੇ
ਤਿਆਰ ਕੀਤੀ ਹੈ
32ਅਰਥਾਤ ਪਰਾਈਆਂ ਕੌਮਾਂ ਦੇ
ਪਰਕਾਸ਼ ਲਈ ਜੋਤ
ਅਤੇ ਤੇਰੀ ਪਰਜਾ ਇਸਰਾਏਲ ਦੇ ਲਈ ਮਹਿਮਾ।
33ਉਸ ਦੇ ਮਾਤਾ-ਪਿਤਾ ਉਸ ਦੇ ਵਿਖੇ ਕਹੀਆਂ ਗਈਆਂ ਗੱਲਾਂ ਤੋਂ ਹੈਰਾਨ ਸਨ। 34ਤਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਕਿਹਾ, “ਵੇਖ, ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਬਣਨ ਅਤੇ ਇੱਕ ਅਜਿਹਾ ਚਿੰਨ੍ਹ ਹੋਣ ਲਈ ਠਹਿਰਾਇਆ ਗਿਆ ਹੈ ਜਿਸ ਦਾ ਵਿਰੋਧ ਕੀਤਾ ਜਾਵੇਗਾ 35(ਸਗੋਂ ਤਲਵਾਰ ਤੇਰੀ ਆਪਣੀ ਜਾਨ ਨੂੰ ਵੀ ਵਿੰਨ੍ਹ ਦੇਵੇਗੀ) ਤਾਂਕਿ ਬਹੁਤਿਆਂ ਦੇ ਮਨਾਂ ਦੇ ਵਿਚਾਰ ਪਰਗਟ ਹੋ ਜਾਣ।”
ਆੱਨਾ ਦੀ ਗਵਾਹੀ
36ਉੱਥੇ ਹੀ ਆੱਨਾ ਨਾਮਕ ਇੱਕ ਨਬੀਆ ਸੀ ਜੋ ਫਨੂਏਲ ਦੀ ਧੀ ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਸੀ। ਉਹ ਬਹੁਤ ਬਜ਼ੁਰਗ ਸੀ ਅਤੇ ਵਿਆਹ ਤੋਂ ਬਾਅਦ ਸੱਤ ਸਾਲ ਆਪਣੇ ਪਤੀ ਨਾਲ ਰਹੀ ਸੀ 37ਅਤੇ ਚੌਰਾਸੀ ਸਾਲਾਂ ਤੋਂ ਵਿਧਵਾ ਸੀ। ਉਹ ਹੈਕਲ ਨੂੰ ਨਹੀਂ ਛੱਡਦੀ ਸੀ ਅਤੇ ਰਾਤ-ਦਿਨ ਪ੍ਰਾਰਥਨਾ ਅਤੇ ਵਰਤ ਰੱਖ ਕੇ ਸੇਵਾ ਕਰਦੀ ਰਹਿੰਦੀ ਸੀ। 38ਉਸੇ ਸਮੇਂ ਉਹ ਵੀ ਆ ਕੇ ਪਰਮੇਸ਼ਰ#2:38 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਪ੍ਰਭੂ” ਲਿਖਿਆ ਹੈ। ਦੀ ਉਸਤਤ ਕਰਨ ਲੱਗੀ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਕਰ ਰਹੇ ਸਨ, ਉਸ ਬਾਲਕ ਦੇ ਬਾਰੇ ਦੱਸਣ ਲੱਗੀ।
ਨਾਸਰਤ ਨੂੰ ਮੁੜਨਾ
39ਜਦੋਂ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵਿੱਚ ਆਪਣੇ ਨਗਰ ਨਾਸਰਤ ਨੂੰ ਮੁੜ ਗਏ। 40ਉਹ ਬੱਚਾ ਵਧਦਾ,#2:40 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਤਮਾ ਵਿੱਚ” ਲਿਖਿਆ ਹੈ। ਬਲਵੰਤ ਹੁੰਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਸ ਦੇ ਉੱਤੇ ਸੀ।
ਬਾਲਕ ਯਿਸੂ
41ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ 'ਤੇ ਯਰੂਸ਼ਲਮ ਜਾਂਦੇ ਹੁੰਦੇ ਸਨ। 42ਜਦੋਂ ਉਹ ਬਾਲਕ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਉੱਥੇ ਗਏ 43ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਰੁਕ ਗਿਆ, ਪਰ ਉਸ ਦੇ ਮਾਤਾ-ਪਿਤਾ ਨੂੰ ਇਹ ਪਤਾ ਨਹੀਂ ਸੀ। 44ਉਹ ਇਹ ਸੋਚ ਕੇ ਜੋ ਉਹ ਕਾਫ਼ਲੇ ਦੇ ਨਾਲ ਹੋਵੇਗਾ ਇੱਕ ਦਿਨ ਦੀ ਯਾਤਰਾ ਕਰ ਚੁੱਕੇ; ਤਦ ਉਹ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਭਾਲਣ ਲੱਗੇ। 45ਪਰ ਜਦੋਂ ਉਹ ਨਾ ਮਿਲਿਆ ਤਾਂ ਉਹ ਉਸ ਨੂੰ ਲੱਭਦੇ ਹੋਏ ਯਰੂਸ਼ਲਮ ਨੂੰ ਮੁੜ ਆਏ। 46ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਉਨ੍ਹਾਂ ਉਸ ਨੂੰ ਹੈਕਲ ਵਿੱਚ ਧਰਮ ਗੁਰੂਆਂ ਦੇ ਵਿਚਕਾਰ ਬੈਠੇ ਅਤੇ ਉਨ੍ਹਾਂ ਦੀ ਸੁਣਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਪਾਇਆ 47ਅਤੇ ਜਿੰਨੇ ਉਸ ਦੀ ਸੁਣ ਰਹੇ ਸਨ ਉਹ ਸਭ ਉਸ ਦੀ ਸਮਝ ਅਤੇ ਉਸ ਦੇ ਉੱਤਰਾਂ ਤੋਂ ਹੈਰਾਨ ਸਨ। 48ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਵੇਖ ਮੈਂ ਅਤੇ ਤੇਰਾ ਪਿਤਾ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ।” 49ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰਾ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗੇ ਰਹਿਣਾ ਜ਼ਰੂਰੀ ਹੈ?” 50ਪਰ ਉਹ ਇਸ ਗੱਲ ਨੂੰ ਜੋ ਉਸ ਨੇ ਉਨ੍ਹਾਂ ਨੂੰ ਕਹੀ ਸੀ, ਨਾ ਸਮਝੇ। 51ਤਦ ਉਹ ਉਨ੍ਹਾਂ ਦੇ ਨਾਲ ਚੱਲ ਕੇ ਨਾਸਰਤ ਵਿੱਚ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ। ਪਰ ਉਸ ਦੀ ਮਾਤਾ ਨੇ ਇਹ ਸਭ ਗੱਲਾਂ ਆਪਣੇ ਮਨ ਵਿੱਚ ਹੀ ਰੱਖੀਆਂ। 52ਯਿਸੂ ਬੁੱਧ ਤੇ ਸਰੀਰ ਵਿੱਚ ਅਤੇ ਪਰਮੇਸ਼ਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।

Currently Selected:

ਲੂਕਾ 2: PSB

Highlight

Share

Copy

None

Want to have your highlights saved across all your devices? Sign up or sign in