YouVersion Logo
Search Icon

ਲੂਕਾ 14

14
ਸਬਤ ਦੇ ਦਿਨ ਬਾਰੇ ਪ੍ਰਸ਼ਨ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਦੇ ਪ੍ਰਧਾਨਾਂ ਵਿੱਚੋਂ ਇੱਕ ਦੇ ਘਰ ਰੋਟੀ ਖਾਣ ਲਈ ਗਿਆ ਤਾਂ ਉਹ ਉਸ ਉੱਤੇ ਨਜ਼ਰ ਰੱਖ ਰਹੇ ਸਨ 2ਅਤੇ ਵੇਖੋ, ਉਸ ਦੇ ਸਾਹਮਣੇ ਜਲੋਧਰ#14:2 ਜਲੋਧਰ: ਪੇਟ ਵਿੱਚ ਪਾਣੀ ਭਰ ਜਾਣ ਦਾ ਇੱਕ ਰੋਗ ਜਿਸ ਨਾਲ ਸਰੀਰ ਵਿੱਚ ਬਹੁਤ ਜ਼ਿਆਦਾ ਸੋਜ ਆ ਜਾਂਦੀ ਹੈ। ਦੇ ਰੋਗ ਤੋਂ ਪੀੜਿਤ ਇੱਕ ਮਨੁੱਖ ਸੀ। 3ਤਦ ਯਿਸੂ ਨੇ ਬਿਵਸਥਾ ਦੇ ਸਿਖਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਕਿਹਾ,“ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਜਾਂ ਨਹੀਂ?” 4ਪਰ ਉਹ ਚੁੱਪ ਹੀ ਰਹੇ। ਤਦ ਯਿਸੂ ਨੇ ਉਸ ਰੋਗੀ ਨੂੰ ਛੂਹ ਕੇ ਚੰਗਾ ਕੀਤਾ ਅਤੇ ਭੇਜ ਦਿੱਤਾ। 5ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਪੁੱਤਰ#14:5 ਕੁਝ ਹਸਤਲੇਖਾਂ ਵਿੱਚ “ਪੁੱਤਰ” ਦੇ ਸਥਾਨ 'ਤੇ “ਗਧਾ” ਲਿਖਿਆ ਹੈ।ਜਾਂ ਬਲਦ ਖੂਹ ਵਿੱਚ ਡਿੱਗ ਪਵੇ ਅਤੇ ਉਹ ਸਬਤ ਦੇ ਦਿਨ ਤੁਰੰਤ ਉਸ ਨੂੰ ਬਾਹਰ ਨਾ ਕੱਢੇ?” 6ਪਰ ਉਹ ਇਨ੍ਹਾਂ ਗੱਲਾਂ ਦਾ ਕੋਈ ਉੱਤਰ ਨਾ ਦੇ ਸਕੇ।
ਨੀਵੇਂ ਬਣਨ ਦੀ ਸਿੱਖਿਆ
7ਜਦੋਂ ਯਿਸੂ ਨੇ ਵੇਖਿਆ ਕਿ ਜਿਹੜੇ ਸੱਦੇ ਹੋਏ ਸਨ ਉਹ ਕਿਵੇਂ ਆਦਰ ਵਾਲੇ ਸਥਾਨਾਂ ਨੂੰ ਚੁਣ ਰਹੇ ਹਨ ਤਾਂ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, 8“ਜਦੋਂ ਕੋਈ ਤੈਨੂੰ ਵਿਆਹ ਵਿੱਚ ਨਿਓਤਾ ਦੇਵੇ ਤਾਂ ਆਦਰ ਵਾਲੇ ਸਥਾਨ 'ਤੇ ਨਾ ਬੈਠੀਂ, ਕਿਤੇ ਅਜਿਹਾ ਨਾ ਹੋਵੇ ਕਿ ਉਸ ਨੇ ਤੇਰੇ ਨਾਲੋਂ ਵੀ ਜ਼ਿਆਦਾ ਆਦਰਯੋਗ ਵਿਅਕਤੀ ਨੂੰ ਸੱਦਿਆ ਹੋਵੇ 9ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਇਹ ਸਥਾਨ ਇਸ ਨੂੰ ਦੇ ਦੇ’। ਤਦ ਤੈਨੂੰ ਸ਼ਰਮਿੰਦਾ ਹੋ ਕੇ ਪਿਛਲੇ ਸਥਾਨ 'ਤੇ ਬੈਠਣਾ ਪਵੇਗਾ। 10ਪਰ ਜਦੋਂ ਤੈਨੂੰ ਨਿਓਤਾ ਦਿੱਤਾ ਜਾਵੇ ਤਾਂ ਜਾ ਕੇ ਪਿਛਲੇ ਸਥਾਨ 'ਤੇ ਬੈਠੀਂ ਤਾਂਕਿ ਉਹ ਜਿਸ ਨੇ ਤੈਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਮਿੱਤਰਾ, ਅੱਗੇ ਆ ਜਾ’। ਤਦ ਤੇਰੇ ਨਾਲ ਬੈਠੇ ਸਭਨਾਂ ਲੋਕਾਂ ਦੇ ਸਾਹਮਣੇ ਤੇਰਾ ਆਦਰ ਹੋਵੇਗਾ। 11ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।” 12ਯਿਸੂ ਨੇ ਆਪਣੇ ਨਿਓਤਾ ਦੇਣ ਵਾਲੇ ਨੂੰ ਵੀ ਕਿਹਾ,“ਜਦੋਂ ਤੂੰ ਦਿਨ ਜਾਂ ਰਾਤ ਦੀ ਦਾਅਵਤ ਕਰੇਂ ਤਾਂ ਨਾ ਆਪਣੇ ਮਿੱਤਰਾਂ ਨੂੰ, ਨਾ ਆਪਣੇ ਭਰਾਵਾਂ ਨੂੰ, ਨਾ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਨਾ ਧਨਵਾਨ ਗੁਆਂਢੀਆਂ ਨੂੰ ਸੱਦ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਤੈਨੂੰ ਨਿਓਤਾ ਦੇਣ ਅਤੇ ਤੈਨੂੰ ਬਦਲਾ ਮਿਲ ਜਾਵੇ। 13ਪਰ ਜਦੋਂ ਤੂੰ ਦਾਅਵਤ ਕਰੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦ। 14ਤਦ ਤੂੰ ਧੰਨ ਹੋਵੇਂਗਾ, ਕਿਉਂਕਿ ਤੈਨੂੰ ਬਦਲੇ ਵਿੱਚ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਪਰ ਇਸ ਦਾ ਪ੍ਰਤਿਫਲ ਤੈਨੂੰ ਧਰਮੀਆਂ ਦੇ ਪੁਨਰ-ਉਥਾਨ ਦੇ ਸਮੇਂ ਮਿਲੇਗਾ।”
ਵੱਡੀ ਦਾਅਵਤ ਦਾ ਦ੍ਰਿਸ਼ਟਾਂਤ
15ਇਹ ਗੱਲਾਂ ਸੁਣ ਕੇ ਭੋਜਨ ਕਰਨ ਲਈ ਨਾਲ ਬੈਠਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਧੰਨ ਹੈ ਜਿਹੜਾ ਪਰਮੇਸ਼ਰ ਦੇ ਰਾਜ ਵਿੱਚ ਰੋਟੀ ਖਾਵੇਗਾ।”
16ਯਿਸੂ ਨੇ ਉਸ ਨੂੰ ਕਿਹਾ,“ਕਿਸੇ ਮਨੁੱਖ ਨੇ ਇੱਕ ਵੱਡੀ ਦਾਅਵਤ ਦਿੱਤੀ ਅਤੇ ਬਹੁਤ ਲੋਕਾਂ ਨੂੰ ਸੱਦਿਆ 17ਅਤੇ ਭੋਜਨ ਦੇ ਸਮੇਂ ਉਸ ਨੇ ਆਪਣੇ ਦਾਸ ਨੂੰ ਭੇਜਿਆ ਜੋ ਉਹ ਸੱਦੇ ਹੋਏ ਲੋਕਾਂ ਨੂੰ ਕਹੇ, ‘ਆਓ, ਕਿਉਂਕਿ ਹੁਣ ਭੋਜਨ ਤਿਆਰ ਹੈ’। 18ਪਰ ਉਹ ਸਭ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ‘ਮੈਂ ਖੇਤ ਖਰੀਦਿਆ ਹੈ ਅਤੇ ਮੇਰਾ ਜਾ ਕੇ ਇਸ ਨੂੰ ਵੇਖਣਾ ਜ਼ਰੂਰੀ ਹੈ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’। 19ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖਰੀਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਂਚਣ ਲਈ ਜਾ ਰਿਹਾ ਹਾਂ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’। 20ਇੱਕ ਹੋਰ ਨੇ ਕਿਹਾ, ‘ਮੈਂ ਵਿਆਹ ਕੀਤਾ ਹੈ ਇਸ ਲਈ ਮੈਂ ਨਹੀਂ ਆ ਸਕਦਾ’। 21ਦਾਸ ਨੇ ਆ ਕੇ ਇਹ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ। ਤਦ ਮਾਲਕ ਨੇ ਗੁੱਸੇ ਹੋ ਕੇ ਆਪਣੇ ਦਾਸ ਨੂੰ ਕਿਹਾ, ‘ਛੇਤੀ ਨਗਰ ਦੇ ਚੌਂਕਾਂ ਅਤੇ ਗਲੀਆਂ ਵਿੱਚ ਜਾ ਅਤੇ ਗਰੀਬਾਂ, ਅਪਾਹਜਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਲੈ ਆ’। 22ਦਾਸ ਨੇ ਕਿਹਾ, ‘ਮਾਲਕ, ਜਿਵੇਂ ਤੁਸੀਂ ਹੁਕਮ ਦਿੱਤਾ ਸੀ ਉਹ ਕਰ ਦਿੱਤਾ ਹੈ ਪਰ ਅਜੇ ਵੀ ਜਗ੍ਹਾ ਹੈ’। 23ਤਦ ਮਾਲਕ ਨੇ ਦਾਸ ਨੂੰ ਕਿਹਾ, ‘ਸੜਕਾਂ ਅਤੇ ਖੇਤ ਬੰਨਿਆਂ ਵੱਲ ਜਾ ਅਤੇ ਲੋਕਾਂ ਨੂੰ ਇੱਥੇ ਆਉਣ ਲਈ ਤਗੀਦ ਕਰ ਤਾਂਕਿ ਮੇਰਾ ਘਰ ਭਰ ਜਾਵੇ, 24ਕਿਉਂਕਿ ਮੈਂ ਤੈਨੂੰ ਕਹਿੰਦਾ ਹਾਂ ਕਿ ਉਨ੍ਹਾਂ ਸੱਦੇ ਹੋਏ ਲੋਕਾਂ ਵਿੱਚੋਂ ਕੋਈ ਵੀ ਮੇਰਾ ਭੋਜਨ ਨਾ ਚੱਖੇਗਾ’।”
ਚੇਲੇ ਬਣਨ ਦਾ ਅਰਥ
25ਇੱਕ ਵੱਡੀ ਭੀੜ ਯਿਸੂ ਦੇ ਨਾਲ ਚੱਲ ਰਹੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਕਿਹਾ, 26“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ, ਭਰਾਵਾਂ ਅਤੇ ਆਪਣੀ ਜਾਨ ਨਾਲ ਵੀ ਵੈਰ ਨਹੀਂ ਰੱਖਦਾ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। 27ਜੋ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਆਉਂਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28 “ਕਿਉਂਕਿ ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਬੁਰਜ ਬਣਾਉਣਾ ਚਾਹੇ, ਪਰ ਪਹਿਲਾਂ ਬੈਠ ਕੇ ਖਰਚੇ ਦਾ ਹਿਸਾਬ ਨਾ ਲਾਏ ਕਿ ਮੇਰੇ ਕੋਲ ਇਸ ਦੇ ਪੂਰਾ ਕਰਨ ਲਈ ਧਨ ਹੈ ਜਾਂ ਨਹੀਂ? 29ਕਿਤੇ ਅਜਿਹਾ ਨਾ ਹੋਵੇ ਕਿ ਉਹ ਨੀਂਹ ਰੱਖ ਕੇ ਇਸ ਨੂੰ ਪੂਰਾ ਨਾ ਕਰ ਸਕੇ ਅਤੇ ਸਭ ਵੇਖਣ ਵਾਲੇ ਉਸ ਦਾ ਮਖੌਲ ਉਡਾਉਣ 30ਅਤੇ ਕਹਿਣ ਲੱਗਣ, ‘ਇਸ ਮਨੁੱਖ ਨੇ ਬਣਾਉਣਾ ਅਰੰਭ ਤਾਂ ਕੀਤਾ, ਪਰ ਪੂਰਾ ਨਾ ਕਰ ਸਕਿਆ’! 31ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਦੂਜੇ ਰਾਜੇ ਨਾਲ ਯੁੱਧ ਕਰਨ ਲਈ ਜਾਵੇ ਪਰ ਪਹਿਲਾਂ ਬੈਠ ਕੇ ਇਹ ਵਿਚਾਰ ਨਾ ਕਰੇ ਕਿ ਜਿਹੜਾ ਵੀਹ ਹਜ਼ਾਰ ਸਿਪਾਹੀ ਲੈ ਕੇ ਮੇਰੇ ਵਿਰੁੱਧ ਆ ਰਿਹਾ ਹੈ, ਕੀ ਮੈਂ ਦਸ ਹਜ਼ਾਰ ਨਾਲ ਉਸ ਦਾ ਮੁਕਾਬਲਾ ਕਰ ਸਕਦਾ ਹਾਂ? 32ਜੇ ਨਹੀਂ ਤਾਂ ਅਜੇ ਉਸ ਦੇ ਦੂਰ ਹੁੰਦਿਆਂ ਹੀ ਉਹ ਦੂਤ ਭੇਜ ਕੇ ਸ਼ਾਂਤੀ ਲਈ ਪ੍ਰਸਤਾਵ ਰੱਖੇਗਾ। 33ਇਸੇ ਤਰ੍ਹਾਂ ਤੁਹਾਡੇ ਵਿੱਚੋਂ ਜਿਹੜਾ ਆਪਣੀ ਸਾਰੀ ਧਨ-ਸੰਪਤੀ ਨਾ ਤਿਆਗੇ, ਉਹ ਮੇਰਾ ਚੇਲਾ ਨਹੀਂ ਹੋ ਸਕਦਾ।
34 “ਨਮਕ ਤਾਂ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਾਹਦੇ ਨਾਲ ਸੁਆਦਲਾ ਕੀਤਾ ਜਾਵੇਗਾ? 35ਇਹ ਨਾ ਤਾਂ ਜ਼ਮੀਨ ਦੇ ਅਤੇ ਨਾ ਹੀ ਖਾਦ ਦੇ ਕੰਮ ਆਉਂਦਾ ਹੈ; ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”

Currently Selected:

ਲੂਕਾ 14: PSB

Highlight

Share

Copy

None

Want to have your highlights saved across all your devices? Sign up or sign in

Video for ਲੂਕਾ 14