YouVersion Logo
Search Icon

ਲੂਕਾ 8

8
ਸੇਵਾ ਕਰਨ ਵਾਲੀਆਂ ਔਰਤਾਂ
1ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਘੁੰਮ ਕੇ ਪ੍ਰਚਾਰ ਕਰਦਾ ਅਤੇ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਂਦਾ ਰਿਹਾ। ਬਾਰਾਂ ਚੇਲੇ ਵੀ ਉਸ ਦੇ ਨਾਲ ਸਨ 2ਅਤੇ ਕੁਝ ਔਰਤਾਂ ਵੀ ਸਨ ਜਿਹੜੀਆਂ ਦੁਸ਼ਟ ਆਤਮਾਵਾਂ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਸ ਵਿੱਚੋਂ ਸੱਤ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ 3ਅਤੇ ਹੇਰੋਦੇਸ ਦੇ ਪ੍ਰਬੰਧਕ ਖੂਜ਼ਾਹ ਦੀ ਪਤਨੀ ਯੋਆਨਾ ਅਤੇ ਸੁਸੰਨਾ ਅਤੇ ਕਈ ਹੋਰ ਸਨ ਜਿਹੜੀਆਂ ਆਪਣੀ ਧਨ-ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
4ਜਦੋਂ ਇੱਕ ਵੱਡੀ ਭੀੜ ਇਕੱਠੀ ਹੋਈ ਅਤੇ ਨਗਰ-ਨਗਰ ਤੋਂ ਲੋਕ ਉਸ ਕੋਲ ਆਉਣ ਲੱਗੇ ਤਾਂ ਉਸ ਨੇ ਦ੍ਰਿਸ਼ਟਾਂਤ ਰਾਹੀਂ ਕਿਹਾ, 5“ਇੱਕ ਬੀਜਣ ਵਾਲਾ ਬੀਜ ਬੀਜਣ ਲਈ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਨ੍ਹਾਂ ਨੂੰ ਚੁਗ ਲਿਆ। 6ਕੁਝ ਪਥਰੀਲੀ ਜ਼ਮੀਨ 'ਤੇ ਡਿੱਗੇ ਅਤੇ ਪੁੰਗਰੇ, ਪਰ ਨਮੀ ਨਾ ਮਿਲਣ ਕਰਕੇ ਸੁੱਕ ਗਏ 7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਨਾਲ-ਨਾਲ ਵਧਕੇ ਉਨ੍ਹਾਂ ਨੂੰ ਦਬਾ ਲਿਆ। 8ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਵਧਕੇ ਸੌ ਗੁਣਾ ਫਲ ਦਿੱਤਾ।” ਇਹ ਕਹਿ ਕੇ ਉਹ ਉੱਚੀ ਅਵਾਜ਼ ਵਿੱਚ ਬੋਲਿਆ,“ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
ਦ੍ਰਿਸ਼ਟਾਂਤਾਂ ਦਾ ਉਦੇਸ਼
9ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?” 10ਉਸ ਨੇ ਕਿਹਾ,“ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਹੋਰਾਂ ਨੂੰ ਮੈਂ ਦ੍ਰਿਸ਼ਟਾਂਤਾਂ ਵਿੱਚ ਬੋਲਦਾ ਹਾਂ ਤਾਂਕਿਉਹ ਵੇਖਦੇ ਹੋਏ ਵੀ ਨਾ ਵੇਖਣ ਅਤੇ ਸੁਣਦੇ ਹੋਏ ਵੀ ਨਾ ਸਮਝਣ।#ਯਸਾਯਾਹ 6:9
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ
11 “ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਰ ਦਾ ਵਚਨ ਹੈ। 12ਰਾਹ ਦੇ ਕਿਨਾਰੇ ਵਾਲੇ ਉਹ ਲੋਕ ਹਨ ਜਿਨ੍ਹਾਂ ਸੁਣਿਆ; ਪਰ ਸ਼ੈਤਾਨ ਆ ਕੇ ਉਨ੍ਹਾਂ ਦੇ ਦਿਲ ਵਿੱਚੋਂ ਵਚਨ ਚੁੱਕ ਲੈ ਜਾਂਦਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰਨ ਅਤੇ ਬਚਾਏ ਜਾਣ। 13ਪਥਰੀਲੀ ਜ਼ਮੀਨ ਉਤਲੇ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਪਰ ਜੜ੍ਹ ਨਹੀਂ ਫੜਦੇ; ਇਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਅਤੇ ਪਰਤਾਵੇ ਦੇ ਸਮੇਂ ਪਿਛਾਂਹ ਹਟ ਜਾਂਦੇ ਹਨ। 14ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਇਹ ਉਹ ਹਨ ਜਿਨ੍ਹਾਂ ਸੁਣਿਆ, ਪਰ ਅੱਗੇ ਜਾ ਕੇ ਚਿੰਤਾਵਾਂ, ਧਨ-ਦੌਲਤ ਅਤੇ ਜੀਵਨ ਦੇ ਭੋਗ-ਵਿਲਾਸਾਂ ਨਾਲ ਦੱਬੇ ਜਾਂਦੇ ਹਨ ਅਤੇ ਉਨ੍ਹਾਂ ਦਾ ਫਲ ਸਿੱਧਤਾ ਤੱਕ ਨਹੀਂ ਪਹੁੰਚਦਾ। 15ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗੇ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਚੰਗੇ ਅਤੇ ਸ਼ੁੱਧ ਮਨ ਨਾਲ ਫੜੀ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।
ਦੀਵੇ ਦਾ ਦ੍ਰਿਸ਼ਟਾਂਤ
16 “ਕੋਈ ਵੀ ਦੀਵਾ ਬਾਲ ਕੇ ਇਸ ਨੂੰ ਭਾਂਡੇ ਨਾਲ ਨਹੀਂ ਢੱਕਦਾ, ਨਾ ਮੰਜੀ ਹੇਠਾਂ ਰੱਖਦਾ ਹੈ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ। 17ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਹੋਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ। 18ਇਸ ਲਈ ਸਚੇਤ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋ, ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਹ ਆਪਣਾ ਸਮਝਦਾ ਹੈ, ਲੈ ਲਿਆ ਜਾਵੇਗਾ।”
ਯਿਸੂ ਦੀ ਮਾਤਾ ਅਤੇ ਭਰਾ
19ਯਿਸੂ ਦੀ ਮਾਤਾ ਅਤੇ ਭਰਾ ਉਸ ਦੇ ਕੋਲ ਆਏ, ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਜਾ ਸਕੇ। 20ਤਦ ਉਸ ਨੂੰ ਦੱਸਿਆ ਗਿਆ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ। 21ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”
ਤੂਫਾਨ ਨੂੰ ਸ਼ਾਂਤ ਕਰਨਾ
22ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ,“ਆਓ, ਝੀਲ ਦੇ ਪਾਰ ਚੱਲੀਏ” ਅਤੇ ਉਹ ਚੱਲ ਪਏ। 23ਜਦੋਂ ਕਿਸ਼ਤੀ ਚੱਲ ਰਹੀ ਸੀ ਤਾਂ ਯਿਸੂ ਸੌਂ ਗਿਆ। ਤਦ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ ਅਤੇ ਉਹ ਖ਼ਤਰੇ ਵਿੱਚ ਸਨ। 24ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਸੁਆਮੀ, ਸੁਆਮੀ! ਅਸੀਂ ਨਾਸ ਹੋ ਰਹੇ ਹਾਂ।” ਤਦ ਉਸ ਨੇ ਉੱਠ ਕੇ ਹਵਾ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਥੰਮ੍ਹ ਗਈਆਂ ਅਤੇ ਸ਼ਾਂਤੀ ਹੋ ਗਈ। 25ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਹਾਡਾ ਵਿਸ਼ਵਾਸ ਕਿੱਥੇ ਹੈ?” ਤਦ ਉਹ ਡਰ ਗਏ ਅਤੇ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੇ ਹਨ?”
ਦੁਸ਼ਟ ਆਤਮਾ ਨਾਲ ਜਕੜੇ ਗਿਰਸੇਨੀ ਮਨੁੱਖ ਦਾ ਚੰਗਾ ਹੋਣਾ
26ਫਿਰ ਉਹ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਹੈ। 27ਜਦੋਂ ਉਹ ਕੰਢੇ 'ਤੇ ਉੱਤਰਿਆ ਤਾਂ ਉਸ ਨਗਰ ਦਾ ਇੱਕ ਮਨੁੱਖ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ; ਉਹ ਲੰਮੇ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਵਿੱਚ ਨਹੀਂ, ਸਗੋਂ ਕਬਰਾਂ ਵਿੱਚ ਰਹਿੰਦਾ ਸੀ। 28ਉਹ ਯਿਸੂ ਨੂੰ ਵੇਖ ਕੇ ਚੀਕ ਉੱਠਿਆ ਅਤੇ ਉਸ ਦੇ ਸਾਹਮਣੇ ਡਿੱਗ ਕੇ ਉੱਚੀ ਅਵਾਜ਼ ਨਾਲ ਬੋਲਿਆ, “ਹੇ ਯਿਸੂ, ਅੱਤ ਮਹਾਨ ਪਰਮੇਸ਼ਰ ਦੇ ਪੁੱਤਰ! ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੈਨੂੰ ਦੁੱਖ ਨਾ ਦੇ!” 29ਕਿਉਂਕਿ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਉਸ ਮਨੁੱਖ ਵਿੱਚੋਂ ਬਾਹਰ ਨਿੱਕਲਣ ਦਾ ਹੁਕਮ ਦਿੱਤਾ ਸੀ, ਇਸ ਲਈ ਕਿ ਬਹੁਤ ਵਾਰ ਭ੍ਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਜਕੜਿਆ ਸੀ। ਉਹ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਪਹਿਰੇ ਵਿੱਚ ਰੱਖਦੇ ਸਨ, ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦੀ ਸੀ। 30ਯਿਸੂ ਨੇ ਉਸ ਨੂੰ ਪੁੱਛਿਆ,“ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਲਸ਼ਕਰ”, ਕਿਉਂਕਿ ਉਸ ਵਿੱਚ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਸਨ। 31ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਦੇ। 32ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਝੁੰਡ ਚਰਦਾ ਸੀ ਅਤੇ ਦੁਸ਼ਟ ਆਤਮਾਵਾਂ ਨੇ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦੇ। ਉਸ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ। 33ਤਦ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਝੁੰਡ ਢਲਾਣ ਤੋਂ ਤੇਜੀ ਨਾਲ ਭੱਜ ਕੇ ਹੇਠਾਂ ਝੀਲ ਵਿੱਚ ਜਾ ਡੁੱਬਾ।
34ਜਦੋਂ ਚਰਾਉਣ ਵਾਲਿਆਂ ਨੇ ਜੋ ਹੋਇਆ ਸੀ ਉਹ ਵੇਖਿਆ ਤਾਂ ਉਹ ਦੌੜੇ ਅਤੇ ਨਗਰ ਅਤੇ ਪਿੰਡਾਂ ਵਿੱਚ ਜਾ ਕੇ ਖ਼ਬਰ ਦਿੱਤੀ। 35ਤਦ ਲੋਕ ਇਹ ਜੋ ਹੋਇਆ ਸੀ ਵੇਖਣ ਲਈ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਵਿੱਚ ਬੈਠੇ ਵੇਖਿਆ ਅਤੇ ਡਰ ਗਏ। 36ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਕਿਵੇਂ ਚੰਗਾ ਹੋਇਆ ਸੀ। 37ਤਦ ਗਿਰਸੇਨੀਆਂ ਦੇ ਆਲੇ-ਦੁਆਲੇ ਦੇ ਸਭ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲੋਂ ਚਲਾ ਜਾਵੇ, ਕਿਉਂਕਿ ਉਨ੍ਹਾਂ ਉੱਤੇ ਵੱਡਾ ਭੈ ਛਾ ਗਿਆ ਸੀ। ਸੋ ਉਹ ਕਿਸ਼ਤੀ ਉੱਤੇ ਚੜ੍ਹ ਕੇ ਵਾਪਸ ਚਲਾ ਗਿਆ। 38ਜਿਸ ਮਨੁੱਖ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ ਕਿ ਮੈਨੂੰ ਆਪਣੇ ਨਾਲ ਰਹਿਣ ਦੇ, ਪਰ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਵਿਦਾ ਕੀਤਾ, 39“ਆਪਣੇ ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।” ਤਦ ਉਹ ਜਾ ਕੇ ਸਾਰੇ ਨਗਰ ਵਿੱਚ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਮੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।
ਜੈਰੁਸ ਦੀ ਬੇਟੀ ਅਤੇ ਲਹੂ ਵਹਿਣ ਤੋਂ ਦੁਖੀ ਔਰਤ
40ਜਦੋਂ#8:40 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ” ਲਿਖਿਆ ਹੈ। ਯਿਸੂ ਵਾਪਸ ਆਇਆ ਤਾਂ ਲੋਕਾਂ ਨੇ ਉਸ ਦਾ ਸੁਆਗਤ ਕੀਤਾ, ਕਿਉਂਕਿ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ 41ਅਤੇ ਵੇਖੋ, ਉੱਥੇ ਜੈਰੁਸ ਨਾਮਕ ਇੱਕ ਵਿਅਕਤੀ ਆਇਆ ਜਿਹੜਾ ਸਭਾ-ਘਰ ਦਾ ਅਧਿਕਾਰੀ ਸੀ। ਉਸ ਨੇ ਯਿਸੂ ਦੇ ਚਰਨਾਂ ਉੱਤੇ ਡਿੱਗ ਕੇ ਬੇਨਤੀ ਕੀਤੀ ਕਿ ਮੇਰੇ ਘਰ ਚੱਲੋ, 42ਕਿਉਂਕਿ ਉਸ ਦੀ ਇਕਲੌਤੀ ਬੇਟੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ, ਮਰਨ ਵਾਲੀ ਸੀ।
ਜਦੋਂ ਯਿਸੂ ਜਾ ਰਿਹਾ ਸੀ ਤਾਂ ਭੀੜ ਉਸ ਉੱਤੇ ਡਿੱਗਦੀ ਜਾਂਦੀ ਸੀ। 43ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। ਉਹ ਆਪਣੀ ਸਾਰੀ ਪੂੰਜੀ ਵੈਦਾਂ ਕੋਲ ਖਰਚ ਕਰ ਚੁੱਕੀ ਸੀ, ਪਰ ਕਿਸੇ ਤੋਂ ਚੰਗੀ ਨਾ ਹੋ ਸਕੀ। 44ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਵਸਤਰ ਦਾ ਪੱਲਾ ਛੂਹਿਆ ਅਤੇ ਤੁਰੰਤ ਉਸ ਦਾ ਲਹੂ ਵਹਿਣਾ ਬੰਦ ਹੋ ਗਿਆ। 45ਤਦ ਯਿਸੂ ਨੇ ਕਿਹਾ,“ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਇਨਕਾਰ ਕਰਨ ਲੱਗੇ ਤਾਂ ਪਤਰਸ ਨੇ#8:45 ਕੁਝ ਹਸਤਲੇਖਾਂ ਵਿੱਚ “ਪਤਰਸ ਨੇ” ਦੇ ਸਥਾਨ 'ਤੇ “ਪਤਰਸ ਅਤੇ ਜਿਹੜੇ ਉਸ ਦੇ ਨਾਲ ਸਨ ਉਨ੍ਹਾਂ ਨੇ” ਲਿਖਿਆ ਹੈ। ਕਿਹਾ, “ਸੁਆਮੀ, ਭੀੜ ਨੇ ਤੈਨੂੰ ਘੇਰਿਆ ਹੋਇਆ ਹੈ ਅਤੇ ਦਬਾ ਰਹੀ ਹੈ#8:45 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਤੂੰ ਕਹਿੰਦਾ ਹੈਂ ਕਿ ਮੈਨੂੰ ਕਿਸ ਨੇ ਛੂਹਿਆ?” ਲਿਖਿਆ ਹੈ।।” 46ਪਰ ਯਿਸੂ ਨੇ ਕਿਹਾ,“ਕਿਸੇ ਨੇ ਮੈਨੂੰ ਛੂਹਿਆ ਹੈ, ਕਿਉਂਕਿ ਮੈਂ ਜਾਣ ਲਿਆ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।” 47ਜਦੋਂ ਉਸ ਔਰਤ ਨੇ ਵੇਖਿਆ ਕਿ ਹੁਣ ਮੈਂ ਲੁਕ ਨਹੀਂ ਸਕਦੀ ਤਾਂ ਕੰਬਦੀ ਹੋਈ ਆਈ ਅਤੇ ਉਸ ਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿਸ ਕਰਕੇ ਯਿਸੂ ਨੂੰ ਛੂਹਿਆ ਅਤੇ ਕਿਵੇਂ ਉਹ ਤੁਰੰਤ ਚੰਗੀ ਹੋ ਗਈ। 48ਤਦ ਯਿਸੂ ਨੇ ਉਸ ਨੂੰ ਕਿਹਾ,“ਬੇਟੀ#8:48 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੌਸਲਾ ਰੱਖ” ਲਿਖਿਆ ਹੈ।, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ; ਸ਼ਾਂਤੀ ਨਾਲ ਚਲੀ ਜਾ।”
49ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਕਿਸੇ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਗੁਰੂ ਨੂੰ ਹੋਰ ਖੇਚਲ ਨਾ ਦੇ।” 50ਪਰ ਯਿਸੂ ਨੇ ਇਹ ਸੁਣ ਕੇ ਉਸ ਨੂੰ ਉੱਤਰ ਦਿੱਤਾ,“ਨਾ ਡਰ, ਕੇਵਲ ਵਿਸ਼ਵਾਸ ਰੱਖ ਤਾਂ ਉਹ ਬਚ ਜਾਵੇਗੀ।” 51ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉਸ ਨੇ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ। 52ਸਭ ਲੋਕ ਉਸ ਲੜਕੀ ਲਈ ਰੋ ਰਹੇ ਸਨ ਅਤੇ ਵਿਰਲਾਪ ਕਰ ਰਹੇ ਸਨ। ਪਰ ਉਸ ਨੇ ਕਿਹਾ,“ਨਾ ਰੋਵੋ, ਕਿਉਂਕਿ ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।” 53ਤਦ ਉਹ ਉਸ ਦਾ ਮਖੌਲ ਉਡਾਉਣ ਲੱਗੇ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਰ ਚੁੱਕੀ ਹੈ। 54ਪਰ ਉਸ ਨੇ#8:54 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਭ ਨੂੰ ਬਾਹਰ ਕੱਢ ਦਿੱਤਾ ਅਤੇ” ਲਿਖਿਆ ਹੈ। ਲੜਕੀ ਦਾ ਹੱਥ ਫੜਿਆ ਅਤੇ ਪੁਕਾਰ ਕੇ ਕਿਹਾ,“ਹੇ ਲੜਕੀ, ਉੱਠ।” 55ਤਦ ਉਸ ਦਾ ਪ੍ਰਾਣ ਮੁੜ ਆਇਆ ਅਤੇ ਉਹ ਤੁਰੰਤ ਉੱਠ ਖੜ੍ਹੀ ਹੋਈ। ਫਿਰ ਯਿਸੂ ਨੇ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ। 56ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ, ਪਰ ਯਿਸੂ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਜੋ ਹੋਇਆ ਉਹ ਕਿਸੇ ਨੂੰ ਨਾ ਦੱਸਣ।

Currently Selected:

ਲੂਕਾ 8: PSB

Highlight

Share

Copy

None

Want to have your highlights saved across all your devices? Sign up or sign in