ਲੂਕਾ ਦੀ ਇੰਜੀਲ 3
3
ਯੂਹੰਨਾ ਦੇ ਪ੍ਰਚਾਰ
(ਮੱਤੀ 3:1-12; ਮਰਕੁਸ 1:1-8; ਯੂਹੰਨਾ 1:19-28)
1ਤਿਬਿਰਿਯੁਸ ਕੈਸਰ ਦੇ ਪੰਦਰ੍ਹਵੇਂ ਵਰ੍ਹੇ ਵਿੱਚ, ਇਹ ਆਦਮੀ ਕੈਸਰ ਦੇ ਅਧੀਨ ਸਨ:
ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ,
ਹੇਰੋਦੇਸ ਯਹੂਦਿਯਾ ਦਾ ਹਾਕਮ,
ਹੇਰੋਦੇਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤ੍ਰੱਖੋਨੀਤਿਸ,
ਲੁਸਨਿਯੁਸ ਅਬਿਲੇਨੇ ਦਾ ਹਾਕਮ।
2ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾੜ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ। 3ਤਾਂ ਉਹ ਯਰਦਨ ਨਦੀ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਗਿਆ ਅਤੇ ਲੋਕਾਂ ਨੂੰ ਪ੍ਰਚਾਰ ਕੀਤਾ ਕਿ ਉਹ ਆਪਣੇ ਦਿਲਾਂ ਅਤੇ ਜੀਵਨ ਨੂੰ ਬਦਲਣ ਅਤੇ ਆਪਣੇ ਪਾਪਾਂ ਦੀ ਮੁਆਫ਼ੀ ਲਈ ਬਪਤਿਸਮਾ ਲੈਣ। 4ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ਉਜਾੜ ਵਿੱਚ ਇੱਕ ਅਵਾਜ਼ ਹੋਕਾ ਦੇ ਰਹੀ ਹੈ:
‘ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ
ਉਸ ਦੇ ਮਾਰਗ ਨੂੰ ਸਿੱਧਾ ਕਰੋ।
5ਹਰ ਘਾਟੀ ਭਰੀ ਜਾਵੇਗੀ, ਹਰ ਪਹਾੜ
ਅਤੇ ਟਿੱਬਾ ਪੱਧਰਾ ਕੀਤਾ ਜਾਵੇਗਾ।
ਟੇਢੇ ਰਾਹਾਂ ਨੂੰ ਸਿੱਧਿਆਂ ਕੀਤਾ ਜਾਵੇਗਾ
ਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ।
6ਅਤੇ ਹਰ ਇੱਕ ਮਨੁੱਖ ਪਰਮੇਸ਼ੁਰ ਦੀ
ਮੁਕਤੀ ਬਾਰੇ ਜਾਣ ਜਾਵੇਗਾ।’”#ਯਸਾਯਾਹ 40:3-5
7ਯੂਹੰਨਾ ਨੇ ਉਸ ਭੀੜ ਨੂੰ ਆਖਿਆ, ਜੋ ਉਸ ਕੋਲ ਬਪਤਿਸਮਾ ਲੈਣ ਆਈ ਸੀ, “ਤੁਸੀਂ ਜ਼ਹਿਰੀਲੇ ਨਾਗਾਂ ਵਰਗੇ ਹੋ! ਤੁਹਾਨੂੰ ਆਉਣ ਵਾਲੀ ਕਰੋਪੀ ਤੋਂ ਭੱਜਣਾ ਕਿਸਨੇ ਦੱਸਿਆ? 8ਤੁੱਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਇਹ ਪ੍ਰਮਾਣਿਤ ਕਰਨ ਕਿ ਤੁਸੀਂ ਸੱਚਮੁੱਚ ਆਪਣੇ ਹਿਰਦੇ ਬਦਲੇ ਹਨ। ਤੁਸੀਂ ਆਪਣੇ ਆਪ ਵਿੱਚ ਇਹ ਨਾ ਆਖੋ ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਤਾਂ ਇਨ੍ਹਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸੱਕਦਾ ਹੈ। 9ਕੁਲਹਾੜਾ ਹੁਣ ਬਿਰਛਾਂ ਨੂੰ ਵੱਢਣ ਲਈ ਤਿਆਰ ਹੈ। ਜਿਹੜਾ ਵੀ ਬਿਰਛ ਚੰਗੇ ਫ਼ਲ ਨਹੀਂ ਦੇਵੇਗਾ, ਉਸ ਨੂੰ ਵੱਢੱਕੇ ਅੱਗ ਵਿੱਚ ਸੁੱਟਿਆ ਜਾਵੇਗਾ।”
10ਤਾਂ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਸਾਨੂੰ ਕੀ ਕਰਨਾ ਚਾਹੀਦਾ ਹੈ?”
11ਉਸ ਨੇ ਉੱਤਰ ਦਿੱਤਾ, “ਜੇਕਰ ਕਿਸੇ ਕੋਲ ਦੋ ਕਮੀਜ਼ਾਂ ਹਨ, ਤਾਂ ਉਸ ਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਦਿਉ ਜਿਸ ਕੋਲ ਇੱਕ ਵੀ ਨਹੀਂ ਹੈ। ਅਤੇ ਜੇਕਰ ਕਿਸੇ ਕੋਲ ਭੋਜਨ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਦਿਉ ਜਿਨ੍ਹਾਂ ਕੋਲ ਨਹੀਂ ਹੈ।”
12ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ। ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13ਉਸ ਲਈ ਉਸ ਨੇ ਜਵਾਬ ਦਿੱਤਾ, “ਜਿੰਨੇ ਦਾ ਤੁਹਾਨੂੰ ਆਦੇਸ਼ ਹੈ ਉਸਤੋਂ ਵੱਧ ਇੱਕਤਰ ਨਾ ਕਰੋ।”
14ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?”
ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।”
15ਸਭ ਲੋਕ ਮਸੀਹ ਨੂੰ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਇਹ ਵਿੱਚਾਰ ਕਰ ਰਹੇ ਸਨ ਕਿ “ਹੋ ਸੱਕਦਾ ਉਹ ਖੁਦ ਮਸੀਹ ਹੋਵੇ।”
16ਫ਼ਿਰ ਯੂਹੰਨਾ ਨੇ ਸਾਰਿਆਂ ਨੂੰ ਜਵਾਬ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਦ ਜਿਹੜਾ ਮਨੁੱਖ ਆ ਰਿਹਾ ਹੈ ਉਹ ਮੇਰੇ ਤੋਂ ਕਿਤੇ ਵਡੇਰੇ ਤੇ ਉੱਚੇ ਕੰਮ ਕਰੇਗਾ। ਮੈਂ ਤਾਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਜੋਗ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਉਸ ਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂੜੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਕਿ ਕਦੇ ਬੁੱਝਣ ਵਾਲੀ ਨਹੀਂ ਹੈ।” 18ਇਸ ਤਰ੍ਹਾਂ, ਉਹ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਬਚਨ ਦੱਸਦਾ ਅਤੇ ਉਨ੍ਹਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਦਾ।
ਯੂਹੰਨਾ ਦੇ ਕਾਰਜ ਕਿਵੇਂ ਖਤਮ ਹੋਏ
19ਯੂਹੰਨਾ ਨੇ ਹਾਕਮ ਹੇਰੋਦੇਸ ਨੂੰ ਉਸ ਦੇ ਆਪਣੇ ਭਰਾ ਦੀ ਪਤਨੀ ਹੇਰੋਦਿਆਸ ਨਾਲ ਨਾਜਾਇਜ਼ ਸੰਬੰਧ ਹੋਣ ਲਈ ਝਿੜਕਿਆ। 20ਇਸ ਤਰ੍ਹਾਂ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਕਰ ਦਿੱਤਾ ਅਤੇ ਇੱਕ ਹੋਰ ਦੁਸ਼ਟ ਕਰਨੀ ਆਪਣੀਆਂ ਦੁਸ਼ਟ ਕਰਨੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਈ।
ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ
(ਮੱਤੀ 3:13-17; ਮਰਕੁਸ 1:9-11)
21ਜਦੋਂ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਜਾ ਰਿਹਾ ਸੀ, ਤਦ ਯਿਸੂ ਨੂੰ ਵੀ ਬਪਤਿਸਮਾ ਦਿੱਤਾ ਗਿਆ ਅਤੇ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁਲ੍ਹ ਗਿਆ, 22ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਸ ਉੱਪਰ ਆਇਆ ਅਤੇ ਫ਼ੇਰ ਸੁਰਗਾਂ ਤੋਂ ਇੱਕ ਬਾਣੀ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈ! ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ।”
ਯੂਸੁਫ਼ ਦਾ ਪਾਰਿਵਾਰਿਕ ਇਤਿਹਾਸ
(ਮੱਤੀ 1:1-17)
23ਜਦੋਂ ਯਿਸੂ ਨੇ ਉਪਦੇਸ਼ ਦੇਣੇ ਸ਼ੁਰੂ ਕੀਤੇ, ਉਸ ਵਕਤ ਉਹ ਤਕਰੀਬਨ ਤੀਹ ਕੁ ਸਾਲਾਂ ਦਾ ਸੀ। ਉਹ ਯੂਸੁਫ਼ ਦਾ ਪੁੱਤਰ ਮੰਨਿਆ ਜਾਂਦਾ ਸੀ।
ਜੋ ਕਿ ਹੇਲੀ ਦਾ ਪੁੱਤਰ ਸੀ।
24ਹੇਲੀ ਮੱਥਾਤ ਦਾ ਪੁੱਤਰ ਸੀ
ਅਤੇ ਮੱਥਾਤ ਲੇਵੀ ਦਾ।
ਲੇਵੀ ਮਲਕੀ ਦਾ ਪੁੱਤਰ ਸੀ
ਅਤੇ ਮਲਕੀ ਯੰਨਾਈ ਦਾ
ਅਤੇ ਯੰਨਾਈ ਯੂਸੁਫ਼ ਦਾ ਪੁੱਤਰ ਸੀ।
25ਯੂਸੁਫ਼ ਮਤਿੱਥਯਾਹ ਦਾ ਪੁੱਤਰ ਸੀ
ਅਤੇ ਮਤਿੱਥਯਾਹ ਅਮੋਸ਼ ਦਾ।
ਅਮੋਸ਼ ਨਹੂਮ ਦਾ ਪੁੱਤਰ ਸੀ
ਅਤੇ ਨਹੂਮ ਹਸਲੀ ਦਾ।
ਹਸਲੀ ਨਗਈ ਦਾ ਪੁੱਤਰ ਸੀ।
26ਨਗਈ ਮਾਹੱਥ ਦਾ ਪੁੱਤਰ ਸੀ
ਅਤੇ ਮਾਹੱਥ ਮਤਿਥਯਾਹ ਦਾ ਪੁੱਤਰ ਸੀ
ਤੇ ਮਤਿਥਯਾਹ ਸ਼ਿਮਈ ਦਾ।
ਸ਼ਿਮਈ ਯੋਸੇਕ ਦਾ ਪੁੱਤਰ ਸੀ
ਤੇ ਯੋਸੇਕ ਯਹੂਦਾਹ ਦਾ ਪੁੱਤਰ ਸੀ।
27ਯਹੂਦਾਹ ਯੋਹਾਨਾਨ ਦਾ ਪੁੱਤਰ ਸੀ
ਤੇ ਯੋਹਾਨਾਨ ਰੇਸਹ ਦਾ
ਅਤੇ ਰੇਸਹ ਜ਼ਰੁੱਬਾਬਲ ਦਾ ਪੁੱਤਰ ਸੀ
ਅਤੇ ਜ਼ਰੁੱਬਾਬਲ ਸ਼ਅਲਤੀਏਲ ਦਾ।
ਸ਼ਾਲਤੀਏਲ ਨੇਰੀ ਦਾ ਪੁੱਤਰ ਸੀ
28ਨੇਰੀ ਮਲਕੀ ਦਾ, ਮਲਕੀ ਅੱਦੀ ਦਾ ਪੁੱਤਰ ਸੀ
ਅਤੇ ਅੱਦੀ ਕੋਸਾਮ ਦਾ।
ਕੋਸਾਮ ਅਲਮੋਦਾਮ ਦਾ ਪੁੱਤਰ ਸੀ
ਅਤੇ ਅਲਮੋਦਾਮ ਏਰ ਦਾ।
29ਏਰ ਯੋਸ਼ੇ ਦਾ ਪੁੱਤਰ ਸੀ
ਅਤੇ ਯੋਸ਼ੇ ਅਲੀਅਜ਼ਰ ਦਾ।
ਅਲੀਅਜ਼ਰ ਯੋਰਾਮ ਦਾ ਪੁੱਤਰ ਸੀ,
ਅਤੇ ਯੋਰਾਮ ਮੱਤਾਥ ਦਾ
ਅਤੇ ਮੱਤਾਥ ਲੇਵੀ ਦਾ ਪੁੱਤਰ ਸੀ।
30ਲੇਵੀ ਸਿਮਓਨ ਦਾ ਪੁੱਤਰ ਸੀ
ਤੇ ਸਿਮਓਨ ਯਹੂਦਾਹ ਦਾ।
ਯਹੂਦਾਹ ਯੂਸੁਫ਼ ਦਾ ਪੁੱਤਰ
ਅਤੇ ਯੂਸੁਫ਼ ਯੋਨਾਨ ਦਾ
ਅਤੇ ਯੋਨਾਨ ਅਲਯਾਕੀਮ ਦਾ ਪੁੱਤਰ ਸੀ।
31ਅਲਯਾਕੀਮ ਮੱਲਯੇ ਦਾ ਪੁੱਤਰ ਸੀ,
ਮੱਲਯੇ ਮੈਨਾਨ ਅਤੇ ਮੈਨਾਨ ਮਤਥੇ ਦਾ ਪੁੱਤਰ ਸੀ
ਤੇ ਮਤਥੇ ਨਾਥਾਨ ਦਾ
ਅਤੇ ਨਾਥਾਨ ਦਾਊਦ ਦਾ ਪੁੱਤਰ ਸੀ।
32ਦਾਊਦ ਯੱਸੀ ਦਾ ਪੁੱਤਰ ਸੀ,
ਯੱਸੀ ਓਬੇਦ ਦਾ
ਅਤੇ ਓਬੇਦ ਬੋਅਜ਼ ਦਾ
ਅਤੇ ਬੋਅਜ਼ ਸਲਮੋਨ ਦਾ ਪੁੱਤਰ ਸੀ
ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ।
33ਨਹਸ਼ੋਨ ਅੰਮੀਨਾਦਾਬ ਦਾ ਪੁੱਤਰ ਸੀ
ਅਤੇ ਉਹ ਅਰਨੀ ਦਾ।
ਅਰਨੀ ਹਸਰੋਨ ਦਾ
ਅਤੇ ਹਸਰੋਨ ਪਰਸ ਦਾ ਪੁੱਤਰ ਸੀ
ਅਤੇ ਪਰਸ ਯਹੂਦਾਹ ਦਾ।
34ਯਹੂਦਾਹ ਯਾਕੂਬ ਦਾ ਪੁੱਤਰ ਸੀ,
ਯਾਕੂਬ ਇਸਹਾਕ ਦਾ,
ਇਸਹਾਕ ਅਬਰਾਹਾਮ ਦਾ ਪੁੱਤਰ ਸੀ
ਅਤੇ ਅਬਰਾਹਾਮ ਤਾਰਹ ਦਾ ਪੁੱਤਰ ਸੀ
ਅਤੇ ਤਾਰਹ ਨਹੋਰ ਦਾ ਪੁੱਤਰ ਸੀ।
35ਨਹੋਰ ਸਰੂਗ ਦਾ ਪੁੱਤਰ ਸੀ,
ਸਰੂਗ ਰਊ ਦਾ
ਅਤੇ ਰਊ ਪਲਗ ਦਾ,
ਪਲਗ ਏਬਰ ਦਾ
ਅਤੇ ਏਬਰ ਸ਼ਲਹ ਦਾ ਪੁੱਤਰ ਸੀ।
36ਸ਼ਲਹ ਕੇਨਾਨ ਦਾ ਪੁੱਤਰ ਸੀ,
ਕੇਨਾਨ ਅਰਪਕਸ਼ਾਦ ਦਾ
ਅਤੇ ਉਹ ਸ਼ੇਮ ਦਾ ਪੁੱਤਰ ਸੀ,
ਸ਼ੇਮ ਨੂੰਹ ਦਾ ਪੁੱਤਰ ਸੀ
ਅਤੇ ਨੂੰਹ ਲਾਮਕ ਦਾ ਪੁੱਤਰ ਸੀ।
37ਲਾਮਕ ਮਥੂਸਲਹ ਦਾ ਪੁੱਤਰ ਸੀ,
ਮਥੂਸਲਹ ਹਨੋਕ ਦਾ,
ਹਨੋਕ ਯਰਦ ਦਾ ਪੁੱਤਰ ਸੀ
ਅਤੇ ਯਰਦ ਮਹਲਲੇਲ ਦਾ ਪੁੱਤਰ ਸੀ,
ਮਹਲਲੇਲ ਕੇਨਾਨ ਦਾ ਪੁੱਤਰ ਸੀ।
38ਕੇਨਾਨ ਅਨੋਸ਼ ਦਾ ਪੁੱਤਰ ਸੀ,
ਅਨੋਸ਼ ਸੇਥ ਦਾ ਪੁੱਤਰ ਸੀ,
ਸੇਥ ਆਦਮ ਦਾ ਪੁੱਤਰ ਸੀ
ਅਤੇ ਆਦਮ ਪਰਮੇਸ਼ੁਰ ਦਾ ਪੁੱਤਰ ਸੀ।
Currently Selected:
ਲੂਕਾ ਦੀ ਇੰਜੀਲ 3: PERV
Highlight
Share
Copy
![None](/_next/image?url=https%3A%2F%2Fimageproxy.youversionapistaging.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International