YouVersion Logo
Search Icon

ਲੂਕਾ ਦੀ ਇੰਜੀਲ 4

4
ਯਿਸੂ ਦਾ ਸ਼ੈਤਾਨ ਵੱਲੋਂ ਪਰਤਾਇਆ ਜਾਣਾ
(ਮੱਤੀ 4:1-11; ਮਰਕੁਸ 1:12-13)
1ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋਕੇ ਯਰਦਨ ਨਦੀ ਤੋਂ ਮੁੜਿਆ ਤਾਂ ਆਤਮਾ ਉਸ ਨੂੰ ਉਜਾੜ ਵਿੱਚ ਲੈ ਗਿਆ। 2ਉੱਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰੱਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸ ਨੂੰ ਬੜੀ ਭੁੱਖ ਲੱਗੀ।
3ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਵੇ।”
4ਯਿਸੂ ਨੇ ਜਵਾਬ ਦਿੱਤਾ, “ਇਹ ਲਿਖਿਆ ਗਿਆ ਹੈ ਕਿ:
‘ਇਹ ਸਿਰਫ਼ ਰੋਟੀ ਹੀ ਨਹੀਂ ਜੋ ਮਨੁੱਖ ਨੂੰ ਜਿਉਂਦਾ ਰੱਖਦੀ ਹੈ।’”#ਬਿਵਸਥਾ ਸਾਰ 8:3
5ਫ਼ਿਰ ਸ਼ੈਤਾਨ ਉਸ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ ਅਤੇ ਇੱਕ ਪਲ ਵਿੱਚ ਦੁਨੀਆਂ ਦੀਆਂ ਤਮਾਮ ਪਾਤਸ਼ਾਹੀਆਂ ਵਿਖਾਈਆਂ। 6ਸ਼ੈਤਾਨ ਨੇ ਯਿਸੂ ਨੂੰ ਕਿਹਾ, “ਮੈਂ ਇਹ ਤਮਾਮ ਰਾਜਾਂ ਦਾ ਅਧਿਕਾਰ ਅਤੇ ਮਹਿਮਾ ਤੈਨੂੰ ਦਿੰਦਾ ਹਾਂ। ਕਿਉਂ ਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ। ਅਤੇ ਮੈਂ ਇਹ ਤਾਕਤ ਜਿਸ ਮਨੁੱਖ ਨੂੰ ਚਾਹਾਂ ਦੇ ਸੱਕਦਾ ਹਾਂ। 7ਅਤੇ ਜੇਕਰ ਤੂੰ ਮੇਰੇ ਚਰਨਾਂ ਤੇ ਡਿੱਗ ਮੇਰੀ ਉਪਾਸਨਾ ਕਰੇਂ ਮੈਂ ਇਹ ਸਭ ਰਾਜ ਤੈਨੂੰ ਦਿੰਦਾ ਹਾਂ।”
8ਯਿਸੂ ਨੇ ਜਵਾਬ ਦਿੱਤਾ, “ਇਹ ਪਵਿੱਤਰ ਪੋਥੀ ਵਿੱਚ ਲਿਖਿਆ ਹੈ ਕਿ:
‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ
ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’”#ਬਿਵਸਥਾ ਸਾਰ 6:13
9ਤਦ ਸ਼ੈਤਾਨ ਉਸ ਨੂੰ ਯਰੂਸ਼ਲਮ ਵਿੱਚ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਕਰ ਦਿੱਤਾ ਅਤੇ ਆਖਿਆ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਕੁੱਦ ਜਾ। 10ਇਹ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੈ ਕਿ:
‘ਪਰਮੇਸ਼ੁਰ ਤੇਰੇ ਲਈ ਆਪਣੇ ਦੂਤਾਂ ਨੂੰ
ਧਿਆਨ ਨਾਲ ਤੇਰੀ ਰੱਖਿਆ ਕਰਨ ਦਾ ਹੁਕਮ ਦੇਵੇਗਾ।’#ਜ਼ਬੂਰ 91:11
11ਅਤੇ ਇਹ ਵੀ ਲਿਖਿਆ ਹੋਇਆ ਹੈ ਕਿ!
‘ਉਹ ਤੈਨੂੰ ਆਪਣੇ ਹੱਥਾਂ ਵਿੱਚ ਬੋਚ ਲੈਣਗੇ ਤਾਂ ਜੋ
ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।’”#ਜ਼ਬੂਰ 91:12
12ਯਿਸੂ ਨੇ ਜਵਾਬ ਦਿੱਤਾ, “ਪਰ ਪੋਥੀਆਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ: ‘ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।’”#ਬਿਵਸਥਾ ਸਾਰ 6:16
13ਤਾਂ ਸ਼ੈਤਾਨ ਜਦੋਂ ਸਾਰਾ ਪਰਤਾਵਾ ਕਰ ਚੁੱਕਾ ਤਾਂ ਫ਼ੇਰ ਕਿਸੇ ਹੋਰ ਚੰਗੇ ਵਕਤ ਦੀ ਉਡੀਕ ਕਰਦਾ ਉਸ ਕੋਲੋਂ ਦੂਰ ਚੱਲਾ ਗਿਆ।
ਯਿਸੂ ਦਾ ਲੋਕਾਂ ਨੂੰ ਉਪਦੇਸ਼ ਦੇਣਾ
(ਮੱਤੀ 4:12-17; ਮਰਕੁਸ 1:14-15)
14ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਲੀਲ ਨੂੰ ਵਾਪਸ ਆਇਆ, ਅਤੇ ਉਸ ਇਲਾਕੇ ਦੇ ਹਰ ਪਾਸੇ ਉਸਦੀ ਕੀਰਤੀ ਫ਼ੈਲ ਗਈ। 15ਯਿਸੂ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਹਰੇਕ ਨੇ ਉਸਦੀ ਉਸਤਤਿ ਕੀਤੀ।
ਯਿਸੂ ਦਾ ਆਪਣੇ ਨਗਰ ਵਿੱਚ ਜਾਣਾ
(ਮੱਤੀ 13:53-58; ਮਰਕੁਸ 6:1-6)
16ਫ਼ਿਰ ਯਿਸੂ ਨਾਸਰਤ ਸ਼ਹਿਰ ਵਿੱਚ ਆਇਆ, ਜਿੱਥੇ ਉਹ ਵੱਡਾ ਹੋਇਆ ਸੀ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਗਿਆ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ ਉਵੇ ਹੀ ਉਹ ਉਸ ਦਿਨ ਪੜ੍ਹਨ ਲਈ ਖੜ੍ਹਾ ਹੋ ਗਿਆ। 17ਯਸਾਯਾਹ ਨਬੀ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਇਹ ਪੋਥੀ ਖੋਲ੍ਹਕੇ ਉਹ ਸਫ਼ਾ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ:
18“ਪ੍ਰਭੂ ਦਾ ਆਤਮਾ ਮੇਰੇ ਨਾਲ ਹੈ।
ਉਸ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਹ ਕੀਤਾ ਹੈ।
ਉਸ ਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ
ਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇ
ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ,
19ਅਤੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿ ਪ੍ਰਭੂ ਦਾ ਆਪਣੀ ਮਿਹਰ ਪ੍ਰਗਟ ਕਰਨ ਦਾ ਨਿਯੁਕਤ ਸਮਾਂ ਨੇੜੇ ਆ ਗਿਆ ਹੈ।”#ਯਸਾਯਾਹ 61:1-2; 58:6
20ਫ਼ਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਥੱਲੇ ਬੈਠ ਗਿਆ। ਪ੍ਰਾਰਥਨਾ ਸਥਾਨ ਵਿੱਚ ਹਰ ਇੱਕ ਦੀ ਨਜ਼ਰ ਉਸਤੇ ਜੰਮ ਗਈ। 21ਫ਼ਿਰ ਯਿਸੂ ਨੇ ਉਨ੍ਹਾਂ ਨੂੰ ਆਖਣਾ ਸ਼ੁਰੂ ਕੀਤਾ, ਅਤੇ ਕਿਹਾ, “ਜਿਹੜਾ ਅਗੰਮੀ ਵਾਕ ਹੁਣੇ ਤੁਸੀਂ ਪੋਥੀਆਂ ਵਿੱਚੋਂ ਸੁਣਿਆ ਹੈ, ਹੁਣ ਪੂਰਣ ਹੈ।”
22ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?”
23ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ‘ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਆਪਣੇ ਨਗਰ ਵਿੱਚ ਵੀ ਕਰ!’” 24ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਵੀ ਨਬੀ ਕਦੇ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ।
25“ਜੋ ਮੈਂ ਆਖ ਰਿਹਾ ਹਾਂ ਉਹ ਸੱਚ ਹੈ ਕਿ ਏਲੀਯਾਹ ਦੇ ਸਮੇਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ। ਇਸਰਾਏਲ ਵਿੱਚ ਅਜਿਹਾ ਕਾਲ ਪਿਆ ਕਿ, ਉਸ ਸਮੇਂ ਉੱਥੇ ਬਹੁਤ ਵਿਧਵਾਵਾਂ ਸਨ। 26ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਕਿਸੇ ਵਿਧਵਾ ਕੋਲ ਨਹੀਂ ਭੇਜਿਆ ਗਿਆ। ਉਸ ਨੂੰ ਸੈਦਾ ਇਲਾਕੇ ਦੇ ਨਗਰ ਵਿੱਚ ਸਿਰਫ਼ ਸਰਿਪਥ ਦੀ ਵਿਧਵਾ ਕੋਲ ਭੇਜਿਆ ਗਿਆ ਸੀ।
27“ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਉਨ੍ਹਾਂ ਵਿੱਚੋਂ ਸੀਰਿਆ ਦੇਸ਼ ਦੇ ਨਾਮਨ ਤੋਂ ਬਿਨਾ ਕਿਸੇ ਵੀ ਕੋੜ੍ਹੀ ਨੂੰ ਰਾਜੀ ਨਾ ਕੀਤਾ ਗਿਆ।”
28ਪ੍ਰਾਰਥਨਾ ਸਥਾਨ ਵਿੱਚ ਬੈਠੇ ਤਮਾਮ ਲੋਕਾਂ ਨੇ ਇਹ ਸਭ ਗੱਲਾਂ ਸੁਣੀਆਂ ਤਾਂ ਉਹ ਬੜੇ ਗੁੱਸੇ ਵਿੱਚ ਆਏ। 29ਉਹ ਖੜ੍ਹੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕੱਢਿਆ। ਉਨ੍ਹਾਂ ਨੇ ਉਸਦਾ ਪਹਾੜੀ ਦੀ ਟਿਸੀ ਤੱਕ, ਜਿੱਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿੱਛਾ ਕੀਤਾ ਤਾਂ ਜੋ ਉਹ ਉਸ ਨੂੰ ਖੜ੍ਹੀ ਚੱਟਾਨ ਤੋਂ ਹੇਠਾਂ ਸੁੱਟ ਸੱਕਣ। 30ਪਰ ਯਿਸੂ ਉਨ੍ਹਾਂ ਵਿੱਚੋਂ ਦੀ ਲੰਘਕੇ ਆਪਣੇ ਰਾਹ ਚੱਲਿਆ ਗਿਆ।
ਯਿਸੂ ਦਾ ਇੱਕ ਮਨੁੱਖ ਨੂੰ ਠੀਕ ਕਰਨਾ ਜਿਸ ਅੰਦਰ ਪ੍ਰੇਤ ਆਤਮਾ ਸੀ
(ਮਰਕੁਸ 1:21-28)
31ਜਦੋਂ ਉਹ ਗਲੀਲ ਦੇ ਕਫ਼ਰਨਾਹੂਮ ਵਿੱਚ ਪਹੁੰਚਿਆ ਤਾਂ ਉਸ ਨੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 32ਲੋਕ ਉਸ ਦੇ ਉਪਦੇਸ਼ ਤੇ ਹੈਰਾਨ ਹੋ ਗਏ ਕਿਉਂਕਿ ਉਹ ਅਧਿਕਾਰ ਨਾਲ ਬੋਲਿਆ।
33ਪ੍ਰਾਰਥਨਾ ਸਥਾਨ ਤੇ ਇੱਕ ਮਨੁੱਖ ਸੀ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਹ ਆਦਮੀ ਉੱਚੀ ਅਵਾਜ਼ ਵਿੱਚ ਚੀਕਿਆ, 34“ਹੇ ਨਾਸਰਤ ਦੇ ਯਿਸੂ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਇੱਥੇ ਸਾਨੂੰ ਤਬਾਹ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਕਿ ਤੂੰ ਕੌਣ ਹੈਂ ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰੱਖ ਹੈਂ।” 35ਪਰ ਯਿਸੂ ਨੇ ਉਸ ਨੂੰ ਰੋਕਕੇ ਤਾੜਨਾ ਕੀਤੀ ਅਤੇ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ।” ਭਰਿਸ਼ਟ ਆਤਮਾ ਨੇ ਸਾਰੇ ਲੋਕਾਂ ਦੇ ਸਾਹਮਣੇ ਉਸ ਮਨੁੱਖ ਨੂੰ ਠਾਹ ਜ਼ਮੀਨ ਤੇ ਪਟਕਿਆ ਅਤੇ ਫ਼ੇਰ ਭਰਿਸ਼ਟ ਆਤਮਾ ਬਿਨਾ ਉਸ ਆਦਮੀ ਨੂੰ ਸੱਟ ਪਹੁੰਚਾਏ ਉਸ ਵਿੱਚੋਂ ਨਿਕਲ ਗਿਆ।
36ਲੋਕ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਉਪਦੇਸ਼ ਹਨ? ਕਿ ਉਹ ਭਰਿਸ਼ਟ ਆਤਮਿਆਂ ਨੂੰ ਸ਼ਕਤੀ ਅਤੇ ਅਧਿਕਾਰ ਨਾਲ ਹੁਕਮ ਦਿੰਦਾ ਹੈ ਅਤੇ ਉਹ ਬਾਹਰ ਆ ਜਾਂਦੇ ਹਨ।” 37ਉਸ ਖੇਤ੍ਰ ਦੇ ਸਾਰੇ ਭਾਗਾਂ ਵਿੱਚ ਯਿਸੂ ਬਾਰੇ ਖਬਰ ਫ਼ੈਲਣੀ ਸ਼ੁਰੂ ਹੋ ਗਿਆ।
ਯਿਸੂ ਦਾ ਪਤਰਸ ਦੀ ਮਾਤਾ ਨੂੰ ਰਾਜੀ ਕਰਨਾ
(ਮੱਤੀ 8:14-17; ਮਰਕੁਸ 1:29-34)
38ਫ਼ਿਰ ਉਹ ਪ੍ਰਾਰਥਨਾ ਸਥਾਨ ਤੋਂ ਉੱਠ ਕੇ ਸ਼ਮਊਨ#4:38 ਸ਼ਮਊਨ ਸ਼ਮਊਨ ਦਾ ਦੂਜਾ ਨਾਮ ਪਤਰਸ ਸੀ। ਦੇ ਘਰ ਗਿਆ। ਸ਼ਮਊਨ ਦੀ ਸੱਸ ਬੜੀ ਬਿਮਾਰ ਸੀ, ਉਸ ਨੂੰ ਬੜਾ ਤੇਜ ਬੁਖਾਰ ਸੀ। ਉਨ੍ਹਾਂ ਨੇ ਯਿਸੂ ਨੂੰ ਉਸਦੀ ਮਦਦ ਕਰਨ ਲਈ ਕਿਹਾ। 39ਯਿਸੂ ਨੇ ਉਸ ਦੇ ਬਿਸਤਰੇ ਦੇ ਨਜ਼ਦੀਕ ਖੜ੍ਹਾ ਹੋਕੇ ਬੁਖਾਰ ਨੂੰ ਝਿੜਕਿਆ। ਬੁਖਾਰ ਨੇ ਉਸ ਨੂੰ ਛੱਡ ਦਿੱਤਾ। ਉਹ ਤੁਰੰਤ ਹੀ ਖੜ੍ਹੀ ਹੋ ਗਈ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗ ਪਈ।
ਯਿਸੂ ਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ
40ਸੂਰਜ ਡੁੱਬਣ ਦੇ ਸਮੇਂ ਜਿਨ੍ਹਾਂ ਦੇ ਘਰ ਬਿਮਾਰ ਲੋਕ, ਭਿੰਨ-ਭਿੰਨ ਬਿਮਾਰੀਆਂ ਤੋਂ ਪੀੜਿਤ ਸਨ, ਉਨ੍ਹਾਂ ਨੂੰ ਉਹ ਯਿਸੂ ਕੋਲ ਲਿਆਏ। ਯਿਸੂ ਨੇ ਹਰ ਇੱਕ ਉੱਪਰ ਆਪਣਾ ਹੱਥ ਰੱਖਕੇ ਉਨ੍ਹਾਂ ਨੂੰ ਨਿਰੋਗ ਕਰ ਦਿੱਤਾ। 41ਕਈ ਲੋਕਾਂ ਵਿੱਚੋਂ ਭੂਤ ਰੌਲਾ ਪਾਉਂਦੇ ਹੋਏ ਬਾਹਰ ਨਿਕਲੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” ਪਰ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਉਹ ਹੀ ਮਸੀਹ ਸੀ।
ਯਿਸੂ ਦਾ ਹੋਰ ਸ਼ਹਿਰਾਂ ਵਿੱਚ ਜਾਣਾ
(ਮਰਕੁਸ 1:35-39)
42ਜਿਵੇਂ ਦਿਨ ਸ਼ੁਰੂ ਹੋਇਆ, ਯਿਸੂ ਉਹ ਥਾਂ ਛੱਡ ਕੇ ਇੱਕ ਇੱਕਾਂਤ ਥਾਂ ਤੇ ਚੱਲਾ ਗਿਆ ਪਰ ਭੀੜ ਉਸਦੀ ਭਾਲ ਵਿੱਚ ਗਈ ਅਤੇ ਆਖਿਰ ਰਾਤ ਵੇਲੇ ਉਸ ਜਗ੍ਹਾ ਪਹੁੰਚ ਗਈ, ਜਿੱਥੇ ਉਹ ਸੀ। ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੋਂ ਨਾ ਜਾਵੇ। 43ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਹੋਰ ਨਗਰਾਂ ਵਿੱਚ ਵੀ ਜਾਣਾ ਹੈ। ਕਿਉਂਕਿ ਮੈਂ ਇਸੇ ਉਦੇਸ਼ ਲਈ ਭੇਜਿਆ ਗਿਆ ਹਾਂ।”
44ਇਸ ਤਰ੍ਹਾਂ ਯਿਸੂ ਨੇ ਯਹੂਦਿਯਾ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਜਾਰੀ ਰੱਖਿਆ।

Highlight

Share

Copy

None

Want to have your highlights saved across all your devices? Sign up or sign in