YouVersion logo
Ikona pretraživanja

ਮੱਤੀ 17

17
ਯਿਸੂ ਦੇ ਰੂਪ ਦਾ ਬਦਲਣਾ
1ਛਿਆਂ ਦਿਨਾਂ ਬਾਅਦ ਯਿਸੂ ਨੇ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ। 2ਉਨ੍ਹਾਂ ਸਾਹਮਣੇ ਉਸ ਦਾ ਰੂਪ ਬਦਲ ਗਿਆ ਅਤੇ ਉਸ ਦਾ ਚਿਹਰਾ ਸੂਰਜ ਵਾਂਗ ਚਮਕ ਉੱਠਿਆ ਅਤੇ ਉਸ ਦੇ ਕੱਪੜੇ ਚਾਨਣ ਵਾਂਗ ਸਫ਼ੇਦ ਹੋ ਗਏ 3ਅਤੇ ਵੇਖੋ, ਉਨ੍ਹਾਂ ਨੂੰ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਵਿਖਾਈ ਦਿੱਤੇ। 4ਤਦ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਜੇ ਤੂੰ ਚਾਹੇਂ ਤਾਂ ਮੈਂ ਇੱਥੇ ਤਿੰਨ ਤੰਬੂ ਬਣਾਵਾਂ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।” 5ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਇੱਕ ਜੋਤਮਾਨ ਬੱਦਲ ਉਨ੍ਹਾਂ ਉੱਤੇ ਛਾ ਗਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ; ਇਸ ਦੀ ਸੁਣੋ।” 6ਇਹ ਸੁਣ ਕੇ ਚੇਲੇ ਮੂੰਹ ਪਰਨੇ ਡਿੱਗ ਪਏ ਅਤੇ ਬਹੁਤ ਡਰ ਗਏ। 7ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ,“ਉੱਠੋ, ਡਰੋ ਨਾ!” 8ਅਤੇ ਜਦੋਂ ਉਨ੍ਹਾਂ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਤਾਂ ਯਿਸੂ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਵੇਖਿਆ।
9ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ,“ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਇਸ ਦਰਸ਼ਨ ਬਾਰੇ ਕਿਸੇ ਨੂੰ ਨਾ ਦੱਸਿਓ।” 10ਤਦ ਚੇਲਿਆਂ ਨੇ ਉਸ ਤੋਂ ਪੁੱਛਿਆ, “ਫਿਰ ਸ਼ਾਸਤਰੀ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?” 11ਉਸ ਨੇ ਉੱਤਰ ਦਿੱਤਾ,“ਏਲੀਯਾਹ ਸੱਚਮੁੱਚ#17:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਹਿਲਾਂ” ਲਿਖਿਆ ਹੈ।ਆ ਰਿਹਾ ਹੈ ਅਤੇ ਉਹ ਸਭ ਕੁਝ ਬਹਾਲ ਕਰੇਗਾ 12ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਅਤੇ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ, ਸਗੋਂ ਜੋ ਚਾਹਿਆ ਉਸ ਨਾਲ ਕੀਤਾ; ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਝੱਲੇਗਾ।” 13ਤਦ ਚੇਲੇ ਸਮਝ ਗਏ ਕਿ ਉਸ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।
ਦੁਸ਼ਟ ਆਤਮਾ ਨਾਲ ਜਕੜਿਆ ਲੜਕਾ ਅਤੇ ਵਿਸ਼ਵਾਸ ਦੀ ਸਮਰੱਥਾ
14ਜਦੋਂ ਉਹ ਭੀੜ ਕੋਲ ਪਹੁੰਚੇ ਤਾਂ ਇੱਕ ਮਨੁੱਖ ਉਸ ਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗਾ, 15“ਹੇ ਪ੍ਰਭੂ, ਮੇਰੇ ਪੁੱਤਰ ਉੱਤੇ ਦਇਆ ਕਰ, ਕਿਉਂਕਿ ਉਹ ਮਿਰਗੀ ਦਾ ਰੋਗੀ ਹੈ ਅਤੇ ਬਹੁਤ ਦੁਖੀ ਹੈ। ਉਹ ਕਈ ਵਾਰ ਅੱਗ ਵਿੱਚ ਅਤੇ ਕਈ ਵਾਰ ਪਾਣੀ ਵਿੱਚ ਡਿੱਗ ਪੈਂਦਾ ਹੈ। 16ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ।” 17ਯਿਸੂ ਨੇ ਕਿਹਾ,“ਹੇ ਵਿਸ਼ਵਾਸਹੀਣ ਅਤੇ ਭ੍ਰਿਸ਼ਟ ਪੀੜ੍ਹੀ! ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਸ ਨੂੰ ਇੱਥੇ ਮੇਰੇ ਕੋਲ ਲਿਆਓ।” 18ਤਦ ਯਿਸੂ ਨੇ ਦੁਸ਼ਟ ਆਤਮਾ ਨੂੰ ਝਿੜਕਿਆ ਅਤੇ ਉਹ ਉਸ ਵਿੱਚੋਂ ਨਿੱਕਲ ਗਈ ਤੇ ਲੜਕਾ ਉਸੇ ਘੜੀ ਚੰਗਾ ਹੋ ਗਿਆ। 19ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਕੋਲ ਆ ਕੇ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?” 20ਉਸ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਅਵਿਸ਼ਵਾਸ ਦੇ ਕਾਰਨ; ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਬਰਾਬਰ ਵੀ ਵਿਸ਼ਵਾਸ ਹੋਵੇ ਅਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ’ ਤਾਂ ਉਹ ਹਟ ਜਾਵੇਗਾ ਅਤੇ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ। 21[ਪਰ ਇਹ ਜਾਤੀ ਪ੍ਰਾਰਥਨਾ ਅਤੇ ਵਰਤ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਨਹੀਂ ਨਿੱਕਲ ਸਕਦੀ।”]#17:21 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ।
ਯਿਸੂ ਮਸੀਹ ਦੁਆਰਾ ਆਪਣੀ ਮੌਤ ਅਤੇ ਜੀ ਉੱਠਣ ਬਾਰੇ ਦੂਜੀ ਵਾਰ ਭਵਿੱਖਬਾਣੀ
22ਜਦੋਂ ਉਹ ਗਲੀਲ ਵਿੱਚ ਇਕੱਠੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ 23ਅਤੇ ਉਹ ਉਸ ਨੂੰ ਮਾਰ ਸੁੱਟਣਗੇ ਪਰ ਉਹ ਤੀਜੇ ਦਿਨ ਜੀ ਉੱਠੇਗਾ।” ਤਦ ਉਹ ਬਹੁਤ ਦੁਖੀ ਹੋ ਗਏ।
ਟੈਕਸ ਚੁਕਾਉਣਾ
24ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਮੰਦਰ ਦਾ ਟੈਕਸ ਵਸੂਲਣ ਵਾਲਿਆਂ ਨੇ ਪਤਰਸ ਕੋਲ ਆ ਕੇ ਪੁੱਛਿਆ, “ਕੀ ਤੁਹਾਡਾ ਗੁਰੂ ਟੈਕਸ ਨਹੀਂ ਦਿੰਦਾ?” 25ਉਸ ਨੇ ਕਿਹਾ, “ਹਾਂ, ਦਿੰਦਾ ਹੈ।” ਜਦੋਂ ਉਹ ਘਰ ਆਇਆ ਤਾਂ ਯਿਸੂ ਨੇ ਪਹਿਲਾਂ ਹੀ ਉਸ ਨੂੰ ਕਿਹਾ,“ਹੇ ਸ਼ਮਊਨ, ਤੂੰ ਕੀ ਸਮਝਦਾ ਹੈਂ? ਧਰਤੀ ਦੇ ਰਾਜੇ ਮਹਿਸੂਲ ਜਾਂ ਟੈਕਸ ਕਿਨ੍ਹਾਂ ਤੋਂ ਵਸੂਲਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ?” 26ਉਸ ਨੇ ਕਿਹਾ, “ਪਰਾਇਆਂ ਤੋਂ।” ਯਿਸੂ ਨੇ ਉਸ ਨੂੰ ਕਿਹਾ,“ਫਿਰ ਪੁੱਤਰ ਤਾਂ ਮੁਕਤ ਹਨ। 27ਫਿਰ ਵੀ ਇਸ ਲਈ ਕਿ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜਿਹੜੀ ਮੱਛੀ ਪਹਿਲਾਂ ਨਿੱਕਲੇ, ਉਸ ਨੂੰ ਲੈ ਲਵੀਂ ਅਤੇ ਉਸ ਦਾ ਮੂੰਹ ਖੋਲ੍ਹਣ 'ਤੇ ਤੈਨੂੰ ਇੱਕ ਸਿੱਕਾ ਮਿਲੇਗਾ; ਉਸ ਨੂੰ ਲੈ ਕੇ ਮੇਰੇ ਅਤੇ ਆਪਣੇ ਲਈ ਉਨ੍ਹਾਂ ਨੂੰ ਦੇ ਦੇਵੀਂ।”

Trenutno odabrano:

ਮੱਤੀ 17: PSB

Istaknuto

Podijeli

Kopiraj

None

Želiš li svoje istaknute stihove spremiti na sve svoje uređaje? Prijavi se ili registriraj