YouVersion logo
Ikona pretraživanja

ਯੂਹੰਨਾ ਦੀ ਇੰਜੀਲ 5

5
ਯਿਸੂ ਨੇ ਇੱਕ ਆਦਮੀ ਨੂੰ ਤਲਾ ਉੱਤੇ ਰਾਜੀ ਕੀਤਾ
1ਇਸਤੋਂ ਬਾਦ ਯਿਸੂ ਇੱਕ ਵਿਸ਼ੇਸ਼ ਯਹੂਦੀ ਤਿਉਹਾਰ ਲਈ ਯਰੂਸ਼ਲਮ ਗਿਆ। 2ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ। 3ਬਹੁਤ ਸਾਰੇ ਬਿਮਾਰ ਲੋਕ ਤਲਾ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ ਸਨ ਕੁਝ ਲੰਗੜ੍ਹੇ ਤੇ ਕੁਝ ਅਧਰੰਗੀ ਸਨ। 4-5ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ ਜੋ 38 ਵਰ੍ਹਿਆਂ ਤੋਂ ਬਿਮਾਰ ਸੀ। 6ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਦੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
7ਉਸ ਬਿਮਾਰ ਆਦਮੀ ਨੇ ਆਖਿਆ, “ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਲਾ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।”
8ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” 9ਉਹ ਤੁਰੰਤ ਹੀ ਰਾਜੀ ਕੀਤਾ ਗਿਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਚੱਲਣਾ ਸ਼ੁਰੂ ਕਰ ਦਿੱਤਾ।
ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ। 10ਇਸ ਲਈ ਯਹੂਦੀਆਂ ਨੇ ਉਸ ਰਾਜੀ ਹੋ ਜਾਣ ਵਾਲੇ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਣਾ ਨੇਮ ਦੇ ਖਿਲਾਫ਼ ਹੈ।”
11ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸਨੇ ਮੈਨੂੰ ਚੰਗਾ ਕੀਤਾ ਹੈ, ਉਸ ਨੇ ਮੈਨੂੰ ਆਖਿਆ, ‘ਆਪਣਾ ਬਿਸਤਰਾ ਚੁੱਕ ਤੇ ਤੁਰ।’”
12ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ?”
13ਪਰ ਜੋ ਆਦਮੀ ਰਾਜੀ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਜਾ ਚੁੱਕਿਆ ਸੀ।
14ਬਾਦ ਵਿੱਚ ਯਿਸੂ ਨੇ ਉਸ ਨੂੰ ਮੰਦਰ ਵਿੱਚ ਵੇਖਿਆ। ਅਤੇ ਉਸ ਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸੱਕਦੀ ਹੈ।”
15ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸਨੇ ਮੈਨੂੰ ਰਾਜੀ ਕੀਤਾ ਸੀ, ਉਹ ਯਿਸੂ ਸੀ।
16ਇਸ ਤਰ੍ਹਾਂ ਦੀਆਂ ਗੱਲਾਂ ਯਿਸੂ ਸਬਤ ਵਾਲੇ ਦਿਨ ਕਰ ਰਿਹਾ ਸੀ। ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ। 17ਪਰ ਯਿਸੂ ਨੇ ਯਹੂਦੀਆਂ ਨੂੰ ਆਖਿਆ, “ਮੇਰਾ ਪਿਤਾ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”
18ਇਹ ਸੁਣਨ ਤੋਂ ਬਾਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੱਧੇਰੇ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ!”
ਯਿਸੂ ਕੋਲ ਪਰਮੇਸ਼ੁਰ ਦਾ ਅਧਿਕਾਰ ਹੈ
19ਪਰ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸੱਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ। 20ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਮਹਾਨ ਗੱਲਾਂ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। 21ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਇਉਂ ਹੀ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ, ਜੀਵਨ ਦਿੰਦਾ ਹੈ।
22“ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ। 23ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਸਤਿਕਾਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਸਨੇ ਉਸ ਨੂੰ ਭੇਜਿਆ ਹੈ।
24“ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਮੇਰੇ ਸ਼ਬਦ ਸੁਣਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ। ਉਹ ਇੱਕ, ਜਿਸਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਹ ਦੋਸ਼ੀ ਨਹੀ ਠਹਿਰਾਇਆ ਜਾਏਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। 25ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਇਹ ਪਹਿਲਾਂ ਹੀ ਇੱਥੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। 26ਜਿਸ ਤਰਾਂ ਪਿਤਾ ਜੀਵਨ ਦੇਣ ਦਾ ਅਧਿਕਾਰ ਰੱਖਦਾ ਹੈ ਉਸੀ ਤਰਾਂ ਉਸ ਨੇ ਪੁੱਤਰ ਨੂੰ ਵੀ ਜੀਵਨ ਦੇਣ ਦਾ ਅਧਿਕਾਰ ਦਿੱਤਾ ਹੈ। 27ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।
28“ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਚ ਪਏ ਮੋਏ ਬੰਦੇ ਵੀ ਉਸ ਦੀ ਅਵਾਜ਼ ਸੁਣਨਗੇ। 29ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਾਗੇ, ਉਹ ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ, ਜੀਅ ਉੱਠਣਗੇ ਅਤੇ ਸਦੀਪਕ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਉਹ ਦੰਡ ਦੇ ਨਿਆਂ ਲਈ ਜੀਅ ਉੱਠਣਗੇ।
30“ਮੈਂ ਆਪਣੇ-ਆਪ ਕੁਝ ਨਹੀਂ ਕਰ ਸੱਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਪਾਸੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸਨੇ ਮੈਨੂੰ ਭੇਜਿਆ ਹੈ।
ਯਿਸੂ ਦਾ ਯਹੂਦੀਆਂ ਨਾਲ ਸੰਵਾਦ ਜਾਰੀ ਰੱਖਣਾ
31“ਜੇਕਰ ਮੈਂ ਆਪਣੇ ਬਾਰੇ ਸਾਖੀ ਦੇਵਾਂ, ਤਾਂ ਮੇਰੀ ਸਾਖੀ ਦੀ ਕੋਈ ਕੀਮਤ ਨਹੀਂ ਹੈ। 32ਪਰ ਇੱਕ ਹੋਰ ਆਦਮੀ ਹੈ ਜੋ ਮੇਰੇ ਬਾਰੇ ਸਾਖੀ ਦਿੰਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਸਦੀ ਮੇਰੇ ਬਾਰੇ ਸਾਖੀ ਸੱਚੀ ਹੈ।
33“ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਸਾਖੀ ਦਿੱਤੀ। 34ਪਰ ਮੈਂ ਇੱਕ ਆਦਮੀ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸੱਕੋਂ। 35ਯੂਹੰਨਾ ਇੱਕ ਦੀਵੇ ਵਾਂਗ ਸੀ ਜੋ ਬਲਿਆ ਤੇ ਜਿਸਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
36“ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37ਅਤੇ ਉਹ ਪਿਤਾ ਜਿਸਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਸਾਖ਼ੀ ਦਿੱਤੀ। ਪਰ ਤੁਸੀਂ ਕਦੇ ਉਸਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38ਉਸ ਪਿਤਾ ਦੇ ਉਪਦੇਸ਼ ਵੀ ਤੁਹਾਡੇ ਅੰਦਰ ਨਹੀਂ ਹਨ। ਕਿਉਂਕਿ, ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39ਤੁਸੀਂ ਇਹ ਸੋਚਕੇ ਪੋਥੀਆਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੋਥੀਆਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ! 40ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।
41“ਮੈਨੂੰ ਲੋਕਾਂ ਤੋਂ ਉਸਤਤਿ ਕਰਾਉਣ ਦੀ ਲੋੜ ਨਹੀਂ। 42ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਨਹੀਂ। 43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ। 44ਤੁਸੀਂ ਇੱਕ ਦੂਜੇ ਤੋਂ ਉਸਤਤਿ ਚਾਹੁੰਦੇ ਹੋ। ਪਰ ਤੁਸੀਂ ਉਸ ਉਸਤਤਿ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸੱਕਦੇ ਹੋ? 45ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਵਿੱਚ ਰੱਖੀ ਹੋਈ ਹੈ। 46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ। ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ। 47ਕਿਉਂਕਿ ਤੁਸੀਂ ਉਸ ਦੀਆਂ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਕਰੋਂਗੇ।”

Istaknuto

Podijeli

Kopiraj

None

Želiš li svoje istaknute stihove spremiti na sve svoje uređaje? Prijavi se ili registriraj