ਮੱਤੀਯਾਹ 8

8
ਪ੍ਰਭੂ ਯਿਸ਼ੂ ਦਾ ਕੋੜ੍ਹੀ ਆਦਮੀ ਨੂੰ ਚੰਗਾ ਕਰਨਾ
1ਜਦੋਂ ਯਿਸ਼ੂ ਪਹਾੜ ਉੱਤੋਂ ਉੱਤਰੇ, ਤਾਂ ਵੱਡੀ ਭੀੜ ਉਸਦੇ ਮਗਰ ਆਈ। 2ਇੱਕ ਕੋੜ੍ਹੀ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੁਟਨੇ ਭਾਰ ਹੋ ਕੇ ਉਹਨਾਂ ਨੂੰ ਕਿਹਾ, “ਹੇ ਪ੍ਰਭੂ ਜੀ, ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
3ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਕੋੜ੍ਹੀ ਨੂੰ ਛੋਹਿਆ ਅਤੇ ਕਿਹਾ। “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਵੇ।” ਤਾਂ ਉਹ ਕੋੜ੍ਹੀ ਉਸੇ ਵਕਤ ਹੀ ਸ਼ੁੱਧ ਹੋ ਗਿਆ। 4ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।”
ਇੱਕ ਸੈਨਾ ਅਧਿਕਾਰੀ ਦਾ ਵਿਸ਼ਵਾਸ
5ਜਦੋਂ ਯਿਸ਼ੂ ਕਫ਼ਰਨਹੂਮ ਵਿੱਚ ਗਏ, ਇੱਕ ਸੂਬੇਦਾਰ ਉਹਨਾਂ ਕੋਲ ਆਇਆ ਅਤੇ ਯਿਸ਼ੂ ਅੱਗੇ ਬੇਨਤੀ ਕੀਤੀ। 6“ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਦਰਦ ਨਾਲ ਤੜਫ ਰਿਹਾ ਹੈ।”
7ਪ੍ਰਭੂ ਯਿਸ਼ੂ ਨੇ ਉਸ ਨੂੰ ਆਖਿਆ, “ਮੈਂ ਆ ਕੇ ਉਸ ਨੂੰ ਚੰਗਾ ਕਰ ਦਿਆਂਗਾ।”
8ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ ਜੀ, ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। ਪਰ ਇਕੱਲਾ ਬਚਨ ਹੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। 9ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਜਾਓ,’ ਅਤੇ ਉਹ ਚਲਾ ਜਾਂਦਾ ਹੈ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਇਧਰ ਆਓ!’ ਅਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰੋ!’ ਤਾਂ ਉਹ ਉਹੀ ਕਰਦਾ ਹੈ।”
10ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਕਿ ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ। 11ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਸਵਰਗ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਭੋਜਨ ਵਿੱਚ ਸ਼ਾਮਲ ਹੋਣਗੇ। 12ਪਰ ਰਾਜ ਦੇ ਅਸਲੀ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”
13ਤਦ ਯਿਸ਼ੂ ਨੇ ਉਸ ਸੂਬੇਦਾਰ ਨੂੰ ਕਿਹਾ, “ਜਾ! ਤੇਰੇ ਵਿਸ਼ਵਾਸ ਦੇ ਅਨੁਸਾਰ, ਤੇਰੇ ਨਾਲ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਵਕਤ ਚੰਗਾ ਹੋ ਗਿਆ।
ਪ੍ਰਭੂ ਯਿਸ਼ੂ ਦਾ ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ
14ਜਦੋਂ ਯਿਸ਼ੂ ਪਤਰਸ ਦੇ ਘਰ ਆਏ, ਤਾਂ ਉਸ ਨੇ ਪਤਰਸ ਦੀ ਸੱਸ ਨੂੰ ਬੁਖਾਰ ਨਾਲ ਮੰਜੇ ਤੇ ਪਈ ਵੇਖਿਆ। 15ਤਦ ਯਿਸ਼ੂ ਨੇ ਉਸ ਦੇ ਹੱਥ ਨੂੰ ਛੋਹਿਆ ਤਾਂ ਉਸੇ ਵਕਤ ਉਸ ਦਾ ਬੁਖਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
16ਅਤੇ ਜਦ ਸ਼ਾਮ ਹੋਈ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦੁਸ਼ਟ ਆਤਮਾ ਚੰਬੜੇ ਹੋਏ ਸਨ ਉਹਨਾਂ ਨੂੰ ਯਿਸ਼ੂ ਕੋਲ ਲਿਆਏ ਅਤੇ ਯਿਸ਼ੂ ਨੇ ਇੱਕ ਵਚਨ ਨਾਲ ਹੀ ਦੁਸ਼ਟ ਆਤਮਾ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕਰ ਦਿੱਤਾ। 17ਤਾਂ ਪਰਮੇਸ਼ਵਰ ਦਾ ਉਹ ਵਚਨ ਪੂਰਾ ਹੋਇਆ ਜਿਹੜਾ ਯਸ਼ਾਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ:
“ਉਸ ਨੇ ਆਪ ਸਾਡੀਆਂ ਬਿਮਾਰੀਆਂ ਚੁੱਕ ਲਈਆ
ਅਤੇ ਸਾਡੇ ਰੋਗ ਚੁੱਕ ਲਏ।”#8:17 ਯਸ਼ਾ 53:4 (ਸੈਪਟੁਜਿੰਟ ਦੇਖੋ)
ਯਿਸ਼ੂ ਦੇ ਚੇਲੇ ਬਣਨ ਦਾ ਮੁੱਲ
18ਯਿਸ਼ੂ ਨੇ ਬਹੁਤ ਵੱਡੀ ਭੀੜ ਆਪਣੇ ਆਲੇ-ਦੁਆਲੇ ਵੇਖ ਕੇ ਆਪਣੇ ਚੇਲਿਆਂ ਨੂੰ ਝੀਲ ਤੋਂ ਪਾਰ ਜਾਣ ਦੀ ਆਗਿਆ ਦਿੱਤੀ। 19ਤਾਂ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਸ ਨੂੰ ਕਿਹਾ, “ਹੇ ਗੁਰੂ ਜੀ, ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”
20ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਘੋਰਨੇ ਹਨ ਅਤੇ ਅਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਲਈ ਵੀ ਜਗ੍ਹਾ ਨਹੀਂ ਹੈ।”
21ਅਤੇ ਪ੍ਰਭੂ ਯਿਸ਼ੂ ਦੇ ਚੇਲਿਆਂ ਵਿੱਚੋਂ ਦੂਸਰੇ ਨੇ ਕਿਹਾ, “ਹੇ ਪ੍ਰਭੂ, ਪਹਿਲਾਂ ਮੈਨੂੰ ਮੇਰੇ ਪਿਤਾ ਜੀ ਦਾ ਅੰਤਿਮ ਸੰਸਕਾਰ ਕਰਨ ਦੀ ਆਗਿਆ ਦਿਓ।”
22ਪਰ ਯਿਸ਼ੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ।”
ਤੂਫਾਨ ਨੂੰ ਸ਼ਾਂਤ ਕਰਨਾ
23ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਮਗਰ ਆਏ। 24ਤਾਂ ਅਚਾਨਕ ਝੀਲ ਵਿੱਚ ਵੱਡਾ ਤੂਫਾਨ ਆਇਆ, ਜਿਸ ਕਾਰਨ ਕਿਸ਼ਤੀ ਪਾਣੀ ਦੀਆਂ ਲਹਿਰਾਂ ਕਰਕੇ ਡੁੱਬਣੀ ਸ਼ੁਰੂ ਹੋ ਗਈ। ਪਰ ਯਿਸ਼ੂ ਸੌਂ ਰਿਹਾ ਸੀ। 25ਅਤੇ ਚੇਲਿਆਂ ਨੇ ਕੋਲ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਪ੍ਰਭੂ ਜੀ ਸਾਨੂੰ ਬਚਾਓ! ਅਸੀਂ ਡੁੱਬ ਚੱਲੇ ਹਾਂ!”
26ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ?” ਫਿਰ ਉਸ ਨੇ ਉੱਠ ਕੇ ਤੂਫਾਨ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
27ਤਾਂ ਚੇਲੇ ਹੈਰਾਨ ਹੋ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕਿਸ ਤਰ੍ਹਾ ਦਾ ਆਦਮੀ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”
ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ
28ਝੀਲ ਦੇ ਪਾਰ ਗਦਰੀਨੀਆਂ ਨਾਮ ਦੇ ਖੇਤਰ ਵਿੱਚ ਜਦੋਂ ਯਿਸ਼ੂ ਪਹੁੰਚੇ, ਤਾਂ ਦੋ ਆਦਮੀ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਯਿਸ਼ੂ ਕੋਲ ਆਏ। ਅਤੇ ਉਹ ਇੰਨੇ ਤਾਕਤਵਰ ਸਨ, ਜੋ ਉਸ ਰਸਤੇ ਤੋਂ ਕੋਈ ਵੀ ਨਹੀਂ ਲੰਘ ਸਕਦਾ ਸੀ। 29“ਅਤੇ ਯਿਸ਼ੂ ਨੂੰ ਦੇਖ ਕੇ ਚਿਲਾਉਣ ਲੱਗੇ, ਹੇ ਪਰਮੇਸ਼ਵਰ ਦੇ ਪੁੱਤਰ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਕੀ ਤੁਸੀਂ ਸਮੇਂ ਤੋਂ ਪਹਿਲਾਂ ਹੀ ਸਾਨੂੰ ਦੁੱਖ ਦੇਣ ਆਏ ਹੋ?”
30ਤਾਂ ਉਹਨਾਂ ਤੋਂ ਕੁਝ ਦੂਰੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁੱਗਦਾ ਸੀ। 31ਅਤੇ ਉਹਨਾਂ ਦੁਸ਼ਟ ਆਤਮਾਵਾਂ ਨੇ ਯਿਸ਼ੂ ਦੀਆ ਮਿੰਨਤਾਂ ਕੀਤੀਆਂ, “ਅਤੇ ਆਖਿਆ ਜੇ ਤੁਸੀਂ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਵਿੱਚ ਭੇਜ ਦਿਓ।”
32ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜਾਓ!” ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ ਅਤੇ ਵੇਖੋ ਕਿ ਸਾਰਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। 33ਤਦ ਸੂਰ ਚਰਾਉਣ ਵਾਲੇ ਭੱਜ ਕੇ ਨਗਰ ਵਿੱਚ ਗਏ ਅਤੇ ਜਾ ਕੇ ਸਾਰੀ ਘਟਨਾ ਬਾਰੇ ਜੋ ਦੁਸ਼ਟ ਆਤਮਾ ਵਾਲੇ ਮਨੁੱਖਾਂ ਨਾਲ ਹੋਇਆ ਸੀ ਸਭ ਕੁਝ ਲੋਕਾਂ ਨੂੰ ਦੱਸ ਦਿੱਤਾ। 34ਤਦ ਸਾਰਾ ਨਗਰ ਯਿਸ਼ੂ ਦੇ ਮਿਲਣ ਨੂੰ ਬਾਹਰ ਨਿੱਕਲ ਆਇਆ ਅਤੇ ਜਦੋਂ ਉਸ ਨੂੰ ਵੇਖਿਆ ਤਾਂ ਉਸ ਦੀਆਂ ਮਿੰਨਤਾ ਕੀਤੀਆਂ ਕਿ ਕਿਰਪਾ ਕਰਕੇ ਸਾਡੇ ਇਲਾਕੇ ਨੂੰ ਛੱਡ ਕੇ ਚਲੇ ਜਾਓ।

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。