ਮੱਤੀਯਾਹ 9
9
ਅਧਰੰਗੀ ਨੂੰ ਚੰਗਾ ਕਰਨਾ
1ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘੇ ਅਤੇ ਆਪਣੇ ਨਗਰ ਵੱਲ ਆਏ। 2ਤਾਂ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲੈ ਕੇ ਆਏ, ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ, ਉਸ ਅਧਰੰਗੀ ਨੂੰ ਕਿਹਾ, “ਹੌਸਲਾ ਰੱਖ, ਪੁੱਤਰ; ਤੇਰੇ ਪਾਪ ਮਾਫ਼ ਹੋ ਚੁੱਕੇ ਹਨ।”
3ਤਾਂ ਕੁਝ ਧਰਮ ਦੇ ਉਪਦੇਸ਼ਕਾ ਨੇ ਆਪਣੇ ਮਨ ਵਿੱਚ ਕਿਹਾ, “ਜੋ ਇਹ ਵਿਅਕਤੀ ਪਰਮੇਸ਼ਵਰ ਦੀ ਨਿੰਦਿਆ ਕਰਦਾ ਹੈ!”
4ਅਤੇ ਯਿਸ਼ੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾ ਨੂੰ ਜਾਣ ਕੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ? 5ਕੀ ਇਹ ਗੱਲ ਕਹਿਣਾ ਸੌਖਾ ਹੈ: ਇਹ ਆਖਣਾ, ਜੋ ਤੇਰੇ ਪਾਪ ਮਾਫ਼ ਹੋਏ, ‘ਜਾਂ ਇਹ ਆਖਣਾ ਉੱਠ ਅਤੇ ਤੁਰ?’ 6ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਉਸ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।” 7ਤਦ ਉਹ ਮਨੁੱਖ ਉੱਠਿਆ ਅਤੇ ਆਪਣੇ ਘਰ ਚਲਾ ਗਿਆ। 8ਜਦ ਭੀੜ ਨੇ ਇਹ ਸਭ ਵੇਖਿਆ, ਤਾਂ ਉਹ ਡਰ ਗਏ; ਅਤੇ ਪਰਮੇਸ਼ਵਰ ਦੀ ਵਡਿਆਈ ਕੀਤੀ, ਜੋ ਉਹ ਨੇ ਮਨੁੱਖ ਨੂੰ ਅਜਿਹਾ ਅਧਿਕਾਰ ਦਿੱਤਾ।
ਮੱਤੀਯਾਹ ਦਾ ਬੁਲਾਇਆ ਜਾਣਾ
9ਜਦੋਂ ਯਿਸ਼ੂ ਉੱਥੋਂ ਅੱਗੇ ਗਏ, ਤਾਂ ਉਹਨਾਂ ਨੇ ਇੱਕ ਮੱਤੀਯਾਹ ਨਾਮ ਦੇ ਆਦਮੀ ਨੂੰ ਚੁੰਗੀ ਲੈਣ ਵਾਲੀ ਚੌਕੀ#9:9 ਜਾਂ ਟੈਕਸ ਕੁਲੈਕਟਰ ਦਾ ਬੂਥ। ਤੇ ਬੈਠਾ ਵੇਖਿਆ। ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮਗਰ ਚਲ,” ਅਤੇ ਮੱਤੀਯਾਹ ਉੱਠਿਆ ਅਤੇ ਉਸਦੇ ਮਗਰ ਤੁਰ ਪਿਆ।
10ਜਦੋਂ ਯਿਸ਼ੂ ਮੱਤੀਯਾਹ ਦੇ ਘਰ ਖਾਣਾ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਆਏ ਅਤੇ ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਨਾਲ ਖਾਧਾ। 11ਜਦੋਂ ਕੁਝ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਸਦੇ ਚੇਲਿਆਂ ਨੂੰ ਪੁੱਛਿਆ, “ਤੁਹਾਡਾ ਗੁਰੂ ਚੁੰਗੀ#9:11 ਚੁੰਗੀ ਲੈਣ ਵਾਲਿਆਂ ਦਾ ਜ਼ਿਆਦਾਤਰ ਕੰਮ ਪਰਾਈਆਂ ਕੌਮਾਂ ਦੇ ਵਿੱਚ ਹੁੰਦਾ ਸੀ ਜਿਸ ਕਰਕੇ ਉਹਨਾਂ ਨੂੰ ਪਾਪੀ ਸਮਝਿਆ ਜਾਂਦਾ ਸੀ। ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?”
12ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ#9:12 ਜਾਂ ਡਾਕਟਰ ਦੀ ਜ਼ਰੂਰਤ ਹੁੰਦੀ ਹੈ। 13ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ ਸਗੋਂ, ਦਯਾ ਦੀ ਇੱਛਾ ਰੱਖਦਾ ਹਾਂ।’#9:13 ਹੋਸ਼ੇ 6:6 ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”
ਵਰਤ ਦੇ ਬਾਰੇ ਪ੍ਰਸ਼ਨ
14ਫਿਰ ਯੋਹਨ ਦੇ ਚੇਲਿਆਂ ਨੇ ਯਿਸ਼ੂ ਦੇ ਕੋਲ ਆ ਕੇ ਉਹਨਾਂ ਤੋਂ ਪੁੱਛਿਆ, “ਇਸ ਦਾ ਕੀ ਕਾਰਨ ਹੈ, ਕਿ ਅਕਸਰ ਅਸੀਂ ਤੇ ਫ਼ਰੀਸੀ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”
15ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ; ਫਿਰ ਉਹ ਵਰਤ ਰੱਖਣਗੇ।
16“ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫੱਟ ਜਾਂਦਾ ਹੈ। 17ਅਤੇ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਜੇ ਕੋਈ ਅਜਿਹਾ ਕਰੇ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ, ਸੋ ਉਹ ਦੋਵੇਂ ਬਚੀਆਂ ਰਹਿੰਦੀਆ ਹਨ।”
ਬਾਰਾਂ ਸਾਲਾਂ ਤੋਂ ਬਿਮਾਰ ਔਰਤ ਦੀ ਚੰਗਿਆਈ ਅਤੇ ਇੱਕ ਮਰੀ ਹੋਈ ਕੁੜੀ ਨੂੰ ਜੀਵਤ ਕਰਨਾ
18ਜਦੋਂ ਯਿਸ਼ੂ ਇਹ ਕਹਿ ਰਿਹੇ ਸਨ, ਤਾਂ ਇੱਕ ਪ੍ਰਾਰਥਨਾ ਸਥਾਨ ਦਾ ਆਗੂ#9:18 ਜਾਂ ਲੀਡਰ ਉਸ ਦੇ ਕੋਲ ਆਇਆ ਅਤੇ ਉਸਦੇ ਅੱਗੇ ਗੁਟਨੇ ਟੇਕੇ ਅਤੇ ਆਖਿਆ, “ਮੇਰੀ ਬੇਟੀ ਮਰ ਗਈ ਹੈ, ਪਰ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖ ਦਿਓ ਤਾਂ ਉਹ ਦੁਬਾਰਾ ਜਿਉਂਦੀ ਹੋ ਜਾਵੇਗੀ।” 19ਫਿਰ ਯਿਸ਼ੂ ਉੱਠੇ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਸਦੇ ਚੇਲੇ ਵੀ ਉਸ ਦੇ ਨਾਲ ਚਲੇ ਗਏ।
20ਅਤੇ ਉਸ ਵਕਤ ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ, ਪਿੱਛੋਂ ਆ ਕੇ ਯਿਸ਼ੂ ਦੇ ਕੱਪੜੇ ਦੇ ਪੱਲੇ ਨੂੰ ਛੋਹਿਆ। 21ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, “ਕਿ ਜੇ ਮੈਂ ਉਸਦੇ ਕੱਪੜੇ ਨੂੰ ਹੀ ਛੋਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।”
22ਤਦ ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, “ਹੌਸਲਾ ਰੱਖ ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ,” ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।
23ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ। 24ਤਾਂ ਉਸ ਨੇ ਕਿਹਾ, “ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” ਪਰ ਉਹ ਯਿਸ਼ੂ ਤੇ ਹੱਸਣ ਲੱਗੇ। 25ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ। 26ਤਾਂ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ।
ਪ੍ਰਭੂ ਯਿਸ਼ੂ ਦਾ ਦੋ ਅੰਨ੍ਹੀਆਂ ਅਤੇ ਇੱਕ ਗੂੰਗੇ ਨੂੰ ਚੰਗਾ ਕਰਨਾ
27ਜਦੋਂ ਯਿਸ਼ੂ ਉੱਥੋਂ ਚਲੇ ਗਏ, ਤਾਂ ਦੋ ਅੰਨ੍ਹੇ ਉਸਦੇ ਪਿੱਛੇ ਤੁਰ ਅਵਾਜ਼ਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”
28ਅਤੇ ਜਦੋਂ ਯਿਸ਼ੂ ਘਰ ਵਿੱਚ ਗਏ ਤਾਂ ਉਹ ਅੰਨ੍ਹੇ ਉਸਦੇ ਕੋਲ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਚੰਗਾ ਕਰ ਸਕਦਾ ਹੈ?”
ਤਾਂ ਉਹਨਾਂ ਨੇ ਉਸ ਨੂੰ ਆਖਿਆ, “ਹਾਂ, ਪ੍ਰਭੂ ਜੀ।”
29ਤਦ ਯਿਸ਼ੂ ਨੇ ਉਹਨਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਉਸੇ ਤਰ੍ਹਾਂ ਹੋਵੇ।” 30ਅਤੇ ਤੁਰੰਤ ਹੀ ਉਹ ਵੇਖਣ ਲੱਗੇ, “ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ, ਕਿਸੇ ਨੂੰ ਇਸ ਬਾਰੇ ਨਾ ਦੱਸਣਾ।” 31ਪਰ ਉਹ ਚਲੇ ਗਏ ਅਤੇ ਜਾ ਕੇ ਉਸਦੀ ਚਰਚਾ ਸਾਰੇ ਇਲਾਕੇ ਵਿੱਚ ਕੀਤੀ।
32ਫਿਰ ਜਦੋਂ ਉਹ ਬਾਹਰ ਨਿਕਲ ਰਹੇ ਸਨ ਤਾਂ ਲੋਕ ਇੱਕ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਿਸ਼ੂ ਕੋਲ ਲਿਆਏ। 33ਅਤੇ ਜਦੋਂ ਦੁਸ਼ਟ ਆਤਮਾ ਨਿਕਲ ਕੇ ਭੱਜ ਗਿਆ ਤਾਂ ਉਹ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਮੰਨ ਕੇ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾ ਕਦੇ ਨਹੀਂ ਵੇਖਿਆ।
34ਪਰ ਫ਼ਰੀਸੀਆਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਬਾਹਰ ਕੱਢਦਾ ਹੈ।”
ਮਜ਼ਦੂਰ ਥੋੜ੍ਹੇ ਹਨ
35ਯਿਸ਼ੂ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚੋਂ ਦੀ ਲੰਘਦਾ ਸੀ। 36ਜਦੋਂ ਯਿਸ਼ੂ ਨੇ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ ਪਰੇਸ਼ਾਨ ਅਤੇ ਨਿਰਾਸ਼ ਸਨ। 37ਤਦ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, “ਫ਼ਸਲ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। 38ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰ ਨੂੰ ਭੇਜੇ।”
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.