ਲੂਕਾ 23
23
ਪ੍ਰਭੁ ਦੀ ਸਲੀਬੀ ਮੌਤ
1ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਉਹ ਨੂੰ ਪਿਲਾਤੁਸ ਦੇ ਕੋਲ ਲੈ ਗਈ 2ਅਤੇ ਓਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਭਈ ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆ ਡਿੱਠਾ 3ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸਤ ਆਖਿਆ ਹੈ 4ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ 5ਪਰ ਓਹ ਹੋਰ ਵੀ ਜੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ 6ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ ਭਈ ਇਹ ਮਨੁੱਖ ਗਲੀਲੀ ਹੈ? 7ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ਼ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ਘੱਲਿਆ।।
8ਹੇਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਅਨੰਦ ਹੋਇਆ ਕਿਉਂ ਜੋ ਉਹ ਚਿਰੋਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਓਨ ਉਸ ਦੀ ਖਬਰ ਸੁਣੀ ਸੀ ਅਤੇ ਉਹ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖੇ 9ਉਹ ਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛੀਆਂ ਪਰ ਓਨ ਉਸ ਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ 10ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ 11ਤਾਂ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹ ਨੂੰ ਬੇਪਤ ਕੀਤਾ ਅਤੇ ਠੱਠਾ ਮਾਰਿਆ ਅਰ ਭੜਕੀਲੀ ਪੁਸ਼ਾਕ ਪਹਿਨਾ ਕੇ ਉਹ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ 12ਅਰ ਉਸੇ ਦਿਨ ਹੇਰੋਦੇਸ ਅਰ ਪਿਲਾਤੁਸ ਆਪੋ ਵਿੱਚ ਮਿੱਤਰ ਬਣ ਗਏ ਕਿਉਂਕਿ ਜੋ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।।
13ਤਾਂ ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਸਰਦਾਰਾਂ ਅਤੇ ਲੋਕਾਂ ਨੂ ਇਕੱਠੇ ਬੁਲਾ ਕੇ 14ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲੇ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ 15ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ 16-17ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ 18ਤਦ ਉਨ੍ਹਾਂ ਸਭਨਾਂ ਰਲ ਕੇ ਡੰਡ ਪਾਈ ਅਤੇ ਆਖਿਆ ਕਿ ਮਾਰ ਦਿਓ ਇਸ ਨੂੰ! ਅਰ ਬਰੱਬਾਸ ਨੂੰ ਸਾਡੇ ਲਈ ਛੱਡ ਦਿਓ! 19ਜੋ ਕਿਸੇ ਪਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ 20ਤਾਂ ਪਿਲਾਤੁਸ ਨੇ ਓਹਨਾਂ ਨੂੰ ਫੇਰ ਸਮਝਾਇਆ ਕਿਉੰ ਜੋ ਉਹ ਯਿਸੂ ਨੂੰ ਛੁਡਾਉਣਾ ਚਾਹੁੰਦਾ ਸੀ 21ਪਰ ਓਹ ਹੋਰ ਵੀ ਸੰਘ ਪਾੜ ਕੇ ਬੋਲੇ ਕਿ ਉਹ ਨੂੰ ਸਲੀਬ ਦਿਓ! ਸਲੀਬ ਦਿਓ! 22ਉਸ ਨੇ ਤੀਜੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਿਆਈ ਕੀਤੀ? ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ 23ਪਰ ਓਹ ਉੱਚਾ ਰੌਲਾ ਪਾ ਕੇ ਉਹ ਦੇ ਗਲ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਪਰਬਲ ਪੈ ਗਈਆਂ 24ਤਾਂ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਅਰਜ਼ ਦੇ ਅਨੁਸਾਰ ਹੋਵੇ 25ਅਤੇ ਉਸ ਨੇ ਜਿਹੜਾ ਪਸਾਦ ਅਰ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਹ ਨੂੰ ਓਹ ਮੰਗਦੇ ਸਨ ਛੱਡ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।।
26ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮਊਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਭਈ ਯਿਸੂ ਦੇ ਮਗਰ ਲੈ ਚੱਲੇ ।। 27ਲੋਕਾਂ ਦੀ ਵੱਡੀ ਭੀੜ ਉਹ ਦੇ ਪਿੱਛੇ ਗਈ ਨਾਲ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ 28ਪਰ ਯਿਸੂ ਉਨ੍ਹਾਂ ਦੀ ਵੱਲ ਪਿਛਾਹਾਂ ਭੌਂ ਕੇ ਬੋਲਿਆ, ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆ ਨੂੰ ਰੋਵੋ 29ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿੰਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਓਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ 30ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿਗ ਪਓ! ਅਤੇ ਟਿੱਬਿਆਂ ਨੂੰ ਭਈ ਸਾਨੂੰ ਲੁਕਾ ਲਓ! 31ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?।।
32ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹ ਦੇ ਸੰਗ ਮਾਰਨ ਨੂੰ ਲੈਈ ਜਾਂਦੇ ਸਨ 33ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹ ਨੂੰ ਉੱਥੇ ਸਲੀਬ ਤੇ ਚੜਾਇਆ ਅਤੇ ਉਨ੍ਹਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ 34ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ, ਅਤੇ ਉਨ੍ਹਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ 35ਅਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹ ਨੇ ਹੋਰਨਾਂ ਨੂੰ ਬਚਾਇਆ । ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ! 36ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹ ਨੂੰ ਸਿਰਕਾ ਦਿੱਤਾ ਅਤੇ ਆਖਿਆ 37ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ! 38ਅਰ ਉਹ ਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ "ਇਹ ਯਹੂਦੀਆਂ ਦਾ ਪਾਤਸ਼ਾਹ ਹੈ"।।
39ਉਨ੍ਹਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ! 40ਪਰ ਦੂਏ ਨੇ ਅੱਗੋਂ ਉਸਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? 41ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ 42ਅਤੇ ਉਹ ਨੇ ਆਖਿਆ, ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ 43ਉਸ ਨੇ ਉਹ ਨੂੰ ਆਖਿਆ, ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ।।
44ਹੁਣ ਦੋਕੁ ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ ਤੀਏ ਪਹਿਰ ਤੀਕੁਰ ਅਨ੍ਹੇਰਾ ਰਿਹਾ 45ਅਤੇ ਸੂਰਜ ਕਾਲਾ ਪੈ ਗਿਆ ਅਤੇ ਹੈਕਲ ਦਾ ਪੜਦਾ ਵਿਚਕਾਰੋਂ ਪਾਟ ਗਿਆ 46ਤਾਂ ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ 47ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚੀ ਮੁੱਚੀ ਇਹ ਧਰਮੀ ਪੁਰਖ ਸੀ! 48ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ 49ਅਰ ਉਹ ਦੇ ਸਰਬੱਤ ਜਾਣੂ ਪਛਾਣੂ ਅਤੇ ਓਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।।
50ਤਾਂ ਵੇਖੋ ਯੂਸੁਫ਼ ਨਾਉਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਤੇ ਭਲਾ ਅਤੇ ਧਰਮੀ ਸੀ 51ਅਤੇ ਉਨ੍ਹਾਂ ਦੀ ਮੱਤ ਅਰ ਕਰਮ ਵਿੱਚ ਨਹੀਂ ਸੀ ਰਲਿਆ ਸੋ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਰ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਹੈਸੀ 52ਉਹ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ 53ਅਤੇ ਉਸ ਨੂੰ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਵਲ੍ਹੇਟ ਕੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ ਜਿੱਥੇ ਕਦੇ ਕੋਈ ਨਹੀਂ ਸੀ ਪਿਆ 54ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ 55ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ 56ਤਦ ਉਨ੍ਹਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਦ ਦੇ ਦਿਨ ਉਨ੍ਹਾਂ ਨੇ ਹੁਕਮ ਮੂਜਬ ਅਰਾਮ ਕੀਤਾ।।
Currently Selected:
ਲੂਕਾ 23: PUNOVBSI
Tya elembo
Share
Copy
Olingi kobomba makomi na yo wapi otye elembo na baapareyi na yo nyonso? Kota to mpe Komisa nkombo
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.