Logotipo da YouVersion
Ícone de Pesquisa

ਰਸੂਲਾਂ ਦੇ ਕਰਤੱਬ 1

1
ਪਵਿੱਤ੍ਰ ਆਤਮਾ ਦਾ ਕਰਾਰ
1ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ 2ਉਸ ਦਿਨ ਤੀਕੁਰ ਕਿ ਉਹ ਉਨ੍ਹਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਪਵਿੱਤ੍ਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਹਾਂ ਉਠਾ ਲਿਆ ਗਿਆ 3ਉਸ ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ 4ਅਰ ਉਨ੍ਹਾਂ ਦੇ ਨਾਲ ਇੱਕਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ 5ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।।
6ਸੋ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ ? 7ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ 8ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ 9ਅਰ ਜਾਂ ਉਹ ਏਹ ਗੱਲਾਂ ਕਹਿ ਹਟਿਆ ਤਾਂ ਉਨ੍ਹਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ 10ਅਰ ਉਸ ਦੇ ਜਾਂਦਿਆਂ ਹੋਇਆ ਜਾਂ ਓਹ ਅਕਾਸ਼ ਦੀ ਵੱਲ ਤੱਕ ਰਹੇ ਸਨ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਖਲੋਤੇ ਸਨ 11ਅਤੇ ਓਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ ।।
12ਤਦ ਓਹ ਉਸ ਪਹਾੜ ਤੋਂ ਜਿਹੜਾ ਜ਼ੈਤੂਨ ਦਾ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ ਯਰੂਸ਼ਲਮ ਨੂੰ ਮੁੜੇ 13ਅਰ ਜਾਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਓਹ ਟਿਕਦੇ ਸਨ ਅਰਥਾਤ ਪਤਰਸ ਅਰ ਯੂਹੰਨਾ ਅਰ ਯਾਕੂਬ ਅਰ ਅੰਦ੍ਰਿਯਾਸ ਅਰ ਫ਼ਿਲਿੱਪੁਸ ਅਰ ਥੋਮਾ ਅਰ ਬਰਥੁਲਮਈ ਅਰ ਮੱਤੀ ਅਰ ਹਲਫ਼ਾ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜ਼ੇਲੋਤੇਸ ਅਰ ਯਾਕੂਬ ਦਾ ਪੁੱਤ੍ਰ ਯਹੂਦਾ 14ਏਹ ਸਭ ਇੱਕ ਮਨ ਹੋ ਕੇ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।।
15ਉਨੀਂ ਦਿਨੀਂ ਪਤਰਸ ਭਾਈਆਂ ਦੇ ਵਿਚਕਾਰ ਜੋ ਸਾਰੇ ਮਿਲ ਕੇ ਕੋਈ ਇੱਕ ਸੌ ਵੀਹਕੁ ਇਕੱਠੇ ਹੋਏ ਸਨ ਖਲੋ ਕੇ ਬੋਲਿਆ 16ਹੇ ਭਾਈਓ ਜਰੂਰ ਸੀ ਕਿ ਉਹ ਲਿਖਤ ਪੂਰੀ ਹੋਵੇ ਜੋ ਪਵਿੱਤ੍ਰ ਆਤਮਾ ਨੇ ਦਾਊਦ ਦੀ ਜਬਾਨੀ ਯਹੂਦਾ ਦੇ ਵਿਖੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਅਗੇਤਰੀ ਆਖੀ 17ਕਿਉਂ ਜੋ ਉਹ ਸਾਡੇ ਵਿੱਚ ਗਿਣਿਆ ਗਿਆ ਅਰ ਉਹ ਨੇ ਇਸ ਸੇਵਾ ਦਾ ਅਧਿਕਾਰ ਪਾਇਆ ਸੀ 18ਸੋ ਉਹ ਨੇ ਕੁਧਰਮ ਦੀ ਮਜੂਰੀ ਨਾਲ ਇੱਕ ਖੇਤ ਮੁੱਲ ਲਿਆ ਅਰ ਮੂੰਧੇ ਮੂੰਹ ਡਿੱਗਿਆ ਅਤੇ ਉਹ ਦਾ ਢਿੱਡ ਪਾਟ ਗਿਆ ਅਰ ਉਹ ਦੀਆਂ ਸਾਰੀਆਂ ਆਂਦਰਾਂ ਨਿੱਕਲ ਪਈਆਂ 19ਅਤੇ ਇਹ ਸਾਰੇ ਯਰੂਸ਼ਲਮ ਦੇ ਰਹਿਣ ਵਾਲਿਆਂ ਉੱਤੇ ਉਜਾਗਰ ਹੋਇਆ ਐਥੋਂ ਤੀਕੁ ਜੋ ਉਨ੍ਹਾਂ ਦੀ ਭਾਖਿਆ ਵਿੱਚ ਉਸ ਖੇਤ ਦਾ ਨਾਉਂ "ਅਕਲਦਮਾ" ਅਰਥਾਤ "ਲਹੂ ਦਾ ਖੇਤ" ਪੈ ਗਿਆ 20ਕਿਉਂਕਿ ਜ਼ਬੂਰ ਦੇ ਪੁਸਤਕ ਵਿੱਚ ਲਿਖਿਆ ਹੈ#ਜ਼. 69:25; 109:8 ਭਈ
ਉਹ ਦਾ ਘਰ ਉੱਜੜ ਜਾਵੇ,
ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।।
ਅਤੇ ਇਹ ਕਿ
ਉਹ ਦਾ ਹੁੱਦਾ ਕੋਈ ਹੋਰ ਲਵੇ ।।
21ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਜਾਂ ਪ੍ਰਭੁ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ 22ਯੂਹੰਨਾ ਦੇ ਬਪਤਿਸਮਾ ਤੋਂ ਲੈਕੇ ਉਸ ਦਿਨ ਤੀਕੁਰ ਕਿ ਉਹ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ, ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ 23ਤਦ ਉਨ੍ਹਾਂ ਨੇ ਦੋਹਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਕਹਾਉਂਦਾ ਸੀ ਜਿਹ ਦਾ ਉਪਨਾਮ ਯੂਸਤੁਸ ਸੀ, ਦੂਜਾ ਮੱਥਿਯਾਸ 24ਅਰ ਪ੍ਰਾਰਥਨਾ ਕਰ ਕੇ ਆਖਿਆ ਕਿ ਹੇ ਪ੍ਰਭੁ ਤੂੰ ਜੋ ਸਭਨਾਂ ਦਾ ਅੰਤਰਜਾਮੀ ਹੈਂ ਵਿਖਾਲ ਕਿ ਇਨ੍ਹਾਂ ਦੋਹਾਂ ਵਿੱਚੋਂ ਤੈਂ ਕਿਹਨੂੰ ਚੁਣਿਆ ਹੈ 25ਜੇ ਇਸ ਸੇਵਾ ਅਤੇ ਰਸੂਲਪੁਣੇ ਦੀ ਉਹ ਜਗ੍ਹਾ ਲਵੇ ਜਿਸ ਤੋਂ ਯਹੂਦਾ ਡਿੱਗਿਆ ਭਈ ਉਹ ਆਪਣੀ ਨਿਜ ਥਾਂ ਨੂੰ ਜਾਵੇ 26ਅਤੇ ਉਨ੍ਹਾਂ ਨੇ ਓਹਨਾਂ ਦੇ ਲਈ ਚਿੱਠੀਆ ਪਾਈਆਂ ਅਰ ਚਿੱਠੀ ਮੱਥਿਆਸ ਦੇ ਨਾਉਂ ਦੀ ਨਿੱਕਲੀ । ਤਦ ਉਹ ਉਨ੍ਹਾਂ ਗਿਆਰਾਂ ਰਸੂਲਾਂ ਨਾਲ ਗਿਣਿਆ ਗਿਆ।।

Destaque

Compartilhar

Copiar

None

Quer salvar seus destaques em todos os seus dispositivos? Cadastre-se ou faça o login