Logotipo da YouVersion
Ícone de Pesquisa

ਯੂਹੰਨਾ 21

21
ਆਖਰੀ ਦਰਸ਼ਣ
1ਇਹ ਦੇ ਪਿੱਛੋਂ ਯਿਸੂ ਨੇ ਫੇਰ ਆਪਣੇ ਤਾਈਂ ਤਿਬਿਰਯਾਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ ਅਤੇ ਉਹ ਨੇ ਇਉਂ ਵਿਖਾਲਿਆ 2ਸ਼ਮਊਨ ਪਤਰਸ ਅਰ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਰ ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਸੀ ਅਰ ਜ਼ਬਦੀ ਦੇ ਪੁੱਤ੍ਰ ਅਤੇ ਉਹ ਦੇ ਚੇਲਿਆਂ ਵਿੱਚੋਂ ਹੋਰ ਦੋ ਇਕੱਠੇ ਸਨ 3ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਨ੍ਹਾਂ ਉਸ ਨੂੰ ਕਿਹਾ, ਅਸੀਂ ਭੀ ਤੇਰੇ ਨਾਲ ਚੱਲਦੇ ਹਾਂ। ਓਹ ਨਿੱਕਲ ਕੇ ਬੇੜੀ ਉੱਤੇ ਚੜ੍ਹੇ ਅਤੇ ਉਸ ਰਾਤ ਕੁਝ ਨਾ ਫੜਿਆ 4ਜਾਂ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆ ਖਲੋਤਾ ਪਰ ਚੇਲਿਆਂ ਨੇ ਨਾ ਸਿਆਤਾ ਜੋ ਉਹ ਯਿਸੂ ਹੈ 5ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ? ਉਨ੍ਹਾਂ ਨੇ ਉੱਤਰ ਦਿੱਤਾ, ਨਹੀਂ 6ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ? ਸੋ ਉਨ੍ਹਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹ ਨੂੰ ਫੇਰ ਖਿੱਚ ਨਾ ਸੱਕੇ 7ਇਸ ਲਈ ਉਸ ਚੇਲੇ ਨੇ ਜਿਹ ਦੇ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਆਖਿਆ, ਇਹ ਤਾਂ ਪ੍ਰਭੁ ਹੈ! ਸੋ ਜਾਂ ਸ਼ਮਊਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੁ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ 8ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚੇ ਆਏ ਕਿਉਂਕਿ ਓਹ ਜਮੀਨ ਤੋਂ ਦੂਰ ਨਹੀਂ ਪਰ ਦੋਕੁ ਸੌ ਹੱਥ ਦੀ ਵਿੱਥ ਤੇ ਸੀ 9ਉਪਰੰਤ ਜਾਂ ਓਹ ਜਮੀਨ ਉੱਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਅਰ ਉਹ ਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ 10ਯਿਸੂ ਨੇ ਓਹਨਾਂ ਨੂੰ ਆਖਿਆ, ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ 11ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜਮੀਨ ਤੇ ਖਿੱਚਿਆ ਜਿਹ ਦੇ ਵਿੱਚ ਇੱਕ ਸੌ ਤ੍ਰਿਵੰਜਾ ਵੱਡੀਆਂ ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਐੱਨੀਆਂ ਮੱਛੀਆਂ ਹੁੰਦਿਆ ਵੀ ਉਹ ਜਾਲ ਨਾ ਟੁੱਟਿਆ 12ਯਿਸੂ ਨੇ ਓਹਨਾਂ ਨੂੰ ਆਖਿਆ, ਆਓ ਭੋਜਨ ਛਕੋ, ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹਿਆਉਂ ਨਾ ਪਿਆ ਜੋ ਉਹ ਉਨੂੰ ਪੁੱਛੇ, ਤੂੰ ਕੌਣ ਹੈਂ? ਕਿਉਂਕਿ ਓਹ ਜਾਣਦੇ ਸਨ ਭਈ ਇਹ ਪ੍ਰਭੁ ਹੈ 13ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ 14ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਣ ਦਿੱਤਾ।।
15ਸੋ ਜਾਂ ਓਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ? ਉਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਓਨ ਉਹ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ 16ਉਸ ਨੇ ਫੇਰ ਦੂਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਉਸ ਨੇ ਉਹ ਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ 17ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਪਤਰਸ ਉਦਾਸ ਹੋਇਆ ਇਸ ਲਈ ਜੋ ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਤੂੰ ਤਾਂ ਸਭ ਜਾਈ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਯਿਸੂ ਨੇ ਉਹ ਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ 18ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਤੂੰ ਜੁਆਨ ਸੈਂ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ । ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪੇ ਆਪਣੇ ਹੱਥ ਲੰਮੇ ਕਰੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ 19ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ੁਰ ਦੀ ਵਡਿਆਈ ਕਰੇਗਾ ਅਰ ਇਹ ਕਹਿ ਕੇ ਉਹ ਨੂੰ ਆਖਿਆ, ਮੇਰੇ ਮਗਰ ਹੋ ਤੁਰ 20ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਹ ਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸਣਾ ਲਾਇਆ ਹੋਇਆ ਆਖਿਆ ਸੀ ਕਿ ਪ੍ਰਭੁ ਜੀ ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ? 21ਸੋ ਉਹ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ, ਪ੍ਰਭੁ ਜੀ ਐਸ ਦੇ ਨਾਲ ਕੀ ਬੀਤੇਗੀ? 22ਯਿਸੂ ਨੇ ਉਹ ਨੂੰ ਕਿਹਾ, ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ 23ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲੇ ਨਾ ਮਰੂ। ਪਰ ਯਿਸੂ ਨੇ ਉਹ ਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ ਪਰ ਇਹ ਕਿ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?।।
24ਇਹ ਉਹੋ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਅਰ ਜਿਹ ਨੇ ਏਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹ ਦੀ ਸਾਖੀ ਸੱਚੀ ਹੈ।। 25ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!।।

Atualmente Selecionado:

ਯੂਹੰਨਾ 21: PUNOVBSI

Destaque

Compartilhar

Copiar

None

Quer salvar seus destaques em todos os seus dispositivos? Cadastre-se ou faça o login