ਰਸੂਲਾਂ ਦੇ ਕਰਤੱਬ 3
3
ਜਮਾਂਦਰੂ ਲੰਙੇ ਦਾ ਚੰਗਾ ਹੋਣਾ
1ਪਤਰਸ ਅਤੇ ਯੂਹੰਨਾ ਪ੍ਰਾਰਥਨਾ ਕਰਨ ਦੇ ਵੇਲੇ ਤੀਏ ਪਹਿਰ ਹੈਕਲ ਨੂੰ ਚੱਲੇ ਜਾਂਦੇ ਸਨ 2ਅਤੇ ਲੋਕ ਇੱਕ ਜਮਾਂਦਰੂ ਲੰਙੇ ਨੂੰ ਚੁੱਕੀ ਲਈ ਜਾਂਦੇ ਸਨ ਜਿਹ ਨੂੰ ਰੋਜ਼ ਹੈਕਲ ਦੇ ਫਾਟਕ ਕੋਲ ਜਿਹੜਾ ਸੋਹਣਾ ਸੱਦੀਦਾ ਹੈ ਬਹਾਲ ਦਿੰਦੇ ਸਨ ਭਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭਿੱਛਿਆ ਮੰਗੇ 3ਜਾਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭਿੱਛਿਆ ਮੰਗੀ 4ਤਦੋਂ ਪਤਰਸ ਨੇ ਯੂਹੰਨਾ ਦੇ ਨਾਲ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ! 5ਤਾਂ ਉਹ ਨੇ ਉਨ੍ਹਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਨ੍ਹਾਂ ਵੱਲ ਧਿਆਨ ਕੀਤਾ 6ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹੈ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ! 7ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ ਕੇ ਉਹ ਨੂੰ ਉਠਾਲਿਆ। ਓਸੇ ਵੇਲੇ ਉਹ ਦੇ ਪੈਰ ਅਰ ਗਿੱਟੇ ਤਕੜੇ ਹੋ ਗਏ 8ਅਤੇ ਉਹ ਕੁੱਦ ਕੇ ਉੱਠ ਖੜਾ ਹੋਇਆ ਅਰ ਤੁਰਨ ਲੱਗਾ ਅਰ ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਨਾਲ ਹੈਕਲ ਵਿੱਚ ਗਿਆ 9ਸਭਨਾਂ ਲੋਕਾਂ ਨੇ ਉਹ ਨੂੰ ਤਰੁਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਵੇਖਿਆ 10ਅਤੇ ਉਹ ਨੂੰ ਪਛਾਣ ਲਿਆ ਭਈ ਇਹ ਉਹੋ ਹੈ ਜਿਹੜਾ ਹੈਕਲ ਦੇ ਸੋਹਣੇ ਫਾਟਕ ਉੱਤੇ ਭਿੱਛਿਆ ਮੰਗਣ ਨੂੰ ਬਹਿੰਦਾ ਹੁੰਦਾ ਸੀ ਅਤੇ ਜੋ ਉਹ ਦੇ ਨਾਲ ਹੋਇਆ ਸੀ ਓਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ।।
11ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਨੂੰ ਚਿੰਬੜਦਾ ਜਾਂਦਾ ਸੀ ਸਾਰੇ ਲੋਕ ਬਹੁਤ ਦੰਗ ਹੋਏ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸੱਦੀਦਾ ਹੈ ਉਨ੍ਹਾਂ ਕੋਲ ਦੌੜੇ ਆਏ 12ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀ? 13ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਅਰਥਾਤ ਸਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹ ਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸ ਨੇ ਉਹ ਨੂੰ ਛੱਡ ਦੇਣ ਦੀ ਦਲੀਲ ਕੀਤੀ 14ਪਰ ਤੁਸਾਂ ਉਸ ਪਵਿੱਤ੍ਰ ਅਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ 15ਪਰ ਜੀਉਣ ਦੇ ਕਰਤਾ ਨੂੰ ਮਾਰ ਸੁੱਟਿਆ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਅਸੀਂ ਏਸ ਗੱਲ ਦੇ ਗਵਾਹ ਹਾਂ 16ਉਹ ਦੇ ਨਾਮ ਉੱਤੇ ਨਿਹਚਾ ਕਰਨ ਕਰਕੇ ਉਹ ਦੇ ਨਾਮ ਹੀ ਨੇ ਐਸ ਮਨੁੱਖ ਨੂੰ ਜਿਹ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ। ਹਾਂ, ਉਸੇ ਨਿਹਚਾ ਨੇ ਜਿਹੜੀ ਉਸ ਦੇ ਦੁਆਰੇ ਤੋਂ ਹੈ ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ 17ਅਤੇ ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਜੋ ਤੁਸਾਂ ਅਣਜਾਣਪੁਣੇ ਨਾਲ ਇਹ ਕੀਤਾ ਜਿਵੇਂ ਤੁਹਾਡੇ ਸਰਦਾਰਾਂ ਨੇ ਭੀ ਕੀਤਾ 18ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ਬਾਨੀ ਅਗੇਤੀ ਖਬਰ ਦਿੱਤੀ ਸੀ ਭਈ ਮੇਰਾ ਮਸੀਹ ਦੇ ਦੁਖ ਝੱਲਣਾ ਹੈ ਸੋ ਉਹ ਨੇ ਇਉਂ ਪੂਰੀਆਂ ਕੀਤੀਆਂ 19ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋ ਸੁਖ ਦੇ ਦਿਨ ਆਉਣ 20ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ ਯਿਸੂ ਹੀ ਨੂੰ, ਘੱਲ ਦੇਵੇ 21ਜ਼ਰੂਰ ਹੈ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ 22ਮੂਸਾ ਨੇ ਤਾਂ ਆਖਿਆ #ਬਿਵ. 18:15,16,19ਭਈ ਪ੍ਰਭੁ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ । ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ 23ਅਤੇ ਐਉਂ ਹੋਵੇਗਾ ਕਿ ਹਰ ਇੱਕ ਜਾਨ ਜੋ ਉਸ ਨਬੀ ਦੀ ਨਾ ਸੁਣੇ ਕੌਮ ਵਿੱਚੋਂ ਛੇਕੀ ਜਾਵੇ 24ਅਤੇ ਸਾਰਿਆਂ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆ ਨੇ ਬਚਨ ਕੀਤਾ, ਉਨ੍ਹਾਂ ਨੇ ਭੀ ਇਨ੍ਹਾਂ ਹੀ ਦਿਨਾਂ ਦੀ ਖਬਰ ਦਿੱਤੀ 25ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤ੍ਰ ਹੋ ਜਿਹ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਕੀਤਾ ਸੀ ਜਦ ਅਬਰਾਹਾਮ ਨੂੰ ਆਖਿਆ, #ਉਤਪਤ 22:18ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ 26ਪਰਮੇਸੁਰ ਨੇ ਆਪਣੇ ਸੇਵਕ ਨੂੰ ਖੜਾ ਕਰ ਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਭਈ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ।।
Aktuálne označené:
ਰਸੂਲਾਂ ਦੇ ਕਰਤੱਬ 3: PUNOVBSI
Zvýraznenie
Zdieľať
Kopírovať

Chceš mať svoje zvýraznenia uložené vo všetkých zariadeniach? Zaregistruj sa alebo sa prihlás
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.