Mufananidzo weYouVersion
Mucherechedzo Wekutsvaka

ਯੂਹੰਨਾ ਦੀ ਇੰਜੀਲ 10

10
ਅਯਾਲੀ ਅਤੇ ਉਸਦੀਆਂ ਭੇਡਾਂ
1ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। 2ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। 3ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। 5ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”
6ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।
ਯਿਸੂ ਚੰਗਾ ਅਯਾਲੀ ਹੈ
7ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। 8ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। 9ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।
11“ਮੈਂ ਚੰਗਾ ਆਜੜੀ ਹਾਂ। ਇੱਕ ਚੰਗਾ ਆਜੜੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। 12ਇੱਕ ਭਾੜੇ ਦਾ ਮਜ਼ਦੂਰ ਆਜੜੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆੜ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13ਮਜ਼ਦੂਰ ਨੱਠ ਜਾਂਦਾ ਹੈ ਕਿਉਂ ਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ।
14-15“ਮੈਂ ਚੰਗਾ ਆਜੜੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ। ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ। 16ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ। 17ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸੱਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ। 18ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।”
19ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਦ, ਯਹੂਦੀਆਂ ਦਾ ਆਪਸ ਵਿੱਚ ਮਤਭੇਦ ਹੋ ਗਿਆ। 20ਬਹੁਤਿਆਂ ਨੇ ਆਖਿਆ, “ਇਸ ਦੇ ਅੰਦਰ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਵਾਂਗ ਬੋਲ ਰਿਹਾ ਹੈ। ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ?”
21ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸੱਕਦਾ। ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਦ੍ਰਿਸ਼ਟੀ ਦੇ ਸੱਕਦਾ ਹੈ? ਨਹੀਂ!”
ਯਹੂਦੀਆਂ ਦਾ ਯਿਸੂ ਦੇ ਵਿਰੁੱਧ ਹੋਣਾ
22ਇਹ ਸਰਦੀ ਦੀ ਰੁੱਤ ਸੀ ਅਤੇ ਪ੍ਰਤਿਸ਼ਠਾ ਦੇ ਤਿਉਹਾਰ#10:22 ਪ੍ਰਤਿਸ਼ਠਾ ਦੇ ਤਿਉਹਾਰ ਹਾਨੂੰਕਾ, ਯਹੂਦੀਆਂ ਵੱਲੋਂ ਦਿਸੰਬਰ ਦੇ ਮਹੀਨੇ ਵਿੱਚ ਖਾਸ ਹਫ਼ਤਾ ਮਨਾਉਣ ਦਾ ਤਿਉਹਾਰ ਹੈ। ਦਾ ਸਮਾਂ ਆਇਆ। 23ਯਿਸੂ ਮੰਦਰ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ। 24ਯਹੂਦੀ ਯਿਸੂ ਦੇ ਆਲੇ-ਦੁਆਲੇ ਇੱਕਤਰ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰੱਖੇਂਗਾ? ਜੇਕਰ ਤੂੰ ਮਸੀਹ ਹੈਂ ਤਾ ਸਾਨੂੰ ਸਾਫ਼-ਸਾਫ਼ ਕਹਿ।”
25ਯਿਸੂ ਨੇ ਆਖਿਆ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਮੈਂ ਆਪਣੇ ਪਿਤਾ ਦੇ ਨਾਂ ਤੇ ਕਰਾਮਾਤਾਂ ਕਰਦਾ ਹਾਂ। ਅਤੇ ਉਹ ਕਰਾਮਾਤਾਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ। 26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂ ਕਿ ਤੁਸੀਂ ਮੇਰੇ ਇੱਜੜ ਦੀਆਂ ਭੇਡਾਂ ਨਹੀਂ ਹੋ। 27ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰਾ ਅਨੁਸਰਣ ਕਰਦੀਆਂ ਹਨ। 28ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾਹੀ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸੱਕਦਾ ਹੈ। 29ਮੇਰੇ ਪਿਤਾ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ ਹੈ। ਉਹ ਸਭ ਤੋਂ ਮਹਾਨ ਹੈ। 30ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸੱਕਦਾ। ਮੈਂ ਅਤੇ ਪਿਤਾ ਇੱਕ ਹਾਂ।”
31ਯਹੂਦੀਆਂ ਨੇ ਇਹ ਸੁਣਿਆ ਅਤੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ। 32ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਅਨੇਕਾਂ ਚੰਗੀਆਂ ਕਰਨੀਆਂ ਵਿਖਾਈਆਂ। ਉਨ੍ਹਾਂ ਵਿੱਚੋਂ ਕਿਸ ਕਾਰਜ ਵਾਸਤੇ ਤੁਸੀਂ ਮੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਹੋ?”
33ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਸੁੱਟ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਖਿਲਾਫ਼ ਬੋਲਿਆ ਹੈਂ। ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ। ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ।”
34ਯਿਸੂ ਨੇ ਆਖਿਆ, “ਇਹ ਤੁਹਾਡੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ।’#ਜ਼ਬੂਰ 82:6 35ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸੱਕਦੀ। 36ਫਿਰ ਤੁਸੀਂ ਕਿਵੇਂ ਕਹਿ ਸੱਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹਾਂ। ਸਿਰਫ਼ ਕਿਉਂ ਕਿ ਮੈਂ ਆਖਿਆ ਹੈ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ?’ ਮੈਂ ਉਹ ਹਾਂ ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ। 37ਜੇਕਰ ਮੈਂ ਉਹ ਗੱਲਾਂ ਨਾ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸਤੇ ਵਿਸ਼ਵਾਸ ਨਾ ਕਰੋ। 38ਪਰ ਜੇ ਮੈਂ ਉਹ ਗੱਲਾਂ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਵਿਸ਼ਵਾਸ ਕਰੋ ਜਿਹੜੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਂਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।”
39ਯਹੂਦੀ ਫੇਰ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਤੋਂ ਬਚ ਗਿਆ।
40ਯਿਸੂ ਫਿਰ ਯਰਦਨ ਨਦੀ ਦੇ ਪਾਰ ਦੀ ਥਾਂ ਨੂੰ ਚੱਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਠਹਿਰਿਆ। 41ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਕਰਿਸ਼ਮਾ ਨਹੀਂ ਕੀਤਾ, ਪਰ ਜੋ ਕੁਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ।” 42ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸਦਾ ਵਿਸ਼ਵਾਸ ਕੀਤਾ।

Sarudza vhesi

Pakurirana nevamwe

Sarudza zvinyorwa izvi

None

Unoda kuti zviratidziro zvako zvichengetedzwe pamidziyo yako yose? Nyoresa kana kuti pinda