Mufananidzo weYouVersion
Mucherechedzo Wekutsvaka

ਲੂਕਾ ਦੀ ਇੰਜੀਲ 21

21
ਸੱਚੀ ਦੇਣ
(ਮਰਕੁਸ 12:41-44)
1ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ। 2ਤਦ ਉਸ ਨੇ ਇੱਕ ਗਰੀਬ ਵਿਧਵਾ ਵੇਖੀ। 3ਉਸ ਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸ ਨੇ ਅਮੀਰ ਲੋਕਾਂ ਨਾਲੋਂ ਵੱਧ ਪਾਇਆ ਹੈ। 4ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸ ਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸ ਨੂੰ ਜਿਉਣ ਵਾਸਤੇ ਚਾਹੀਦੇ ਸਨ।”
ਮੰਦਰ ਦੀ ਤਬਾਹੀ
(ਮੱਤੀ 24:1-14; ਮਰਕੁਸ 13:1-13)
5ਕੁਝ ਚੇਲੇ ਆਪਸ ਵਿੱਚ ਮੰਦਰ ਬਾਰੇ ਗੱਲਾਂ ਕਰਦੇ ਹੋਏ ਕਹਿ ਰਹੇ ਸਨ, “ਇਹ ਬੜਾ ਖੂਬਸੂਰਤ ਮੰਦਰ ਹੈ, ਜੋ ਕਿ ਸਭ ਤੋਂ ਵੱਧੀਆ ਪੱਥਰਾਂ ਦਾ ਬਣਿਆ ਹੋਇਆ ਹੈ। ਵੇਖੋ, ਇਸ ਮੰਦਰ ਨੂੰ ਸਜਾਉਣ ਵਾਸਤੇ ਕਿੰਨੇ ਤੋਹਫ਼ੇ ਭੇਂਟ ਕੀਤੇ ਗਏ ਹਨ।”
6ਪਰ ਯਿਸੂ ਨੇ ਕਿਹਾ, “ਇੱਕ ਸਮਾਂ ਆਵੇਗਾ ਜਦੋਂ ਤੁਸੀਂ ਵੇਖੋਂਗੇ ਕਿ ਜੋ ਕੁਝ ਵੀ ਇੱਥੇ ਦਿਸ ਰਿਹਾ ਹੈ ਸਭ ਨਸ਼ਟ ਹੋ ਜਾਵੇਗਾ। ਇਸ ਮੰਦਰ ਦੇ ਹਰ ਪੱਥਰ ਨੂੰ ਥੱਲੇ ਧਰਤੀ ਤੇ ਸੁੱਟਿਆ ਜਾਵੇਗਾ। ਇੱਕ ਵੀ ਪੱਥਰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹੇਗਾ।”
7ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਕਿਹੜਾ ਨਿਸ਼ਾਨ ਵਿਖਾਵੇਗਾ ਕਿ ਇਹ ਇਨ੍ਹਾਂ ਗੱਲਾਂ ਦੇ ਹੋਣ ਦਾ ਸਮਾਂ ਹੈ?”
8ਯਿਸੂ ਨੇ ਕਿਹਾ, “ਸਾਵੱਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸੱਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿੱਛੇ ਨਾ ਲੱਗਿਓ। 9ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।”
10ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੌਮਾਂ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੀਆਂ, ਅਤੇ ਰਾਜ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੇ। 11ਇੱਥੇ ਬਹੁਤ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਵੱਖ-ਵੱਖ ਥਾਵਾਂ ਤੇ ਮਹਾਮਾਰੀ ਪਵੇਗੀ, ਕੁਝ ਡਰਾਉਣੀਆਂ ਗੱਲਾਂ ਵਾਪਰਨਗੀਆਂ ਕੁਝ ਮਹਾਨ ਨਿਸ਼ਾਨ ਲੋਕਾਂ ਨੂੰ ਚੇਤਾਵਨੀ ਦੇਣ ਲਈ ਅਕਾਸ਼ ਤੋਂ ਆਉਣਗੇ।
12“ਪਰ ਇਹ ਸਭ ਗੱਲਾਂ ਵਾਪਰਨ ਤੋਂ ਪਹਿਲਾਂ, ਤੁਸੀਂ ਗਿਰਫ਼ਤਾਰ ਕੀਤੇ ਜਾਵੋਂਗੇ ਅਤੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਲੋਕ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਡਾ ਨਿਰਨਾ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ। ਤੁਹਾਨੂੰ ਮੇਰੇ ਕਾਰਣ ਰਾਜਿਆਂ ਅਤੇ ਰਾਜਪਾਲਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਵੇਗਾ। 13ਇਹ ਸਭ ਗੱਲਾਂ ਮੇਰੇ ਬਾਰੇ ਗਵਾਹੀ ਦੇਣ ਲਈ ਤੁਹਾਨੂੰ ਅਵਸਰ ਦੇਣਗੀਆਂ। 14ਪਰ ਆਪਣੇ ਮਨਾਂ ਨੂੰ ਪੱਕਿਆਂ ਕਰੋ ਪਹਿਲਾਂ ਤੋਂ ਹੀ ਇਸ ਗੱਲੋਂ ਨਾ ਘਬਰਾਓ ਕਿ ਤੁਹਾਨੂੰ ਖੁਦ ਦੀ ਰੱਖਿਆ ਕਰਨ ਲਈ ਕੀ ਆਖਣਾ ਚਾਹੀਦਾ ਹੈ। 15ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸੱਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸੱਕੇ। 16ਇੱਥੋਂ ਤੱਕ ਕਿ ਤੁਹਾਡੇ ਮਾਂ-ਬਾਪ, ਭਰਾ, ਰਿਸ਼ਤੇਦਾਰ, ਦੋਸਤ ਤੁਹਾਡਾ ਵਿਰੋਧ ਕਰਨਗੇ। ਉਹ ਤੁਹਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦੇਣਗੇ। 17ਸਭ ਲੋਕ ਤੁਹਾਨੂੰ ਨਫਰਤ ਕਰਨਗੇ ਕਿਉਂਕਿ ਤੁਸੀਂ ਮੇਰੇ ਪਿੱਛੇ ਤੁਰੇ। 18ਪਰ ਇਹ ਸਭ ਚੀਜਾਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸੱਕਦੀਆਂ। 19ਤੁਸੀਂ ਆਪਣੇ ਵਿਸ਼ਵਾਸ ਵਿੱਚ ਤਕੜੇ ਰਹਿਕੇ ਆਪਣੇ-ਆਪ ਨੂੰ ਬਚਾ ਲਵੋਂਗੇ।
ਯਰੂਸ਼ਲਮ ਦਾ ਨਾਸ਼
(ਮੱਤੀ 24:15-21; ਮਰਕੁਸ 13:14-19)
20“ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ। 21ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉੱਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ। 22ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ। 23“ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁੱਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪਰਮੇਸ਼ੁਰ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ। 24ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
ਘਬਰਾਉਣਾ ਨਹੀਂ
(ਮੱਤੀ 24:29-31; ਮਰਕੁਸ 13:24-27)
25“ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉੱਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ। 26ਲੋਕ ਘਬਰਾ ਜਾਣਗੇ ਅਤੇ ਉਹ ਇਸ ਗੱਲੋਂ ਚਿੰਤਿਤ ਹੋਣਗੇ ਕਿ ਦੁਨੀਆ ਦਾ ਕੀ ਬਣੇਗਾ ਹਰ ਚੀਜ਼ ਅਕਾਸ਼ ਵਿੱਚ ਬਦਲ ਜਾਵੇਗੀ। 27ਫ਼ਿਰ ਲੋਕ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।”
ਮੇਰੇ ਸ਼ਬਦ ਹਮੇਸ਼ਾ ਲਈ ਰਹਿਣਗੇ
(ਮੱਤੀ 24:32-35; ਮਰਕੁਸ 13:28-31)
29ਤਦ ਯਿਸੂ ਨੇ ਇਹ ਦ੍ਰਿਸ਼ਟਾਂਤ ਕਹੀ, “ਅੰਜੀਰ ਦੇ ਰੁੱਖ ਨੂੰ ਅਤੇ ਸਾਰੇ ਰੁੱਖਾਂ ਨੂੰ ਵੇਖੋ। ਅੰਜੀਰ ਦਾ ਰੁੱਖ ਇੱਕ ਵੱਧੀਆ ਮਿਸਾਲ ਹੈ। 30ਜਦੋਂ ਇਸ ਉੱਪਰ ਹਰੇ ਪੱਤੇ ਨਿਕਲਦੇ ਹਨ ਤਾਂ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਆ ਗਈ ਹੈ। 31ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।”
32“ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਸਮੇਂ ਦੇ ਲੋਕਾਂ ਦੇ ਜਿਉਂਦੇ ਜੀਅ ਇਹ ਸਭ ਗੱਲਾਂ ਵਾਪਰਨਗੀਆਂ। 33ਪੂਰੀ ਦੁਨੀਆਂ, ਧਰਤੀ ਅਤੇ ਅਕਾਸ਼ ਸਭ ਨਸ਼ਟ ਹੋ ਜਾਣਗੇ ਪਰ ਜੋ ਵਾਕ ਮੈਂ ਬੋਲ ਰਿਹਾ ਹਾਂ ਕਦੇ ਵੀ ਨਸ਼ਟ ਨਹੀਂ ਕੀਤੇ ਜਾਣਗੇ।”
ਹਰ ਵਕਤ ਤਿਆਰ ਰਹਿਣਾ
34“ਸਚੇਤ ਰਹੋ! ਅਸੱਭਿਅਤ ਦਾਅਵਤਾਂ ਬਾਰੇ, ਪੀਣ ਬਾਰੇ, ਅਤੇ ਦੁਨਿਆਵੀ ਚੀਜ਼ਾਂ ਬਾਰੇ ਚਿੰਤਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਸਹੀ ਸੋਚਣ ਦੇ ਯੋਗ ਨਹੀਂ ਹੋਵੋਂਗੇ। ਅਤੇ ਜਦੋਂ ਤੁਸੀਂ ਹਾਲੇ ਤਿਆਰ ਵੀ ਨਹੀਂ ਹੋਵੋਂਗੇ ਕਿ ਅੰਤ ਤੁਹਾਨੂੰ ਫ਼ੜ ਲਵੇਗਾ। 35ਕਿਉਂਕਿ ਉਹ ਦਿਨ ਧਰਤੀ ਉੱਤੇ ਸਾਰੇ ਲੋਕਾਂ ਲਈ ਅਚਾਨਕ ਇੱਕ ਝਾਂਸੇ ਵਾਂਗ ਆਵੇਗਾ। 36ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸੱਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜਨ ਦੇ ਯੋਗ ਹੋਵੋਂ।”
37ਹਰ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦਿੰਦਾ ਅਤੇ ਹਰ ਸ਼ਾਮ ਉਹ ਜੈਤੂਨ ਦੇ ਪਹਾੜ ਤੇ ਜਾਕੇ ਰਾਤ ਵਤੀਤ ਕਰਦਾ ਹੁੰਦਾ ਸੀ। 38ਹਰ ਸਵੇਰ ਲੋਕ ਤੜਕਸਾਰ ਉੱਠ ਕੇ, ਮੰਦਰ ਵਿੱਚ ਯਿਸੂ ਦੇ ਉਪਦੇਸ਼ ਸੁਨਣ ਲਈ ਜਾਂਦੇ।

Sarudza vhesi

Pakurirana nevamwe

Sarudza zvinyorwa izvi

None

Unoda kuti zviratidziro zvako zvichengetedzwe pamidziyo yako yose? Nyoresa kana kuti pinda