ਯੂਹੰਨਾ 1
1
ਸ਼ਬਦ ਦੇਹਧਾਰੀ ਹੋਇਆ
1ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ਰ ਸੀ। 2ਇਹੋ ਆਦ ਵਿੱਚ ਪਰਮੇਸ਼ਰ ਦੇ ਨਾਲ ਸੀ। 3ਸਭ ਕੁਝ ਉਸ ਦੇ ਰਾਹੀਂ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ, ਉਸ ਵਿੱਚੋਂ ਕੁਝ ਵੀ ਉਸ ਦੇ ਬਿਨਾਂ ਉਤਪੰਨ ਨਹੀਂ ਹੋਇਆ। 4ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ। 5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰਾ ਉਸ ਉੱਤੇ ਪਰਬਲ ਨਾ ਹੋਇਆ।
6ਪਰਮੇਸ਼ਰ ਦੀ ਵੱਲੋਂ ਭੇਜਿਆ ਹੋਇਆ ਇੱਕ ਮਨੁੱਖ ਆਇਆ, ਜਿਸ ਦਾ ਨਾਮ ਯੂਹੰਨਾ ਸੀ। 7ਉਹ ਗਵਾਹੀ ਦੇਣ ਲਈ ਆਇਆ ਕਿ ਚਾਨਣ ਦੇ ਵਿਖੇ ਗਵਾਹੀ ਦੇਵੇ ਤਾਂਕਿ ਸਾਰੇ ਉਸ ਦੇ ਰਾਹੀਂ ਵਿਸ਼ਵਾਸ ਕਰਨ। 8ਉਹ ਆਪ ਤਾਂ ਚਾਨਣ ਨਹੀਂ ਸੀ, ਪਰ ਚਾਨਣ ਦੇ ਵਿਖੇ ਗਵਾਹੀ ਦੇਣ ਲਈ ਆਇਆ ਸੀ।
9ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਸੰਸਾਰ ਵਿੱਚ ਆਉਣ ਵਾਲਾ ਸੀ। 10ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੇ ਰਾਹੀਂ ਉਤਪੰਨ ਹੋਇਆ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ। 11ਉਹ ਆਪਣਿਆਂ ਕੋਲ ਆਇਆ, ਪਰ ਉਸ ਦੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ। 12ਪਰ ਜਿੰਨਿਆਂ ਨੇ ਉਸ ਨੂੰ ਸਵੀਕਾਰ ਕੀਤਾ ਅਰਥਾਤ ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਉਸ ਨੇ ਉਨ੍ਹਾਂ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ। 13ਉਹ ਨਾ ਤਾਂ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ, ਸਗੋਂ ਪਰਮੇਸ਼ਰ ਤੋਂ ਪੈਦਾ ਹੋਏ।
14ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ ਅਤੇ ਅਸੀਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਵੇਖਿਆ ਜਿਹੜਾ ਕਿਰਪਾ ਅਤੇ ਸਚਾਈ ਨਾਲ ਭਰਪੂਰ ਸੀ 15ਯੂਹੰਨਾ ਨੇ ਉਸ ਦੇ ਬਾਰੇ ਗਵਾਹੀ ਦਿੱਤੀ ਅਤੇ ਪੁਕਾਰ ਕੇ ਕਿਹਾ, “ਇਹ ਉਹੀ ਹੈ ਜਿਸ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਆਉਣ ਵਾਲਾ ਮੇਰੇ ਤੋਂ ਅੱਗੇ ਹੈ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ’।” 16ਅਸੀਂ ਸਾਰਿਆਂ ਨੇ ਉਸ ਦੀ ਭਰਪੂਰੀ ਤੋਂ ਕਿਰਪਾ ਉੱਤੇ ਕਿਰਪਾ ਪ੍ਰਾਪਤ ਕੀਤੀ। 17ਕਿਉਂਕਿ ਬਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸਚਾਈ ਯਿਸੂ ਮਸੀਹ ਦੇ ਦੁਆਰਾ ਆਈ। 18ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਪਰ ਇਕਲੌਤੇ ਪੁੱਤਰ ਨੇ ਜਿਹੜਾ ਖੁਦ ਪਰਮੇਸ਼ਰ ਹੈ ਅਤੇ ਪਿਤਾ ਦੀ ਗੋਦ ਵਿੱਚ ਹੈ, ਉਸੇ ਨੇ ਉਸ ਨੂੰ ਪਰਗਟ ਕੀਤਾ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ
19ਯੂਹੰਨਾ ਦੀ ਗਵਾਹੀ ਇਹ ਹੈ: ਜਦੋਂ ਯਹੂਦੀਆਂ ਨੇ ਯਰੂਸ਼ਲਮ ਤੋਂ ਯਾਜਕਾਂ ਅਤੇ ਲੇਵੀਆਂ ਨੂੰ ਉਸ ਕੋਲ ਭੇਜਿਆ ਕਿ ਉਸ ਤੋਂ ਪੁੱਛਣ, “ਤੂੰ ਕੌਣ ਹੈਂ?” 20ਤਾਂ ਉਸ ਨੇ ਸਵੀਕਾਰ ਕਰ ਲਿਆ ਅਤੇ ਇਨਕਾਰ ਨਹੀਂ ਕੀਤਾ, ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ। 21ਤਦ ਉਨ੍ਹਾਂ ਉਸ ਨੂੰ ਪੁੱਛਿਆ, “ਫਿਰ ਕੀ ਤੂੰ ਏਲੀਯਾਹ ਹੈਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।” “ਕੀ ਤੂੰ ਉਹ ਨਬੀ ਹੈਂ?” ਉਸ ਨੇ ਉੱਤਰ ਦਿੱਤਾ, “ਨਹੀਂ।” 22ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਫਿਰ ਤੂੰ ਕੌਣ ਹੈਂ? ਤਾਂਕਿ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ। ਤੂੰ ਆਪਣੇ ਵਿਖੇ ਕੀ ਕਹਿੰਦਾ ਹੈਂ?” 23ਉਸ ਨੇ ਉੱਤਰ ਦਿੱਤਾ ਕਿ
ਜਿਵੇਂ ਯਸਾਯਾਹ ਨਬੀ ਨੇ ਕਿਹਾ:
ਮੈਂ ਉਜਾੜ ਵਿੱਚ ਇੱਕ ਪੁਕਾਰਦੀ ਹੋਈ ਅਵਾਜ਼ ਹਾਂ ਕਿ
ਪ੍ਰਭੂ ਦੇ ਰਾਹ ਨੂੰ ਸਿੱਧਾ ਕਰੋ।#ਯਸਾਯਾਹ 40:3
24ਇਹ ਫ਼ਰੀਸੀਆਂ ਵੱਲੋਂ ਭੇਜੇ ਗਏ ਸਨ। 25ਫਿਰ ਉਨ੍ਹਾਂ ਨੇ ਉਸ ਤੋਂ ਪੁੱਛਿਆ, “ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ ਅਤੇ ਨਾ ਹੀ ਉਹ ਨਬੀ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?” 26ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿਚਕਾਰ ਉਹ ਖੜ੍ਹਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ। 27ਇਹ ਉਹ ਹੈ ਜਿਹੜਾ ਮੇਰੇ ਤੋਂ ਬਾਅਦ ਆਉਣ ਵਾਲਾ ਹੈ ਅਤੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।” 28ਇਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਵਾਪਰੀਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।
ਪਰਮੇਸ਼ਰ ਦਾ ਲੇਲਾ
29ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ ਜਿਹੜਾ ਸੰਸਾਰ ਦਾ ਪਾਪ ਚੁੱਕ ਲੈ ਜਾਂਦਾ ਹੈ। 30ਇਹ ਉਹੀ ਹੈ ਜਿਸ ਦੇ ਵਿਖੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਇੱਕ ਵਿਅਕਤੀ ਆ ਰਿਹਾ ਹੈ ਜਿਹੜਾ ਮੇਰੇ ਤੋਂ ਸ੍ਰੇਸ਼ਠ ਹੈ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ।’ 31ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਇਸ ਕਰਕੇ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪਰਗਟ ਹੋਵੇ।” 32ਯੂਹੰਨਾ ਨੇ ਇਹ ਕਹਿ ਕੇ ਗਵਾਹੀ ਦਿੱਤੀ, “ਮੈਂ ਆਤਮਾ ਨੂੰ ਕਬੂਤਰ ਵਾਂਗ ਅਕਾਸ਼ ਤੋਂ ਉੱਤਰਦੇ ਹੋਏ ਵੇਖਿਆ ਅਤੇ ਉਹ ਉਸ ਉੱਤੇ ਠਹਿਰ ਗਿਆ। 33ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ ਉਸ ਨੇ ਮੈਨੂੰ ਕਿਹਾ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਠਹਿਰਦਾ ਵੇਖੇਂ, ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਵਾਲਾ ਹੈ’। 34ਸੋ ਮੈਂ ਵੇਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦਾ ਪੁੱਤਰ ਹੈ।”
ਯਿਸੂ ਮਸੀਹ ਦੇ ਪਹਿਲੇ ਚੇਲੇ
35ਅਗਲੇ ਦਿਨ ਫੇਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ 36ਅਤੇ ਉਸ ਨੇ ਯਿਸੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ।” 37ਤਦ ਉਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ। 38ਯਿਸੂ ਨੇ ਮੁੜ ਕੇ ਉਨ੍ਹਾਂ ਨੂੰ ਪਿੱਛੇ ਆਉਂਦੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ,“ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਨੇ ਉਸ ਨੂੰ ਕਿਹਾ, “ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਠਹਿਰੇ ਹੋ?” 39ਉਸ ਨੇ ਕਿਹਾ,“ਆਓ ਅਤੇ ਵੇਖੋ।” ਤਦ ਉਹ ਗਏ ਅਤੇ ਉਹ ਥਾਂ ਵੇਖੀ ਜਿੱਥੇ ਉਹ ਠਹਿਰਦਾ ਸੀ; ਉਸ ਦਿਨ ਉਸ ਦੇ ਨਾਲ ਰਹੇ। ਇਹ ਲਗਭਗ ਸ਼ਾਮ ਚਾਰ ਵਜੇ ਦਾ ਸਮਾਂ#1:39 ਸ਼ਾਮ ਚਾਰ ਵਜੇ ਦਾ ਸਮਾਂ: ਯਹੂਦੀ ਸਮੇਂ ਦੇ ਅਨੁਸਾਰ ਦਿਨ ਦਾ ਦਸਵਾਂ ਘੰਟਾ ਸੀ। 40ਉਨ੍ਹਾਂ ਦੋਹਾਂ ਵਿੱਚੋਂ ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਹੋ ਤੁਰੇ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ। 41ਉਸ ਨੇ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ, “ਅਸੀਂ ਮਸੀਹ (ਅਰਥਾਤ ‘ਖ੍ਰਿਸਟੁਸ’#1:41 ਅਰਥਾਤ ਮਸਹ ਕੀਤਾ ਹੋਇਆ) ਨੂੰ ਲੱਭ ਲਿਆ ਹੈ।” 42ਉਹ ਉਸ ਨੂੰ ਯਿਸੂ ਦੇ ਕੋਲ ਲਿਆਇਆ ਅਤੇ ਯਿਸੂ ਨੇ ਉਸ ਨੂੰ ਵੇਖ ਕੇ ਕਿਹਾ,“ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ; ਤੂੰ ਕੇਫ਼ਾਸ (ਅਰਥਾਤ ਪਤਰਸ) ਕਹਾਵੇਂਗਾ।”
ਫ਼ਿਲਿੱਪੁਸ ਅਤੇ ਨਥਾਨਿਏਲ ਦਾ ਬੁਲਾਇਆ ਜਾਣਾ
43ਅਗਲੇ ਦਿਨ ਯਿਸੂ ਨੇ ਗਲੀਲ ਨੂੰ ਜਾਣਾ ਚਾਹਿਆ ਅਤੇ ਉਹ ਫ਼ਿਲਿੱਪੁਸ ਨੂੰ ਮਿਲਿਆ। ਯਿਸੂ ਨੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।” 44ਫ਼ਿਲਿੱਪੁਸ ਵੀ ਅੰਦ੍ਰਿਯਾਸ ਅਤੇ ਪਤਰਸ ਦੇ ਨਗਰ ਬੈਤਸੈਦੇ ਦਾ ਸੀ। 45ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭਿਆ ਅਤੇ ਉਸ ਨੂੰ ਕਿਹਾ, “ਜਿਸ ਦੇ ਵਿਖੇ ਮੂਸਾ ਨੇ ਬਿਵਸਥਾ ਵਿੱਚ ਅਤੇ ਨਬੀਆਂ ਨੇ ਵੀ ਲਿਖਿਆ ਹੈ, ਅਸੀਂ ਉਸ ਨੂੰ ਲੱਭ ਲਿਆ ਹੈ; ਜੋ ਯੂਸੁਫ਼ ਦਾ ਪੁੱਤਰ ਨਾਸਰਤ ਦਾ ਯਿਸੂ ਹੈ।” 46ਤਦ ਨਥਾਨਿਏਲ ਨੇ ਉਸ ਨੂੰ ਕਿਹਾ, “ਕੀ ਨਾਸਰਤ ਵਿੱਚੋਂ ਕੁਝ ਚੰਗਾ ਨਿੱਕਲ ਸਕਦਾ ਹੈ?” ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਆ ਅਤੇ ਵੇਖ।” 47ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਸ ਦੇ ਬਾਰੇ ਕਿਹਾ,“ਵੇਖੋ, ਇੱਕ ਸੱਚਾ ਇਸਰਾਏਲੀ ਜਿਸ ਵਿੱਚ ਕੋਈ ਛਲ ਨਹੀਂ ਹੈ।” 48ਨਥਾਨਿਏਲ ਨੇ ਉਸ ਨੂੰ ਕਿਹਾ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਫ਼ਿਲਿੱਪੁਸ ਦੇ ਬੁਲਾਉਣ ਤੋਂ ਪਹਿਲਾਂ, ਮੈਂ ਤੈਨੂੰ ਅੰਜੀਰ ਦੇ ਦਰਖ਼ਤ ਹੇਠ ਵੇਖਿਆ ਸੀ।” 49ਨਥਾਨਿਏਲ ਨੇ ਉਸ ਨੂੰ ਕਿਹਾ, “ਹੇ ਰੱਬੀ#1:49 ਅਰਥਾਤ ਗੁਰੂ! ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਰਾਜਾ ਹੋ!” 50ਯਿਸੂ ਨੇ ਉਸ ਨੂੰ ਕਿਹਾ,“ਕੀ ਤੂੰ ਇਸ ਲਈ ਵਿਸ਼ਵਾਸ ਕਰਦਾ ਹੈਂ ਕਿ ਮੈਂ ਤੈਨੂੰ ਕਿਹਾ, ‘ਮੈਂ ਅੰਜੀਰ ਦੇ ਦਰਖ਼ਤ ਹੇਠਾਂ ਤੈਨੂੰ ਵੇਖਿਆ’? ਤੂੰ ਇਸ ਤੋਂ ਵੀ ਵੱਡੇ ਕੰਮ ਵੇਖੇਂਗਾ।” 51ਫਿਰ ਉਸ ਨੇ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਅਕਾਸ਼ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਉੱਤਰਦੇ ਅਤੇ ਉਤਾਂਹ ਜਾਂਦੇ ਹੋਏ ਵੇਖੋਗੇ।”
ప్రస్తుతం ఎంపిక చేయబడింది:
ਯੂਹੰਨਾ 1: PSB
హైలైట్
షేర్ చేయి
కాపీ
మీ పరికరాలన్నింటి వ్యాప్తంగా మీ హైలైట్స్ సేవ్ చేయబడాలనుకుంటున్నారా? సైన్ అప్ చేయండి లేదా సైన్ ఇన్ చేయండి
PUNJABI STANDARD BIBLE©
Copyright © 2023 by Global Bible Initiative